ਫ਼ਸਲ 'ਚੋਂ ਘਾਟਾ ਖਾ ਦੋ ਕਿਸਾਨਾਂ ਨੇ ਸੇਲ 'ਤੇ ਲਾਈ ਆਪਣੀ ਕਿਡਨੀ
By : ਬਾਬੂਸ਼ਾਹੀ ਬਿਊਰੋ
-
ਫਾਈਲ ਫੋਟੋ
ਚੰਡੀਗੜ੍ਹ, 26 ਅਗਸਤ 2019 - ਪੱਛਮੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੋ ਕਿਸਾਨ ਗੀਤਮ ਸਿੰਘ ਅਤੇ ਰਾਮ ਕੁਮਾਰ ਵੱਲੋਂ ਆਪਣੀ ਫਸਲ 'ਚ ਪਏ ਘਾਟੇ ਨੂੰ ਦੇਖਦਿਆਂ ਸੋਸ਼ਲ ਮੀਡੀਆ 'ਤੇ ਆਪਣੀਆਂ ਕਿਡਨੀਆਂ ਵੇਚਣ ਦੀ ਪੇਸ਼ਕਸ਼ ਕੀਤੀ ਗਈ ਹੈ।
'ਦ ਟੈਲੀਗ੍ਰਾਫ' ਦੀ ਰਿਪੋਰਟ ਮੁਤਾਬਕ ਉਕਤ ਕਿਸਾਨਾਂ 'ਚੋਂ ਇੱਕ ਆਗਰਾ ਜ਼ਿਲ੍ਹੇ ਦੇ ਫਤਿਆਬਾਦ ਵਿੱਚ ਆਲੂ ਉਤਪਾਦਕ 55 ਸਾਲਾ ਗੀਤਮ ਸਿੰਘ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਸਟੇਟਸ ਪਾਉਂਦਿਆਂ ਕਿਹਾ ਕਿ ਉਹ ਆਪਣੀ ਇੱਕ ਕਿਡਨੀ ਵੇਚਣਾ ਚਾਹੁੰਦਾ ਹੈ ਕਿਉਂਕਿ ਇਸ ਸੀਜ਼ਨ ਵਿੱਚ ਉਸਦੀ ਫਸਲ 'ਚੋਂ ਪਏ ਘਾਟੇ ਤੋਂ ਬਾਅਦ ਉਸ ਕੋਲ ਕੁਝ ਨਹੀਂ ਬਚਿਆ।ਕਿਸਾਨ ਨੇ ਆਪਣੀ ਮੰਦੀ ਹਾਲਤ ਦਾ ਜ਼ਿਕਰ ਕਰਦਿਆਂ ਲਿਖਿਆ ਕਿ ਉਸਨੇ ਬੈਂਕਾਂ ਅਤੇ ਸਥਾਨਕ ਸ਼ਾਹੂਕਾਰਾਂ ਤੋਂ ਤਿੰਨ ਸਾਲਾਂ 'ਚ 25 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਮੰਦੀ ਦੇ ਬਜ਼ਾਰ ਅਤੇ ਖਰਾਬ ਮੌਸਮ ਕਾਰਨ ਲਗਾਤਾਰ ਤਿੰਨ ਸਾਲਾਂ ਤੋਂ ਉਸਨੂੰ ਭਾਰੀ ਨੁਕਸਾਨ ਹੋਇਆ।
ਪਿਛਲੇ ਸੀਜ਼ਨ ਦੌਰਾਨ ਗੜੇਮਾਰੀ ਨੇ ਸਾਰੇ ਰਾਜ ਨੂੰ ਪ੍ਰਭਾਵਿਤ ਕੀਤਾ ਸੀ, ਜਿਸ ਨਾਲ ਉੱਤਰ ਪ੍ਰਦੇਸ਼ ਭਰ ਦੀਆਂ ਫਸਲਾਂ ਤਬਾਹ ਹੋ ਗਈਆਂ ਸਨ।
ਗਿਤਮ ਸਿੰਘ ਨੇ ਇਹ ਵੀ ਕਿਹਾ ਕਿ ਜਦੋਂ ਆਲੂ ਪ੍ਰਚੂਨ ਬਾਜ਼ਾਰ ਵਿਚ 10 ਤੋਂ 15 ਰੁਪਏ ਪ੍ਰਤੀ ਕਿੱਲੋ ਵਿਕਦਾ ਸੀ ਤਾਂ ਮਾਰਕਿਟ 'ਚ ਬੈਠੇ ਵਪਾਰੀਆਂ ਨੇ ਉਸ ਵਰਗੇ ਕਿਸਾਨਾਂ ਨੂੰ 2 ਰੁਪਏ ਕਿੱਲੋ ਤੋਂ ਵੱਧ ਦਾ ਭੁਗਤਾਨ ਨਹੀਂ ਕੀਤਾ। ਕਿਸਾਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਪਾਰੀ ਮੌਜੂਦਾ ਸਰਕਾਰ ਤੱਕ ਚੰਗੀ ਪਹੁੰਚ ਰੱਖਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਸਰਕਾਰ ਕੀਮਤ ਨਿਯਮਤ ਕਰਨ 'ਚ ਘੱਟ ਹੀ ਰੁਚੀ ਦਿਖਾ ਰਹੀ ਹੈ। ਸੱਤਾਧਾਰੀ ਭਾਜਪਾ ਵਿਚੋਂ ਕਿਸੇ ਨੇ ਵੀ ਐਤਵਾਰ ਸ਼ਾਮ ਤੱਕ ਕਿਸਾਨ ਦੇ ਸਵਾਲ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ।
ਕਰਜ਼ੇ ਕਾਰਨ ਕਿਸਾਨ ਦਾ ਕਹਿਣਾ ਹੈ ਕਿ ਬੈਂਕਾਂ ਨੇ ਉਸਦੀ ਜ਼ਮੀਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ ਅਤੇ ਜਿੰਨ੍ਹਾਂ ਤੋਂ ਉਸਨੇ ਉਧਾਰ ਲਿਆ ਸੀ, ਉਹ ਲੋਕ ਪੈਸੇ ਮੰਗ ਰਹੇ ਹਨ। ਉਸਨੇ ਕਿਹਾ ਕਿ ਉਸ ਕੋਲ ਸਿਵਾਏ ਕਿਡਨੀਆਂ ਵੇਚਣ ਤੋਂ ਹੋਰ ਕੋਈ ਚਾਰਾ ਨਹੀਂ ਰਿਹਾ।ਰਿਪੋਰਟ ਮੁਤਾਬਕ ਕਿਸਾਨ ਨੇ ਦਾਅਵਾ ਕੀਤਾ ਕਿ ਦਿੱਲੀ ਦਾ ਇਕ ਵਪਾਰੀ ਅਤੇ ਆਗਰਾ ਦੇ ਇਕ ਹੋਰ ਵਿਅਕਤੀ ਨੇ ਉਸ ਨਾਲ ਸੰਪਰਕ ਕੀਤਾ ਹੈ ਅਤੇ ਉਹ ਉਸਦੀ ਕਿਡਨੀ 25 ਲੱਖ ਰੁਪਏ ਵਿਚ ਖਰੀਦਣ ਲਈ ਤਿਆਰ ਹੈ।
........................................
Comment:-ਲਾਨ੍ਹਤ ਹੈ ਐਸੀ ਸਰਕਾਰ ਤੇ ਜੋ ‘ਹਾਰਸ ਟਰੇਡਿਂਗ’ ਲਈ ਇਕ-ਇਕ ਐਮ.ਐਲ,ਏ ਨੂੰ ਲੱਖਾਂ ਤੋਂ ਕ੍ਰੋੜਾਂ ਰੁਪਏ ਦੇ ਸਕਦੀ ਹੈ, ਪਰ ਗਰੀਬ-ਕਰਜ਼ਾਈ ਕਿਸਾਨਾਂ ਦੀ ਸਾਰ ਨਹੀਂ ਲੈ ਸਕਦੀ ਅਮਰ ਜੀਤ ਸਿੰਘ ਚੰਦੀ