ਗੁਰ ਪ੍ਰਤਾਪ ਸੂਰਜ ਬਾਰੇ ਸੰਖੇਪ ਤੇ ਅਹਿਮ
ਅਵਤਾਰ ਸਿੰਘ ਮਿਸ਼ਨਰੀ 510 432 5827
ਗੁਰ ਦਾ ਆਰਥ ਗਿਆਨ ਦਾਤਾ, ਪ੍ਰਤਾਪ ਦਾ ਤੇਜ, ਵਡਿਆਈ ਅਤੇ ਸੂਰਜ ਦਾ ਅਰਥ ਅਗਨ ਪ੍ਰਕਾਸ਼ ਦਾ ਸੋਮਾ।
ਗੁਰ ਪ੍ਰਤਾਪ ਸੂਰਜ ਇਕ ਗ੍ਰੰਥ ਜੋ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਨੂਰ ਦੀ ਸਰਾਂ ਨਿਵਾਸੀ ਭਾਈ ਦੇਵਾ ਸਿੰਘ ਦੇ ਘਰ ਸੰਤੋਖ ਸਿੰਘ ਦਾ ਜਨਮ ਸੰਮਤ ੧੮੪੫ ਨੂੰ ਹੋਇਆ। ਇਹ ਬੜੇ ਵੱਡੇ ਪੰਡਿਤ ਸਨ। ਬੂੜੀਏ 'ਚ ਰਹਿ ਇਨ੍ਹਾਂ ਨੇ ਅਮਰ ਕੋਸ਼ ਦਾ ਅਨੁਵਾਦ ਕੀਤਾ, ਸੰਮਤ ੧੮੮੦ ਵਿੱਚ "ਗੁਰ ਨਾਨਕ ਪ੍ਰਕਾਸ਼" ਲਿਖਿਆ। ਇਸ ਤੋਂ ਬਾਅਦ ਮਹਾਂਰਾਜਾ ਕਰਮ ਸਿੰਘ ਪਟਿਆਲੇ ਪਾਸ ਨੌਕਰ ਰਹੇ ਤੇ ੧੮੮੨ ਵਿੱਚ ਕੈਂਥਲ ਪਤੀ ਉਦੈ ਸਿੰਘ ਨੇ ਇਨ੍ਹਾਂ ਨੂੰ ਆਪਣੇ ਪਾਸ ਰੱਖ ਲਿਆ। ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਇਥੇ ਰਾਜੇ ਦੇ ਨੌਕਰ ਪੰਡਿਤਾਂ ਦੀ ਸਹਾਇਤਾ ਨਾਲ ਬਹੁਤ ਪੁਸਤਕ ਲਿਖੇ ਤੇ "ਗੁਰ ਪ੍ਰਤਾਪ ਸੂਰਜ" ਗ੍ਰੰਥ ਰਚਿਆ ਜੋ ਸੰਮਤ ੧੯੦੦ ਦੇ ਸਾਵਨ ਮਹੀਨੇ ਸਮਾਪਤ ਹੋਇਆ।
ਅੱਗੇ ਲਿਖਦੇ ਹਨ ਕਿ ਭਾਈ ਸਾਹਿਬ ਨੂੰ ਗੁਰਮਤ ਵਿੱਚ ਤਾਂ ਪੂਰੀ ਸ਼ਰਧਾ ਤੇ ਪ੍ਰੇਮ ਸੀ, ਪਰ ਪੰਡਿਤਾਂ ਦੀ ਸੰਗਤਿ ਅਤੇ ਪ੍ਰੇਰਣਾ ਕਰਕੇ ਕਿ ਜੇ ਆਪ ਗੁਰੂਆਂ ਦੀ ਕਥਾ ਨੂੰ ਪੁਰਾਣ ਰੀਤੀ ਅਨੁਸਾਰ ਹਿੰਦੂ ਅਵਤਾਰਾਂ ਜਿਹੀ ਲਿਖੋਗੇ ਅਤੇ ਸ਼ਾਸ਼ਤ੍ਰਾਂ ਤੋਂ ਵਿਰੁੱਧ ਆਪ ਦੇ ਪੁਸਤਕ ਨਹੀਂ ਹੋਣਗੇ ਤਾਂ ਉਨ੍ਹਾਂ ਦਾ ਬਹੁਤ ਪ੍ਰਚਾਰ ਹੋਊ ਅਤੇ ਸਭ ਆਪ ਦੀ ਰਚਨਾ ਨੂੰ ਆਦਰ ਨਾਲ ਪੜ੍ਹਨਗੇ, ਇਸ ਲਈ ਕਈ ਥਾਂਈ ਟਪਲਾ ਖਾ ਗਏ ਹਨ। ਇਸ ‘ਤੇ ਦਾਸ ਦੀ ਟਿਪਣੀ- ਇਸ ਨੂੰ ਟੱਪਲਾ ਖਾਣਾ ਕਹਿਣਾ, ਠੀਕ ਨਹੀਂ ਲਗਦਾ ਕਿਉਂਕਿ ਆਪ ਇਕ ਸੰਪ੍ਰਦਾਈ ਸਾਧਾਂ ਦੇ ਚੇਲੇ, ਦੂਜਾ ਇਨ੍ਹਾਂ ਨੇ ਸੂਰਜ ਪ੍ਰਕਾਸ਼ ਦਾ ਬੇਸ ਬਾਲੇ ਵਾਲੀ ਜਨਮ ਸਾਖੀ ਵਰਗੇ ਅੰਧਵਿਸ਼ਵਾਸ਼ੀ ਤੇ ਗੁਰੂ ਦੋਖੀਆਂ ਦੇ ਲਿਖੇ ਗ੍ਰੰਥਾਂ ਨੂੰ ਬਣਾਇਆ, ਤੀਜਾ ਆਪਣੀ ਵਿਦਵਤਾ, ਭੱਲ, ਅਸਰ ਰਸੂਖੀ , ਸ਼ੁਹਰਤ, ਪੈਸੇ ਅਤੇ ਵਡਿਆਈ ਨੂੰ ਮੁੱਖ ਰੱਖ ਕੇ, ਰੱਬੀ ਭਗਤਾਂ, ਸਿੱਖ ਗੁਰੂਆਂ ਅਤੇ ਗੁਰਸਿੱਖਾਂ ਦੇ ਇਤਿਹਾਸ ਤੇ ਅਕੀਦੇ ਨਾਲ ਧਰੋਅ ਕਮਾਇਆ, ਭਾਂਵੇਂ ਬਾਅਦ ‘ਚ ਮੁਹਤਸਬੀ ਤੇ ਈਰਖਾਵਾਦੀ ਬ੍ਰਾਹਮਣ, ਸੰਪ੍ਰਦਾਈ ਵਿਦਵਾਨਾਂ ਤੇ ਲਿਖਾਰੀਆਂ ਨੇ ਇਸ ‘ਚ ਹੋਰ ਮਨ ਚਾਹਿਆ ਰਲਾ ਕਰ ਦਿਤਾ।
ਉਪ੍ਰੋਕਤ ਹਵਾਲਾ ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਮਤਿ ਮਾਰਤੰਤ ਦੇ ਪਹਿਲੇ ਭਾਗ ਵਿੱਚ ਦਿੱਤਾ ਹੈ ਜਿਸ ਦੀ ਵਿਚਾਰ ਕਰੀਏ ਤਾਂ ਪਤਾ ਲਗਦਾ ਹੈ ਕਿ ਕਵੀ ਸੰਤੋਖ ਸਿੰਘ ਬ੍ਰਾਹਮਣ ਮੁਹਤੱਸਬੀ ਬ੍ਰਾਹਮਣ ਪੰਡਿਤਾਂ ਦੇ ਪ੍ਰਭਾਵ ਥੱਲੇ, ਪੈਸੇ ਤੇ ਸ਼ੁਹਰਤ ਦੀ ਲਾਲਸਾ ਵਿੱਚ ਸੀ ਜਿਸ ਨੇ ਗੁਰ ਇਤਿਹਾਸ ਦੇ ਮਿੱਠੇ ਵਿੱਚ ਬਾਮਣਾਂ ਦੇ ਕਹੇ ਬ੍ਰਾਹਮਣਵਾਦ ਦਾ ਜ਼ਹਿਰ ਘੋਲ ਕੇ ਲਿਖਿਆ। ਇਕ ਨਹੀਂ ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ ਜਿਵੇਂ ਦੇਵੀ ਦੇਵਤਿਆਂ ਦੀ ਪੂਜਾ ਪ੍ਰਤਿਸ਼ਠਾ ਅਤੇ ਅਨੇਕਾਂ ਅਣਹੋਣੇ ਅੰਧ ਵਿਸ਼ਵਾਸ਼, “ਗੁਰ ਪ੍ਰਤਾਪ” ਦੀ ਥਾਂ “ਬਾਮਣ ਪ੍ਰਤਾਪ” ਲਿਖ ਧਰਿਆ ਹੇਠਾਂ ਕੁਝ ਕੁ ਵਣਗੀਆਂ-
ਗੁਰੂ ਨਾਨਕ ਵਿਸ਼ਨੂੰ ਦਾ ਅਵਤਾਰ ਤੇ ਬੇਦੀ ਕੁਲ ਦੇ ਭੂਸ਼ਨ ਸਨ। ਉਹ ਕਿਸਾਨਾਂ ਦੀ ਖੇਤੀ ਉਜਾੜਦੇ ਸਨ। ਉਹ ਵੇਈਂ ਨਦੀ ‘ਚ ਅਲੋਪ ਹੋ ਗਏ। ਰਬਾਬ ‘ਤੇ ਚੜ੍ਹ ਉੱਪਰ ਉੱਡ ਗਏ। ਜਦ ਉਨ੍ਹਾਂ ਦੀ ਬਰਾਤ ਜਾ ਰਹੀ ਸੀ ਤਾਂ ਨਾਗਰ ਨਾਰੀਆਂ ਏਨੀਆਂ ਬਦਮਸਤ ਹੋ ਗਈਆਂ ਕਿ ਉਨ੍ਹਾਂ ਨੇ ਸਿਰਾਂ ਤੋਂ ਦੁਪੱਟੇ ਲਾਹ ਦਿੱਤੇ ਤੇ ਅੰਗੀਆਂ ਉਤਾਰ ਦਿੱਤੀਆਂ। ਉਨ੍ਹਾਂ ਦੇ ਘਰ ਦੋ ਬੱਚੇ ਬਿਨਾ ਗ੍ਰਿਹਸਤ ਕੀਤੇ ਦੋ ਲੌਂਗ ਦੇਣ ਨਾਲ ਹੋਏ। ਪੱਥਰ ਵਿੱਚ ਪੰਜਾ ਧੁਸਾ ਦਿੱਤਾ। ਸਿੱਧਾਂ ਨਾਲ ਅਕਾਸ਼ 'ਚ ਉੱਡ ਗਏ ਤੇ ਨਦੀ ਚੋਂ ਮੋਤੀਆਂ ਦੀ ਬਾਲਟੀ ਭਰ ਲਿਆਂਦੀ। ਮੱਕੇ ਦੀ ਇਮਾਰਤ ਘੁਮਾ ਦਿੱਤੀ। ਮਾਸ ਦਾ ਕੜਾਹ ਪ੍ਰਸ਼ਾਦ ਬਣਾ ਦਿੱਤਾ। ਪਾਣੀ 'ਤੇ ਤੁਰੇ, ਕਿੱਕਰਾਂ ਤੋਂ ਮਠਾਈ ਝਾੜੀ। ਸੰਤੋਖ ਸਿੰਘ ਲਿਖਦਾ ਹੈ ਕਿ ਮਰਦਾਨਾਂ ਮਰਾਸੀ ਹਰ ਵੇਲੇ ਭੁੱਖੂੰ ਭੁੱਖੂੰ ਕਰਦਾ ਰਹਿੰਦਾ ਸੀ। ਉਸ ਨੂੰ ਯਾਦੂਗਰਨੀ ਨੇ ਭੇਡੂ ਬਣਾ ਦਿਤਾ। ਗੁਰੂ ਨਾਨਕ ਸਰੀਰ ਛੱਡਣ ਵੇਲੇ ਸਣ-ਦੇਹੀ ਅਲੋਪ ਹੋ ਗਏ। ਉਨ੍ਹਾਂ ਦੀ ਦਸਵੀਂ ਤੇ ਸਰਾਧ ਕੀਤਾ ਗਿਆ।
ਬਾਬਾ ਅਮਰਦਾਸ ਪੁੱਠੇ ਪੈਰੀਂ ਚਲਦੇ, ਕਿੱਲੀ ਨਾਲ ਵਾਲ ਬੰਨ੍ਹ ਕੇ ਤਪਾਸਿਆ ਕਰਦੇ ਅਤੇ ਗੁਰੂ ਅੰਗਦ ਦਾ ਪੀਕ ਭਰਿਆ ਅੰਗੂਠਾ ਚੂਸਿਆ ਕਰਦੇ ਸਨ। ਸਿਰ ਤੋਂ ਦਸਤਾਰ ਨਹੀਂ ਸੀ ਖੋਲ੍ਹਦੇ ਜੋ ਸਿਰੋਪਾ ਮਿਲਦਾ ਉੱਤੇ ਉੱਤੇ ਮੰਨ੍ਹੀ ਜਾਂਦੇ, ਸਿਰ 'ਚ ਕਿਰਮ ਚੱਲ ਗਏ।
ਗੁਰੂ ਅਰਜਨ ਵੇਲੇ ਪੁਰਾਤਨ ਭਗਤਾਂ ਨੇ ਆਪ ਆ ਕੇ ਬਾਣੀ ਲਿਖਾਈ। ਭਾਈ ਗੁਰਦਾਸ ਗੁਰੂ ਘਰ ਦਾ ਭਗੌੜਾ ਹੋ ਗਿਆ। ਗੁਰੂ ਪਦਵੀ ਮਿਲਣ ਤੋਂ ਪਹਿਲਾਂ ਨਾਨਕ ਨਾਮ ਹੇਠ ਗੁਰੂ ਅਰਜਨ ਨੇ ਬਾਣੀ ਲਿਖੀ। ਜਦ ਬਾਲਿਕ ਹਰਗੋਬਿੰਦ ਦੇ ਸੀਤਲਾ (ਚੇਚਕ, ਮਾਤਾ) ਨਿਕਲੀ ਤਾਂ ਗੁਰੂ ਅਰਜਨ ਨੇ ਵਿਸ਼ੇਸ਼ ਬ੍ਰਾਹਮਣ ਨੂੰ ਬੁਲਾ ਕੇ ਦੁਰਗਾ ਪੂਜਣ ਕਰਵਾਇਆ -ਗੁਰ ਅਰਜਨ ਤਬ ਦਿਜਬਰ ਬੁਲਾਇ। ਦੁਰਗਾ ਸੁ ਪਾਠ ਪਢਿਬੋ ਲਗਾਇ।..ਪੂਜਾ ਜੁ ਸੌਜ ਸਭਿ ਭੇਜਿ ਦੀਨ। ਸੰਪਟ ਸੁ ਪਾਠ ਪਢਤੇ ਪ੍ਰਬੀਨ।..ਹੋਇ ਮਾਤ ਸੀਤਲਾ ਬਹੁ ਪ੍ਰਸੰਨ। ਮਮ ਪੁਤ੍ਰ ਰੱਛ ਹੋ ਸੁਖ ਸਪੰਨ॥੪੨॥(ਸੂਰਜ ਪ੍ਰਕਾਸ਼ ਰਾਸਿ ੩ ਅੰਸੂ ੧੨)
ਸੂਰਜ ਪ੍ਰਕਾਸ਼ ਦੀ ਰਾਸਿ ੩ ਅੰਸੂ ੭ ਵਿੱਚ ਸੰਤੋਖ ਸਿੰਘ ਲਿਖਦਾ ਹੈ ਕਿ ਖਾਲਸਾ ਪੰਥ ਸਾਜਨ ਵੇਲੇ ਗੁਰੂ ਗੋਬਿੰਦ ਸਿੰਘ ਨੇ ਚੰਡੀ ਦੇਵੀ (ਦੁਰਗਾ) ਦਾ ਪੂਜਨ ਕੀਤਾ-ਏਕ ਅਰਾਧਨ ਚੰਡਿਕਾ ਭਏ ਪਰਾਯਨ ਧੀਰ। ਬਿਦਤਹਿ ਦੈਬੇ ਹੇਤੁ ਬਰ ਪੰਥ ਕਰਨ ਕੋ ਬੀਰ॥੪੧॥
ਦੇਵੀ ਚੰਡਿਕਾ ਦੀ ਜੈ ਜੈ ਕਾਰ ਕੀਤੀ- ਜੈ ਜੈ ਅਸਟ ਬਲ ਵਾਲੀ। ਜੈ ਜੈ ਭੀਮਾਂ ਮੁੰਡਨਿ ਮਾਲੀ॥੨੪॥ ਛੂਟੈ ਸਿਰ ਪਰ ਬਾਲ ਬਿਸਾਲੀ। ਜੈ ਜੈ ਰਣ ਮਹਿ ਰੂਪ ਕਰਾਲੀ॥੨੫॥ (ਅੰਸੂ ੧੦) ਡੇਡ ਪਹਿਰ ਦਿਨ ਕੇ ਰਹੇ ਨੌਮੀ ਆਦਿਤ ਵਾਰ। ਚੇਤ ਮਾਸ ਪੱਖ ਸ਼ੁਕਲ ਮਹਿ ਬਿਦਤੀ ਜਗਤ ਅਧਾਰ॥੧॥ ਕੇਸੋ ਪੰਡਿਤ ਨੂੰ ਸੱਦ ਹਵਨ ਕਰਾਇਆ, ਭੋਜਨ ਖਵਾਇ ਕੇ ਦੱਸ਼ਨਾ ਦਿੰਦੇ ਬਿਪਰ ਦਾ ਧੰਨਵਾਦ ਕੀਤਾ-ਬਿਪ੍ਰ ਤੁਹਾਰੀ ਕਰੁਣਾ ਪਾਇ। ਕਾਰਜ ਸਿੱਧ ਭਏ ਸਮੁਦਾਇ।੩੬।(ਅੰਸੂ੧੧) ਸਾਦਰ ਬਹੁਰ ਅਹਾਰ ਖਵੱਯਾ। ਦੱਖਨਾ ਲੱਖ ਸਵਾ ਸੁ ਰਪੱਯਾ।੪੫॥
ਅਖੌਤੀ ਗੁਰ ਪ੍ਰਤਾਪ ਸੂਰਜ ਰੁਤ ੩, ਅੰਸੂ ੪ ਵਿੱਚ ਛੇਵੈ ਗੁਰੂ ਨੂੰ ਵਿਲਾਸੀ ਤੇ ਨਸ਼ੇੜੀ ਲਿਖਦਾ ਹੈ- ਬਹੁ ਰਗੜ ਬਿਦਾਮਨ ਸਹਿਤ ਭੰਗ। ਏਲਾ ਲਵੰਗ ਮਿਰਚਾਨਿ ਕਾਰਿ। ਮੇਲਿਯੋ ਗੁਲਾਬ ਬਿਚ ਸਰਦ ਬਾਰਿ॥੭॥ ਜੁਤਿ ਛਤ੍ਰਧਾਰਿ (ਅਫੀਮ) ਸਤਿਗੁਰ ਛਕਾਇ॥੮॥ ਰੁਤ-੩ ਦੇ ਅੰਸੂ ੨੧ 'ਚ ਸੰਤੋਖ ਸਿੰਘ ਲਿਖਦਾ ਹੈ ਕਿ ਦਸਮੇਸ਼ ਨੇ ਆਖਿਆ ਕਿ ਮੈ ਆਪਣੇ ਪੰਥ 'ਚ ਕੋਈ ਸੋਫੀ ਸੂਮ ਨਹੀਂ ਰਹਿਣ ਦੇਣੇ-ਸੋਫੀ ਸੂਮ ਪੰਥ ਨਹਿ ਰਾਖਨ॥੩੮॥ ਯਾਂ ਤੇ ਸ੍ਰੀ ਮੁਖਬਾਕ ਉਚਾਰਾ।ਹੁਇ ਸੁਖੇ ਕੀ ਦੇਗ ਉਦਾਰਾ। ਸਿੰਘ ਹੋਇ ਜਬਿ ਅਯੁਧ ਧਾਰੀ। ਮਾਦਕ (ਨਸ਼ਾ) ਚਾਹੀਯਤਿ ਅਨੰਦ ਮਝਾਰੀ॥੩੯॥ ਅੱਗੇ ਕਹਿੰਦੇ ਹਨ ਕਿ-ਸਭ ਮਾਦਿਕ ਤੇ ਬਿਜੀਆ ਆਛੀ। ਕਯੋਂਕਿ ਮਹੇਸ਼ ਆਦਿ ਇਹੁ ਬਾਂਛੀ॥੪੦॥ ਰੁਤ ੬ ਅੰਸੂ ੪੪ 'ਚ ਦਸ਼ਮੇਸ਼ ਨੇ ਗੁਲਾਬੇ ਮਸੰਦ ਨੂੰ ਕਿਹਾ-ਸੁਖਾ ਮਿਰਚਾਂ ਆਨ ਉਦਾਰਾ॥.. ਥੋਰਾ ਹੁਤੋ ਤਯਾਰ ਕਰ ਦਯੋ।..ਹੁਇ ਪ੍ਰਸੰਨ ਬਰ ਦੇਵਤਿ ਜੋਵੈਂ। ਪੰਥ ਖਾਲਸੇ ਮਹਿ ਤੁਮ ਹੋਵੈਂ॥੪੩॥
ਲੋਕ ਰੀਤੀ ਅਤੇ ਗੁਰਮਤਿ ਵਿਰੁੱਧ-ਗੁਰੁ ਪ੍ਰਤਾਪ ਸੂਰਜ ਦੀ ਰੁਤ ੧ ਅੰਸੂ ੧੩ ਵਿੱਚ ਦਸ਼ਮੇਸ਼ ਦਾ ਮਾਤਾ ਜੀਤੋ ਨਾਲ ਵਿਆਹ ਬਾਮਣੀ ਰੀਤ- ਪੂਜਤਿ ਨਵ ਗ੍ਰਿਹ ਗਣਪਤਿ ਸਾਥ। ਕਹੈਂ ਕ੍ਰਿਤ ਠਾਨਹਿ ਗੁਰੁ ਨਾਥ। ਪੁਨ ਬੇਦੀ ਮਹਿ ਰਾਖ ਹੁਤਾਸਨ। ਡਾਰਤ ਸਰਪੀ ਕੀਨਿ ਪ੍ਰਕਾਸ਼ਨਿ॥੨੭॥ ਤੁਰਤ ਪਰੋਸਯੋ ਚਤੁਰਨ ਚਾਰੂ। ਖਾਨ ਲਗੁ ਬਰ ਸਵਾਦ ਅਹਾਰੂ। ਨਾਰੀ ਦੇਤ ਗਾਰਿ (ਗਾਲੀਆਂ) ਬਿਚ ਗੀਤ। ਸਭਿਨਿ ਸੁਨਾਵਤ ਸੁੰਦਿਰ ਰੀਤਿ॥੪੨॥
ਇਤਿਹਾਸ ਵਿਰੁੱਧ- ਗੁਰਬਿਲਾਸ ਪਾ: ੬ਵੀਂ 'ਚ ਲਿਖਿਆ ਹੈ ਕਿ ਗੁਰੂ ਨਾਨਕ ਨੇ ਤਿਮੂਰ ਗਡਰੀਏ ਨੂੰ ਆਖਿਆ- ਕਛੂ ਭਾਂਗ ਹਮ ਕਉ ਲਯਾ ਦੇਵੋ। ਪਾਛੈ ਜੋ ਮਾਂਗੋ ਸੋ ਲੇਵੋ॥੧੧੧॥ ਐਸੇ ਮੁਸ਼ਟਾਂ ਭਾਂਗ ਕੀ ਤਿਮਰ ਸਾਤ ਜਬ ਪਾਇ। ਸਤ ਪਾਤਸ਼ਾਹੀ ਸਾਥ ਹੀ ਸ੍ਰੀ ਗੁਰ ਮੁਖਹੁ ਅਲਾਇ॥੧੧੪॥ ਤੈਸੇ ਸਾਤ ਸੀਸ ਨਿਜ ਦੇਵੋਂ। ਤਉ ਪਾਤਸ਼ਾਹੀ ਇਨ ਤੇ ਲੇਵੋਂ॥੧੨੩॥ ਜਨਮਸਾਖੀ ਵਾਲਿਆਂ ਨੇ ਇਹ ਕਥਾ ਬਾਬਰ ਨਾਲ ਜੋੜ ਦਿੱਤੀ ਜੋ ਤੈਮੂਰ ਤੋਂ ਛੇਵੀਂ ਪੀੜੀ ਸੀ। ਕੀ ਦੂਰ ਅੰਦੇਸ਼ ਗੁਰੂ ਜੀ ਸੱਤ ਮੁੱਠਾਂ ਭੰਗ ਦੇ ਭਾੜੇ ਪਾਤਸ਼ਾਹੀ ਦੇ, ਫਿਰ ਸੱਤ ਸਿਰ ਦੇ ਕੇ ਲੈਣਗੇ ਇਸ 'ਚ ਗੁਰੂ ਜੀ ਨੂੰ ਨਸ਼ਈ ਤੇ ਮੂਰਖ ਦਿਖਾਇਆ ਹੈ? ਸੰਤੋਖ ਸਿੰਘ ਲਿਖਦਾ ਹੈ ਕਿ ਜਦ ਗੁਰੂ ਅਰਜਨ ਸਾਹਿਬ ਬੀੜ ਤਿਆਰ ਕਰਵਾ ਰਹੇ ਸਨ ਤਦ ਗੁਪਤ ਰੂਪ 'ਚ ਭਗਤ ਬਾਣੀ ਦਰਜ ਕਰਵਾਉਣ ਆਏ ਜਿੰਨ੍ਹਾਂ ਨੂੰ ਭਾਈ ਗੁਰਦਾਸ ਵੀ ਨਾ ਦੇਖ ਸੱਕੇ(ਗੁਰੁ ਪ੍ਰਤਾਪ ਸੂਰਜ ਰਾਸ ੩ ਅਧਿਆਇ ੪੨) ਟਿਪਣੀ-ਪਰ ਜੋ ਪੋਥੀਆਂ ਗੁਰੂ ਜੀ ਮੋਹਨ ਜੀ ਪਾਸੋਂ ਲੈ ਕੇ ਆਏ ਸਨ ਉਨ੍ਹਾਂ 'ਚ ਭਗਤ ਬਾਣੀ ਪਹਿਲੇ ਹੀ ਦਰਜ ਸੀ ਜੋ ਗੁਰੂ ਨਾਨਕ ਸਾਹਿਬ ਨੂੰ ਪ੍ਰਚਾਰਕ ਫੇਰੀਆਂ ਵੇਲੇ ਭਗਤਾਂ ਤੇ ਉਨ੍ਹਾਂ ਦੇ ਅਨੁਯਾਈਆਂ ਤੋਂ ਪ੍ਰਾਪਤ ਹੋਈ ਸੀ।
ਗੁਰ ਪ੍ਰਤਾਪ ਸੂਰਜ 'ਚ ਲਿਖਿਆ ਹੈ ਕਿ ਬ੍ਰਹਮਾਂ ਅਤੇ ਵੇਦ ਸਰਾਪ ਦੇ ਕਾਰਣ ਮਨੁੱਖ ਦੇਹ ਵਿੱਚ ਭੱਟ ਹੋ ਕੇ, ਗੁਰੂ ਅਰਜਨ ਜੀ ਪਾਸ ਆਏ- ਇਕ ਇਕ ਬੇਦ ਚਤੁਰ ਬਪੁ ਧਾਰੇ-ਪੂਰਬ ਸ਼ਯਾਮ ਬੇਦ ਕੇ ਇਹ ਭੇ ਮਥੁਰਾ, ਜਾਲਪ, ਬੱਲ, ਹਰਬੰਸ। ਪੁੰਨ ਰਿਗਵੇਦ ਕਲਯ, ਜੱਲ, ਨੱਲ ਤੈ ਕਲਸਹਾਰ ਚੌਥੇ ਗਿਨਿ ਅੰਸ। ਭਏ ਜੁਜਰ ਕੇ ਟੱਲ, ਸੱਲ ਪੁਨਿ ਮੱਲ, ਭੱਲ ਉਪਜੇ ਦਿਜ ਬੰਸ॥੧੦॥ ਬਹੁਰ ਅਥਰਬਣ, ਦਾਸ ਅਰ ਕੀਰਤਿ ਮਨਿ ਗਇੰਦ ਸਦਰੰਗ ਸੁ ਚਾਰ। ਕਲਲਾਸਨ ਕਉ ਭਿੱਖਾ ਨਾਮ ਸੁ ਇਹ ਸਭ ਤੇ ਭਾ ਅਦਿਕ ਉਦਾਰ।(ਗੁ,ਪ੍ਰ.ਸੂ, ਰਾਸ-੩ ਅੰਸੂ-੪੮) ਇਵੇਂ ਹੀ ਰਾਗਾਂ ਬਾਰੇ ਲਿਖਿਆ ਹੈ ਕਿ ਉਹ ਦੇਹ ਧਾਰ ਕੇ ਆਏ, ਉਨ੍ਹਾਂ ਦੀ ਬੇਨਤੀ ਮੰਨ "ਰਾਗਮਾਲਾ" ਰਚੀ। ਭਾਈ ਕਾਨ੍ਹ ਸਿੰਘ ਇਸ ਤੇ ਟਿਪਣੀ ਕਰਦੇ ਲਿਖਦੇ ਹਨ ਕਿ ਰਾਗ ਇਕ ਸਵਰ ਰਚਨਾ ਕਾਵਿ ਬੰਦਸ਼ ਹੈ ਨਾ ਕਿ ਮਨੁੱਖਾ ਸਰੀਰ।
ਕਵੀ ਸੰਤੋਖ ਸਿੰਘ ਇਕ ਥਾਂ ਲਿਖਦੇ ਹਨ ਕਿ-ਸਤਿਗੁਰ ਕੀ ਮਰਜੀ ਲਈ ਬਿਸ਼ਨ ਸਿੰਘ ਮਹੀਪਾਲ।ਕਰਯੋ ਕੂਚ ਆਗੈ ਚਲਯੋ ਲਖਹਿ ਮੁਹਿਮ ਬਿਸਾਲ। (ਗੁ. ਪ੍ਰ,ਸੂ ਰਾਸ ੧੩, ਅੰਸੂ ੩) ਪਰ ਇਹ ਗਪੌੜ ਹੈ ਕਿਉਂਕਿ ਰਾਜਾ ਬਿਸਨ ਸਿੰਘ ਗੁਰੂ ਤੇਗ ਬਹਾਦਰ ਦੇ ਕਾਮਰੂਪ (ਅਸਾਮ) ਜਾਣ ਸਮੇ ਜੰਮਿਆ ਵੀ ਨਹੀਂ ਸੀ। ਮਿਰਜਾ ਜੈ ਸਿੰਘ ਪਿਛੋ ਰਾਮ ਸਿੰਘ ਗੱਦੀ ਤੇ ਬੈਠਾ ਬਾਦਸ਼ਾਹ ਵੱਲੋਂ ਇਸ ਨੂੰ "ਚਾਰ ਹਜਾਰੀ" ਦਾ ਖਿਤਾਬ ਮਿਲਿਆ ਤੇ ਅਸਾਮ ਦੀ ਮੁਹਿਮ ਤੇ ਭੇਜਿਆ। ਨੌਵੇਂ ਗੁਰੂ ਨੂੰ ਇਹ ਨਾਲ ਲੈ ਗਿਆ। ਰਾਜਾ ਰਾਮ ਸਿੰਹ ਦੇ ਮਰਣ ਪਿੱਛੋਂ ਬਿਸ਼ਨ ਸਿੰਹ ਗੱਦੀ ਤੇ ਬੈਠਾ(ਕਰਨਲ ਜੈਮਲ ਟਾਡ) ਹੋਰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਵਜ਼ੀਰ ਖਾਂ ਨੂੰ ਸੰਤੋਖ ਸਿੰਘ ਵਜ਼ੀਦ ਖਾਂ ਲਿਖਦਾ ਹੈ-ਖਾਨ ਵਜੀਦੇ ਨੈਨ ਤਰੇਰੇ। ਡਰਤਿ ਨਹੀਂ ਕਿਮ ਕਹੈ ਕਰੇਰੇ।ਇਨ ਕਉ ਅਬ ਦੈ ਹੈਂ ਮਰਵਾਇ।(ਗੁ. ਪ੍ਰ. ਸੂ, ਰੁਤਿ ੬ ਅੰਸੂ ੫੧) ਇਸੇ ਸੂਰਜ ਪ੍ਰਕਾਸ਼ ‘ਚ ਮਾਈ ਭਾਗੋ ਨੂੰ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਨਾਲ ਮਸਤੀ ‘ਚ ਆ ਅਲਫ ਨੰਗੀ ਰਹਿੰਦੀ ਦਰਸਾਇਆ ਹੈ।
ਯੁਕਤੀ ਵਿਰੁੱਧ- ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ॥ ਦੇ ਗਲਤ ਅਰਥ ਕਿ ਗੁਰੂ ਨਾਨਕ "ਕੀੜ ਨਗਰ" ਗਏ ਓਥੇ ਕੀੜਿਆ ਦਾ ਹੀ ਰਾਜ ਸੀ। ਗੁਰੂ ਜੀ ਤੋਂ ਸਿਖਾਂ ਨੇ ਕੁੰਭ ਦਾ ਮਹਾਤਮ ਪੁੱਛਿਆ ਤਾਂ ਗੁਰੂ ਨੇ ਫੁਰਮਾਇਆ-ਕੁੰਭੇ ਬਧਾ ਜਲ ਰਹੈ ਜਲ ਬਿਨੁ ਕੁੰਭੁ ਨ ਹੋਇ॥(ਮ:੧-੪੬੯) ਮੱਕੇ 'ਚ ਵਿਸ਼ਨੂੰ ਦੀ ਮੂਰਤੀ ਮੂਧੀ ਪਈ ਸੀ ਜੋ ਗੁਰੂ ਸਾਹਿਬ ਨੇ ਸਿੱਧੀ ਕੀਤੀ। ਇੱਥੇ ਗੁਰੂ ਜੀ ਨੂੰ ਮੂਰਤੀ ਪੂਜਕ ਬਣਾਇਆ ਗਿਆ। ਭਾਈ ਕਾਨ੍ਹ ਸਿਖ ਲਿਖਦੇ ਹਨ ਕਿ ਹੁਣ ਪਤਾ ਨਹੀਂ ਉਹ ਮੂਰਤੀ ਕਵੀ ਦੇ ਘਰ ਹੈ ਜਾਂ ਮੱਕੇ ਵਿੱਚ ਹੀ ਫੇਰ ਮੂਧੀ ਪਈ ਹੈ? ਗੁਰੂ ਸਾਹਿਬ ਨੇ ਕਿਹਾ ਕਿ ਮੁਸਲਮਾਨ ਸੂਰ ਇਸ ਕਰਕੇ ਨਹੀਂ ਖਾਂਦੇ ਕਿ ਵਿਸ਼ਨੂੰ ਨੇ ਵੈਰਾਹ ਅਵਤਾਰ ਧਾਰਨ ਕੀਤਾ ਸੀ ਕਿੰਨਾਂ ਝੂਠ ਹੈ ਜਦ ਕਿ ਮੁਸਲਿਮ ਕਲਪਿਤ ਹਿੰਦੂ ਅਵਤਾਰਾਂ ਨੂੰ ਨਹੀਂ ਮੰਨਦੇ।
ਸੂਰਜ ਪ੍ਰਕਾਸ਼ ਗ੍ਰੰਥ ਬਾਰੇ ਪ੍ਰਸਿੱਧ ਮਿਸ਼ਨਰੀ ਵਿਦਵਾਨ ਭਾਈ ਪ੍ਰਕਾਸ਼ ਸਿੰਘ ਫੀਰੋਜਪੁਰੀ ਦੇ ਵਿਚਾਰ ਜੋ ਉਨ੍ਹਾਂ ਨੇ ਫੇਸ ਬੁੱਕ ਤੇ ਪਾਏ ਸਨ- ਸੂਰਜ ਪ੍ਰਕਾਸ਼ (ਗੁਰ ਪ੍ਰਤਾਪ ਸੂਰਜ ਗ੍ਰੰਥ) ਮਨਘੜਤ 'ਕੂੜ ਕਬਾੜ ਕਹਾਣੀਆਂ ਨਾਲ ਭਰਿਆ ਹੋਇਆ ਹੈ। ਕਵੀ ਸੰਤੋਖ ਸਿੰਘ ਮਨਘੜਤ ਕਹਾਣੀ ਨੂੰ ਰੌਚਿਕ ਬਣਾਉਂਦਾ ਹੈ। ਗੁਰੂ ਸਾਹਿਬਾਂ ਨਾਲ ਬਹੁਤ ਗਲਤ ਕਹਾਣੀਆਂ ਜੋੜਦਾ ਹੈ। ਕਦੇ ਗੁਰੂ ਨਾਨਕ ਜੀ ਨੂੰ ਜਨੇਊ ਪਵਾਉਂਦਾ ਹੈ। ਕਦੇ ਬਾਲਕ ਹਰਗੋਬਿੰਦ ਸਾਹਿਬ ਜੀ ਦੇ ਚੇਚਕ ਜਾ ਸੀਤਲਾ ਹੋਣ ਤੇ ਗੁਰੂ ਅਰਜਨ ਸਾਹਿਬ ਜੀ ਨੇ ਦੇਵੀ ਪੂਜਾ ਕੀਤੀ। ਕਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਨੈਣਾਂ ਦੇਵੀ ਦੀ ਪੂਜਾ, ਕਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਫੀਮ ਤੇ ਭੰਗ ਤੱਕ ਦੇ ਨਸ਼ੇ ਕਰਨ ਵਾਲਾ ਲਿਖਦਾ ਹੈ! ਦਸੋ ਇਹੋ ਜਿਹੀ ਰਚਨਾ ਨੂੰ ਇਤਿਹਾਸ ਕਿਵੇਂ ਮੰਨ ਲਯੀਏ??? ਥਾਂ ਥਾਂ ਤੇ ਲਿਖਦਾ ਹੈ ਕਿ ਗੁਰੂ ਸਾਹਿਬ ਜੀ ਮਨ ਵਿੱਚ ਏਦਾਂ ਸੋਚ ਰਹੇ ਨੇ! ਕੀ ਉਹ ੧੫੦ ਸਾਲ ਬਾਅਦ ਗੁਰੂ ਸਾਹਿਬ ਜੀ ਦੇ ਮਨ ਵਿੱਚ ਵੜ ਕੇ ਦੇਖਦਾ ਸੀ ਕਿ ਗੁਰੂ ਸਾਹਿਬ ਜੀ ਕੀ ਸੋਚ ਰਹੇ ਨੇ?
ਨੋਟ- ਅਖੌਤੀ ਸੂਰਕ ਪ੍ਰਕਾਸ਼ ਵਿੱਚ ਜਾਤ-ਪਾਤ, ਛੂਆ-ਛਾਤ, ਵਰਣਵੰਡ, ਦੇਵੀ ਦੇਵਤੇ, ਕੁਲਾਂ ਨੂੰ ਮਹਾਨਤਾ, ਬ੍ਰਾਹਮਣੀ ਕਰਮਕਾਂਡ, ਅੰਧਵਿਸ਼ਵਾਸ਼, ਡੇਰੇ ਸੰਪ੍ਰਦਾਵਾਂ, ਗੁਰੂ ਸਾਹਿਬਾਨਾਂ ਦੇ ਬੇਦੀ ਰੀਤੀਆਂ ਨਾਲ ਜਨਮ, ਵਿਆਹਾ ਤੇ ਮਰਨ, ਮੱਸਿਆ, ਪੁੰਨਿਆਂ, ਸੰਗ੍ਰਾਂਦਾਂ, ਪੰਚਕਾਂ, ਦਿਸ਼ਾ ਭਰਮ, ਧਰਤੀ ਸੁੱਤੀ, ਕੰਨਿਆਂ ਦਾਨ, ਔਰਤ ਸ਼ੂਦਰ, ਚੌਥੇ ਪੌੜੇ, ਰੁੱਖਾਂ, ਬਿਰਖਾਂ, ਅੱਗ, ਪੌਣ, ਪਾਣੀ, ਸਰੋਵਰਾਂ, ਮੜੀ ਮੱਠ, ਜਠੇਰੇ ਆਦਿ ਪੂਜਨ, ਬ੍ਰਾਹਮਣ ਤੋਂ ਚੰਗੇ ਮਾੜੇ ਦਿਨਾਂ ਬਾਰੇ ਪੁੱਛਣ, ਸਾਹੇ-ਮਹੂਰਤਾਂ ਕਢਾਉਣ, ਤੰਤ੍ਰ, ਮੰਤ੍ਰ, ਜੰਤ੍ਰ ਜਾਪਾਂ, ਤਰ੍ਹਾਂ ਤਰ੍ਹਾਂ ਦੇ ਸੰਪਟ ਆਦਿਕ ਪਾਠਾਂ, ਧੂਪਾਂ, ਦੀਪਾਂ, ਸਮੱਗਰੀਆਂ, ਭੂਤਾਂ-ਪ੍ਰੇਤਾਂ, ਕਰਾਮਾਤਾਂ, ਅਣਹੋਣੀਆਂ ਬਾਤਾਂ, ਭੇਖਾਂ, ਨਸ਼ਿਆਂ, ਸਾਧਾਂ, ਸੰਤਾਂ, ਸੰਪ੍ਰਦਾਈ ਡੇਰੇਦਾਰਾਂ ਨੂੰ ਬੜਾਵਾ ਦਿੰਦੇ ਗੁਰਬਾਣੀ ਦੇ ਅਰਥ ਵੀ ਸਨਾਤਨਤਾ ਦੇ ਅਧਾਰ ਤੇ ਕਰਦੇ ਪੂਰੀ ਸੰਪ੍ਰਦਾਈ ਰੰਗਤ ਦਿੱਤੀ ਗਈ ਹੈ। ਹੋਰ ਵੀ ਬਹੁਤ ਕੁਝ ਹੈ ਜੋ ਇਨਸਾਨੀਅਤ ਅਤੇ ਸਿੱਖੀ ਦੇ ਵਿਰੁੱਧ ਹੈ। ਇਸ ਲਈ ਇਹ ਨਾਂ ਦਾ ਹੀ “ਸੂਰਜ ਪ੍ਰਕਾਸ਼” ਹੈ ਇਸ ਨੂੰ ਤਾਂ ਸਗੋਂ “ਅੰਧੇਰ ਫੈਲਾਸ਼” ਕਹਿਣਾ ਜਿਆਦਾ ਢੁੱਕਦਾ ਹੈ। ਇਸ ਗ੍ਰੰਥ ਦਾ ਪੂਰਾ ਨਾਂ ਤਾਂ "ਗੁਰ ਪ੍ਰਤਾਪ ਸੂਰਜ" ਹੈ ਪਰ ਆਮ ਕਥਾਵਾਚਕਾਂ ਨੇ "ਸੂਰਜ ਪ੍ਰਕਾਸ਼" ਮਸ਼ਹੂਰ ਕਰ ਦਿਤਾ ਹੈ। ਬਹੁਤੇ ਵਿਦਵਾਨ ਕਥਾਵਾਚਕ ਇਸ ਦੀਆਂ ਖਾਂਮੀਆਂ ਨੂੰ ਜਣਦੇ ਬੁਝਦੇ ਵੀ ਸੰਗਤਾਂ 'ਚ ਨਸ਼ਰ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਦੀ ਰੋਜੀ ਰੋਟੀ ਇਸ ਦੀ ਕਥਾ ਨਾਲ ਜੁੜੀ ਹੋਈ ਹੈ।
ਸ਼੍ਰੋਮਣੀ ਕਮੇਟੀ ਜੋ ਸਿੱਖਾਂ ਦੀ ਪ੍ਰਮੁੱਖ ਸੰਸਥਾ ਮੰਨੀ ਜਾਂਦੀ ਹੈ ਜਿਸ ਨੇ ਗ੍ਰੰਥਾਂ 'ਚ ਮਨਮੱਤਾਂ, ਅੰਧਵਿਸ਼ਵਾਸ਼ਾਂ, ਜਾਤ-ਪਾਤ, ਬ੍ਰਾਹਮਣੀ ਰਹੁ ਰੀਤਾਂ ਬ੍ਰਾਂਹਮਣਵਾਦ ਬਲਕਿ ਉਪ੍ਰੋਕਤ ਬਿਆਨ ਕੀਤੇ ਗਏ ਕੂੜ-ਕਬਾੜ ਨੂੰ ਇਤਿਹਾਸਕ ਗ੍ਰੰਥਾਂ ਚੋਂ ਕੱਢਣਾ ਸੀ ਉਹ ਚੋਰ ਤੇ ਕੁੱਤੀ ਰਲ ਜਾਣ ਵਾਂਗ ਬਾਦਲੀ ਬ੍ਰਾਹਮਣਾਂ ਤੇ ਧੁੰਮੇ ਵਰਗੇ ਡੇਰੇਦਾਰ ਸੰਪ੍ਰਦਾਈ ਸਾਧਾਂ ਸੰਤਾਂ ਨਾਲ ਰਲ ਚੁੱਕੀ ਹੈ। ਇਸ ਦੀ ਦੇਖ ਰੇਖ ਵਿੱਚ ਇਤਿਹਾਸਕ ਤੇ ਗੁਰਬਾਣੀ ਦੇ ਪੁਰਾਤਨ ਗ੍ਰੰਥ ਸਸਕਾਰ ਦੇ ਨਾਂ ਤੇ ਸਾੜੇ ਜਾ ਰਹੇ ਹਨ। ਇਤਿਹਾਸਕ ਇਮਾਰਤਾਂ ਸੋਮਿਆਂ ਨੂੰ “ਮਾਰ ਸੇਵਾ” ਨਾਲ ਆਏ ਦਿਨ ਤੋੜਿਆ ਜਾ ਰਿਹਾ ਹੈ। ਜੇ ਕੋਈ ਪ੍ਰਚਾਰਕ ਹੌਂਸਲਾ ਕਰਕੇ "ਸ਼ਬਦ ਗੁਰੂ ਗ੍ਰੰਥ" ਦੀ ਸਿਧਾਂਤਕ ਕਸਵੱਟੀ ਤੇ ਅਖੌਤੀ ਸੰਤਾਂ ਤੇ ਗ੍ਰੰਥਾਂ ਦੇ ਕੂੜ ਕਬਾੜ ਨੂੰ ਗ੍ਰੰਥਾਂ ਚੋਂ ਕੱਢਣ ਦੀ ਗੱਲ ਕਰਦੈ ਤਾਂ ਉਸ ਨੂੰ ਪੰਥ ਚੋਂ ਛੇਕਣ ਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਹੁਣ ਇਲੈਕਟ੍ਰੌਣਿਕ ਮੀਡੀਏ ਕਰਕੇ ਆਮ ਜਨਤਾ ਨੂੰ ਵੀ ਇਨ੍ਹਾਂ ਅਖੌਤੀ ਸੰਤਾਂ ਤੇ ਗ੍ਰੰਥਾਂ 'ਚ ਰਲੇ ਜਾਂ ਰਲਾ ਦਿੱਤੇ ਗਏ ਜ਼ਹਿਰ ਦਾ ਪਤਾ ਲੱਗ ਰਿਹਾ ਹੈ ਜੋ ਪਹਿਲੇ ਕਥਾਕਾਰ, ਸੰਤ, ਮਹੰਤ ਤੇ ਪ੍ਰਚਾਰਕ ਗੋਲ ਮੋਲ ਕਰ ਜਾਂਦੇ ਸਨ।
ਨੋਟ- “ਗੁਰ-ਪ੍ਰਾਤਪ” ਤਾਂ ਗੁਰੂ ਦੇ ਗ੍ਰੰਥ "ਸ਼ਬਦ ਗੁਰੂ ਗ੍ਰੰਥ" ਵਿੱਚ ਹੀ ਹੈ ਨਾ ਕਿ “ਗੁਰ ਪ੍ਰਤਾਪ ਸੂਰਜ” ਵਿੱਚ ਜੋ ਸੰਪਰਦਾਈ ਕਵੀ ਸੰਤੋਖ ਸਿੰਘ ਦਾ ਬ੍ਰਾਹਮਣਾ ਦੀ ਦੇਖ ਰੇਖ ਤੇ ਰੰਗਤ 'ਚ ਲਿਖਿਆ ਗਿਆ ਹੈ। ਜੇ ਅਜੇ ਵੀ ਇਨ੍ਹਾਂ ਗ੍ਰੰਥਾਂ 'ਚ ਕੁਝ ਚੰਗਾ ਲਗਦਾ ਹੈ ਤਾਂ ਫੌਰੀ ਕੂੜ ਕਬਾੜ ਕੱਢ ਕੇ ਸਾਂਭ ਲੈਣਾ ਚਾਹੀਦਾ ਹੈ। ਇਸ ਲਈ "ਸ਼ਬਦ ਗੁਰੂ ਗ੍ਰੰਥ" ਨੂੰ ਅਧਾਰ ਬਣਾ ਕੇ ਸਿਰ ਜੋੜਨ ਦੀ ਲੋੜ ਹੈ ਨਾ ਕਿ ਸੀਨਾ ਬਸੀਨਾਂ ਚੱਲ ਰਹੀਆਂ ਸੰਪ੍ਰਦਾਵਾਂ ਦੀ ਆਪੂੰ ਬਣਾਈ ਕਰਮਕਾਂਡੀ ਮਰਯਾਦਾ ਤੇ ਇਨ੍ਹਾਂ ਦੇ ਗੱਪ ਗ੍ਰੰਥਾਂ ਨੂੰ ਅਧਾਰ ਬਣਾ ਕੇ!
ਸ਼ੁਕਰ ਹੈ ਹੁਣ ਅਨੰਦਪੁਰ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਹੈ ਕਿ ਮਰੀ ਬਿੱਲੀ ਖੂਹ ਚੋਂ ਕੱਢ ਦੇਣੀ ਚਾਹੀਦੀ ਹੈ। ਚੱਲੋ ਜੇ ਇਕ ਮਰੀ ਬਿੱਲੀ ਡਿੱਗੀ ਹੋਵੇ ਤਾਂ ਕੱਢਣ ਨਾਲ ਸ਼ਾਇਦ ਕਿਸੇ ਤਰੀਕੇ ਪਾਣੀ ਸਾਫ ਕਰਕੇ ਪੀਣਯੋਗ ਹੋ ਜਾਵੇ, ਪਰ ਜਿੱਥੇ ਬਹੁਤ ਸਾਰੀਆਂ ਮਰੀਆਂ ਬਿੱਲੀਆਂ ਡਿੱਗੀਆਂ ਹੋਣ ਉਹ ਪਾਣੀ ਤਾਂ ਕਦਾਚਿਤ ਵੀ ਪੀਣ ਯੋਗ ਨਹੀਂ ਹੋ ਸਕਦਾ ਸਗੋਂ ਕਈ ਬੀਮਾਰੀਆਂ ਪੈਦਾ ਕਰਦਾ ਹੈ। ਚੰਗਾ ਇਹ ਹੀ ਹੈ ਕਿ ਜਾਂ ਤਾਂ ਵੱਢੀ ਪੱਧਰ 'ਤੇ ਫੌਰਨ ਇਤਿਹਾਸ ਰੂਪ ਖੂਹ ਚੋਂ ਸਮੁੱਚਾ ਗੰਦ ਮੰਦ ਕੱਢ ਦਿਤਾ ਜਾਵੇ ਜਾਂ ਇਨ੍ਹਾਂ ਸਭ ਮਿਲਾਵਟ ਵਾਲੇ ਗ੍ਰੰਥਾਂ ਨੂੰ ਸੋਧ ਕੇ, ਨਵੇਂ ਸਿਰਿਓਂ ਛੰਦਾ ਬੰਦੀ ‘ਚ ਸੱਚਾ ਤੇ ਰੌਚਕ ਇਤਿਹਾਸ ਲਿਖਿਆ ਜਾਵੇ ਜਿਨਾਂ ਚਿਰ ਨਹੀਂ ਲਿਖਿਆ ਜਾਂਦਾ ਓਨਾਂ ਚਿਰ ਇਨ੍ਹਾਂ ਮਿਲਾਵਟੀ ਗ੍ਰੰਥਾ ਦੀ ਕਥਾ ਕਰਨੀ ਬੰਦ ਕੀਤੀ ਜਾਵੇ। ਸੋਧੇ ਤੇ ਨਵੇਂ ਲਿਖੇ ਗ੍ਰੰਥਾਂ ਦਾ ਨਾਂ “ਨਵੀਨ ਗੁਰ ਪ੍ਰਤਾਪ ਸੂਰਜ” ਰੱਖ ਦਿੱਤਾ ਜਾਵੇ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨਾਂ ਆਰ. ਐੱਸ. ਐੱਸ ਤੇ ਭਾਜਪਾ ਵੱਲੋਂ ਵਿਸ਼ਨੂੰ ਮੰਦਰ ਜਾਂ ਵਿਸ਼ਨੂੰ ਦਰਬਾਰ ਰੱਖ ਦਿੱਤਾ ਜਾਵੇ ਕਿਉਂਕਿ “ਗੁਰ ਪ੍ਰਤਾਪ ਸੂਰਜ” ਵਿੱਚ ਕਵੀ ਸੰਤੋਖ ਸਿੰਘ ਲਿਖਦਾ ਹੈ ਕਿ ਇਸ ਨੂੰ ਵਿਸ਼ਨੂੰ ਨੇ ਆਪ ਗੁਰੂ ਨਾਨਕ ਦੇ ਜਾਮੇ ਦੇ ਗੁਰੂਆਂ ਵਿੱਚ ਆ ਕੇ ਬਣਵਾਇਆ ਤੇ ਗੁਰੂ ਨਾਨਕ ਵੀ ਵਿਸ਼ਨੂੰ ਦੇ ਅਵਤਾਰ ਸਨ।
ਹੁਣ ਮੀਡੀਏ ‘ਚ ਆ ਜਾਣ ਕਰਕੇ ਆਮ ਲੋਕਾਂ ਨੂੰ ਵੀ ਪਤਾ ਲੱਗ ਗਿਆ ਹੈ ਜੋ ਅਖੌਤੀ ਸਾਧਾਂ, ਸੰਤਾਂ, ਕਥਾਕਾਰਾਂ, ਪ੍ਰਚਾਰਕਾਂ ਤੇ ਪ੍ਰਬੰਧਕਾਂ ਕੇ ਲੁਕਾ ਕੇ ਜਾਂ ਗੋਲ-ਮੋਲ ਕਰਕੇ ਰੱਖਿਆ ਹੋਇਆ ਸੀ। ਇਸ ਲੇਖ ਨੂੰ ਪੜ੍ਹਨ, ਵਿਚਾਰਨ, ਵੰਡਣ ਅਤੇ ਅਖਬਾਰਾਂ ‘ਚ ਛਾਪਣ ਵਾਲੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਨ।
ਅਵਤਾਰ ਸਿੰਘ ਮਿਸ਼ਨਰੀ
ਗੁਰ ਪ੍ਰਤਾਪ ਸੂਰਜ ਬਾਰੇ ਸੰਖੇਪ ਤੇ ਅਹਿਮ
Page Visitors: 2562