ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ
ਗੁਰੂ ਗ੍ਰੰਥ ਸਾਹਿਬ ਜੀ ਵਿਚ ਹੋਰ ਬਹੁਤ ਸਾਰੀਆਂ ਚੀਜ਼ਾਂ,(ਜਿਨ੍ਹਾਂ ਨਾਲ ਬੰਦੇ ਦੀ ਜ਼ਿੰਦਗੀ ਚਲਦੀ ਹੈ) ਨਾਲ ਤਾਂ ਅੰਮ੍ਰਿਤ ਲਫਜ਼ ਲੱਗਾ ਹੈ, ਪਰ ਕਿਸੇ ਇਕ ਸਮੇ ਨਾਲ ਅੰਮ੍ਰਿਤ ਲਫਜ਼ ਦੀ ਵਰਤੋਂ ਨਹੀਂ ਹੋਈ।ਇਹ ਅੰਮ੍ਰਿਤ ਵੇਲਾ, ਕੀ ਚੀਜ਼ ਹੈ ?
ਇਸ ਨੂੰ ਵਿਚਾਰਨ ਤੋਂ ਪਹਿਲਾਂ, ਇਕ ਗੱਲ ਵਿਚਾਰਨ ਦੀ ਹੈ ਕਿ ਇਸ ਵਿਚ ਅਤੇ ਕਈ ਹੋਰ ਸ਼ਬਦਾਂ, ਲਫਜ਼ਾਂ,ਅਰਥਾਂ ਅਤੇ ਸਿਧਾਂਤਾਂ ਵਿਚ ਇਹ ਸਾਰੇ ਭੁਲੇਖੇ ਕਿਉਂ ਪਏ ਹਨ ? ਅਤੇ ਕਿਉਂ ਪੈ ਰਹੇ ਹਨ ?
ਅੱਜ ਦੇ ਸਾਡੇ ਵਿਦਵਾਨ, ਜੋ ਅਕਸਰ ਗੁਰਬਾਣੀ ਨੂੰ ਸਾਇੰਸ ਨਾਲ ਮੇਲ ਕੇ ਵਿਚਾਰ ਰੱਖਦੇ ਹਨ, ਉਨ੍ਹਾਂ ਨੂੰ ਨਾ ਤਾਂ ਗੁਰਬਾਣੀ ਬਾਰੇ ਸੋਝੀ ਹੈ ਅਤ ਨਾ ਹੀ ਸਾਇੰਸ ਬਾਰੇ ਸੋਝੀ ਹੈ।ਜੇ ਉਨ੍ਹਾਂ ਨੂੰ ਸਾਇੰਸ ਬਾਰੇ ਸੋਝੀ ਹੁੰਦੀ ਤਾਂ ਉਹ ਸਾਇੰਸ ਦੀ ਇਹ ਥਿਊਰੀ ਵੀ ਜਾਣਦੇ ਹੁੰਦੇ ਕਿ ਸਾਇੰਸ ਦੀਆਂ ਖੋਜਾਂ ਲੜੀਵਾਰ ਇਕ ਖੋਜ ਤੋਂ ਦੂਸਰੀ ਅਤੇ ਉਸ ਤੋਂ ਤੀਸਰੀ ਵੱਲ ਚਲਦੀਆਂ ਹਨ। ਜਿਸ ਬੰਦੇ ਨੂੰ ਪਹਿਲੀ ਖੋਜ ਬਾਰੇ ਕੋਈ ਜਾਣਕਾਰੀ ਨਹੀਂ ਉਹ ਦੂਸਰੀ ਖੋਜ ਕਿਵੇਂ ਕਰ ਸਕਦਾ ਹੈ ? ਇਹ ਵਿਚਾਰੇ ਲੋਕਾਂ ਦੀਆਂ ਲਿਖਤਾਂ ਵਿਚੋਂ ਹੀ ਹਵਾਲੇ ਦੇ ਕੇ ਆਪਣੀ ਲਿਆਕਤ ਜ਼ਾਹਰ ਕਰਦੇ ਰਹਿੰਦੇ ਹਨ, ਜੇ ਉਨ੍ਹਾਂ ਹਵਾਲ਼ਿਆਂ ਦੀ ਬੇਸਿਕ ਜਾਣਕਾਰੀ ਬਾਰੇ ਇਨ੍ਹਾਂ ਨੂੰ ਪੁਛਿਆ ਜਾਵੇ, ਜਾਂ ਇਹ ਪੁਛਿਆ ਜਾਵੇ ਕਿ ਇਸ ਖੋਜ ਦਾ ਅਗਲਾ ਰੂਪ ਕੀ ਹੋਵੇਗਾ ਤਾਂ ਇਨ੍ਹਾਂ ਦੇ ਪੱਲੇ ਕੁਝ ਨਹੀਂ ਹੈ। ਇਹ ਸਿਰਫ ਆਪਣੇ ਪੈਸਿਆਂ ਦੇ ਸਿਰ ਤੇ ਹੀ ਵਿਦਵਾਨ ਬਨਣਾ ਚਾਹੁੰਦੇ ਹਨ, ਪਰ ਵਿਦਵਤਾ ਨਾਲ ਪੈਸੇ ਤਾਂ ਕਮਾਏ ਜਾ ਸਕਦੇ ਹਨ ਪਰ ਪੈਸਿਆਂ ਨਾਲ ਵਿਦਵਤਾ ਨਹੀਂ ਖਰੀਦੀ ਜਾ ਸਕਦੀ।
ਇਵੇਂ ਹੀ ਮੌਜੂਦਾ ਸਮੇ ਵਿਚ ਗੁਰਬਾਣੀ ਨਾਲ ਹੋ ਰਿਹਾ ਹੈ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨੇ ਅਜਿਹੇ ਰੱਖੇ ਹਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਣਾ ਹਰ ਸਿੱਖ ਲਈ ਬਹੁਤ ਜ਼ਰੂਰੀ ਹੈ।ਹਾਲਾਂਕਿ ਗੁਰੂ ਸਾਹਿਬ ਨੇ ਇਨ੍ਹਾਂ ਨੂੰ ਨਿੱਤ ਨੇਮ ਦਾ ਨਾਮ ਨਹੀਂ ਦਿੱਤਾ, ਨਾ ਹੀ ਇਸ ਨੂੰ ਨਿੱਤ ਨੇਮ ਕਿਹਾ ਜਾ ਸਕਦਾ ਹੈ, ਇਨ੍ਹਾਂ ਵਿਚ ਗੁਰਮਤਿ ਦੇ ਸਿਧਾਂਤ ਨੂੰ ਸਮਝਣ ਦੀ ਸਾਰੀ ਸਮਗਰੀ ਹੈ, ਜਿਸ ਬੰਦੇ ਨੇ ਵੀ ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਉਹ ਕਦੇ ਵੀ ਗੁਰਬਾਣੀ ਦੇ ਅਰਥਾਂ ਵਿਚ ਨਾ ਆਪ ਹੀ ਧੋਖਾ ਖਾਵੇਗਾ ਅਤੇ ਨਾ ਹੀ ਕਿਸੇ ਨੂੰ ਧੋਖਾ ਦੇਵੇਗਾ। ਗੁਰਬਾਣੀ ਵਿਚ ਨਰਸਰੀ ਤੋਂ ਲੈ ਕੇ ਪੀ.ਐਚ.ਡੀ. ਤੱਕ ਦੀ ਪੜ੍ਹਾਈ ਹੈ, ਪਰ ਵਿਡੰਬਣਾ ਇਹ ਹੈ ਕਿ ਇਹ ਧੁਰੰਦਰ ਵਿਦਵਾਨ ਅੱਜ ਤਕ ਗੁਰੂ ਸਾਹਿਬ ਵਲੋਂ ਖਿੱਚੇ ਰੱਬ ਦੇ ਸ਼ਾਬਦਿਕ ਚਿਤਰ (ਜਿਸ ਨੂੰ ਇਨ੍ਹਾਂ ਨੇ ‘ਮੂਲ-ਮੰਤਰ’ ਦਾ ਨਾਮ ਦਿੱਤਾ ਹੈ) ਨੂੰ ਜਿਸ ਆਸਰੇ ਕਿਸੇ ਬਾਰੇ ਵੀ ਸੌਖਿਆਂ ਹੀ ਸਮਝ ਸਕੀਦਾ ਹੈ ਕਿ ਇਹ ਰੱਬ ਹੈ ਜਾਂ ਨਹੀਂ, ਉਸ ਬਾਰੇ ਤਾਂ ਇਹ ਸਮਝ ਨਹੀਂ ਸਕੇ, ਨਰਸਰੀ ਦੀ ਪੜ੍ਹਾਈ, ਪੜ੍ਹ ਨਹੀਂ ਸਕੇ, ਪਰ ਦੂਸਰਿਆਂ ਨੂੰ ਪੀ.ਐਚ.ਡੀ ਦੀ ਪੜ੍ਹਾਈ ਕਰਾਣ ਦਾ ਪਖੰਡ ਕਰਦੇ ਪਏ ਹਨ, ਇਹੀ ਕਾਰਨ ਹੈ ਕਿ ਲੱਖਾਂ ਪਰਚਾਰਕ ਹੋਣ ਤੇ ਵੀ ਗੁਰਬਾਣੀ ਪੱਖੋਂ ਸਿੱਖੀ ਲਗਾਤਾਰ ਨਿਵਾਣ ਵੱਲ ਜਾ ਰਹੀ ਹੈ।
ਇਹ ਤੁਕ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਸਰੇ ਪੰਨੇ ਤੇ, ਚੌਥੀ ਪਉੜੀ ਦੇ ਰੂਪ ਵਿਚ ਹੈ। ਆਉ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਪੂਰੀ ਪਉੜੀ ਇਵੇਂ ਹੈ.
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥4॥
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸ੍ਰਿਸ਼ਟੀ ਦੀ ਇਕੋ-ਇਕ ਸਚਾਈ , ਸਦਾ ਕਾਇਮ ਰਹਣ ਵਾਲੀ ਹਸਤੀ , ਅਕਾਲ-ਪੁਰਖ ਹੀ ਹੈ । ਉਸ ਨੂੰ ਹੀ ਸਾਚਾ ਸਾਹਿਬੁ ਕਰ ਕੇ ਬਿਆਨਿਆ ਹੈ , ਮਤਲਬ ਹੈ , ਹਮੇਸ਼ਾ ਕਾਇਮ ਰਹਣ ਵਾਲਾ ਮਾਲਕ , ਸਾਈਂ , ਖਸਮ । ਉਸ ਸੱਚੇ ਦਾ ਨਿਆਂ , ਇਨਸਾਫ ਵੀ ਬਿਲਕੁਲ ਸੱਚਾ ਹੈ , ਉਸ ਵਿਚ ਕਿਸੇ ਦਾ ਲਿਹਾਜ਼ ਨਹੀਂ ਹੁੰਦਾ , ਕਿਸੇ ਦਾ ਪੱਖ ਨਹੀਂ ਪੂਰਿਆ ਜਾਂਦਾ , ਕਿਸੇ ਨਾਲ ਵਿਤਕਰਾ ਨਹੀਂ ਹੁੰਦਾ , ਕਿਸੇ ਨਾਲ ਵੈਰ ਜਾਂ ਅਨਿਆਇ ਨਹੀਂ ਕੀਤਾ ਜਾਂਦਾ । ਇਨਸਾਫ ਦੇ ਉਸ ਰਾਹ ਤੋਂ , ਬਾਦਸ਼ਾਹ ਅਤੇ ਫਕੀਰ , ਧਨੀ ਅਤੇ ਕੰਗਾਲ , ਵਿਦਵਾਨ ਅਤੇ ਮੂਰਖ , ਜਨਾਨੀ ਅਤੇ ਬੰਦੇ ਨੂੰ ਇਕ ਸਮਾਨ ਨਿਕਲਣਾ ਪੈਂਦਾ ਹੈ ।
ਉਸ ਕਰਤਾਰ ਦੀ ਬੋਲੀ ਬੜੀ ਮਿੱਠੀ ਅਤੇ ਉਸ ਦਾ ਪਿਆਰ ਅਪਾਰ ਹੈ , ਉਸ ਦੇ ਪਿਆਰ ਦਾ ਕੋਈ , ਹੱਦ-ਬੰਨਾ ਨਹੀਂ ਹੈ । ਉਹ ਕਦੇ ਕਿਸੇ ਨਾਲ , ਕਰੱਖਤ ਲਹਿਜੇ ਵਿਚ ਗੱਲ ਨਹੀਂ ਕਰਦਾ , ਕਦੇ ਆਪਣੇ ਅੰਦਰ ਝਾਤ ਮਾਰ ਕੇ ਵੇਖੋ , ਉਹ ਬੜੇ ਪਿਆਰ ਨਾਲ ਸਮਝਾਉਂਦਾ ਨਜ਼ਰ ਆ ਜਾਵੇਗਾ । ਬੰਦਾ ਕਿੰਨਾ ਵੀ ਬੁਰਾ ਕੰਮ ਚਿਤਵ ਚੁੱਕਾ ਹੋਵੇ , ਉਸ ਨੂੰ ਪੂਰਾ ਕਰਨ ਜਾ ਰਿਹਾ ਹੋਵੇ , ਪੂਰੀ ਸਮਰਥਾ ਦੇ ਹੁੰਦਿਆਂ ਵੀ , ਅੰਦਰ ਬੈਠਾ ਪ੍ਰਭੂ , ਬੜੇ ਪਿਆਰ ਨਾਲ ਸਮਝਾ ਰਿਹਾ ਹੁੰਦਾ ਹੈ “ ਇਹ ਕੰਮ ਨਾ ਕਰ ”
ਸੰਸਾਰ ਦੇ ਸਾਰੇ ਜੀਵ , ਮੰਗਤੇ ਤੋਂ ਲੈ ਕੇ ਬਾਦਸ਼ਾਹ ਤਕ , ਉਸ ਕੋਲੋਂ ਦਾਤਾਂ ਮੰਗਦੇ ਹਾਂ । ਇਸ ਕਰ ਕੇ ਹੀ ਉਸ ਨੂੰ “ ਦਾਤਾਰੁ ” ਦਾਤਾਂ ਦੇਣ ਵਾਲਾ ਕਿਹਾ ਜਾਂਦਾ ਹੈ । ਸਾਰੇ ਹੀ ਉਸ ਨੂੰ ਆਖਦੇ ਹਾਂ , “ ਹੇ ਪ੍ਰਭੂ , ਸਾਨੂੰ ਆਹ ਦੇਹ , ਸਾਨੂੰ ਔਹ ਦੇਹ ”