ਕਿਰਪਾਲ ਸਿੰਘ ਬਠਿੰਡਾ
ਮਤੇ ਦਾ ਖਰੜਾ: ਮੂਲ ਨਾਨਕਸ਼ਾਹੀ ਕੈਲੰਡਰ ਜੋ ੨੦੦੩ ਵਿੱਚ ਲਾਗੂ ਕੀਤਾ ਗਿਆ ਸੀ
Page Visitors: 2808
*ਮਤੇ ਦਾ ਖਰੜਾ: ਮੂਲ ਨਾਨਕਸ਼ਾਹੀ ਕੈਲੰਡਰ ਜੋ ੨੦੦੩ ਵਿੱਚ ਲਾਗੂ ਕੀਤਾ ਗਿਆ ਸੀ,
ਨੂੰ ਅਸਲੀ ਰੂਪ 'ਚ ਮੁੜ ਲਾਗੂ ਕੀਤਾ ਜਾਵੇ*
(ਕਿਰਪਾਲ ਸਿੰਘ ਬਠਿੰਡਾ)
(ਕੁ)ਸੋਧੇ ਹੋਏ ਕੈਲੰਡਰ ਵਿੱਚ ਪਏ ਬੇਅੰਤ ਵਿਗਾੜ ਪਿਛਲੇ ਤਿੰਨ ਸਾਲਾਂ ਵਿੱਚ ਜਗਤ ਜ਼ਾਹਰ ਹੋਣਅਤੇ ਜਥੇਦਾਰ ਗਿਆਨੀ ਨੰਦਗੜ੍ਹ ਵਲੋਂ ਟੀਵੀ84 ਚੈੱਨਲ ’ਤੇ ਸੋਧਾਂ ਦੀ ਕੀਤੀ ਗਈ ਸਖ਼ਤ ਅਲੋਚਨਾ ਉਪ੍ਰੰਤ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਤਾ ਇਹ ਬਿਆਨ, ਕਿ ਕੁਝ ਤਰੀਖਾਂ ਚੰਦਰ ਸਾਲ ਅਤੇ ਕੁਝ ਸੂਰਜੀ ਸਾਲ ਦੀਆਂ ਲਏ ਜਾਣ ਕਰਕੇ ਕੈਲੰਡਰ ਵਿੱਚ ਵਿਗਾੜ ਜਿਆਦਾ ਪੈ ਗਿਆ ਇਸ ਲਈ ਇਸ ਵਿੱਚ ਮੁੜ ਸੋਧਾਂ ਕਰਨ ਲਈ ਜਥੇਬੰਦੀਆਂ ਆਪਣੇ ਸੁਝਾਉ ਭੇਜਣ; ਇਸ ਗੱਲ ਦੀ ਮੰਗ ਕਰਦਾ ਹੈ ਕਿ ਜਥੇਬੰਦੀਆਂ ਸਮੂਹਹਿਕ ਰੂਪ ਵਿੱਚ ਮਤੇ ਪਾਸ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਭੇਜਣ ਅਤੇ ਉਸ ਦੀ ਨਕਲ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਭੇਜੀ ਜਾਵੇ ਤਾਂ ਕਿ ਉਨ੍ਹਾਂ ਨੂੰ ਆਪਣੇ ਸਟੈਂਡ ’ਤੇ ਡਟੇ ਰਹਿਣ ਲਈ ਸੰਗਤਾਂ ਦਾ ਸਮਰਥਨ ਹਾਸਲ ਹੋ ਸਕੇ। ਕਈ ਜਥੇਬੰਦੀਆਂ ਮੇਰੇ ਇਸ ਸੁਝਾਉ ’ਤੇ ਇਤਰਾਜ ਕਰ ਸਕਦੀਆਂ ਹਨ ਕਿ ਦਾਸਾਂ ਦੇ ਦਾਸ ਅਖੌਤੀ ਜਥੇਦਾਰ ਕੋਲ ਮਤੇ ਪਾਸ ਕਰਕੇ ਭੇਜਣੇ ਉਸ ਨੂੰ ਮਾਣਤਾ ਦੇਣੀ ਹੈ ਇਸ ਲਈ ਉਸ ਨੂੰ ਕੋਈ ਐਸਾ ਮਤਾ ਭੇਜੇ ਜਾਣਾ ਸਮੇ ਦੀ ਬਰਬਾਦੀ ਤੋਂ ਬਿਨਾਂ ਕੁਝ ਨਹੀਂ ਹੈ। ਇਸ ਸੋਚ ਵਾਲੇ ਵੀਰ ਆਪਣੇ ਥਾਂ ਬਿਲਕੁਲ ਠੀਕ ਹੋ ਸਕਦੇ ਹਨ ਪਰ ਮੇਰਾ ਖ਼ਿਆਲ ਹੈ ਕਿ ਜੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਬੋਲਣ ਵਾਲੀਆਂ ਸਮੁੱਚੀਆਂ ਜਾਂ ਬਹੁ ਗਿਣਤੀ ਜਥੇਬੰਦੀਆਂ ਮੇਰੇ ਵੱਲੋਂ ਸੁਝਾਇਆ ਗਿਆ ਮਤਾ ਪਾਸ ਕਰਕੇ ਭੇਜਣ ਤਾਂ ਇੱਕ ਤਾਂ ਸਪਸ਼ਟ ਹੋ ਜਾਵੇਗਾ ਕਿ ਕੁਸੋਧੇ ਕੈਲੰਡਰ ਦੇ ਹੱਕ ਵਿੱਚ ਕਿੰਨੇ ਸਿੱਖ ਹਨ ਤੇ ਵਿਰੋਧ ਵਿੱਚ ਕਿੰਨੇ ਹਨ। ਦੂਸਰਾ ਜੇ ਵੱਡੀ ਗਿਣਤੀ ਵਿੱਚ ਮਤੇ ਪਾਸ ਕੀਤੇ ਜਾਣ ਉਪ੍ਰੰਤ ਵੀ ਅਕਾਲ ਤਖ਼ਤ ਤੋਂ ਕੋਈ ਯੋਗ ਫੈਸਲਾ ਨਹੀਂ ਹੁੰਦਾ ਤਾਂ ਇਸ ਗੱਲ ’ਤੇ ਪੱਕੀ ਮੋਹਰ ਲੱਗ ਜਾਵੇਗੀ ਉਨ੍ਹਾਂ ਦੇ ਆਪਣੇ ਹੱਥ ਵੱਸ ਕੁਝ ਨਹੀਂ, ਫੈਸਲੇ ਓਹੀ ਹੁੰਦੇ ਹਨ ਜੋ ਉਨ੍ਹਾਂ ਦੀ ਮਾਲਕ ਆਰਐੱਸਐੱਸ ਚਾਹੁੰਦੀ ਹੈ। ਉਨ੍ਹਾਂ ਦੇ ਬਿਆਨ ਸਿਰਫ ‘ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥’ {ਆਸਾ ਕੀ ਵਾਰ (ਮ: 2) ਗੁਰੂ ਗ੍ਰੰਥ ਸਾਹਿਬ – ਪੰਨਾ 474} ਦੇ ਬਰਾਬਰ ਹੈ। ਮੇਰੇ ਵੱਲੋਂ ਸੁਝਾਇਆ ਗਿਆ ਮਤਾ ਹੇਠ ਲਿਖੇ ਅਨੁਸਾਰ ਹੈ ਪਰ ਵਿਦਵਾਨਾਂ ਦੀ ਰਾਇ ਨਾਲ ਇਸ ਵਿੱਚ ਲੋੜ ਅੁਨਸਾਰ ਸੋਧ ਕੀਤੀ ਜਾ ਸਕਦੀ ਹੈ। ________
ਸੰਸਥਾ ਦਾ ਲੈਟਰ ਪੈਡ/ ਨਾਮ ਮਤਾ ਨੰ: ………… ਮਿਤੀ: ………… ਸਰਬਸੰਤੀ/ਬਹੁਸੰਤੀ ਨਾਲ ਇਹ ਮਤਾ ਪ੍ਰਵਾਨ ਹੋਇਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹ ਬੇਨਤੀ ਕੀਤੀ ਜਾਵੇ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀਆਂ ਗਈਆਂ ਸੋਧਾਂ ਵਾਪਸ ਲੈ ਕੇ ਮੂਲ ਨਾਨਕਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਕੀਤਾ ਗਿਆ ਸੀ, ਨੂੰ ਅਸਲੀ ਰੂਪ ’ਚ ਮੁੜ ਲਾਗੂ ਕੀਤਾ ਜਾਵੇ ਅਤੇ ਇਸ ਵਿੱਚ ਤਿੰਨ ਦਿਹਾੜੇ – (1) ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ (2) ਬੰਦੀ ਛੋੜ ਦਿਵਸ ਅਤੇ (3) ਹੋਲਾ ਮਹੱਲਾ; ਜੋ ਉਸ ਸਮੇਂ ਕੁਝ ਡੇਰਾਵਾਦੀਆਂ ਦੇ ਦਬਾਅ ਕਾਰਣ ਚੰਦਰ ਸਾਲ ਦੀਆਂ ਤਿਥਾਂ ਅਨੁਸਾਰ ਹੀ ਰੱਖੇ ਗਏ ਸਨ, ਉਹ ਵੀ ਨਾਨਕਸ਼ਾਹੀ (ਸੂਰਜੀ) ਕੈਲੰਡਰ ਅਨੁਸਾਰ ਨਿਸਚਿਤ ਕਰਨ ਲਈ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ: ਪਾਲ ਸਿੰਘ ਪੁਰੇਵਾਲ ਸਮੇਤ ਉਨ੍ਹਾਂ ਦੇ ਪੱਧਰ ਦੇ ਹੋਰ ਵਿਦਵਾਨਾਂ, ਜੋ ਕੈਲੰਡਰ ਅਤੇ ਤਾਰਾ ਵਿਗਿਆਨ ਦੀ ਚੰਗੀ ਸੋਝੀ ਰੱਖਦੇ ਹੋਣ; ਦੀ ਕਮੇਟੀ ਬਣਾਈ ਜਾਵੇ। ਕਿਉਂਕਿ 1. ਸੋਧਾਂ ਵਾਲੇ ਕੈਲੰਡਰ ਅਨੁਸਾਰ ਗੁਰਪੁਰਬ ਦੀਆਂ ਮਿਤੀਆਂ ਕਦੀ ਵੀ ਸਥਿਰ ਨਹੀਂ ਰਹਿ ਸਕਦੀਆਂ ਜਿਸ ਕਾਰਣ ਸਿੱਖਾਂ ਨੂੰ ਆਪਣੇ ਮਹਾਨ ਗੁਰੂ ਸਾਹਿਬਾਨ ਦੇ ਪੁਰਬਾਂ ਦੀਆਂ ਮਿਤੀਆਂ ਯਾਦ ਰੱਖਣੀਆਂ ਬਹੁਤ ਹੀ ਮੁਸ਼ਕਲ ਹਨ; ਸਿੱਟੇ ਵਜੋਂ ਸਿੱਖਾਂ ਨੂੰ ਦੁਨੀਆਂ ਭਰ ਦੇ ਲੋਕਾਂ ਅੱਗੇ ਸ਼ਰਮਿੰਦਾ ਹੋਣਾ ਪੈਂਦਾ ਹੈ। 2. ਸੋਧਾਂ ਦੇ ਨਾਮ ’ਤੇ ਚੰਦਰ/ਸੂਰਜੀ ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਸੂਰਜੀ ਕੈਲੰਡਰ ਦਾ ਮਿਲਗੋਭਾ ਕਰਨ ਨਾਲ ਇਤਿਹਾਸਕ ਤਰੀਖਾਂ ਵਿੱਚ ਇਤਨਾ ਵਿਗਾੜ ਪੈਦਾ ਹੋ ਗਿਆ ਕਿ ਕੋਈ ਵੀ ਇਸ ਦਾ ਸਹੀ ਜਵਾਬ ਨਹੀ ਦੇ ਸਕਦਾ; ਜਿਸ ਦੀਆਂ ਕੁਝ ਕੁ ਉਦਾਹਰਣਾਂ ਹੇਠ ਲਿਖੇ ਅਨੁਸਾਰ ਹਨ। • ਇਤਿਹਾਸ ਮੁਤਾਬਿਕ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਅੱਸੂ ਵਦੀ 10, 8 ਅੱਸੂ ਸੰਬਤ 1596 ਬਿਕ੍ਰਮੀ, ਮੁਤਾਬਿਕ 7 ਸਤੰਬਰ 1539 ਈਸਵੀ ਹੈ। ਸੋਧੇ ਹੋਏ ਕੈਲੰਡਰ ਵਿੱਚ ਇਹ ਦਿਹਾੜਾ 22 ਸਤੰਬਰ ਨੂੰ ਨਿਸਚਿਤ ਕਰ ਦਿੱਤਾ ਜੋ ਕਿ ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਤਾਂ 22 ਸਤੰਬਰ ਨੂੰ ਹਮੇਸ਼ਾਂ ਹੀ 8 ਅੱਸੂ ਆਉਣਾ ਸੀ ਜੋ ਕਿ ਇਤਿਹਾਸਕ ਤੌਰ ’ਤੇ ਸਹੀ ਹੈ। ਪਰ ਸੋਧੇ ਹੋਏ ਕੈਲੰਡਰ ਦੀਆਂ ਸੰਗਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਨਾਲ ਹੁਣ ਕਦੀ ਵੀ 22 ਸਤੰਬਰ ਨੂੰ ਇਤਿਹਾਸਕ ਮਿਤੀ 8 ਅੱਸੂ ਜਾਂ ਅੱਸੂ ਵਦੀ 10 ਜਾਂ 7 ਸਤੰਬਰ ਵਿੱਚੋਂ ਕੋਈ ਵੀ ਨਹੀਂ ਆਉਂਦੀ। ਜਿਵੇਂ ਕਿ 2011 ਵਿੱਚ 6 ਅੱਸੂ, 2012 ’ਚ 7 ਅੱਸੂ, 2013 ’ਚ 7 ਅੱਸੂ ਸੀ ਅਤੇ 2014 ਵਿੱਚ ਇਹ 6 ਅੱਸੂ ਨੂੰ ਆਵੇਗਾ। ਇਸ ਤਰ੍ਹਾਂ ਸੋਧੇ ਹੋਏ ਕੈਲੰਡਰ ਦੀ 22 ਸਤੰਬਰ ਬਿਲਕੁਲ ਕਲਪਿਤ ਮਿਤੀ ਹੈ ਜੋ ਕਿਸੇ ਵੀ ਇਤਿਹਾਸਕ ਤਿਥ/ਤਰੀਖ ਨਾਲ ਮੇਲ ਨਹੀਂ ਖਾਂਦੀ • ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਇਤਿਹਾਸਕ ਤੌਰ ’ਤੇ ਮੱਘਰ ਸੁਦੀ 5, 11 ਮੱਘਰ ਸੰਬਤ 1732 ਮੁਤਾਬਿਕ 11 ਨਵੰਬਰ 1675 ਈਸਵੀ ਹੈ। ਸੋਧੇ ਹੋਏ ਕੈਲੰਡਰ ਵਿੱਚ ਇਹ ਦਿਹਾੜਾ 24 ਨਵੰਬਰ ਨਿਸਚਤ ਕਰ ਦਿੱਤਾ ਗਿਆ ਹੈ ਜੋ ਕਿ ਨਾਨਕਸ਼ਾਹੀ ਕੈਲੰਡਰ ਦੀ ਤਰੀਖ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਤਾਂ 24 ਨਵੰਬਰ ਹਮੇਸ਼ਾਂ ਲਈ ਹੀ 11 ਮੱਘਰ ਨੂੰ ਆਉਣੀ ਸੀ ਜੋ ਕਿ ਇਤਿਹਾਸਕ ਤੌਰ ’ਤੇ ਸੱਚ ਹੈ ਪਰ ਸੋਧੇ ਹੋਏ ਕੈਲੰਡਰ ਵਿੱਚ ਸੰਗ੍ਰਾਂਦਾਂ ਬਿਕ੍ਰਮੀ ਕੈਲੰਡਰ ਅਨੁਸਾਰ ਕਰਨ ਨਾਲ 24 ਨਵੰਬਰ; 2011 ਵਿੱਚ 9 ਮੱਘਰ, 2012 ਵਿੱਚ 10 ਮੱਘਰ ਅਤੇ 2013 ਵਿੱਚ 9 ਮੱਘਰ ਹੈ ਜੋ ਕਿ ਕਿਸੇ ਵੀ ਇਤਿਹਾਸਕ ਤਰੀਖ ਨਾਲ ਮੇਲ ਨਹੀਂ ਖਾਂਦੀ। ਇਤਿਹਾਸ ਮੁਤਾਬਿਕ 25 ਮਈ 1606 ਈਸਵੀ ਨੂੰ ਗੁਰੂ ਅਰਜੁਨ ਸਾਹਿਬ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ ਲਹੌਰ ਚਲੇ ਗਏ ਜਿਥੇ ਜਹਾਂਗੀਰ ਦੇ ਹੁਕਮਾਂ ’ਤੇ 5 ਦਿਨ ਸਖਤ ਤਸਹੀਹੇ ਦੇਣ ਉਪ੍ਰੰਤ ਉਨ੍ਹਾਂ ਨੂੰ ਜੇਠ ਸੁਦੀ 4, 1 ਹਾੜ, ਸੰਬਤ 1663 ਬਿਕ੍ਰਮੀ ਮੁਤਾਬਕ 30 ਮਈ 1606 ਈਸਵੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ 11 ਜੂਨ ਅਤੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ 16 ਜੂਨ ਨੂੰ ਨਿਸਚਤ ਕੀਤਾ ਗਿਆ ਸੀ ਜੋ ਕਿ ਹਮੇਸ਼ਾਂ ਲਈ ਸਥਿਰ ਰਹਿਣੇ ਸਨ, ਉਥੇ ਇਹ ਇਤਿਹਾਸਕ ਤਰੀਖਾਂ ਨਾਲ ਵੀ ਮੇਲ ਖਾਂਦੀਆਂ ਸਨ। ਸੋਧੇ ਕੈਲੰਡਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਤਾਂ ਨਾਨਕਸ਼ਾਹੀ ਕੈਲੰਡਰ ਵਾਲਾ 11 ਜੂਨ ਹੀ ਰੱਖ ਲਿਆ ਪਰ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਚੰਦਰ ਸਾਲ ਦੀਆਂ ਤਿਥਾਂ ਮੁਤਾਬਕ ਜੇਠ ਸੁਦੀ 4 ਨੂੰ ਨਿਸਚਤ ਕਰ ਦਿੱਤਾ; ਜਿਸ ਨਾਲ ਸਿੱਖ ਇਤਿਹਾਸ ਨੂੰ ਵਿਗਾੜ ਕੇ ਸਿੱਖ ਕੌਮ ਦੀ ਹਾਲਤ ਨਮੋਸ਼ੀ ਭਰੀ ਬਣਾ ਦਿੱਤੀ ਹੈ। ਕਿਉਂਕਿ ਜੇਠ ਸੁਦੀ 4, ਸੰਨ 2011 ਵਿੱਚ 5 ਜੂਨ, 2012 ’ਚ 25 ਮਈ, 2013 ’ਚ 12 ਜੂਨ ਨੂੰ ਆਈ ਸੀ ਅਤੇ 2014 ਵਿੱਚ 1 ਜੂਨ, 2015 ’ਚ 22 ਮਈ, 2016 ’ਚ 8 ਜੂਨ ਅਤੇ 2017 ਵਿੱਚ 29 ਮਈ ਨੂੰ ਆਵੇਗੀ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਸੱਤਾਂ ਸਾਲਾਂ ਵਿੱਚ 6 ਸਾਲ ਐਸੇ ਆਏ ਹਨ ਜਿਨ੍ਹਾਂ ਵਿੱਚ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਤੋਂ 3 ਦਿਨਾਂ ਤੋਂ 20 ਦਿਨ ਪਹਿਲਾਂ ਹੋ ਗਈ ਸੀ ਤਾਂ ਇੰਨੇ ਦਿਨ ਸਿੱਖਾਂ ਦਾ ਗੁਰੂ ਕੌਣ ਰਿਹਾ ਤੇ ਇੰਨੇ ਦਿਨਾਂ ਬਾਅਦ ਗੁਰਗੱਦੀ ਕਿਸ ਨੇ ਸੌਂਪੀ? 2013 ਵਿੱਚ ਸ਼ਹੀਦੀ ਤੋਂ ਇੱਕ ਦਿਨ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ ਗਈ ਤਾਂ ਕੀ ਤਿੰਨ ਦਿਨ ਸਖਤ ਤਸੀਹੇ ਦੇਣ ਪਿੱਛੋਂ 11 ਜੂਨ ਨੂੰ ਜਹਾਂਗੀਰ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਇੱਕ ਦਿਨ ਲਈ ਛੱਡ ਦਿੱਤਾ ਸੀ ਕਿ ਜਾਓ ਗੱਦੀ ਦੇ ਆਓ? ਬਾਕੀ ਗੁਰਪੁਰਬਾਂ ਤੇ ਇਤਿਹਾਸਕ ਦਿਹਾੜਿਆਂ ਨੂੰ ਜੇ ਗਹੁ ਨਾਲ ਵਾਚੀਏ ਤਾਂ ਉਨ੍ਹਾਂ ਦਾ ਹਾਲ ਵੀ ਬਿਲਕੁਲ ਐਸਾ ਹੀ ਹੈ। ਕਹਾਵਤ ਹੈ ਕਿ ਦੋ ਬੇੜੀਆਂ ਦਾ ਸਵਾਰ ਡੁਬਦਾ ਹੈ ਪਰ ਸੋਧਾਂ ਨਾਲ ਤਾਂ ਸਿੱਖ ਕੌਮ ਨੂੰ ਦੋ ਦੀ ਬਜਾਏ ਵੀ ਤਿੰਨ ਬੇੜੀਆਂ (ਚੰਦਰ ਬਿਕ੍ਰਮੀ ਕੈਲੰਡਰ, ਸੂਰਜੀ ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ) ਵਿੱਚ ਸਵਾਰ ਕਰਵਾ ਕੇ ਇਤਿਹਾਸ ਦਾ ਬੇੜਾ ਡੋਬਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਸਿੱਖ ਇਤਿਹਾਸ ਬਚਾਉਣ ਲਈ ਜਰੂਰੀ ਹੈ ਕਿ ਸੋਧਾਂ ਨੂੰ ਰੱਦ ਕਰਕੇ 2003 ਵਾਲਾ ਨਾਨਕਸ਼ਾਹੀ ਕੈਲੰਡਰ ਤੁਰੰਤ ਲਾਗੂ ਕੀਤਾ ਜਾਵੇ ਜੀ। ਦਸਤਖ਼ਤ 1. ……………… 2. …………… 3. ………………
4. …………… 5. …………… 6. …………… 7. …………….
ਪਿੱਠ ਅੰਕਣ ਨੰ: ……………… ਮਿਤੀ ……………………
ਉਪ੍ਰੋਕਤ ਮਤਾ ਗਿਆਨੀ ਗੁਰਬਚਨ ਸਿੰਘ, ਜਥੇਦਾਰ ਅਕਾਲ ਤਖ਼ਤ ਸਾਹਿਬ, ਸ਼੍ਰੀ ਅੰਮ੍ਰਿਤਸਰ ਨੂੰ ਭੇਜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ‘ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥’ {ਬਿਲਾਵਲੁ ਸਤ ਵਾਰ (ਮ: 3) ਗੁਰੂ ਗ੍ਰੰਥ ਸਾਹਿਬ - ਪੰਨਾ 843} ਦੇ ਲੱਖਾਂ ਕਰੋੜਾਂ ਪਾਠ ਕਰਨ ਵਾਲੇ ਵੀ ਜੇ ਚੰਦਰਮਾਂ ਦੀਆਂ ਤਿਥਾਂ ਅਤੇ ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦਾਂ ਦੇ ਪੁਜਾਰੀ ਬਣੇ ਰਹਿ ਕੇ ਮੁਗਧ ਗਵਾਰ ਬਣੇ ਰਹਿਣਾਂ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਦਬਾਅ ਹੇਠ ਕੀਤੀਆਂ ਸਾਰੀਆਂ ਸੋਧਾਂ ਤੁਰੰਤ ਵਾਪਸ ਲੈ ਕੇ ਕੁਰਬਾਨੀਆਂ ਭਰਿਆ ਸਿੱਖ ਇਤਿਹਾਸ ਬਚਾਉਣ ਅਤੇ ਸਿੱਖ ਕੌਮ ਦੀ ਵੱਖਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕੀਤਾ ਜਾਵੇ ਜੀ। ਧੰਨਵਾਦ ਸਹਿਤ ਪ੍ਰਧਾਨ/ ਸਕੱਤਰ ਪਿੱਠ ਅੰਕਣ ਨੰ: …………………… ਮਿਤੀ: ………………………
ਉਕਤ ਦਾ ਇੱਕ ਉਤਾਰਾ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਨੂੰ ਭੇਜ ਕੇ, ਜਿਥੇ ਉਨ੍ਹਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਜਾਂਦਾ ਕਿ ਉਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਹੁਣ ਤੱਕ ਸ਼ਾਲਾਘਾਯੋਗ ਸਟੈਂਡ ਲਿਆ ਹੈ; ਉਥੇ ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੀ ਇਸ ਸੰਸਥਾ ਵੱਲੋਂ ਪਾਸ ਕੀਤੇ ਮਤੇ ਨੂੰ ਅਕਾਲ ਤਖ਼ਤ ਵਿਖੇ ਹੋਣ ਵਾਲੀ ਅਗਲੀ ਮੀਟਿੰਗ ਦੇ ਏਜੰਡੇ ਵਿੱਚ ਸ਼ਾਮਲ ਕਰਵਾ ਕੇ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕਰਵਾਉਣ ਲਈ ਜੋਰ ਪਾਇਆ ਜਾਵੇ ਜੀ। ਪ੍ਰਧਾਨ/ ਸਕੱਤਰ ਕਿਰਪਾਲ ਸਿੰਘ ਬਠਿੰਡਾ ਮੋਬ: 9855480797