ਗੁਰਬਾਣੀ ਦੀ ਕਥਾ ਤੇ ਅਜੋਕੇ ਕਥਾਵਾਚਕ
ਅੱਜ ਦੀ ਕਥਾ ਅਤੇ ਗੁਰਬਾਣੀ ਦੀ ਸੋਝੀ । ਅੱਜ ਕਥਾਵਾਚਕਾਂ ਦੀ ਗਿਣਤੀ ਵੀ ਘੱਟ ਨਹੀਂ। ਜਿਉਂ ਜਿਉਂ ਸੰਗਤਾਂ `ਚ ਕਥਾ ਲਈ ਮੰਗ ਵਧ ਰਹੀ ਹੈ, ਕਥਾ-ਵਾਚਕਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਜਿਨੀਂ ਗਿਣਤੀ `ਚ ਅੱਜ ਕਥਾਵਚਕ ਹਨ, ਯਕੀਣਨ ਜੇ ਇਹ ਸੇਵਾ ਤਨੋਂ-ਮਨੋਂ ਇਮਾਨਦਾਰੀ ਤੇ ਗੁਰੂ ਭਯ `ਚ ਹੋ ਰਹੀ ਹੁੰਦੀ ਤਾਂ ਗੁਰਬਾਣੀ ਜੀਵਨ ਦੀ ਸੋਝੀ, ਅੱਜ ਘਰ- ਘਰ `ਚ ਪਹੁੰਚ ਚੁੱਕੀ ਹੁੰਦੀ। ਕੀਰਤਨ ਬਾਰੇ ਤਾਂ ਸੌਖਾ ਕਹਿ ਦਿੰਦੇ ਹਾਂ ਕਿ ਅੱਜ ਕੀਰਤਨ ਕੇਵਲ ਕੰਨਰਸ ਬਣ ਕੇ ਰਹਿ ਚੁੱਕਾ ਹੈ। ਦੂਜੇ ਪਾਸੇ ਕਥਾ ਦੇ ਤਾਂ ਇੱਕ ਇੱਕ ਅੱਖਰ ਨੂੰ ਕਥਨਾ `ਤੇ ਸੰਗਤਾਂ ਦੀ ਧੁਰ ਸੋਚ `ਚ ਪਹੁੰਚਾਉਣਾ ਹੁੰਦਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਇਸ `ਤੇ ਵੀ ਗੁਰਬਾਣੀ ਦੀ ਕਥਾ ਸੁਣ-ਸੁਣ ਕੇ ਅੱਜ ਸੰਗਤਾਂ ਦੇ ਜੀਵਨ `ਚ ਬਾਣੀ ਸੋਝੀ ਪਖੋਂ ਜਾਗ੍ਰਤੀ ਨਹੀਂ ਆ ਰਹੀ ਤਾਂ ਕਿਉਂ?
ਕਥਾਵਾਚਕ ਸੱਜਨੋ! ਚੇਤੇ ਰਹੇ! ਗੁਰਬਾਣੀ ਕੇਵਲ ਗਿਆਨ ਦਾ ਵਿਸ਼ਾ ਨਹੀਂ, ਗੁਰਬਾਣੀ ਸਾਡੇ ਪਲ ਪਲ ਤੇ ਸੁਆਸ ਸੁਆਸ ਦੇ ਜੀਵਨ ਦਾ ਵਿਸ਼ਾ ਵੀ ਹੈ। ਬਾਣੀ ਮਨੁੱਖਾ ਜੀਵਨ ਦਾ ਉਹ ਸੱਚ ਹੈ ਜਿਸ ਤੋਂ ਬਿਨਾ ਮਨੁੱਖ, ਜੀਵਨ ਭਰ ਅਗਿਆਣਤਾ ਦੀਆਂ ਠੋਕਰਾਂ ਖਾਂਦਾ ਹੈ ਤੇ ਜੀਵਨ ਨੂੰ ਬਰਬਾਦ ਕਰ ਕੇ ਚਲਾ ਜਾਂਦਾ ਹੈ। ਗੁਰਬਾਣੀ ਖਜ਼ਾਨੇ `ਚ ਸੈਂਕੜੇ ਵਾਰ ਦ੍ਰਿੜ ਕਰਵਾਇਆ ਹੈ ਕਿ ਮਨੁੱਖ ਨੇ ਗੁਰਬਾਣੀ ਸੇਧ `ਚ ਜੀਵਨ ਦੀ ਸੰਭਾਲ ਕਰਣੀ ਹੈ। ਮਨੁੱਖਾ ਜੀਵਨ ਦੀ ਗੱਲ ਗੁਰਬਾਣੀ ਵਿਚਾਰ ਤੋਂ ਬਿਨਾ ਕਿਸੇ ਤਰ੍ਹਾਂ ਵੀ ਸਮਝ `ਚ ਨਹੀਂ ਆ ਸਕਦੀ। ਫੈਸਲਾ ਹੈ “ਸਿਖੀ ਸਿਖਿਆ ਗੁਰ ਵੀਚਾਰਿ” (ਪੰ: 465) ਜਾਂ “ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ, ਅਨਤ ਨ ਕਾਹੂ ਡੋਲੇ ਰਾਮ” (ਪੰ: 538) ਬਲਕਿ ਇਥੋਂ ਤੀਕ ਫੁਰਮਾਇਆ ਹੈ “ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥ ਬਾਣੀ ਗੁਰਬਾਣੀ ਲਾਗੇ, ਤਿਨੑ ਹਥਿ ਚੜਿਆ ਰਾਮ” (ਪੰ: 442) ਭਾਵ ਬਾਣੀ ਤਾਂ ਕੀਮਤੀ ਰਤਨਾਂ-ਜਵਾਹਰਾਤਾਂ ਦਾ ਖਜ਼ਾਨਾ ਹੈ ਪਰ ਪ੍ਰਾਪਤ ਉਹਨਾਂ ਨੂੰ ਹੋਣੇ ਹਨ ਜਿਨ੍ਹਾਂ ਇਸ `ਚ ਚੁੱਭੀ ਲਾਈ ਹੈ। ਸਪਸ਼ਟ ਹੈ, ਕਥਾਕਾਰ ਦੀ ਜ਼ਿੰਮੇਵਾਰੀ ਤਾਂ ਗੁਰਬਾਣੀ ਦੇ ਮਹਾਨ ਸਮੁੰਦ੍ਰ `ਚ ਪਹਿਲਾਂ ਆਪ ਚੁੱਭੀ ਲਗਾਉਣੀ ਹੈ ਤੇ ਫ਼ਿਰ ਸੰਗਤਾਂ ਨੂੰ ਵੀ ਲਗਵਾਉਣੀ ਹੈ।
ਕਥਾ ਬਾਰੇ ਅਜੋਕੀ ਤ੍ਰਾਸਦੀ-ਅੱਜ ਗੁਰਦੁਆਰਿਆਂ `ਚ ਕਥਾ, ਗੁਰਬਾਣੀ ਦੀ ਕਥਾ ਘੱਟ, ਖਾਨਾ ਪੁਰੀ ਵੱਧ ਹੋ ਰਹੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਸਾਜ਼ਾਂ ਰਾਹੀਂ ਗੁਰਬਾਣੀ ਕੀਰਤਨ ਬਹੁਤੇ ਰਾਗੀਆਂ ਲਈ ਵੀ ਕਲਾ ਦਾ ਪ੍ਰਗਟਾਵਾ ਤੇ ਸੰਗਤਾਂ ਲਈ ਕੰਨਰਸ ਹੀ ਬਣ ਕੇ ਰਹਿ ਚੁੱਕਾ ਹੈ। ਨਤੀਜਾ ਹੈ ਕਿ ਨਾ ਕਥਾਵਾਚਕ ਅੰਦਰ ਗੁਰੂ ਦਾ ਭੈਅ ਹੈ ਤੇ ਨਾ ਗੁਰੂ ਕੀਆਂ ਸੰਗਤਾਂ ਅੰਦਰ ਬਾਣੀ ਪਖੋਂ ਜਾਗ੍ਰਤੀ। ਇਸ ਦੀ ਵੱਡੀ ਮਿਸਾਲ ਹੈ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ, ਸੀਸ ਗੰਜ, ਨਾਨਕ ਪਿਆਊ ਤੋਂ ਹੀ ਲੈ ਲਵੋ, ਲਗਭਗ ਤਿੰਨ-ਤਿੰਨ ਵਾਰੀ ਸੰਪੂਰਣ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਕਥਾ ਹੋ ਚੁੱਕੀ ਹੈ, ਪਰ ਸੰਗਤਾਂ ਜੋ ਚਿਰਾਂ ਤੋਂ ਕੇਵਲ ਕਥਾ ਦੇ ਸਮੇਂ ਨਾਲ ਹੀ ਬੱਝੀਆਂ ਹਨ, ਉਹਨਾਂ ਵਿਚਾਲੇ ਵੀ ਗੁਰਮਤਿ ਪੱਖੋਂ ਅਗਿਆਣਤਾ ਤੇ ਅਨਮਤੀ ਪ੍ਰਭਾਵ ਉਸੇ ਤਰ੍ਹਾਂ ਹਨ, ਜਿਸ ਤਰ੍ਹਾਂ ਕਥਾ ਸੁਨਣ ਆਉਣ ਤੋਂ ਪਹਿਲਾਂ ਸਨ। ਸਿੱਖੀ ਜੀਵਨ ਦੀ ਖੁਸ਼ਬੂ ਤੋਂ ਉਹ ਵੀ ਖਾਲੀ ਹਨ ਤਾਂ ਕਿਉਂ? ਨਾ ਕਥਾਕਾਰਾਂ ਨੂੰ ਇਸ ਦਾ ਐਹਿਸਾਸ ਹੈ ਤੇ ਨਾ ਕਥਾ ਕਰਵਾਉਣ ਵਾਲੇ ਸਮੇਂ ਸਮੇਂ ਦੇ ਪ੍ਰਬੰਧਕ ਸੱਜਨਾਂ ਨੂੰ।
ਅਜੋਕੇ ਕੀਰਤਨ ਤੇ ਕੀਰਤਨ ਦਰਬਾਰਾਂ ਦੀ ਤਰ੍ਹਾਂ ਕਥਾ ਵੀ ਗੁਰਬਾਣੀ-ਗੁਰਮਤਿ ਦਾ ਪ੍ਰਚਾਰ ਘੱਟ ਤੇ ਮਾਇਕ ਖੇਡ ਵੱਧ ਬਣੀ ਪਈ ਹੈ। ਬਲਕਿ ਵਿਦੇਸ਼ਾਂ `ਚ ਤਾਂ ਹਰੇਕ ਗੁਰਦੁਆਰੇ `ਚ ਕਥਾ ਹੋ ਰਹੀ ਹੈ, ਲਹਿਰ ਮਾੜੀ ਨਹੀਂ ਜੇਕਰ ਸਚਮੁਚ ਕਥਾ ਗੁਰਬਾਣੀ ਤੇ ਗੁਰਮਤਿ ਪ੍ਰਸਾਰ ਲਈ ਹੋਵੇ, ਪਰ ਇਥੇ ਵੀ ਸਚਾਈ ਇਸ ਦੇ ਉਲਟ ਹੈ। ਕਿਉਂਕਿ ਪ੍ਰਬੰਧਕ ਵੀ ਬਹੁਤਾ ਕਰ ਕੇ ਉਹੀ ਹਨ ਜਿਨ੍ਹਾਂ ਦਾ ਗੁਰਮਤਿ ਨਾਲ ਕੁੱਝ ਲੈਣਾ ਦੇਣਾ ਨਹੀਂ। ਉਹ ਤਾਂ ਆਪ ਚੋਣਾਂ ਰਸਤੇ ਆਏ ਹੁੰਦੇ ਹਨ, ਜਿਸ ਬਾਰੇ ਬਹੁਤਾ ਕਹਿਣ ਦੀ ਹੀ ਲੋੜ ਨਹੀਂ। ਨਤੀਜਾ, ਉਥੇ ਵੀ ਕਥਾ ਦੀ ਰੀਤ ਹੀ ਪੂਰੀ ਹੋ ਰਹੀ ਹੈ। ਇਸੇ ਕਾਰਨ ਕੀਰਤਨੀ ਜਥਿਆਂ ਵਾਂਙ, ਬਨਾਵਟੀ ਕਥਾਕਾਰਾਂ ਦਾ ਉਥੇ ਵੀ ਹੱੜ ਆਇਆ ਪਿਆ ਹੈ। ਨਾ ਅਜਿਹੇ ਕਥਵਾਚਕਾਂ ਦੇ ਜੀਵਨ `ਚ ਬਾਣੀ ਦੀ ਸੋਝੀ ਹੈ ਤੇ ਨਾ ਉਹਨਾਂ ਕੋਲ ਸੰਗਤਾਂ `ਚ ਗੁਰਬਾਣੀ ਜੀਵਨ ਸੀਂਚਣ ਦੀ ਸਮ੍ਰਥਾ, ਆਖਿਰ ਇਸ ਤਰ੍ਹਾਂ ਕਦੋਂ ਤੀਕ ਚਲੇਗਾ?
ਆਲਮਗੀਰੀ ਮੱਤ ਅਤੇ ਅੱਜ ਦੇ ਕਥਾਵਾਚਕ- ਇੱਕ ਪਾਸੇ ਗੁਰੂ ਨਾਨਕ ਦਾ ਆਲਮਗੀਰੀ ਸਿੱਖ ਧਰਮ ਜਿਹੜਾ ਪੂਰੀ ਤਰ੍ਹਾਂ ਦਲੀਲਾਂ ਤੇ ਜੀਵਨ ਸਿਧਾਂਤਾਂ `ਤੇ ਆਧਾਰਤ ਹੈ। ਜੀਵਨ ਦਾ ਉਹ ਸੱਚ ਜਿਸ ਨੇ ਵੱਡਿਆਂ ਵੱਡਿਆਂ ਨੂੰ ਨਿਰੁਤਰ ਕਰ ਦਿੱਤਾ। ਅੱਜ ਵੀ ਸੰਸਾਰ ਦਾ ਵੱਡੇ ਤੋਂ ਵੱਡਾ ਵਿਦਵਾਨ ਜਦੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਟਡੀ ਕਰਦਾ ਹੈ, ਆਪ ਮੁਹਾਰੇ ਕਹਿ ਉਠਦਾ ਹੈ ‘ਗੁਰੂ ਨਾਨਕ ਮੱਤ ਹੀ ਸੰਸਾਰ ਭਰ, ਹਰ ਸਮੇਂ ਤੇ ਹਰੇਕ ਮਨੁੱਖ ਦਾ ਅਸਲੀ ਧਰਮ ਹੈ’। ਦੂਜੇ ਪਾਸੇ, ਹਾਲਤ ਇਹ ਹੈ ਜੇਕਰ ਗੁਰੂ ਕੀਆਂ ਸੰਗਤਾਂ ਵਿਚਕਾਰ ਖਲੋਤੇ ਹੋਵੋ ਤਾਂ ਅਜਿਹੀਆਂ ਗੱਲਾਂ ਸੁਨਣ ਨੂੰ ਆਉਂਦੀਆਂ ਹਨ ਕਿ ਦਿਲ ਰੋ ਉਠਦਾ ਹੈ। ਸਿੱਖੀ ਪ੍ਰਚਾਰ ਬਾਰੇ ਅਜਿਹੇ ਫਿਕਰੇ ਕੱਸੇ ਜਾਂਦੇ ਹਨ ਜਿਨ੍ਹਾਂ ਨੂੰ ਕਲਮ ਹੇਠਾਂ ਲਿਆਉਣਾ ਵੀ ਸੌਖਾ ਨਹੀਂ। ਇਹ ਲਫ਼ਜ਼ ਵੀ ਜਿਵੇਂ ‘ਗੁਰਦੁਆਰਾ ਸਟੇਜ ਅਨਪੜ੍ਹ ਕੀਰਤਨੀਆਂ, ਕਥਾਵਾਚਕਾਂ, ਪ੍ਰਬੰਧਕਾਂ ਦਾ ਬਹਿਸ਼ਤ ਹੀ ਬਣ ਚੁੱਕਾ ਹੈ’ ; ਇਹ ਕੇਵਲ ਇਸ਼ਾਰਾ ਹੈ, ਪਰ ਇਸ ਦਾ ਜ਼ਿੰਮੇਵਾਰ ਕੌਣ? ਫਿਰ ਗ੍ਰੰਥੀ ਸਿੰਘ, ਸੇਵਾਦਾਰਾਂ, ਪਾਠੀਆਂ ਲਈ ਵੀ ਸੰਗਤਾਂ ਦੀ ਇਹੀ ਭੜਾਸ ਹੈ। ਇਸ ਦੇ ਲਈ ਪ੍ਰਬੰਧਕ ਵੀ ਘੱਟ ਦੋਸ਼ੀ ਨਹੀਂ ਹਨ। ਨਤੀਜਾ ਹੈ ਕਿ ਅੱਜ 90% ਤੋਂ ਉਪਰ ਸੰਗਤ ਗੁਰਦੁਆਰੇ ਜਾਣਾ ਛੱਡ ਚੁੱਕੀ ਹੈ ਤੇ ਜਿਹੜੀ ਜਾ ਰਹੀ ਹੈ ਉਹ ਵੀ ਸਿੱਖੀ ਜੀਵਨ ਪ੍ਰਤੀ ਭੰਮਲਭੂਸੇ `ਚ ਫਸੀ ਰਹਿੰਦੀ ਹੈ।
ਆਲਮਗੀਰੀ ਸਿੱਖ ਮੱਤ ਦੀ ਅਜੋਕੀ ਹਾਲਤ ਲਈ ਜ਼ਿੰਮੇਵਾਰ ਦੂਜਾ ਨਹੀਂ ਬਲਕਿ ਅਸੀਂ ਆਪ ਹਾਂ। ਸੰਸਾਰ ਤੱਲ `ਤੇ ਵਿਚਾਰੋ ਤਾਂ ਸੰਸਾਰ ਭਰ ਦਾ ਇੱਕ ਵੀ ਗਿਆਨ, ਸਟੱਡੀ ਬਿਨਾ ਸੋਚ ਮੰਡਲ `ਚ ਨਹੀਂ ਉਤਰਦਾ। ਜਦਕਿ ਗੁਰਬਾਣੀ ਤਾਂ ਹੈ ਹੀ ਸੰਸਾਰ ਭਰ ਦੇ ਗਿਆਨਾਂ ਦਾ ਸ਼੍ਰੋਮਣੀ, ਇਲਾਹੀ, ਸਦੀਵੀ ਤੇ ਗੁਰੂ ਗਿਆਨ। ਗੁਰਬਾਣੀ ਹੈ ਵੀ ਕਾਵਿ ਰੂਪ `ਚ ਤੇ ਕਿਸੇ ਵੀ ਕਵਿਤਾ ਦੇ ਤਿੰਨ ਪੱਖ ਹੁੰਦੇ ਹਨ; ਕਵਿਤਾ ਦਾ ਭਾਵ (gist), ਸ਼ਬਦੀ ਅਰਥ ਤੇ ਵਿਆਖਿਆ। ਇਸੁ ਤਰ੍ਹਾਂ ਗੁਰਬਾਣੀ ਦੀ ਕਥਾ-ਵਿਚਾਰ ਲਈ ਵੱਧ ਨਹੀਂ ਤਾਂ ਇਸ ਦੇ ਇਹਨਾ ਤਿੰਨਾਂ ਪਖਾਂ ਬਾਰੇ ਸੁਚੇਤ ਹੋਣਾ ਜ਼ਰੂਰੀ ਹੈ। ਜੇ ਅਜਿਹਾ ਨਹੀਂ ਤਾਂ ਕਥਾਵਾਚਕ ਕਿਵੇਂ ਬਣ ਗਏ?
ਅੱਜ ਦੇ ਕਥਾਵਾਚਕਾਂ ਦੀ ਦੇਣ- ਅੱਜ ਸੰਸਾਰ ਭਰ `ਚ ਗੁਰਬਾਣੀ ਦੇ ਕਥਾਕਾਰ ਫੈਲ ਚੁੱਕੇ ਹਨ। ਇਸ ਦੇ ਬਾਵਜੂਦ ਵਹਿਮ-ਭਰਮ, ਜਹਾਲਤਾਂ, ਵਰਤ, ਰੀਤਾਂ, ਸਗਨ, ਸੁੱਚ-ਭਿੱਟ, ਦਿਖਾਵੇ-ਆਡੰਬਰ, ਜਾਤ-ਪਾਤ, ਰੱਖੜੀਆਂ-ਟਿੱਕੇ-ਲੋਹੜੀਆਂ-ਦਿਵਾਲੀਆਂ ਭਾਵ ਅਨਮੱਤੀ ਤਿਉਹਾਰਾਂ ਦਾ ਚਲਣ, ਡੇਰਾਵਾਦ ਤੇ ਸਰੀਰ ਪੂਜਾ ਦਾ ਸਿੱਖਾਂ `ਚ ਹੀ ਬੋਲਬਾਲਾ ਹੈ। ਡਰੱਗ-ਨਸ਼ੇ, ਜੁਰਮ, ਝੂਠ, ਫਰੇਬ, ਠੱਗੀ, ਹੇਰਾ-ਫ਼ੇਰੀ, ਬੱਚੇ-ਬੱਚੀ ਵਿਚਾਲੇ ਵਿਤਕਰਾ, ਭਰੂਣ ਹੱਤਿਆ, ਨੂਹਾਂ `ਤੇ ਜ਼ੁਲਮ, ਪ੍ਰਵਾਰਾਂ `ਚ ਪਾੜੇ ਆਦਿ ਸਮਾਜਕ ਬੁਰਾਈਆ ਦੂਜਿਆਂ ਦੇ ਤਾਂ ਕੀ ਸਿੱਖਾਂ ਦੇ ਘਰਾਂ `ਚ ਵੀ ਪੈਰ ਜਮਾਈ ਬੈਠੇ ਹਨ। ਇਹ ਗੁਰਬਾਣੀ ਦੇ ਨਾਮ `ਤੇ ਕੀਤੀ ਜਾ ਰਹੀ ਉਸੇ ਕਥਾ ਦਾ ਸਿੱਟਾ ਹੈ ਜਿਸ ਦੀ ਵਿਚਾਰ ਰਾਹੀਂ ਪਾਤਸ਼ਾਹ ਨੇ ਸੰਸਾਰ ਭਰ ਦੇ ਜੀਵਨ `ਚ ਨਿਖਾਰ ਲੈ ਆਂਦਾ ਸੀ। ਦੂਜਿਆਂ ਨੂੰ ਤਾਂ ਕੀ ਦੇਣਾ ਹੈ, ਉਸੇ ਬਾਣੀ ਦੀ ਕਥਾ ਦੇ ਬਹੁਤੇ ਦਾਅਵੇਦਾਰਾਂ ਦੇ ਆਪਣੇ ਜੀਵਨ ਤੇ ਉਹਨਾਂ ਦੇ ਪ੍ਰਵਾਰਕ ਜੀਵਨ `ਚ ਝਾਤ ਮਾਰੋ ਤਾਂ ਉਥੇ ਬੁਰਾ ਹਾਲ ਹੋਇਆ ਪਿਆ ਹੈ।
ਲੰਮੇਂ ਸਮੇਂ ਤੋਂ ਧਰਮ ਦੇ ਨਾਮ ਹੇਠ ਕੇਵਲ ਅੰਨ੍ਹੀ ਤੇ ਫੋਕੀ ਸ਼ਰਧਾ ਹੀ ਭਰੀ ਜਾਂਦੀ ਸੀ। ਲੋਕਾਂ ਦੇ ਜੀਵਨ ਨੂੰ ਕਲਪਤ ਕਹਾਣੀਆਂ ਦਾ ਆਧਾਰ ਬਣਾ ਕੇ ਪੂਰੀ ਤਰ੍ਹਾਂ ਬਰਬਾਦ ਕੀਤਾ ਜਾ ਰਿਹਾ ਸੀ। ਉਹਨਾਂ ਕਹਾਣੀਆਂ ਬਦਲੇ ਲੋਕਾਂ ਦੇ ਵਿਸ਼ਵਾਸ `ਚ ਇਕੋ ਗੱਲ ਜੋੜੀ ਹੋਈ ਸੀ ਕਿ ‘ਉਹ ਤਾਂ ਭਗਵਾਨ ਸਨ, ਇਸ ਲਈ ਕਰ ਸਕਦੇ ਸਨ। ਅਸੀਂ ਕਲਜੁਗੀ ਜੀਵ, ਕਿਸ ਤਰ੍ਹਾਂ ਕਰ ਸਕਦੇ ਹਾਂ’। ਇਹੋ ਜਹੇ ਹਵਾਈ ਵਿਸ਼ਵਾਸਾਂ-ਕਹਾਣੀਆਂ ਦਾ ਸ਼ਿਕਾਰ ਹੋ ਕੇ ਮਨੁੱਖ ਕਦੇ ਤੀਰਥਾਂ ਦੇ ਚੱਕਰ ਕੱਟ ਰਿਹਾ ਸੀ। ਕਦੇ ਬ੍ਰਾਹਮਣਾਂ, ਸਾਧਾਂ, ਜੋਗੀਆਂ ਅਦਿ ਦੇ ਸਰਾਪਾਂ ਤੋਂ ਡਰਦਾ ਜਾਂ ਵਰਾਂ ਲਈ ਉਹਨਾਂ ਦੇ ਤਰਲੇ ਕੱਟਦਾ ਫ਼ਿਰਦਾ ਸੀ।