ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਮੇਲ)- ਇਸ ਵਾਰ ਦੁਸਹਿਰਾ 8 ਅਕਤੂਬਰ ਦਾ ਹੈ। ਲੋਕ ਆਮ ਵਾਂਗ ਇਸ ਤਿਉਹਾਰ ਦੀਆਂ ਤਿਆਰੀਆਂ ਕਰ ਰਹੇ ਹਨ। ਪਰ ਪਿਛਲੇ ਸਾਲ 19 ਅਕਤੂਬਰ ਨੂੰ ਅੰਮ੍ਰਿਤਸਰ ’ਚ ਜੌੜੇ ਫਾਟਕ ਲਾਗੇ ਧੋਬੀ ਘਾਟ ਸਥਿਤ ਦੁਸਹਿਰਾ ਦਾ ਤਿਉਹਾਰ ਕਾਫ਼ੀ ਦੁਖਦਾਈ ਰਿਹਾ ਸੀ। ਉਸੇ ਦਿਨ ਰਾਵਣ ਦਾ ਪੁਤਲਾ ਫੁਕਦਾ ਵੇਖਣ ਲਈ ਰੇਲ–ਗੱਡੀ ਦੀ ਪਟੜੀ ’ਤੇ ਖੜ੍ਹੇ ਸੈਂਕੜੇ ਵਿਅਕਤੀਆਂ ਉੱਤੇ ਇੱਕ ਰੇਲ ਆਣ ਚੜ੍ਹੀ ਸੀ ਤੇ ਉੱਥੇ ਅੱਖ ਦੇ ਫੋਰ ਵਿੱਚ ਹੀ 61 ਲਾਸ਼ਾਂ ਵਿਛ ਗਈਆਂ ਸਨ ਤੇ 100 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਪੂਰਾ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਉਸ ਰੇਲ ਹਾਦਸੇ ਦੇ ਪੀੜਤਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਹਾਲੇ ਤੱਕ ਇੱਕ ਵੀ ਵਿਅਕਤੀ ਵਿਰੁੱਧ ਦੋਸ਼ ਆਇਦ ਨਹੀਂ ਹੋ ਸਕੇ ਹਨ।
ਇਸ ਰੇਲ ਹਾਦਸੇ ਲਈ ਜ਼ਿੰਮੇਵਾਰੀ ਤੈਅ ਕਰਨ ਵਾਸੇ ਹੁਣ ਤੱਕ ਤਿੰਨ ਜਾਂਚਾਂ ਹੋ ਚੁੱਕੀਆਂ ਹਨ। ਦੋ ਜਾਂਚਾਂ ਮੁਕੰਮਲ ਹੋ ਗਈਆਂ ਹਨ; ਜਦ ਕਿ ਇੱਕ ਜਾਂਚ ਹਾਲੇ ਚੱਲ ਰਹੀ ਹੈ। ਪਹਿਲੀ ਜਾਂਚ ਰੇਲਵੇ ਸੁਰੱਖਿਆ ਕਮਿਸ਼ਨਰ (ਸੀ.ਆਰ.ਐੱਸ.) ਐੱਸਕੇ ਪਾਠਕ ਨੇ ਕੀਤੀ ਸੀ। ਦੂਜੀ ਜਾਂਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ’ਤੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਨੇ ਕੀਤੀ ਸੀ।
ਤੀਜੀ ਜਾਂਚ ਹਾਲੇ ਸਰਕਾਰੀ ਰੇਲਵੇ ਪੁਲਿਸ (ਜੀ.ਆਰ.ਪੀ.) ਵੱਲੋਂ ਕੀਤੀ ਜਾ ਰਹੀ ਹੈ। ਇਸੇ ਜਾਂਚ ਦੌਰਾਨ ਅੰਮ੍ਰਿਤਸਰ ਰੇਲ ਦੁਖਾਂਤ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਇੱਕ ‘ਵਿਸ਼ੇਸ਼ ਜਾਂਚ ਟੀਮ’ (ਸਿੱਟ) ਵੀ ਕਾਇਮ ਕੀਤੀ ਗਈ ਸੀ ਪਰ ਹਾਲੇ ਤੱਕ ਕੁਝ ਵੀ ਨਹੀਂ ਹੋਇਆ।
ਡੀਐੱਸਪੀ ਸ੍ਰੀ ਬਲਰਾਜ ਸਿੰਘ ਨੇ ਦੱਸਿਆ ਕਿ ਇੱਕ ਸਾਲ ਬਾਅਦ ਹਾਲੇ ਤੱਕ ਮ੍ਰਿਤਕਾਂ ਦੀਆਂ ਫ਼ਾਰੈਂਸਿਕ ਰਿਪੋਰਟਾਂ ਵੀ ਨਹੀਂ ਮਿਲੀਆਂ। ਸੈਂਪਲ ਤਦ ਵੱਖੋ–ਵੱਖਰੀਆਂ ਲੈਬਸ ਨੂੰ ਭੇਜੇ ਗਏ ਸਨ। ਉਹ ਰਿਪੋਰਟਾਂ ਆਉਣ ਤੋਂ ਬਾਅਦ ਹੀ ਜਾਂਚ ਮੁਕੰਮਲ ਹੋ ਸਕੇਗੀ।
ਏ.ਡੀ.ਜੀ.ਪੀ. ਰੇਲਵੇਜ਼ ਸੰਜੀਵ ਕਾਲੜਾ ਨੇ ਕਿਹਾ ਕਿ ਇਹ ਬਹੁਤ ਨਾਜ਼ੁਕ ਕਿਸਮ ਦਾ ਮਸਲਾ ਹੈ ਤੇ ਸਿੱਟ ਬਹੁਤ ਧਿਆਨ ਨਾਲ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਿੱਟ ਇੰਚਾਰਜ ਸ੍ਰੀ ਦਲਜੀਤ ਸਿੰਘ ਰਾਣਾ ਨੇ ਵਾਰ–ਵਾਰ ਕਾੱਲ ਕੀਤੇ ਜਾਣ ਦੇ ਬਾਵਜੂਦ ਫ਼ੋਨ ਨਹੀਂ ਚੁੱਕਿਆ। ਚੰਡੀਗੜ੍ਹ ਫ਼ਾਰੈਂਸਿਕ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਜਾਂਚ 20 ਦਿਨਾਂ ਵਿੱਚ ਮੁਕੰਮਲ ਹੋ ਜਾਵੇਗੀ।
ਪਹਿਲੀ ਜਾਂਚ ਵਿੱਚ ਰੇਲਵੇ ਮੁਲਾਜ਼ਮਾਂ ਨੂੰ ਲਾਪਰਵਾਹੀ ਦੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਮੈਜਿਸਟ੍ਰੇਟ ਦੀ ਜਾਂਚ ਦੌਰਾਨ ਜੌੜਾ ਫਾਟਕ ’ਤੇ ਉਸ ਵੇਲੇ ਤਾਇਨਾਤ ਗੇਟਮੈਨ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਗਿਆ ਸੀ।
ਇਤਹਾਸਕ ਝਰੋਖਾ
ਅੰਮ੍ਰਿਤਸਰ ਰੇਲ ਦੁਖਾਂਤ; ਇਕ ਸਾਲ ਪਿੱਛੋਂ ਵੀ ਕਿਸੇ ਵਿਰੁੱਧ ਨਹੀਂ ਹੋ ਸਕੇ ਦੋਸ਼ ਆਇਦ
Page Visitors: 2409
ਅੰਮ੍ਰਿਤਸਰ ਰੇਲ ਦੁਖਾਂਤ; ਇਕ ਸਾਲ ਪਿੱਛੋਂ ਵੀ ਕਿਸੇ ਵਿਰੁੱਧ ਨਹੀਂ ਹੋ ਸਕੇ ਦੋਸ਼ ਆਇਦ
October 06
17:25 2019