ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਕੀ ਇਹ , ਗੁਰਬਾਣੀ ਹੈ ?
ਕੀ ਇਹ , ਗੁਰਬਾਣੀ ਹੈ ?
Page Visitors: 2471

                                          ਕੀ  ਇਹ , ਗੁਰਬਾਣੀ  ਹੈ ?
           ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਦਸੰਬਰ , 2008 ਦਾ ਮਾਸਿਕ ਪੱਤਰ , ਗੁਰਮਤਿ ਪ੍ਰਕਾਸ਼ , ਪੁਜਿਆ । ਪਹਿਲਾ ਹੀ ਲੇਖ ਹੈ , ਗੁਰਬਾਵੀ ਵਿਚਾਰ , ਜੋ ਇਸ ਤਰ੍ਹਾਂ ਹੈ ।
                   ਮਿਤ੍ਰ ਪਿਆਰੇ ਨੂੰ  …….   
                           ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ।
                           ਤੁਧੁ ਬਿਨੁ ਰੋਗੁ ਰਜਾਇਯਾਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਿਣਾ ।
                           ਸੂਲ ਸੁਰਾਹੀ ਖੰਜਰ ਪਿਯਾਲਾ  ਬਿੰਗੁ  ਕਸਾਈਆਂ  ਦਾ  ਸਹਿਣਾ ।
                           ਯਾਰੜੇ  ਦਾ  ਸਾਨੂੰ  ਸੱਥਰ  ਚੰਗਾ  ਭੱਠ  ਖੇੜਿਆਂ ਦਾ  ਰਹਿਣਾ ।
                                                                                        ( ਖਿਆਲ ਪਾ: 10 )
          ( ਅਗਾਂਹ ਵਧਣ ਤੋਂ ਪਹਿਲਾਂ ਮੈਂ ਸੂਝਵਾਨ ਪਾਠਕਾਂ ਕੋਲੋਂ ਮੁਆਫੀ ਮੰਗ ਲਵਾਂ , ਕਿਉਂਕਿ ਚਾਹੀਦਾ ਤਾਂ ਇਹ ਹੈ ਕਿ ਕਿਤਾਬ ਵਿਚਲੀ ਰਚਨਾ , ਇਨ ਬਿਨ ਦਿੱਤੀ ਜਾਵੇ , ਉਸ ਵਿਚੋਂ ਇਕ ਬਿੰਦੂ ਵੀ ਵੱਧ ਘੱਟ ਨਾ ਹੋਵੇ । ਇਸ ਰਚਨਾ ਵਿਚ ਹਰ ਤੁਕ ਮਗਰੋਂ ਦੋ ਡੰਡੀਆਂ ਲਗੀਆਂ ਹੋਈਆਂ ਹਨ , ਜੋ ਕਿ ਗੁਰਬਾਣੀ , ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦੂਸਰੀਆਂ ਰਚਨਾਵਾਂ ਨਾਲੋਂ ਨਖੇੜਨ ਲਈ ਗੁਰੂ ਅਰਜਨ ਪਾਤਸ਼ਾਹ ਨੇ ਵਰਤਿਆ ਸੀ ਗੁਰੂ ਅਰਜਨ ਸਾਹਿਬ ਨੇ , ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਹੀ , ਇਹ ਖਿਆਲ ਰਖਦਿਆਂ ਕਿ ਬਹੁਤ ਸਾਰੀ ਰਚੀ, ਕੱਚੀ ਬਾਣੀ , ਗੁਰਬਾਣੀ ਵਿਚ ਰਲਾਈ ਜਾ ਰਹੀ ਹੈ , ਪੰਜਾਬੀ ਵਿਚ ਵਿਸ਼ਰਾਮ ਲਈ ਇਕ ਡੰਡੀ ਵਰਤੀ ਜਾਂਦੀ ਹੈ , ਗੁਰੂ ਸਾਹਿਬ ਨੇ ਗੁਰਬਾਣੀ ਨੂੰ ਆਮ ਰਚਨਾਵਾਂ ਤੋਂ ਨਖੇੜਨ ਲਈ , ਗੁਰਬਾਣੀ ਲਈ ਦੋ ਡੰਡੀਆਂ ਦੀ ਵਰਤੋਂ ਕੀਤੀ ।
       ਇਹ ਗੱਲ ਵੱਖਰੀ ਹੈ ਕਿ ਸਿੱਖ ਧਰਮ ਅਸਥਾਨਾਂ ਤੇ ਨਿਰਮਲਿਆਂ ਉਦਾਸੀਆਂ ਦਾ ਕਬਜ਼ਾ ਹੋ ਜਾਣ ਨਾਲ , ਸਿੱਖਾਂ ਦੀ ਮਜਬੂਰੀ , ਅਣਗਹਿਲੀ ਕਾਰਨ , ਹਰ ਇਤਹਾਸਿਕ , ਮਿਥਹਾਸਿਕ,ਰਚਨਾ ਨਾਲ ਦੋ ਡੰਡੀਆਂ ਲੱਗਣ ਲੱਗੀਆਂ ।ਜੇ ਸਿੱਖ ਉਸ ਵੇਲੇ ਸੁਚੇਤ ਹੋਏ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਿਰਮਲ ਸਿਧਾਂਤ ਨੂੰ ਗੰਧਲਾ ਕਰਨ ਲਈ , ਉਸ ਦੇ ਮੁਕਾਬਲੇ ਤੇ ਹੋਰ ਗ੍ਰੰਥ ਸਥਾਪਤ ਕਰਨ ਦੀ ਪਰਕਿਰਿਆ ਨਾ ਸ਼ੁਰੂ ਹੋਈ ਹੁੰਦੀ ।ਸੋ ਗੁਰੂ ਸਾਹਿਬ ਵਲੋਂ ਪਾਈ ਪਿਰਤ ਨੂੰ ਧਿਆਨ ਵਿਚ ਰਖਦਿਆਂ , ਮੈਂ ਇਨ੍ਹਾਂ ਤੁਕਾਂ ਅੱਗੇ ਦੋ ਡੰਡੀਆਂ ਲਗਾਉਣ ਤੋਂ ਮਜਬੂਰ ਹਾਂ ।ਉਮੀਦ ਹੈ ਸੂਝਵਾਨ ਪਾਠਕ ਮੁਆਫ ਕਰ ਦੇਣ ਗੇ ।)
      ਪਰਤਦੇ ਹਾਂ ਅਸਲ ਵਿਸ਼ੇ ਵੱਲਉਪ੍ਰੋਕਤ ਰਚਨਾ ਬਾਰੇ ਵਿਚਾਰ ਕਰਨ ਲੱਗਿਆਂ , ਵਿਦਵਾਨ ਵੀਰ
(ਨਾਮ ਨਹੀਂ ਲਿਖਿਆ ) ਨੇ ਭੂਮਕਾ ਵਜੋਂ ਲਿਖਿਆ ਹੈ ਕਿ  “ ਸਰਬੰਸ ਦਾਨੀ , ਦਸ਼ਮੇਸ਼ ਪਿਤਾ , ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪਾਵਨ ਸ਼ਬਦ ਵਿਚ , ਤਤਕਾਲੀ ਜ਼ਾਲਮ ਰਾਜਤੰਤਰ ਨਾਲ ਜੀਵਨ ਭਰ ਦੇ , ਹੱਕ ਸੱਚ ਦੀ ਮੁੜ ਸਥਾਪਤੀ ਹਿਤ ਲੜੀ ਜਾ ਰਹੀ ਜੱਦੋ-ਜਹਿਦ ਦੌਰਾਨ ਆਪਣੇ ਦੁਆਰਾ , ਮਾਛੀਵਾੜੇ ਦੇ ਜੰਗਲਾਂ ਵਿਚ ਵਿਚਰਨ ਸਮੇ ਅਕਾਲ ਪੁਰਖ ਪਮਾਤਮਾ ਨਾਲ ਇਕ ਮਿਕਤਾ ਵਜੋਂ ਉਪਜੀ ਚੜ੍ਹਦੀ ਕਲਾ ਵਾਲੀ , ਉੱਚੀ ਆਤਮਿਕ ਅਵਸਥਾ ਪ੍ਰਗਟ ਕਰਦੇ ਹਨ । ਗੁਰੂ ਜੀ ਫੁਰਮਾਨ ਕਰਦੇ ਹਨ ਕਿ ਕੋਈ ਸਾਡੇ ਪਿਆਰੇ ਮਿੱਤਰ ਭਾਵ ਅਕਾਲ ਪੁਰਖ ਪਰਮਾਤਮਾ ਨੂੰ ਅਸਾਂ ਮੁਰੀਦਾਂ ਦੀ ਅਵਸਥਾ ਕਹੇ ਜਾਂ ਦੱਸੇ । ( ਗੁਰੂ ਜੀ ਅਕਾਲ ਪੁਰਖ ਨਾਲ ਇਕ ਮਿਕ ਹੋਏ , ਲੇਖਕ ਵੀਰ ਆਪ ਲਿਖਦੇ ਹਨ ।ਫਿਰ ਉਨ੍ਹਾਂ ਨੂੰ ਅਪਣੇ ਅਤੇ ਅਕਾਲ ਪੁਰਖ ਦੇ ਵਿਚਾਲੇ ਵਿਚੋਲਾ ਪਾਉਣ ਦੀ ਕੀ ਲੋੜ ਸੀ ? ਜੇ ਗੁਰੂ ਜੀ ਆਪ ਹੀ ਅਜਿਹਾ ਕਰਦੇ ਹਨ , ਤਾਂ ਵਿਚਾਰੇ ਆਮ ਸਿੱਖ , ਆਪੂੰ ਬਣ ਬੈਠੇ ਰੱਬ ਦੇ ਵਿਚੋਲਿਆਂ , ਸੰਤਾਂ, ਮਹਾਂ ਪੁਰਖਾਂ  , ਬ੍ਰਹਮ ਗਿਆਨੀਆਂ, ਡੇਰੇਦਾਰਾਂ ,ਪੁਜਾਰੀਆਂ ਦੇ ਤਲਵੇ ਕਿਉਂ ਨਾ ਚੱਟਣ ? )
         ਭਾਵ ਉਸ ਸੱਚੇ ਮਿੱਤਰ , ਅਕਾਲ ਪੁਰਖ , ਜਿਸ ਨਾਲ ਗੁਰੂ ਸਾਹਿਬ ਇਕ ਮਿਕ ਸਨ , ਨੂੰ ਗੁਰੂ ਸਾਹਿਬ ਅਪਣੀ ਗੱਲ ਆਪ ਹੀ ਕਿਉਂ ਨਾ ਦੱਸ ਸਕੇ ? ਫਿਰ ਗੁਰੂ ਸਾਹਿਬ ਤਾਂ ਕਹਿੰਦੇ ਹਨ ,
          ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ   ( 621 )
 ਇਸ ਬਾਰੇ ਵਿਚਾਰ ਸ਼ੁਰੂ ਕਰਨ ਲੱਗਿਆਂ ਆਪਾਂ ਇਕ ਚੌਹੱਦੀ ਮਿੱਥਾਂਗੇ ,ਤਾਂ ਜੋ ਉਸ ਚੌਹੱਦੀ ਵਿਚ ਰਹਿੰਦਿਆਂ , ਵਿਚਾਰ ਸਾਰਥਿਕ ਸੋਝੀ ਦੇ ਸਕਣ ।
                ਚੌਹੱਦੀ ਹੈ,
1.      ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ , ਉਸ ਵੇਲੇ ਦੀ ਸਮਾਜਕ ਹਾਲਤ ?
2.      ਉਨ੍ਹਾਂ ਹਾਲਤਾਂ ਦਾ ਵਿਸਲੇਸ਼ਨ , ਜਿਨ੍ਹਾਂ ਨਾਲ ਇਸ ਰਚਨਾ ਨੂੰ ਜੋੜਿਆ ਜਾ ਰਿਹਾ ਹੈ ।
3.      ਵਿਦਵਾਨ ਲੇਖਕ ਵਲੋਂ ਦਿੱਤੀ ਭੂਮਕਾ ।
4.      ਤੁਕਾਂ ਵਿਚ ਵਰਤੇ ਲਫਜ਼ ਅਤੇ ਤੁਕਾਂ ਦਾ ਭਾਵ ।
                                                  ਵਿਚਾਰ ।
1.      ਗੁਰੂ ਗੋਬਿੰਦ ਸਿੰਘ ਜੀ , ਨਾਨਕ ਜੋਤ ਦੇ ਦਸਵੇਂ ਸਰੂਪ ਸਨ , ਜਿਨ੍ਹਾਂ ਉੱਤੇ ਬਾਬੇ ਨਾਨਕ ਵੱਲੋਂ ਦੱਸੇ ਧਰਮ ਦੇ ਪੰਧ, ਰਸਤੇ  ( ਜਿਸ ਤੇ ਚਲ ਕੇ ਬੰਦਾ , ਬੜੀ ਸਰਲਤਾ ਨਾਲ , ਬਿਨਾ ਕੋਈ ਵਿਖਾਵੇ ਦੇ ਕਰਮ ਕਾਂਡ ਕੀਤਿਆਂ , ਕਰਤਾਰ ਨਾਲ ਨੇੜਤਾ ਹਾਸਲ ਕਰ ਸਕਦਾ ਹੈ ) ਬਾਰੇ ਸੋਝੀ ਦੇਣ , ਉਸ ਤੇ ਚੱਲਣ ਦੀ ਪ੍ਰੇਰਨਾ ਦੇਣ ਦੀ ਜ਼ਿਮੇਵਾਰੀ ਸੀ ।ਇਸ ਪੰਥ ਦੇ ਲਿਖਤੀ ਨਿਯਮ , ਗੁਰੂ ਗੋਬਿੰਦ ਸਿੰਘ ਜੀ ਨੂੰ ਵਿਰਾਸਤ ਵਿਚ ਮਿਲ ਗਏ ਸਨ । ਜਿਨ੍ਹਾਂ ਬਾਰੇ ਗੁਰੂ ਜੀ ਨੂੰ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਸੀ ।ਇਸ ਜਾਣਕਾਰੀ ਦੇ ਪੂਰਨ ਹੋਣ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ ਕਿ ਅਜਿਹੇ ਬਿਖੜੇ ਸਮੇ ਵੀ , ਉਨ੍ਹਾਂ ਨੇ ਆਪ , ਉਸ ਨੂੰ ਘੋਖਿਆ ਪਰਖਿਆ ਅਤੇ ਉਸ ਦਾ ਉਤਾਰਾ ਕਰਨ ਵਾਲਿਆਂ ਵੱਲੋਂ ਉਸ ਵਿਚ ਕੀਤੀਆਂ ਗਲਤੀਆਂ ਦੀ ਸੋਧ ਸੁਧਾਈ ਕੀਤੀ ।  ਉਸ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਸ਼ਾਮਲ ਕੀਤੀ । ਅਪਣੇ ਜੋਤੀ ਜੋਤ ਸਮਾਉਣ ਵੇਲੇ , ਸਿੱਖਾਂ ਨੂੰ , ਉਨ੍ਹਾਂ ਨਿਯਮਾਂ , ਸ਼ਬਦ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦੀ ਅੱਖਰ ਅੱਖਰ ਪਾਲਣਾ ਕਰਨ , ਉਸ ਨੂੰ ਹੀ , ਇਕੋ ਇਕ ਗੁਰੂ ਮੰਨਣ , ਉਸ ਦੀ ਅਗਵਾਈ ਵਿਚ ਹੀ ਸਾਰੇ ਪੰਥਕ ਫੈਸਲੇ ਲੈਣ ਦੀ ਹਦਾਇਤ ਕੀਤੀ ।
       ਗੁਰੂ ਗੋਬਿੰਦ ਸਿੰਘ ਜੀ ਦੇ ਸਾਮ੍ਹਣੇ , ਇਨ੍ਹਾਂ ਸਿਧਾਂਤਾਂ ਨੂੰ ਪਰਚਾਰਨ ਅਤੇ ਉਨ੍ਹਾਂ ਅਨੁਸਾਰ ਚਲਣ ਵਾਲਿਆਂ ਦੇ ਰਾਹ ਵਿਚ ਆਉਂਦੀਆਂ ਔਕੜਾਂ ਦਾ ਪੂਰਾ ਇਤਿਹਾਸ ਸੀ । ਜਿਸ ਵਿਚ ਗੁਰੂ ਨਾਨਕ ਸਾਹਿਬ , ਗੁਰੂ ਅੰਗਦ ਸਾਹਿਬ , ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਜੀਵਨ ਵਿਚ ਆਈਆਂ ਔਕੜਾਂ । ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ । ਗੁਰੂ ਹਰਿਗੋਬਿੰਦ ਸਾਹਿਬ ਦਾ ਜੀਵਨ ਘੋਲ , ਅਤੇ ਗੁਰੂ ਤੇਗ ਬਹਾਦਰ ਜੀ ਵਲੋਂ ਸਿਖਾਇਆ ਇਹ ਸਬਕ ਕਿ ਪਹਿਲਾਂ ਪ੍ਰਚਲਤ ਧਰਮਾਂ ਵਾਂਗ , ਸਿੱਖੀ ਇੰਸਾਨੀਅਤ ਵਿਚ ਹੋਰ ਵੰਡੀਆਂ ਪਾਉਣ ਵਾਲਾ ਧਰਮ ਨਹੀਂ ਹੈ । ਇਹ ਇੰਸਾਨੀਅਤ ਦਾ ਪੰਧ , ਪੰਥ , ਰਸਤਾ ਹੈ ।
       ਇਸ ਤੇ ਚਲਦਿਆਂ ਹਰ ਮਨੁੱਖ ਦੇ ਹੱਕਾਂ ਦੀ ਰਾਖੀ ਕਰਨੀ ਹੈ , ਉਨ੍ਹਾਂ ਹੱਕਾਂ ਦੀ ਰਾਖੀ ਲਈ ਸ਼ਹਾਦਤ ਵੀ ਦੇਣੀ ਪਵੇ ਤਾਂ ਢਿੱਲ ਨਹੀਂ ਕਰਨੀ । ਸਿੱਖਾਂ ਅਤੇ ਸਾਹਿਬਜ਼ਾਦਿਆਂ ਵਲੋਂ ਦਿੱਤੀਆਂ ਸ਼ਹਾਦਤਾਂ ਵੀ ਗੁਰੂ ਸਾਹਿਬ ਦੇ ਸਾਮ੍ਹਣੇ ਸਨ।( ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਅਜੇ ਗੁਰੂ ਸਾਹਿਬ ਨੂੰ ਪਤਾ ਨਹੀਂ ਲੱਗਾ ਸੀ ) ਵੇਲੇ ਦੇ ਪੁਜਾਰੀਆਂ ਵਲੋਂ ( ਜਿਨ੍ਹਾਂ ਵਿਚ ਬ੍ਰਾਹਮਣ ਅਤੇ ਮੁੱਲਾਂ , ਦੋਵੇਂ ਸ਼ਾਮਲ ਸਨ ) ਇਸ ਜਾਗਰਤੀ ਲਹਿਰ ਦਾ ਖੁਲ੍ਹਾ ਵਿਰੋਧ , ਜਾਤ ਅਭਿਮਾਨੀ ਹਿੰਦੂ  ਰਾਜਿਆਂ , ਮੁਗਲ ਹਾਕਮਾ ਵਲੋਂ , ਇਸ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਲਈ , ਹਰ ਵਲ-ਛਲ , ਅਤੇ ਫੌਜੀ ਤਾਕਤ ਦੀ ਦੁਰਵਰਤੋਂ ਵੀ ਉਨ੍ਹਾਂ ਦੇ ਸਾਮ੍ਹਣੇ ਸੀ , ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੁ ਜੰਗਲ ਵਿਚ ਪੁਜੇ ਸਨ ।
2.      ਗੁਰੂ ਗੋਬਿੰਦ ਸਿੰਘ ਜੀ ਛੋਟੀਆਂ ਵੱਡੀਆਂ ਚੌਦਾਂ ਲੜਾਈਆਂ ਲੜ ਚੁੱਕੇ ਸਨ , ਜਿਸ ਵਿਚ ਸਿੱਖੀ ਦੇ ਪਰਚਾਰ ਦਾ ਸਾਰਾ ਤਾਣਾ ਬਾਣਾ , ਖਿੰਡ-ਪੁੰਡ ਗਿਆ ਸੀ । ਗੁਰੂ ਸਾਹਿਬ , ਵੱਡੇ ਸਾਹਿਬਜ਼ਾਦੇ ਅਤੇ ਬਹੁਤ ਸਾਰੇ ਸਿੱਖ ਸ਼ਹੀਦ ਕਰਵਾ ਕੇ , ਪਰਵਾਰ ਨਾਲੋਂ ਵਿਛੜ ਕੇ ,ਬਿਨਾ ਸਾਜ਼ੋ-ਸਾਮਾਨ , ਕਈ ਥਾਵਾਂ ਤੋਂ ਪਾਟੇ ਕਪੜਿਆਂ ਨਾਲ ਮਾਛੀਵਾੜੈ ਦੇ ਜੰਗਲ ਵਿਚ ਵਿਚਰ ਰਹੇ ਸਨ । ਜਿਸ ਥਾਂ ਨਾਲ ਇਸ ਰਚਨਾ ਨੂੰ ਜੋੜਿਆ ਜਾ ਹਿਾ ਹੈ ।
3.      ਭੂਮਕਾ ਵਿਚ ਵਿਦਵਾਨ ਵੀਰ ਜੀ ਕੁਝ ਗੱਲਾਂ ਵੱਲ ਇਸ਼ਾਰਾ ਕਰ ਰਹੇ ਹਨ ਕਿ , ਗੁਰੂ ਸਾਹਿਬ , ਅਕਾਲ ਪੁਰਖ ਨਾਲ ਇਕ ਮਿਕ ਸਨ। ਇਸ ਇਕ ਮਿਕਤਾ ਸਦਕਾ ਉਹ ਚੜ੍ਹਦੀ ਕਲਾ ਵਿਚ , ਉੱਚ ਆਤਮਕ ਅਵੱਸਥਾ ਵਿਚ ਸਨ।
4.      ਪਹਿਲੀ ਤੁਕ ਵਿਚ , ਮਿਤ੍ਰ  ਪਿਆਰੇ ਨੂੰ , ਹਾਲ ਮੁਰੀਦਾਂ ਦਾ ਕਹਿਣਾ । ਤੋਂ ਸਾਫ ਜ਼ਾਹਰ ਹੈ ਕਿ ਇਹ ਕਿਸੇ ਅਜਿਹੇ ਵਿਅਕਤੀ ਦੀ ਗੱਲ ਹੈ , ਜੋ ਅਪਣੇ ਪਿਆਰੇ ਮਿਤ੍ਰ ਤੋਂ ਵਿਛੜਿਆ ਹੋਇਆ ਹੈ ਅਤੇ ਕਿਸੇ ਅੱਗੇ ਜੋਦੜੀ ਕਰ ਰਿਹਾ ਹੈ ਕਿ ਮੇਰਾ ਹਾਲ ਮੇਰੇ ਪਿਆਰੇ ਮਿਤ੍ਰ ਨੂੰ ਕਹਿ ਦੇਣਾ, ਦੱਸ ਦੇਣਾ ।
       ਦੂਸਰੀ ਤੁਕ ਤੋਂ ਸੁਨੇਹਾ ਸ਼ੁਰੂ ਹੁੰਦਾ ਹੈ ,
               ਤੁਧੁ ਬਿਨ ਰੋਗ ਰਜਾਇਯਾਂ ਦਾ ਓਢਣੁ , ਨਾਗ ਨਿਵਾਸਾਂ ਦਾ ਰਹਿਣਾ ।
       ਹੇ ਪਿਆਰੇ ਮਿਤ੍ਰ , ਤੇਰੇ ਬਗੈਰ , ਚੰਗੀ ਸੁਖਾਲੀ ਸੇਜ ਮਾਨਣੀ ਵੀ , ਮੇਰੇ ਲਈ ਇਵੇਂ ਹੈ , ਜਿਵੇਂ ਨਾਗਾਂ ਦੇ
        ਨਿਵਾਸ ਵਿਚ ਨਾਗਾਂ ਦੇ ਨਾਲ ਰਹਿਣਾ ਹੋਵੇ ।
      ਤੀਸਰੀ ਤੁਕ ਹੈ ,
                        ਸੂਲ਼ ਸੁਰਾਹੀ ਖੰਜਰ ਪਿਯਾਲਾ  , ਬਿੰਗੁ ਕਸਾਇਯਾਂ ਦਾ ਸਹਣਾ ।
        ਹੇ ਪਿਆਰੇ ਮਿਤ੍ਰ , ਤੇਰੇ ਤੋਂ ਬਗੈਰ , ਮੈਨੂੰ ਸ਼ਰਾਬ ਨਾਲ ਭਰੀ ਹੋਈ ਸੁਰਾਹੀ , ਸੂਲਾਂ ਵਾਂਗ ਚੁਭਦੀ ਹੈਸ਼ਰਾਬ ਪੀਣ ਵਾਲਾ ਪਿਆਲਾ , ਮੇਰੇ ਸੀਨੇ ਵਿਚ ਖੰਜਰ ਵਾਂਗ  ਰੜਕਦਾ ਹੈ । ਜ਼ਿੰਦਗੀ ਦੇ ਸਾਰੇ ਐਸ਼ ਆਰਾਮ ਦੇ ਸਾਧਨ ਵਰਤਦਿਆਂ ਮੈਨੂੰ ਇਵੇਂ ਜਾਪਦਾ ਹੇ , ਜਿਵੇਂ ਮੈਨੂੰ ਕਸਾਈਆਂ ਵਾਲਾ ਬਿੰਗ ( ਉਹ ਛੁਰੀ , ਜਿਸ ਨਾਲ  ਮੁਸਲਮਾਨ ਕਸਾਈ , ਜਾਨਵਰ ਦੀ ਸ਼ਾਹਰੱਗ ਹੌਲੀ ਹੌਲੀ ਵੱਢ ਕੇ , ਉਸ ਨੂੰ ਜ਼ਿਬ੍ਹਾ ਕਰਦੇ ਹਨ।) ਸਹਿਣਾ ਪੈ ਰਿਹਾ ਹੈ । ਮੈਨੂੰ ਜ਼ਿਬ੍ਹਾ ਕੀਤਾ ਜਾ ਰਿਹਾ ਹੈ ।
        ਅਤੇ ਆਖਰੀ ਤੁਕ ਹੈ,
                           ਯਾਰੜੇ ਦਾ ਸਾਨੂੰ ਸੱਥਰ ਚੰਗਾ , ਭੱਠ ਖੇੜਿਆਂ ਦਾ ਰਹਿਣਾ ।
      ਸਾਨੂੰ ਯਾਰ , ਮਿਤ੍ਰ ਨਾਲ , ਘਾਹ-ਫੂਸ , ਪਰਾਲੀ ਤੇ ਹੀ ਸੌਣਾ ਚੰਗਾ ਲਗਦਾ ਹੈ । ਖੇੜਿਆਂ ਦੇ ਸਾਰੇ , ਐਸ਼ ਆਰਾਮ ਦੇ ਸਾਧਨ , ਭੱਠ ਵਿਚ ਪੈਣ , ਤਿਆਗਣ ਜੋਗ ਹਨ , ਉਨ੍ਹਾਂ ਦੇ ਮੁਕਾਬਲੇ , ਸਾਨੂੰ ਯਾਰ ਨਾਲ ਗਰੀਬੀ ਦੀ ਹਾਲਤ ਵਿਚ ਰਹਿਣਾ ਹੀ ਭਾਉਂਦਾ ਹੈ ।
                                                  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.