‘ ਗੁਰੂ ਨਾਨਕ ਜੀ ਦੀ ਸੋਚ ਦਾ ਫ਼ਿਰਕਾ ’
ਬ੍ਰਹਮੰਡ ਵਿਚ ਸਥਾਪਤ ਧਰਤੀ ਆਪਣੇ ਧੁਰੇ ਅਤੇ ਸੂਰਜ ਦੁਆਲੇ ਘੁੰਮਣ ਵਾਲਾ ਇਕ ਵਿਸ਼ਾਲ ਫ਼ਿਰਕਾ ਹੈ।ਉਸਦੇ ਘੁਮੰਣ ਨਾਲ ਦਿਵਸ-ਰਾਤ ਦੀ ਗੋਦ ਵਿਚ ਜੀਵਨ ਦੀ ਖੇਡ ਚਲਦੀ ਹੈ। ਤੇ ਮਨੁੱਖ ?
ਮਨੁੱਖ ਇਸ ਵਿਸ਼ਾਲ ਫ਼ਿਰਕੇ ਤੇ ਘੁੰਮਦੀਆਂ ਛੋਟੀਆਂ-ਛੋਟੀਆਂ ਫ਼ਿਰਕੀਆਂ ਹਨ! ਵਿਸ਼ਾਲ ਫ਼ਿਰਕੇ ਦਾ ਜੀਵਨ ਕਾਲ ਬਹੁਤ ਲੰਭਾ ਹੈ ਅਤੇ ਫ਼ਿਰਕੀਆਂ ਦਾ ਜੀਵਨ ਬਹੁਤ ਛੋਟਾ ! ਜਾਤ ਤਾਂ ਇਕ ਹੈ ਪਰ ਹਰ ਫ਼ਿਰਕੀ ਦੂਜੇ ਨਾਲੋਂ ਵੱਖਰੀ ਹੈ। ਇਹ ਵੱਖਰੇਵਾਂ ਸਿਰਫ਼ ਹੋਂਦ ਦਾ ਹੀ ਨਹੀਂ ਬਲਕਿ ਵਿਚਾਰਾਂ ਦਾ ਵੀ ਹੈ।
ਮਨੁੱਖ ਦੀ ਉੱਤਪਤੀ ਹੀ ਵਿਭਿੰਨ ਤੱਤਾਂ ਦੀ ਆਪਸੀ ਸਹਿਮਤੀ (ਸੰਜੋਗ) ਨਾਲ ਹੈ ਸਮਾਪਤੀ ਨਾਲ ਨਹੀਂ ! ਕੀ ਗੁਰੂ ਨਾਨਕ ਜੀ ਨੂੰ ਸਮਾਜ ਦੀਆਂ ਕੁਦਰਤੀ ਵਾਸਤਵਿਕਤਾਵਾਂ ਦੀ ਵਿਭਿੰਤਾ ਦਾ ਇਲਮ ਨਹੀਂ ਸੀ ?
ਬੇਸ਼ੱਕ ਹੈ ਸੀ ! ਅਗਰ ਇਹ ਸੱਚ ਹੈ ਤਾਂ ਵਿਚਾਰਾਂ ਦੇ ਵੱਖਰੇ-ਵੱਖਰੇ ਫ਼ਿਰਕੇਆਂ ਵਿਚਕਾਰ ਪਿਆਰੀ ਅਤੇ ਸੁਰੀਲੀ ਸਹਿਮਤੀ ਹੀ ਗੁਰੂ ਨਾਨਕ ਦੇ ਫ਼ਿਰਕੇ (ਮਤ) ਦੀ ਸੁਭਾਵਕ ਤਲਬ ਹੈ।
ਗੁਰੂ ਨਾਨਕ ਦਾ ਫ਼ਿਰਕਾ ਭਾਵ ਗੁਰੂ ਨਾਨਕ ਦਾ ਮਤ ਅਤੇ ਉਸਦੀ ਵਿਵਹਾਰਕ ਪਛਾਂਣ!
ਖ਼ੈਰ ਦੋ ਫ਼ਿਰਕੀਆਂ (ਇਸਤਰੀ-ਪੁਰਸ਼) ਦੇ ਸੰਪਰਕ ਨਾਲ ਘਰ-ਪਰਿਵਾਰ ਬਣਦੇ ਹਨ, ਸਮਾਜ ਬਣਦੇ ਹਨ, ਅਤੇ ਛੋਟੇ-ਵੱਡੇ ਵਿਚਾਰਕ ਫ਼ਿਰਕੇ ਜਨਮ ਲੇਂਦੇ ਹਨ।ਕੁੱਝ ਗਲਾਂ ਤੇ ਸਹਿਮਤ ਅਤੇ ਕੁੱਝ ਗਲਾਂ ਤੇ ਅਸਹਿਮਤ ਫ਼ਿਰਕੇ! ਜੇਕਰ ਬੰਦਾ ਆਪਣੇ ਆਪ ਵਿਚ ਇਕ ਫ਼ਿਰਕੀ ਹੈ ਤਾਂ ਪਰਿਵਾਰ ਬੰਦੇ ਤੋਂ ਵੱਡਾ ਅਤੇ ਸਮਾਜ ਪਰਿਵਾਰ ਤੋਂ ਵੱਡਾ ਫ਼ਿਰਕਾ ਹੋ ਨਿਭਣਦਾ ਹੈ।
ਜਿਹੜਾ ਮਨੁੱਖ ਵਿਚਾਰਾਂ ਦੇ ਫ਼ਿਰਕੇਆਂ ਦੀ ਇਸ ਕੁਦਰਤੀ ਵਾਸਤਵਿਕਤਾ ਨੂੰ ਨਹੀਂ ਸਮਝਦਾ ਉਹ ਸਮਾਜ ਨੂੰ ਨਹੀਂ ਸਮਝ ਸਕਦਾ।ਸਿੱਟੇ ਵੱਜੋ ਫ਼ਿਰਕੇਆਂ ਬਾਬਤ ਉਸਦੀ ਵਿਚਾਰਕ ਫ਼ਿਰਕੀ ਲੜਖਣਾਉਂਦੀ ਰਹਿੰਦੀ ਹੈ।ਉਹ ਆਪਣੇ ਪਰਿਵਾਰ ਦੀ ਵੱਖਰੀ ਹੋਂਦ ਨੂੰ ਬਚਾ ਕੇ ਸਮਾਜ ਵਿਚਲੇ ਸੁਭਾਵਕ ਵਿਚਾਰਕ ਫ਼ਿਰਕੇਆਂ ਨੂੰ ਸਮਾਪਤ ਕਰਨ ਕਰਨ ਦਾ ਵਿਚਾਰ ਪੇਸ਼ ਕਰਦਾ ਹੈ! ਹੈ ਨਾ ਅਚਰਜ ਭਰੀ ਸਥਿਤੀ ?
ਜਿਹੜਾ ਮਨੁੱਖ ਇਹ ਕਹਿੰਦਾ ਹੈ ਕਿ ਉਹ ਸੋਚ ਦੇ ਫ਼ਿਰਕੇ ਦੀਆਂ ਇਨ੍ਹਾਂ ਪਰਤਾਂ ਅਤੇ ਪੱਧਰਾਂ ਨੂੰ ਨਹੀਂ ਮੰਨਦਾ ਉਹ ਕਿਸੇ ਭੁੱਲੇਖ ਵਿਚ ਹੈ। ਮਨੁੱਖਾ ਵਿਚਾਰਕ ਵੰਡ ਤਾਂ ਕੁਦਰਤ ਦਾ ਨਿਯਮ ਹੈ ਇਸੇ ਲਈ ਸਮਾਜ ਅੰਦਰ ਵਿਚਾਰਕ ਫ਼ਿਰਕੇ ਹਨ।
ਗੁਰੂ ਨਾਨਕ ਜੀ ਦਾ ਵਿਚਾਰ ਤਾਂ ਕੁਦਰਤੀ ਫ਼ਿਰਕੇਆਂ ਦਰਮਿਆਨ ਲਾਹੇਵੰਧ, ਸੁਰੀਲੀ ਅਤੇ ਲੈਅਬੱਧ ਏਕੇ ਦੀ ਸਵਕ੍ਰਿਤੀ ਦਾ ਵਿਚਾਰ ਹੈ।ਇਸ ਦੇ ਉਲਟ ਅਗਰ ਕਿਸੇ ਨੇ ਸਮਾਜਕ ਫ਼ਿਰਕੇਆਂ ਦੇ ਵਿਚਾਰ ਨੂੰ ਸਮਾਪਤ ਕਰਨਾ ਹੈ ਤਾਂ ਪਹਿਲਾਂ ਉਸਨੂੰ ਮਨੁੱਖ ਅਤੇ ਪਰਿਵਾਰ ਦਾ ਵਿਚਾਰ ਸਮਾਪਤ ਕਰਨ ਪਵੇਗਾ ਕਿਉੇਂਕਿ ਇਹੀ ਵੱਡੇ ਵਿਚਾਰਕ ਫ਼ਿਰਕੇਆਂ ਦੀ ਹੋਂਦ ਦੀਆਂ ਇਕਾਈਆਂ ਹਨ।ਇਹ ਤਾਂ ਹੋ ਨਹੀਂ ਸਕਦਾ ਕਿ ਕੋਈ ਆਪਣੇ ਪਰਿਵਾਰਕ ਫ਼ਿਰਕੇ ਨੂੰ ਕਾਯਮ ਰੱਖ ਕੇ ਫ਼ਿਰਕੇਆਂ (ਮਤਾਂਤਰਾਂ) ਅਤੇ ਗੁਰੂ ਨਾਨਕ ਦੇ ਫ਼ਿਰਕੇ ਅਤੇ ਉਸਦੀ ਵਿਵਹਾਰਕ ਪਛਾਂਣ ਦੀ ਹੋਂਦ ਦਾ ਵਿਰੋਧ ਕਰੇ !
ਧਰਮ ਅਤੇ ਈਸ਼ਵਰ ਤੋਂ ਮੁਨਕਰ ਮਾਰਕਸ ਵਰਗੇ ਸਮਾਜ ਸ਼ਾਸਤ੍ਰੀ ਨੇ ਵੀ ਆਪਣੇ ਵਿਗਿਆਨਕ ਦ੍ਰਿਸ਼ਟੀਕੋਣ ਰਾਹੀਂ ਸਮਾਜ ਵਿਚ ਦੋ ਫ਼ਿਰਕੇਆਂ ਦੀ ਸਥਾਪਤੀ ਨੂੰ ਸਵੀਕਾਰ ਕੀਤਾ। ਇਕ ਅਮੀਰ ਫ਼ਿਰਕਾ ਅਤੇ ਇਕ ਗ਼ਰੀਬ ਫ਼ਿਰਕਾ! ਉਸਦੀ ਸੋਚ ਮੁਤਾਬਕ ਇਨ੍ਹਾਂ ਦੋਹਾਂ ਫਿਰਕੇਆਂ ਦੀ ਸਮਾਪਤੀ ਵਿਚ ਇਕ ਬਰਾਬਰ ਫ਼ਿਰਕੇ ਦੀ ਉੱਤਪਤੀ ਦਾ ਬੀਜ ਸੀ।ਨਤੀਜਤਨ ਮਾਰਕਸ ਦੇ ਬਾਦ ਉਸਦੀ ਸੋਚ ਵਿਚਲੇ ਫ਼ਿਰਕੇ ਨੂੰ ਪ੍ਰਫ਼ੁਲੱਤ ਕਰਨ ਲਈ ਨਵੇਂ ਪ੍ਰਕਾਰ ਦੇ ਫ਼ਿਰਕੇਆਂ ਨੇ ਜਨਮ ਲੇ ਲਿਆ।ਯਾਨੀ ਧਰਮ(ਮਤ) ਅਧਾਰਤ ਫਿਰਕੇਆਂ ਨੂੰ ਨੱਕਾਰ ਕੇ ਆਪਣੇ ਮਤ ਅਧਾਰਤ ਫ਼ਿਰਕੇ ਹੀ ਸਥਾਪਤ ਕੀਤੇ ਗਏ।
ਕੁੱਝ ਸੱਜਣ ਅੱਜ ਵੀ ਇਸੇ ਫ਼ੈਸ਼ਨ ਤੋਂ ਪ੍ਰਭਾਵਤ ਹੋ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਕਿ ਗੁਰੂ ਨਾਨਕ ਦਾ ਕੋਈ ਵਿਚਾਰ ਅਧਾਰਤ ਫ਼ਿਰਕਾ ਨਹੀਂ ਸੀ।
ਕਹਿੰਦੇ ਹਨ ਗੁਰੂ ਨਾਨਕ ਜੀ ਦੀ ਸੋਚ ਵੱਖਰੀ ਸੀ ! ਅਗਰ ਇਹ ਸੱਚ ਹੈ ਤਾਂ ਫਿਰ ਭਲਾ ਕਿਸ ਤੋਂ ਵੱਖਰੀ ਸੀ ? ਜੇ ਕਰ ਪੰਡਤ-ਮੁੱਲਾਂ ਤੋਂ ਵੱਖਰੀ ਸੀ ਤਾਂ ਪਹਿਲਾਂ ਗੁਰੂ ਨਾਨਕ ਜੀ ਦੀ ਸੋਚ ਅਤੇ ਵਿਵਹਾਰ ਦਾ ਫ਼ਿਰਕਾ ਵੱਖਰਾ ਕਰਕੇ ਹੀ ਸਵੀਕਾਰ ਕਰਨਾ ਅਤੇ ਸਮਝਣਾ ਪਵੇਗਾ , ਜਿਸ ਰਾਹੀਂ ਗੁਰੂ ਨਾਨਕ ਦਾ ਧਰਮ (ਮਤ) ਪ੍ਰਗਟ ਹੁੰਦਾ ਹੈ।।ਉਸ ਅੰਦਰਲੀ ਖ਼ੁਬਸੂਰਤੀ ਨੂੰ ਵਿਚਾਰਨ ਦੀ ਗਲ ਤਾਂ ਬਾਦ ਵਿਚ ਆਉਂਦੀ ਹੈ।
ਹਰਦੇਵ ਸਿੰਘ-੦੮.੦੯.੨੦੧੯(ਜੰਮੂ)
2 Attachments