ਸਰੀਰ , ਪੰਜਾਂ ਤੱਤਾਂ ਦੀ ਖੇਡ
ਅੱਜ ਕਲ ਸਿੱਖ ਵਿਦਵਾਨਾਂ ਵਿਚ ਤਰਕ ਦਾ ਵਿਸ਼ਾ , ਸਰੀਰ ਦੇ ਪੰਜ ਤੱਤ , ਬੜੇ ਜ਼ੋਰ ਸ਼ੋਰ ਨਾਲ ਚਲ ਰਿਹਾ ਹੈ , ਕੁਝ ਵੀਰ ਉਸ ਬਾਰੇ ਸਮਝਣ ਦੇ ਆਹਰ ਵਿਚ ਹਨ , ਤਾਂ ਕੁਝ ਉਸ ਦੀ ਆੜ ਵਿਚ ਆਪਣੀ ਵਿਦਵਤਾ , ਸਥਾਪਤ ਕਰਨ ਦੇ ਚੱਕਰ ਵਿਚ , ਅਤੇ ਕੁਝ ਤਾਂ ਸੌਕੀਆ ਹੀ ਉਸ ਨੂੰ ਹੋਰ ਉਲਝਾਉਣ ਦੇ ਚੱਕਰ ਵਿਚ ਪਏ ਹੋਏ ਹਨ । ਵੈਸੇ ਅੱਜ-ਕਲ ਕੁਝ ਵਿਦਵਾਨਾਂ ਦਾ ਸ਼ੁਗਲ ਹੈ , ਕੋਈ ਮੁੱਦਾ ਲੈ ਕੇ ਗੱਲ ਸ਼ੁਰੂ ਕਰ ਦੇਣੀ , ਫਿਰ ਤਰਕ-ਵਿਤਰਕ ਸ਼ੁਰੂ ਹੋ ਜਾਂਦਾ ਹੈ । ਏਥੋਂ ਤਕ ਤਾਂ ਫਿਕਰ ਕਰਨ ਦੀ ਕੋਈ ਗੱਲ ਨਹੀਂ , ਫਿਕਰ ਤਾਂ ਉਸ ਵੇਲੇ ਹੁੰਦਾ ਹੈ , ਜਦ ਉਨ੍ਹਾਂ ਵਿਦਵਾਨਾਂ ਵਿਚੋਂ , ਜਿਨ੍ਹਾਂ ਗੁਰਮਤਿ ਨੂੰ ਆਮ ਸਿੱਖਾਂ ਤਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ , ਉਹ ਵੀ ਇਸ ਬਹਿਸ ਵਿਚ ਉਲਝ ਕੇ , ਆਪਣਾ ਕੀਮਤੀ ਸਮਾ ਬਰਬਾਦ ਕਰਨ ਲਗ ਜਾਂਦੇ ਹਨ ।
ਆਮ ਬੰਦੇ ਲਈ ਤਾਂ ਗੁਰਬਾਣੀ ਦਾ ਉਹ ਪੱਖ ਸਮਝਣ ਦੀ ਲੋੜ ਹੈ , ਜਿਸ ਨੂੰ ਸਮਝ ਕੇ , ਜਿਸ ਨੂੰ ਆਪਣੀ ਕਰਨੀ ਵਿਚ ਢਾਲ ਕੇ ਉਹ ਪਰਮਾਤਮਾ ਦੇ ਹਜ਼ੂਰ ਸੁਰਖਰੂ ਹੋ ਸਕੇ । ਪਰ ਅੱਜ ਤਾਂ 90% ਸਿੱਖ ਵਿਦਵਾਨ (ਜੋ ਗੁਰਬਾਣੀ ਦੇ ਗਿਆਤਾ ਹੋਣ ਦੇ ਦਾਵੇਦਾਰ ਹਨ) ਅਜਿਹੇ ਹਨ , ਜਿਨ੍ਹਾਂ ਵਿਚੋਂ ਕੁਝ ਤਾਂ ਅਕਾਲ-ਪੁਰਖ ਦੀ ਹੋਂਦ ਤੋਂ ਹੀ ਮੁਨਕਿਰ ਹਨ , ਉਨ੍ਹਾਂ ਅਨੁਸਾਰ ਕੁਦਰਤ ਹੀ ਸਭ ਕੁਝ ਹੈ । ਕੁਝ ਅਜਿਹੇ ਹਨ ਜੋ ਲੁਕਵੇਂ ਢੰਗ ਨਾਲ ਇਹੋ ਪਰਚਾਰ ਰਹੇ ਹਨ ਕਿ ਗੁਬਾਣੀ ਨੂੰ ਪੜ੍ਹਨ , ਉਸ ਦੀ ਸਿਖਿਆ ਤੇ ਅਮਲ ਕਰਨ ਦੀ ਕੋਈ ਲੋੜ ਨਹੀਂ , (ਹਾਲਾਂਕਿ ਉਹ ਉਸ ਗੁਰਬਾਣੀ ਦੀ ਆੜ ਵਿਚ ਹੀ ਆਪਣੀ ਰੋਜ਼ੀ-ਰੋਟੀ ਚਲਾ ਰਹੇ ਹਨ) ਬੰਦਾ ਜੰਮਦਾ ਹੈ , ਮਰ ਜਾਂਦਾ ਹੈ , ਨਾ ਉਸ ਤੋਂ ਪਹਿਲਾਂ ਕੋਈ ਜਨਮ ਸੀ , ਨਾ ਹੀ ਉਸ ਤੋਂ ਮਗਰੋਂ ਕੋਈ ਜਨਮ ਹੋਣਾ ਹੈ , ਨਾ ਹੀ ਕੋਈ ਲੇਖਾ-ਜੋਖਾ ਹੋਣਾ ਹੈ , ਜਿਵੇਂ ਵੀ ਹੋਵੇ , ਇਸ ਜੀਵਣ ਨੂੰ , ਮੌਜਾਂ ਮਾਣਦੇ ਬਿਤਾਉ ।
ਅਜਿਹੇ ਪਰਚਾਰਕਾਂ ਕੋਲੋਂ ਕੀ ਆਸ ਕੀਤੀ ਜਾ ਸਕਦੀ ਹੈ ਕਿ , ਉਹ ਕੋਈ ਵਿਚਾਰਕ ਕੰਮ , ਗੁਰਬਾਣੀ ਨੂੰ ਸਮਝਣ ਦਾ ਕੰਮ ਕਰ ਸਕਦੇ ਹਨ ? ਉਨ੍ਹਾਂ ਦਾ ਸ਼ੁਗਲ ਹੈ , ਨਿੱਤ ਕੋਈ ਨਾ ਕੋਈ ਵਿਸ਼ਾ ਖੜਾ ਕਰ ਕੇ , ਬਹਿਸ ਕਰੀ ਜਾਣੀ ।
ਹੁਣ ਇਨ੍ਹਾਂ ਪੰਜਾਂ ਤੱਤਾਂ ਦੀ ਹੀ ਗੱਲ ਕਰੀਏ , ਬਹਿਸ ਦਾ ਵਿਸ਼ਾ ਹੈ , ਤੱਤ ਕਿੰਨੇ ਹਨ ? ਕੀ ਗੁਰਮਤਿ ਅਨੁਸਾਰ
ਤੱਤ ਪੰਜ ਹੀ ਹਨ ? ਸੋਚੋ ਜ਼ਰਾ , ਇਸ ਤੋਂ ਕਿਸੇ ਸਧਾਰਨ ਕਿਰਤੀ ਸਿੱਖ ਨੇ ਕੀ ਲੈਣਾ ਹੈ ? ਇਹ ਤਾਂ ਵਿਦਵਾਨਾਂ ਦਾ ਆਪਸੀ ਭੇੜ ਹੀ ਹੈ (ਜੋ ਕਿਸੇ ਵੇਲੇ ਬ੍ਰਾਹਮਣਾਂ ਵਿਚ ਹੋਇਆ ਕਰਦਾ ਸੀ) । ਜੇ ਬਹੁਤ ਜ਼ਿਆਦਾ ਗੱਲ ਕੀਤੀ ਜਾਵੇ ਤਾਂ , ਇਹ ਗੱਲ ਵਿਚਾਰੀ ਜਾ ਸਕਦੀ ਹੈ ਕਿ , ਸਰੀਰ ਵਿਚਲੇ ਪੰਜ ਤੱਤ ਕਿਹੜੇ ਹਨ ? ਅਤੇ ਇਹ ਗੁਰਬਾਣੀ ਵਿਚ ਸਪੱਸ਼ਟ ਹੈ , ਪਰ ਗੁਰਬਾਣੀ ਕੌਣ ਪੜ੍ਹੇ ? ਗੁਰਬਾਣੀ ਉਨ੍ਹਾਂ ਤੱਤਾਂ ਨੂੰ ਮਾਨਤਾ ਦੇਂਦੀ ਹੈ ? ਇਹ ਵੀ ਗੁਰਬਾਣੀ ਵਿਚ ਸਪੱਸ਼ਟ ਹੈ , ਗੱਲ ਉਹੀ ਹੈ ਕਿ ਗੁਰਬਾਣੀ ਕੌਣ ਪੜ੍ਹੇ ? ਆਉ ਅੱਜ ਇਸ ਤੇ ਹੀ ਵਿਚਾਰ ਕਰਦੇ ਹਾਂ । ਜਿਵੇਂ ਕਿ ਪਹਿਲਾਂ ਕੀਤਾ ਜਾਂਦਾ ਹੈ , ਵਿਚਾਰ ਸਿਰਫ ਗੁਰਬਾਣੀ ਵਿਚੋਂ ਹੀ ਕੀਤੀ ਜਾਵੇਗੀ , ਗੁਰਬਾਣੀ ਤੋਂ ਬਾਹਰੋਂ ਕੋਈ ਦ੍ਰਿਸ਼ਟਾਂਤ ਨਹੀਂ ਦਿੱਤਾ ਜਾਵੇਗਾ , ਜਿਸ ਨਾਲ ਪਾਠਕਾਂ ਨੂੰ ਪਤਾ ਚਲ ਜਾਵੇ ਕਿ ਇਹ ਵਿਦਵਾਨ ਗੁਰਬਾਣੀ ਕਿੰਨੀ ਕੁ ਪੜ੍ਹਦੇ ਹਨ ? ਉਸ ਤੋਂ ਕਿੰਨੀ ਕੁ ਸੇਧ ਲੈਂਦੇ ਹਨ ?
ਹਜ਼ਾਰਾਂ ਸਾਲਾਂ ਤੋਂ ਪ੍ਰਚਲਤ ਹੈ ਕਿ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ , ਹਵਾ , ਪਾਣੀ , ਅੱਗ , ਧਰਤੀ ਅਤੇ ਆਕਾਸ਼ । ਗੁਰਬਾਣੀ ਇਸ ਨੂੰ ਰੱਦ ਨਹੀਂ ਕਰਦੀ , ਸਵਾਂ ਪ੍ਰੋੜ੍ਹਤਾ ਕਰਦੀ ਹੈ । ਜੇ ਇਹ ਵੀਰ ਥੋੜ੍ਹਾ ਜਿਹਾ ਗੁਰਬਾਣੀ ਨੂੰ ਪੜ੍ਹਨ , ਸਮਝਣ ਦਾ ਕੰਮ ਕਰ ਲੈਂਦੇ ਤਾਂ ਪੰਥ ਦਾ ਇਹ ਕੀਮਤੀ ਸਮਾ , ਇਸ ਬਿਖੜੇ ਸਮੇ , ਪੰਥ ਦੇ ਕਿਸੇ ਹੋਰ ਕੰਮ
ਆ ਸਕਦਾ ਹੈ । ਗੁਰਬਾਣੀ ਫੁਰਮਾਨ ਹੈ ,
ਪਾਂਚੈ ਪੰਚ ਤਤ ਬਿਸਥਾਰ ॥ ਕਨਿਕ ਕਾਮਿਨੀ ਜੁਗ ਬਿਉਹਾਰ ॥
ਪ੍ਰੇਮ ਸੁਧਾ ਰਸੁ ਪੀਵੈ ਕੋਇ ॥ ਜਰਾ ਮਰਣ ਦੁਖੁ ਫੇਰਿ ਨ ਹੋਇ ॥6॥ (343)
ਅਰਥਾਤ:- ਇਹ ਜਗਤ ਪੰਜਾਂ ਤੱਤਾਂ ਤੋਂ ਬਣਿਆ ਹੈ , ਇਹ ਧਨ ਤੇ ਇਸਤ੍ਰੀ , ਦੋਵਾਂ ਵਿਚ ਰੁਝਾ ਹੋਇਆ ਹੈ । ਏਥੇ ਕੋਈ ਵਿਰਲਾ ਮਨੁੱਖ ਹੀ , ਪਰਮਾਤਮਾ ਦੇ ਪ੍ਰੇਮ ਅੰਮ੍ਰਿਤ ਦਾ ਰਸ ਪੀਂਦਾ ਹੈ । ਅਜਿਹੇ ਮਹੁੱਖ ਨੂੰ ਫਿਰ ਬੁਢੇਪੇ ਅਤੇ ਮੌਤ ਦਾ ਦੁੱਖ ਨਹੀਂ ਸਹਿਣਾ ਪੈਂਦਾ , ਕਿਉਂਕਿ ਉਹ ਦੁਬਾਰਾ , ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ । ਅਤੇ ,
ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥11॥ (1426)
ਅਰਥਾਤ:- ਹੇ ਨਾਨਕ ਆਖ , ਹੇ ਚਤੁਰ ਮਨੁੱਖ , ਹੇ ਸਿਆਣੇ ਬੰਦੇ , ਤੂੰ ਜਾਣਦਾ ਹੈਂ ਕਿ ਇਹ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਹੈ , ਯਕੀਨ ਜਾਣ ਇਹ ਸਰੀਰ ਜਿਨ੍ਹਾਂ ਪੰਜਾਂ ਤੱਤਾਂ ਤੋਂ ਬਣਿਆ ਹੈ , ਇਕ ਦਿਨ ਸਰੀਰ ਦੇ ਇਹ ਤੱਤ ਵਿਖਰ
ਕੇ , ਉਨ੍ਹਾਂ ਪੰਜਾਂ ਹੀ ਤੱਤਾਂ ਵਿਚ ਮਿਲ ਜਾਣੇ ਹਨ । ਇਸ ਤੋਂ ਅਗਲੇ ਸਲੋਕ ਨੂੰ ਸਮਝਿਆਂ ਹੀ ਪੂਰੀ ਗੱਲ ਸਮਝ ਆਉਣੀ
ਹੈ । ਅਗਲਾ ਸਲੋਕ ਹੈ ,
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥12॥ (1426)
ਹੇ ਨਾਨਕ ਆਖ , ਹੇ ਮਨ ਸੰਤ ਜਨਾਂ ਨੇ , ਸਤਸੰਗੀਆਂ ਨੇ ਉੱਚੀ-ਉੱਚੀ ਪੁਕਾਰ ਕੇ ਕਿਹਾ ਹੈ ਕਿ ਪਰਮਾਤਮਾ , ਹਰ ਸਰੀਰ ਵਿਚ ਬਿਰਾਜਮਾਨ ਹੈ , ਤੂੰ ਉਸ ਅਕਾਲ-ਪੁਰਖ ਦੀ ਭਜਨ-ਬੰਦਗੀ ਕਰਿਆ ਕਰ , ਉਸ ਨੂੰ ਯਾਦ ਰੱਖਿਆ ਕਰ , ਉਸ ਆਸਰੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ । (ਜੋ ਬੰਦਾ ਭਜਨ-ਬੰਦਗੀ ਨਹੀਂ ਕਰੇਗਾ , ਪ੍ਰਭੂ ਨੂੰ ਯਾਦ ਨਹੀਂ ਰੱਖੇਗਾ , ਉਸ ਦਾ ਕੀ ਹੋਵੇਗਾ ? ਬੜਾ ਸਾਫ ਜ਼ਾਹਰ ਹੈ । ਪਰ ਇਹ ਮਹਾਨ ਵਿਦਵਾਨ ਸਿੱਖਾਂ ਨੂੰ ਕੀ ਪੜ੍ਹਾਉਂਦੇ ਹਨ ?)
ਇਹ ਤਾਂ ਸੀ ਪੰਜਾਂ ਤੱਤਾਂ ਦੀ ਗੱਲ , ਅਤੇ ਗੁਰਬਾਣੀ ਦੇ ਉਨ੍ਹਾਂ ਨੂੰ ਮਾਨਤਾ ਦੇਣ ਦੀ ਗੱਲ । ਹੁਣ ਵੇਖਦੇ ਹਾਂ ਕਿ ਗੁਰਬਾਣੀ ਅਨੁਸਾਰ
ਪੰਜ ਤੱਤ ਕੇਹੜੇ ਹਨ ? ਗੁਰਬਾਣੀ ਫੁਰਮਾਨ ਹੈ ,
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾ
ਅਮਰਜੀਤ ਸਿੰਘ ਚੰਦੀ
ਸਰੀਰ , ਪੰਜਾਂ ਤੱਤਾਂ ਦੀ ਖੇਡ
Page Visitors: 2452