ਕੈਟੇਗਰੀ

ਤੁਹਾਡੀ ਰਾਇ

New Directory Entries


ਗੁਰਪ੍ਰੀਤ ਸਿੰਘ ਮੰਡਿਆਣੀ
ਕਿਸ ਤੋਂ ਖ਼ਤਰਾ ਹੈ ਪੰਜਾਬੀ ਨੂੰ.....?
ਕਿਸ ਤੋਂ ਖ਼ਤਰਾ ਹੈ ਪੰਜਾਬੀ ਨੂੰ.....?
Page Visitors: 2506

ਕਿਸ ਤੋਂ ਖ਼ਤਰਾ ਹੈ ਪੰਜਾਬੀ ਨੂੰ.....?
  ਨੋਟ : ਇਹ ਲੇਖ ਖੋਜੀ ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਮੰਡਿਆਣੀ ਵੱਲੋਂ ਸਾਲ 2003 'ਚ ਲਿਖਿਆ ਗਿਆ ਸੀ ਜੋ ਹੁਣ ਦੇ ਸਮੇਂ ਅਨੁਸਾਰ ਚੱਲ ਰਹੇ ਭਾਸ਼ਾ ਦੇ ਵਿਵਾਦ 'ਤੇ ਬਿਲਕੁਲ ਢੁਕਵਾਂ ਹੈ। ਮੰਡਿਆਣੀ ਨੇ ਇਸ ਲੇਖ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਪੰਜਾਬੀ ਦੇ ਲਫਜ਼ਾਂ 'ਤੇ ਹਿੰਦੀ ਦੀ ਰੰਗਤ ਨੂੰ ਚਾੜ੍ਹਿਆ ਜਾ ਰਿਹਾ ਹੈ। ਪੰਜਾਬੀ ਭਾਸ਼ਾ ਨੂੰ ਕਿਸ ਤੋਂ ਖਤਰਾ ਹੈ, ਇਸ ਬਾਰੇ ਗੁਰਪ੍ਰੀਤ ਸਿੰਘ ਮੰਡਿਆਣੀ ਦੇ ਲੜੀਵਾਰ ਲੇਖ ਸਾਂਝੇ ਕਰ ਰਹੇ ਹਾਂ। 

 ਤੇ ਹੁਣ ਤੁਸੀਂ ਹੇਠਾਂ ਪੜ੍ਹੋ, ਕਿਸ ਤੋਂ ਖ਼ਤਰਾ ਹੈ ਪੰਜਾਬੀ ਨੂੰ.....?

  ਸਾਡੇ ਬਜ਼ੁਰਗ ਕਹਿੰਦੇ ਆਏ ਨੇ ਕਿ ਜੇ ਕਿਸੇ ਝੂਠ ਨੂੰ ਸੌ ਵਾਰ ਬੋਲ ਦਿੱਤਾ ਜਾਵੇ ਤਾਂ ਉਹ ਸੱਚ ਬਣ ਜਾਂਦਾ ਹੈ। ਪਰ ਜੇ ਕਿਸੇ ਝੂਠ ਨੂੰ ਸੌ ਵਿਦਵਾਨ ਸੌ ਵਾਰੀ ਬੋਲ ਦੇਣ ਫੇਰ ਤਾਂ ਕੀ ਕਹਿਣਾ! ਛੋਟੀਆਂ ਜਮਾਤਾਂ ਵਿਚ ਅਸੀਂ ਪੜ੍ਹਦੇ ਹੁੰਦੇ ਸੀ ਕਿ ਇਕ ਵਾਰ ਕੋਈ ਬੰਦਾ ਬੱਕਰੀ ਦਾ ਮੇਮਣਾ ਕੁੱਛੜ ਚੁੱਕੀ ਜਾਂਦਾ ਸੀ, ਚਾਰ ਠੱਗਾਂ ਨੇ ਵਾਰੀ ਵਾਰੀ ਉਸ ਬੰਦੇ ਨੂੰ ਕਿਹਾ ਕਿ ਉਹ ਇਸ ਕਤੂਰੇ ਨੂੰ ਕੁੱਛੜ ਕਿਉਂ ਚੁੱਕੀ ਫਿਰਦਾ ਹੈ? ਤਾਂ ਉਸ ਬੰਦੇ ਨੇ ਸਚਮੁੱਚ ਹੀ ਮੇਮਣੇ ਨੂੰ ਕਤੂਰਾ ਸਮਝ ਲਿਆ ਅਤੇ ਉਸ ਨੂੰ ਕੁਛੜ ਵਿਚੋਂ ਵਗਾਹ ਮਾਰਿਆ। ਤੇ ਇਸ ਤਰ੍ਹਾਂ ਠੱਗਾਂ ਦੀ ਮੁਰਾਦ ਪੂਰੀ ਹੋਈ, ਉਹ ਮੇਮਣਾ ਚੁੱਕ ਕੇ ਤੁਰਦੇ ਬਣੇ।
  ਓ! ਭੋਲੇ ਪੰਜਾਬੀਓ, ਇਹੀ ਕੁਝ ਹੋ ਰਿਹਾ ਹੈ ਤੁਹਾਡੇ ਨਾਲ। ਥੋਡੀ ਪਿਆਰੀ ਬੋਲੀ ਦਿਨੋਂ ਦਿਨ ਖਤਮ ਹੋ ਰਹੀ ਹੈ। ਠੱਗ ਥੋਨੂੰ ਕਹਿੰਦੇ ਨੇ ਕਿ ਪੰਜਾਬੀ ਤਾਂ ਅੰਗਰੇਜ਼ੀ ਦੇ ਭਾਰ ਨਾਲ ਨਿੱਘਰਦੀ ਜਾ ਰਹੀ ਹੈ। ਪਰ ਸੱਚ ਇਹ ਹੈ ਕਿ ਪੰਜਾਬੀ 'ਤੇ ਹਿੰਦੀ ਦੀ ਪਿਓਂਦ ਚਾੜ੍ਹ ਦਿੱਤੀ ਹੈ, ਜਿਸ ਕਰਕੇ ਇਹ ਦਿਨੋਂ ਦਿਨ ਬਦਰੰਗ ਹੋ ਰਹੀ ਹੈ। ਇਹ ਪਿਓਂਦ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬੀ ਦੇ ਵਿਦਵਾਨਾਂ ਨੇ ਹੀ ਚੜ੍ਹਾਈ ਹੈ।
  ਦੁਨੀਆਂ ਵਿਚ ਚਲਾਕ ਹੁਕਮਰਾਨਾਂ ਦਾ ਇਕ ਆਮ ਫਾਰਮੂਲਾ ਹੈ ਕਿ ਜਿਸ ਕਿਸੇ ਕੌਮ ਨੂੰ ਜਾਂ ਉਸ ਕੌਮ ਦੀ ਬੋਲੀ ਅਤੇ ਸੱਭਿਆਚਾਰ ਨੂੰ ਢਾਹ ਲਾਉਣੀ ਹੋਵੇ ਤਾਂ ਉਸੇ ਵਰਗ ਵਿਚੋਂ ਹੀ ਮੋਹਰੇ ਬਣਾ ਕੇ ਇਸਤੇਮਾਲ ਕੀਤੇ ਜਾਂਦੇ ਹਨ।     ਇਸੇ ਫਾਰਮੂਲੇ ਦੇ ਤਹਿਤ ਪੰਜਾਬੀ ਦੇ ਇਨ੍ਹਾਂ ਵਿਦਵਾਨਾਂ ਨੇ ਪੰਜਾਬੀ ਨੂੰ ਖਤਮ ਕਰਨ ਦੀ ਡਿਊਟੀ ਸੰਭਾਲੀ ਹੋਈ ਹੈ। ਇਸ ਮਨਸੂਬੇ ਦੇ ਪਹਿਲੇ ਪੜਾਅ ਹੇਠ ਪੰਜਾਬੀ ਦੇ ਲਫਜ਼ਾਂ ਦੀ ਥਾਂ ਤੇ ਹਿੰਦੀ ਦੇ ਲਫਜ਼ ਫਿੱਟ ਕਰਨੇ ਅਤੇ ਦੂਜੇ ਪੜਾਅ ਵਿਚ ਪੰਜਾਬੀ ਦੀ ਲਿੱਪੀ ਗੁਰਮੁਖੀ ਤੋਂ ਦੇਵਨਾਗਰੀ ਕਰਕੇ ਪੰਜਾਬੀ ਦਾ ਮੁਕੰਮਲ ਭੋਗ ਪਾ ਦੇਣ ਦਾ ਪ੍ਰੋਗਰਾਮ ਹੈ।
ਪੰਜਾਬੀ ਬੋਲੀ ਦੇ ਕੌਣ ਖਿਲਾਫ ਹੈ?
  ਇਸਦੀ ਖਾਲਸਤਾ, ਇਸਦਾ ਟਕਸਾਲੀ ਰੂਪ ਕੀਹਨੂੰ ਚੁੱਭਦਾ ਹੈ। ਪੰਜਾਬੀ ਨੂੰ ਖਤਮ ਕਰਨ ਦੀ ਏਨੀ ਬਾਰੀਕੀ ਨਾਲ ਵਿਉਂਤਬੱਧ ਮੁਹਿੰਮ ਚਲਾਉਣ ਵਾਲਾ ਸਾਜ਼ਿਸ਼ੀ ਦਿਮਾਗ ਕੀਹਦਾ ਹੋ ਸਕਦਾ ਹੈ ? ਅਤੇ ਏਨੀ ਵੱਡੀ ਮੁਹਿੰਮ ਨੂੰ ਸਰ-ਅੰਜ਼ਾਮ ਦੇਣ ਵਾਲਾ ਤਾਣਾ ਬਾਣਾ ਕੀਹਦੇ ਕੋਲ ਹੋ ਸਕਦਾ ਹੈ ?
ਇਹ ਗੱਲ ਇਥੇ ਲਿਖਣ ਦੀ ਲੋੜ ਨਹੀਂ।
   ਪੰਜਾਬੀ ਵਿਰੋਧੀ ਇਨ੍ਹਾਂ ਤਾਕਤਾਂ ਦੇ ਮੋਹਰੇ ਬਣੇ ਹੋਏ ਨੇ ਸਾਡੇ ਵਿਦਵਾਨ/ਸਕਾਲਰ ਖਾਸ ਕਰ ਜਿਹੜੇ ਯੂਨੀਵਰਸਿਟੀਆਂ ਵਿਚ ਬੈਠੇ ਹੋਏ ਹਨ, ਇਹ ਵਿਦਵਾਨ ਨਿੱਤ ਨਵੇਂ ਹਿੰਦੀ ਦੇ ਲਫਜ਼ ਪੰਜਾਬੀ ਲਿਖਣ ਬੋਲਣ ਵੇਲੇ ਇਸਤੇਮਾਲ ਕਰਦੇ ਹਨ। ਇਨ੍ਹਾਂ ਦੇ ਚੇਲੇ ਇਨ੍ਹਾਂ ਨੂੰ ਅਖਬਾਰਾਂ ਰਾਹੀਂ ਸਾਡੇ ਸਾਹਮਣੇ ਰੱਖਦੇ ਹਨ ਜਿਸ ਨੂੰ ਦੇਖੋ ਦੇਖੀ ਅਸੀਂ ਸਾਰੇ ਉਨ੍ਹਾਂ ਦੇ ਪਿਛੇ ਲੱਗ ਤੁਰਦੇ ਹਾਂ। ਜਿਹੜਾ ਬੰਦਾ ਇਨ੍ਹਾਂ ਦੇ ਪਾਏ ਰਿਵਾਜ਼ ਅਨੁਸਾਰ ਉਹ ਹਿੰਦੀ ਦੇ ਲਫਜ਼ ਆਪਣੀ ਲਿਖਤ/ਬੋਲੀ ਵਿਚ ਨਾ ਵਰਤੇ ਉਸ ਨੂੰ ਉਜੱਡ, ਪੇਂਡੂ, ਗਵਾਰ ਪਤਾ ਨਹੀਂ ਹੋਰ ਕੀ ਕੀ ਆਖਿਆ ਜਾਂਦਾ ਹੈ।
   ਜਿਵੇਂ ਪੁਸ਼ਾਕ ਦਾ ਕੋਈ ਨਵਾਂ ਫੈਸ਼ਨ ਬਾਲੀਵੁੱਡ ਫਿਲਮ ਇੰਡਸਟਰੀ ਤੋਂ ਸ਼ੁਰੂ ਹੁੰਦਾ ਹੈ ਅਤੇ ਦੇਖੋ ਦੇਖੀ ਸਾਰੇ ਹਿੰਦੁਸਤਾਨ ਵਿਚ ਓਹੀ ਫੈਸ਼ਨ ਫੈਲ ਜਾਂਦਾ ਹੈ। ਫਿਲਮਾਂ ਵਾਲਿਆਂ ਨੂੰ ਇਹ ਕੋਈ ਨਹੀਂ ਕਹਿ ਸਕਦਾ ਕਿ ਤੁਹਾਡਾ ਫੈਸ਼ਨ ਠੀਕ ਨਹੀਂ ਹੈ।
ਕਿਉਂਕਿ ਉਹ ਤਾਂ ਫਿਲਮਾਂ ਬਾਰੇ ਕੀ ਜਾਣ ਸਕਦਾ ਹੈ?
ਜੇ ਕੋਈ ਮਹਾਤੜ ਤਮਾਤੜ ਅਜਿਹੇ ਫੈਸ਼ਨ 'ਤੇ ਕਿੰਤੂ ਕਰੇ ਤਾਂ ਉਹਦੀ ਕੌਣ ਸੁਣਦਾ ਹੈ। ਬੱਸ ਇਸੇ ਤਰ੍ਹਾਂ ਸਾਡੇ ਯੂਨੀਵਰਸਿਟੀਆਂ ਵਿਚ ਬੈਠੇ ਸਕਾਲਰਾਂ ਨੇ ਕੋਈ ਨਵਾਂ ਹਿੰਦੀ ਦਾ ਲਫਜ਼ ਸਮਝ ਕੇ ਸਾਰੇ ਲੇਖਕ ਉਸੇ ਲਫਜ਼ ਨੂੰ ਆਪਣਾ ਲੈਂਦੇ ਹਨ। ਨਾ ਅਪਣਾਉਣ ਵਾਲੇ ਵਾਸਤੇ ਉਹੀ ਪੇਂਡੂ ਦਾ ਖਿਤਾਬ ਧਰਿਆ ਪਿਆ ਹੁੰਦਾ ਹੈ।
  ਪੰਜਾਬ ਦਾ ਭਾਸ਼ਾ ਵਿਭਾਗ ਹਰ ਸਾਲ ਨਵੰਬਰ ਵਿਚ 'ਪੰਜਾਬੀ-ਸਪਤਾਹ' ਦਾ 'ਆਯੋਜਨ' ਕਰਦਾ ਹੈ। ਇਕ ਵਾਰੀ ਭਾਸ਼ਾ ਵਿਭਾਗ ਦੇ ਇਕ ਉਚ ਅਫਸਰ ਨੂੰ ਮੈਂ ਕਿਹਾ ਕਿ ਤੁਸੀਂ ਇਸ ਦਾ ਨਾਂ ਹਿੰਦੀ ਦੇ 'ਸਪਤਾਹ' ਦੀ ਥਾਂ 'ਤੇ 'ਪੰਜਾਬੀ ਹਫਤਾ' ਕਿਉਂ ਨਹੀਂ ਰੱਖਦੇ?
  ਤਾਂ ਉਹ ਕਹਿਣਾ ਲੱਗਾ ਕਿ ਸਾਡੇ ਵਿਭਾਗ ਵਿਚ ਇਸ ਉਤੇ ਬਹੁਤ ਬਹਿਸ ਹੋਈ ਹੈ ਕਿਉਂਕਿ ਸ਼ਬਦ 'ਹਫਤਾ' ਪੇਂਡੂ ਦਿਖ ਵਾਲਾ ਹੈ। ਇਸ ਲਈ ਉਕਤ ਥਾਂ 'ਤੇ 'ਸਪਤਾਹ' ਹੀ ਲਿਖਦੇ ਹਾਂ। ਪੇਂਡੂ ਨੂੰ ਇਹ ਵਿਦਵਾਨ ਤਾਂ ਇਓ ਸਮਝਦੇ ਹਨ ਕਿ ਪੇਂਡੂ ਹੋਣਾ ਆਪਣੇ ਆਪ ਵਿਚ ਹੀ ਘਟੀਆਪਨ ਦੀ ਨਿਸ਼ਾਨੀ ਹੋਵੇ।
  ਇਨ੍ਹਾਂ ਵਿਦਵਾਨਾਂ ਨੂੰ ਪਤਾ ਹੈ ਕਿ ਪੰਜਾਬੀ ਦਾ ਅਸਲੀ ਰੰਗ ਕਾਫੀ ਹੱਦ ਤਕ ਪਿੰਡਾਂ ਵਿਚ ਹੀ ਰਹਿ ਗਿਆ ਹੈ। ਸ਼ਹਿਰਾਂ ਵਿਚ ਤਾਂ ਇਹ ਸਾਜ਼ਿਸ਼ ਆਪਣਾ ਰੰਗ ਦਿਖਾ ਚੁੱਕੀ ਹੈ। ਇਸੇ ਕਰਕੇ ਹੀ ਇਹ ਲੋਕ ਪੇਂਡੂ ਬੋਲੀ ਨੂੰ ਗ਼ੈਰ-ਵਧੀਆ ਕਹਿੰਦੇ ਹਨ ਭਾਵ ਪੰਜਾਬੀ ਦੇ ਸ਼ੁੱਧ ਰੂਪ ਨੂੰ ਗ਼ੈਰ ਵਧੀਆ ਕਹਿੰਦੇ ਹਨ।
  ਪੇਂਡੂ ਲੋਕ ਆਪਣੀ ਅਸਲੀ ਬੋਲੀ ਬੋਲਣ ਵੇਲੇ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਨ ਅਤੇ ਉਹ ਵਾਹ ਲੱਗਦੀ ਇਨ੍ਹਾਂ 'ਸਿਆਣਿਆਂ' ਭਾਵ ਸ਼ਹਿਰੀਆਂ ਵਾਲੀ ਬੋਲੀ ਬੋਲਣ ਦੀ ਕੋਸ਼ਿਸ਼ ਕਰਦੇ ਹਨ। ਮਿਸਾਲ ਦੇ ਤੌਰ 'ਤੇ ਪੇਂਡੂ ਬੰਦਾ ਜਦੋਂ ਪੜ੍ਹੇ ਲਿਖੇ ਜਾਂ ਸ਼ਹਿਰੀ ਬੰਦੇ ਨਾਲ ਗੱਲ ਕਰਦਾ ਹੈ ਤਾਂ ਉਹ ਤੱਤੇ ਪਾਣੀ ਨੂੰ ਗਰਮ ਪਾਣੀ ਕਹਿੰਦਾ ਹੈ, ਕਿਉਂਕਿ ਉਹਨੂੰ ਉਸ ਸ਼ਹਿਰੀ ਸਾਹਮਣੇ 'ਤੱਤਾ' ਕਹਿਣਾ ਓਪਰਲਾ ਲੱਗਦਾ ਹੈ ਹੌਲੀ ਹੌਲੀ ਪੇਂਡੂ ਬੰਦੇ ਨੂੰ 'ਪਾਣੀ' ਕਹਿਣਾ ਵੀ ਓਪਰਾ ਲੱਗਣ ਲੱਗੇਗਾ ਉਹ ਅਗਾਂਹ ਨੂੰ ਪਾਣੀ ਨੂੰ ਵੀ ਸ਼ਹਿਰੀ ਬੰਦੇ ਵਾਂਗ 'ਪਾਨੀ' ਹੀ ਕਹੇਗਾ।
  ਜਿਹੜੇ ਪੰਜਾਬੀ ਦੇ ਲਫਜ਼ਾਂ ਦਾ ਹਿੰਦੀ ਦੇ ਲਫਜ਼ਾਂ ਨਾਲੋਂ ਥੋੜ੍ਹਾ ਬਹੁਤ ਫਰਕ ਹੈ ਉਨ੍ਹਾਂ ਪੰਜਾਬੀ ਲਫਜ਼ਾਂ ਦੇ ਸ਼ਬਦ ਜੋੜ ਵੀ ਇਸ ਤਰ੍ਹਾਂ ਲਿਖੇ ਜਾਂਦੇ ਹਨ ਜਿਸ ਨਾਲ ਸ਼ਬਦ ਦਾ ਉਚਾਰਨ ਬਿਲਕੁਲ ਹਿੰਦੀ ਵਾਲਾ ਹੋਵੇ, ਜਿਵੇਂ ਕਿ ਚੌਲ ਨੂੰ ਚਾਵਲ, ਲੱਕੜ ਨੂੰ ਲੱਕੜੀ, ਸਿੰਜਾਈ ਨੂੰ ਸਿੰਚਾਈ, ਅਤੇ ਥਾਂ ਨੂੰ ਸਥਾਨ। ਕਦੇ ਕਦੇ ਨੂੰ ਕਦੀ ਕਦੀ ਕਿਉਂਕਿ ਇਹ ਹਿੰਦੀ ਦੇ ਕਭੀ ਕਭੀ ਨਾਲ ਮਿਲਦਾ ਹੈ।
  ਪੰਜਾਬੀ ਵੀਰੋ, ਤੁਸੀਂ ਸ਼ਾਇਦ ਅਜਿਹੀਆਂ ਬਾਰੀਕੀਆਂ ਵੱਲ ਧਿਆਨ ਨਾ ਦਿੱਤਾ ਹੋਵੇ ਪ੍ਰੰਤੂ ਇਨ੍ਹਾਂ ਵਿਦਵਾਨਾਂ ਦਾ ਚੱਤੋ ਪਹਿਰ ਧਿਆਨ ਹੀ ਇਸ ਪਾਸੇ ਹੈ ਕਿ ਪੰਜਾਬੀ ਬੋਲੀ ਦੇ ਸੋਹਣੇ ਮੁਖੜੇ ਤੇ ਹਿੰਦੀ ਦਾ ਲੇਪ ਕਿਵੇਂ ਕਰਨਾ ਹੈ। ਇਹ ਲਾਣਾ ਕਹਿੰਦਾ ਹੈ ਕਿ ਪੰਜਾਬੀ ਬੋਲੀ ਵਿਚ ਨਿੱਤ ਨਵੇਂ ਅੰਗਰੇਜ਼ੀ ਦੇ ਲਫਜ਼ ਰਲ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਪੰਜਾਬੀ ਵਿਚ ਅੰਗਰੇਜ਼ੀ ਦੇ ਉਹੀ ਲਫਜ਼ ਰਲੇ ਹੋਏ ਸਨ ਜਿਨ੍ਹਾਂ ਦਾ ਪੰਜਾਬੀ ਵਿਚ ਕੋਈ ਹੋਰ ਬਦਲ ਨਹੀਂ ਸੀ ਜਿਵੇਂ ਪਾਰਲੀਮੈਂਟ, ਐਮ.ਐਲ.ਏ., ਐਮ.ਪੀ., ਕਮਿਸ਼ਨਰ, ਵਾਈਸ ਚਾਂਸਲਰ, ਮੀਟਿੰਗ, ਡਾਇਰੈਕਟਰ ਆਦਿ ਇਨ੍ਹਾਂ ਅੰਗਰੇਜ਼ੀ ਲਫਜ਼ਾਂ ਦੀ ਥਾਂ 'ਤੇ ਹਿੰਦੀ ਦੇ ਲਫਜ਼ ਲਗਭਗ ਪੂਰਨ ਰੂਪ ਵਿਚ ਸਥਾਪਤ ਕਰ ਦਿੱਤੇ ਗਏ ਹਨ ਇਨ੍ਹਾਂ ਦੀ ਥਾਂ 'ਤੇ ਹਿੰਦੀ ਦੇ ਕ੍ਰਮਵਾਰ ਸੰਸਦ, ਵਿਧਾਇਕ, ਆਯੁਕਤ, ਉਪ ਕੁਲਪਤੀ, ਬੈਠਕ, ਨਿਰਦੇਸ਼ਕ ਲਿਖਿਆ ਜਾਣ ਲੱਗਿਆ ਹੈ।
  ਭਾਵ ਅੰਗਰੇਜ਼ੀ ਦੇ ਪ੍ਰਚੱਲਿਤ ਲਫਜ਼ਾਂ ਨੂੰ ਪੱਟ ਕੇ ਉਨ੍ਹਾਂ ਦੀ ਥਾਂ ਹਿੰਦੀ ਠੋਕੀ ਜਾ ਰਹੀ ਹੈ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਪੰਜਾਬੀ ਵਿਚ ਹਿੰਦੀ ਤੋਂ ਛੁੱਟ ਹੋਰ ਕਿਸੇ ਜ਼ੁਬਾਨ ਵਿਚ ਕੋਈ ਅਜਿਹਾ ਲਫਜ਼ ਸ਼ਾਮਿਲ ਹੋ ਰਿਹਾ ਹੋਵੇ, ਜਿਸ ਦਾ ਬਦਲ ਪਹਿਲਾਂ ਪੰਜਾਬੀ ਵਿਚ ਮੌਜੂਦ ਹੋਵੇ। ਸਗੋਂ ਅਜਿਹੇ ਬਹੁਤ ਸਾਰੇ ਲਫਜ਼ ਅਰਬੀ, ਫਾਰਸੀ ਦੇ ਪੰਜਾਬੀ ਵਿਚ ਸਦੀਆਂ ਤੋਂ ਰਲੇ ਹੋਏ ਨੇ, ਜੋ ਕਿ ਪੰਜਾਬੀ ਲਫਜ਼ ਹੀ ਬਣ ਗਏ ਹਨ ਉਨ੍ਹਾਂ ਲਫਜ਼ਾਂ ਨੂੰ ਵੀ ਹਿੰਦੀ ਦੇ ਲਫਜ਼ਾਂ ਨਾਲ ਬਦਲਿਆ ਜਾ ਰਿਹਾ ਹੈ ਜਿਵੇਂ ਮੁਲਾਜ਼ਮ, ਤਰੱਕੀ, ਮਿਸਾਲ, ਕਿਤਾਬ ਅਤੇ ਫੌਜ ਨੂੰ ਕ੍ਰਮਵਾਰ ਕਰਮਚਾਰੀ, ਪਦਉਨਤੀ, ਉਦਾਹਰਣ, ਪੁਸਤਕ ਅਤੇ ਸੈਨਾ ਵਿਚ ਬਦਲ ਦਿੱਤਾ ਗਿਆ ਹੈ। ਕਹਿਣ ਦਾ ਭਾਵ ਹਿੰਦੀ ਤੋਂ ਬਿਨਾਂ ਹੋਰ ਕਿਸੇ ਜ਼ੁਬਾਨ ਦਾ ਪੰਜਾਬੀ ਵਿਚ ਰਲਾ ਨਹੀਂ ਪੈ ਰਿਹਾ।   
   ਸਿਰਫ ਹਿੰਦੀ ਹੀ ਹੈ ਜਿਹੜੀ ਪੰਜਾਬੀ ਦੀ ਧੌਣ 'ਤੇ ਗੋਡਾ ਰੱਖੀ ਖੜ੍ਹੀ ਹੈ। ਪਰ ਸਾਡੇ ਪੰਜਾਬੀ ਦੇ ਵਿਦਵਾਨ ਇਸ ਵਰਤਾਰੇ 'ਤੇ ਢਿੱਡੋਂ ਬਾਗੋ ਬਾਗ ਹੋਏ ਪੰਜਾਬੀ ਦੇ ਇਸ ਚੀਰਹਰਣ ਨੂੰ ਸਿੱਧੇ ਰੂਪ ਵਿਚ ਇਹ ਕਹਿ ਕੇ ਜਾਇਜ਼ ਠਹਿਰਾਉਂਦੇ ਹਨ ਕਿ ਇਸ ਨਾਲ ਪੰਜਾਬੀ ਬੋਲੀ ਅਮੀਰ ਹੁੰਦੀ ਹੈ।
  ਇਹ ਘਾੜਤ ਵੀ ਇਨਾਂ 'ਸਿਆਣਿਆਂ' ਨੇ ਪੰਜਾਬੀ ਦੇ ਹੋ ਰਹੇ ਹਿੰਦੀਕਰਨ ਨੂੰ ਵਾਜਬ ਠਹਿਰਾਉਣ ਲਈ ਆਪੇ ਹੀ ਘੜੀ ਹੈ। ਜੋ ਮਾਹਾਂ ਦੀ ਦਾਲ ਵਿਚ ਛੋਲਿਆਂ ਦੀ ਦਾਲ ਰਲ ਦਿੱਤੀ ਜਾਵੇ ਤਾਂ ਉਸ ਨੂੰ ਕਦੇ ਨਹੀਂ ਕਿਹਾ ਜਾਂਦਾ ਕਿ ਮਾਹਾਂ ਦੀ ਦਾਲ ਤਕੜੀ (ਭਾਵ ਅਮੀਰ) ਹੋ ਗਈ ਬਲਕਿ ਉਸਨੂੰ ਮਾਹਾਂ-ਛੋਲਿਆਂ ਦੀ ਦਾਲ ਹੀ ਕਿਹਾ ਜਾਂਦਾ ਹੈ। ਨਾਲੇ ਇਹ ਵਿਦਵਾਨ ਸਿਰਫ ਹਿੰਦੀ ਦੇ ਲਫਜ਼ਾਂ ਨਾਲ ਹੀ ਪੰਜਾਬੀ ਨੂੰ ਅਮੀਰ ਹੋਇਆ ਕਿਉਂ ਦੇਖਣਾ ਚਾਹੁੰਦੇ ਹਨ?
  ਅੰਗਰੇਜ਼ੀ, ਫਾਰਸੀ, ਅਰਬੀ ਦੀ ਅਮੀਰੀ ਹੀ ਇਨ੍ਹਾਂ ਨੂੰ ਕਿਉਂ ਚੁੱਭਦੀ ਹੈ? ਐਪਲੀਕੇਸ਼ਨ, ਦਰਖਾਸਤ, ਅਰਜ਼ੀ ਨੂੰ ਪਾੜ ਕੇ ਇਹ ਬਿਨੇ ਪੱਤਰ ਹੀ ਕਿਉਂ ਲਿਖਿਆ ਦੇਖਣਾ ਚਾਹੁੰਦੇ ਨੇ?
  ਬੈਂਕਾਂ ਵਿਚ ਲਿਖਿਆ ਮਿਲੇਗਾ "ਹਿੰਦੀ ਮੇਂ ਬੋਲਨਾ ਆਸਾਨ', 'ਹਮ ਹਿੰਦੀ ਕਾ ਸਵਾਗਤ ਕਰਤੇ ਹੈਂ' ਕੀ ਭਾਰਤ ਦੀ ਕਿਸੇ ਬੋਲੀ ਨੇ ਹਿੰਦੀ ਦੀ ਇਸ ਘੁਸਪੈਠ ਨੂੰ ਜੀ ਆਇਆਂ ਕਿਹਾ ਹੈ?
  ਪੰਜਾਬ ਵਿਚੋਂ ਲੰਘਦੀਆਂ ਨੈਸ਼ਨਲ ਹਾਈਵੇਜ਼ 'ਤੇ ਮੀਲ ਪੱਥਰਾਂ 'ਤੇ ਹਿੰਦੀ ਵਿਚ ਵੀ ਲਿਖ ਦਿੱਤਾ ਗਿਆ ਹੈ, ਪਰ ਇਸ ਦਾ ਕਿਸੇ ਨੇ ਨੋਟਿਸ ਨਹੀਂ ਲਿਆ।
  ਇਸੇ ਤਰ੍ਹਾਂ ਹੀ ਜਦੋਂ ਤਾਮਿਲਨਾਡੂ ਵਿਚ ਮੀਲ ਪੱਥਰਾਂ 'ਤੇ ਹਿੰਦੀ ਲਿਖੀ ਜਾਣ ਲੱਗੀ ਤਾਂ ਲੰਘੀ ੪ ਮਾਰਚ ਨੂੰ ਤਾਮਿਲਨਾਡੂ ਦੇ ਪਾਰਲੀਮੈਂਟ ਮੈਂਬਰਾਂ ਨੇ ਲੋਕ ਸਭਾ ਵਿਚ ਤਰੱਥਲੀ ਮਚਾ ਦਿੱਤੀ, ਸਪੀਕਰ ਨੂੰ ਸੈਸ਼ਨ ੧੫ ਮਿੰਟ ਲਈ ਉਠਾਉਣਾ ਪਿਆ। ਇਹਨੂੰ ਕਹਿੰਦੇ ਹਨ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਉਨ੍ਹਾਂ ਗ਼ੈਰ ਹਿੰਦੀ ਸੂਬਿਆਂ ਵਿਚ ਕਿਸੇ ਟੈਲੀਫੋਨ ਮਹਿਕਮੇ ਦੀ ਜ਼ੁਰਅਤ ਨਹੀਂ ਕਿ ਉਨ੍ਹਾਂ ਦਾ ਕੰਪਿਊਟਰ ਇਹ ਬੋਲੇ 'ਇਸ ਰੂਟ ਕੀ ਸਭੀ ਲਾਈਨੇ ਵਿਅਸਤ ਹੈਂ', ਨਾ ਹੀ ਰੇਲ ਮਹਿਕਮੇ ਦੀ ਜ਼ੁਅਰੱਤ ਹੈ ਕਿ ਕਿਸੇ ਰੇਲਵੇ ਸਟੇਸ਼ਨ 'ਤੇ ਇਹ ਅਨਾਊਂਸਮੈਂਟ ਹੋਵੇ 'ਗਾੜੀ ਵਿਲੰਭ ਸੇ ਆ ਰਹੀ ਹੈ' ਪੰਜਾਬ ਵਿਚ ਸਥਿਤ ਕੇਂਦਰੀ ਸਰਕਾਰ ਦੇ ਦਫਤਰਾਂ ਵਿਚ ਸਾਈਨ ਬੋਰਡਾਂ 'ਤੇ ਪੰਜਾਬੀ ਬਿਲਕੁਲ ਮਨਫੀ ਹੈ।
   ਹੋਰ ਕਿਸੇ ਗ਼ੈਰ ਹਿੰਦੀ ਭਾਸ਼ੀ ਸੂਬੇ ਵਿਚ ਅਜਿਹਾ ਨਹੀਂ ਹੈ ਕਿ ਉਥੋਂ ਦੀ ਸੂਬਾਈ ਜ਼ੁਬਾਨ ਮਨਫੀ ਹੋਵੇ। ਭਾਰਤੀ ਰੇਲਵੇ ਦੀ ਇਹ ਨੀਤੀ ਹੈ ਕਿ ਕਿਸੇ ਗ਼ੈਰ ਹਿੰਦੀ ਸੂਬੇ ਵਿਚ ਸਟੇਸ਼ਨਾਂ ਦੇ ਸਾਈਨ ਬੋਰਡਾਂ 'ਤੇ ਸਭ ਤੋਂ ਉਤੇ ਉਥੋਂ ਦੀ ਸੂਬਾਈ ਜ਼ੁਬਾਨ ਵਿਚ ਸਟੇਸ਼ਨ ਦਾ ਨਾਂਅ ਲਿਖਿਆ ਹੁੰਦਾ ਹੈ ਉਸ ਤੋਂ ਬਾਅਦ ਹਿੰਦੀ ਅਤੇ ਉਸ ਤੋਂ ਬਾਅਦ ਅੰਗਰੇਜ਼ੀ ਵਿਚ ਲਿਖਿਆ ਹੁੰਦਾ ਹੈ।  
  ਇਸੇ ਨੀਤੀ ਤਹਿਤ ਪੰਜਾਬ ਵਿਚ ਪੈਂਦੇ ਰੇਲਵੇ ਸਟੇਸ਼ਨਾਂ 'ਤੇ ਸਭ ਤੋਂ ਉਪਰ ਪੰਜਾਬੀ ਲਿਖੀ ਹੁੰਦੀ ਸੀ। ਪਰ ਪੰਜਾਬੀ ਵਿਰੋਧੀ ਲਾਬੀ ਤੋਂ ਇਹ ਵੀ ਬਰਦਾਸ਼ਤ ਨਹੀਂ ਹੋਇਆ, ਸੋ ਰੇਲਵੇ ਨੇ ਇਹ ਸਾਈਨ ਬੋਰਡ ਮੇਟ ਕੇ ਸਭ ਤੋਂ ਉਪਰ ਹਿੰਦੀ ਲਿਖ ਦਿੱਤੀ ਉਸ ਤੋਂ ਬਾਅਦ ਅੰਗਰੇਜ਼ੀ ਅਤੇ ਸਭ ਤੋਂ ਥੱਲੇ ਪੰਜਾਬੀ ਕਰ ਦਿੱਤੀ।
  ਇਹ ਕਾਰਵਾਈ ਪੰਜਾਬ ਦੇ ਰੇਲਵੇ ਦੀ ਅੰਬਾਲਾ ਡਵੀਜ਼ਨ ਵਿਚ ਪੈਂਦੇ ਸਭ ਰੇਲਵੇ ਸਟੇਸ਼ਨਾਂ 'ਤੇ ਹੋ ਚੁੱਕੀ ਹੈ ਯਾਨੀ ਕਿ ਸ਼ੰਭੂ ਤੋਂ ਲੈ ਕੇ ਸਾਹਨੇਵਾਲ ਤਕ, ਸਰਹਿੰਦ ਤੋਂ ਲੈ ਕੇ ਨੰਗਲ ਤਕ ਅਤੇ ਰਾਜਪੁਰਾ ਤੋਂ ਲੈ ਕੇ ਧੂਰੀ ਤਕ। ਪੰਜਾਬੀਆਂ ਦੀ ਚੁੱਪ ਦੇਖ ਕੇ ਅਗਾਂਹ ਵੀ ਕਰਨ ਦੀ ਤਿਆਰੀ ਹੈ।
   ਪੰਜਾਬ ਦੇ ਕਿਸੇ ਪਾਰਲੀਮੈਂਟ ਮੈਂਬਰ ਨੂੰ ਸ਼ਾਇਦ ਇਹ ਗੱਲ ਦਾ ਪਤਾ ਵੀ ਨਾ ਹੋਵੇ। ਪਤਾ ਵੀ ਕਿਉਂ ਲੱਗੇ ਕਿਉਂਕਿ ਸਾਡੇ ਵਿਦਵਾਨ ਤਾਂ ਇਹੋ ਜਿਹੀਆਂ ਗੱਲਾਂ ਨੂੰ 'ਗਾਲ੍ਹਾਂ ਘਿਓ ਦੀਆਂ ਨਾਲਾਂ' ਸਮਝ ਕੇ ਇਸ ਨੂੰ ਚਾਈਂ ਚਾਈਂ ਪੀ ਜਾਣ ਲਈ ਕਹਿੰਦੇ ਹਨ। ਇਹ ਵਿਦਵਾਨ ਤਰਕ ਦਿੰਦੇ ਹਨ ਕਿ 'ਪੰਜਾਬੀ ਬੋਲੀ ਦਾ ਹਾਜ਼ਮਾ ਬੜਾ ਦਰੁਸਤ ਹੈ, ਇਹ ਬਾਹਰਲੀਆਂ ਬੋਲੀਆਂ ਦੇ ਸ਼ਬਦ ਦਰੁਸਤ ਹੈ, ਇਹ ਬਾਹਰਲੀਆਂ ਬੋਲੀਆਂ ਦੇ ਸ਼ਬਦ ਬੜੀ ਛੇਤੀ ਹਜ਼ਮ ਕਰ ਲੈਂਦੀ ਹੈ।' ਪੰਜਾਬੀਆਂ ਦੀ ਇਸ ਅਣਗਹਿਲੀ ਭਰੀ ਸ਼ਰਾਫਤ ਨੂੰ 'ਤਕੜਾ ਹਾਜ਼ਮਾ' ਕਹਿ ਕੇ ਵਡਿਆਉਣ ਵਾਲਿਆਂ ਦੀ ਬਦੌਲਤ ਹੀ ਪੰਜਾਬੀਆਂ ਨੇ ਇਸ ਵਿਚ ਹਿੰਦੀ ਦੇ ਰਲੇ ਨੂੰ ਹਜ਼ਮ ਕਰ ਲਿਆ ਹੈ। ਇਸ ਤੋਂ ਅਗਾਂਹ ਹੁਣ ਸਾਡੇ ਵਿਦਵਾਨ ਨੇ ਇਸ ਦਾ ਸੰਸਕ੍ਰਿਤੀਕਰਨ ਵੀ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਤੀਵੀਂ ਨੂੰ ਇਸਤਰੀ ਲਿਖਿਆ ਤੇ ਹੁਣ ਮਹਿਲਾ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਖਤਮ ਤੋਂ ਸਮਾਪਤ ਤੇ ਫਿਰ ਸੰਪੰਨ, ਲਮਕਦਾ ਨੂੰ ਪਹਿਲਾਂ ਲਟਕਦਾ ਅਤੇ ਹੁਣ ਤ੍ਰਿਸ਼ੰਕੂ ਲਿਖ ਕੇ ਹਿੰਦੀ ਨੂੰ ਪੰਜਾਬੀ ਦੇ ਮੋਢਿਆਂ 'ਤੇ ਅਤੇ ਸੰਸਕ੍ਰਿਤ ਨੂੰ ਇਸ ਦੇ ਸਿਰ 'ਤੇ ਬਿਠਾਇਆ ਜਾ ਰਿਹਾ ਹੈ। ਪੰਜਾਬੀ ਦੀ ਹੋ ਰਹੀ ਇਸ ਬੇਪਤੀ ਨੂੰ ਪੰਜਾਬੀ ਮਾਂ ਦੇ ਇਹ ਜੇਠੇ ਵਿਦਵਾਨ ਪੁਤ 'ਪੰਜਾਬੀ ਦਾ ਹੋ ਰਿਹਾ ਵਿਕਾਸ' ਕਹਿੰਦੇ ਹਨ।
  ਜੇ ਪੰਜਾਬ ਕੌਰ ਦੀ ਸ਼ਰੀਕਣੀ ਹਿੰਦ ਕੌਰ ਪੰਜਾਬ ਕੌਰ ਦੀ ਧੌਣ 'ਤੇ ਗੋਡਾ ਰੱਖ ਕੇ ਉਸ ਨੂੰ ਆਪਣੀ ਬੋਲੀ ਬੋਲਣ ਲਈ ਮਜ਼ਬੂਰ ਕਰ ਦੇਵੇ ਅਤੇ ਇਸ ਤੋਂ ਖੁਸ਼ ਹੋ ਕੇ ਪੰਜਾਬ ਕੌਰ ਦੇ ਪੁੱਤ ਚਾਂਬੜਾਂ ਪਾਉਂਦੇ ਹੋਏ ਕਹਿਣ! ਕਿ ਸਾਡੀ ਮਾਂ ਅਮੀਰ ਹੋ ਗਈ, ਸਾਡੀ ਮਾਂ ਦਾ ਹਾਜ਼ਮਾ ਬੜਾ ਹੈ, ਸਾਡੀ ਮਾਂ ਦਾ ਵਿਕਾਸ ਹੋ ਗਿਆ, ਤਾਂ! ਫਿੱਟੇ ਮੂੰਹ! ਏਹੋ ਜਿਹੇ ਪੁੱਤਾਂ ਦੇ।
  ਬੋਲੀ ਦੀ ਅਮੀਰਤ, ਇਸ ਦੇ ਹਾਜ਼ਮੇ ਅਤੇ ਇਸ ਦੇ ਵਿਕਾਸ ਦੀਆਂ ਪ੍ਰੀਭਾਸ਼ਾਵਾਂ ਵੀ ਇਨ੍ਹਾਂ ਵਿਦਵਾਨਾਂ ਨੇ ਆਪਣੀ 'ਵਿਦਵਤਾ' ਨੂੰ ਜਾਇਜ਼ ਠਹਿਰਾਉਣ ਵਾਸਤੇ ਆਪੇ ਹੀ ਘੜੀਆਂ ਨੇ। ਅਮੀਰ ਬੋਲੀ ਉਸ ਨੂੰ ਕਹਿੰਦੇ ਹਾਂ ਜਿਸ ਕੋਲ ਵੱਧ ਤੋਂ ਵੱਧ ਸ਼ਬਦ ਭੰਡਾਰ ਹੋਵੇ।
  ਜਿਵੇਂ ਕਿ ਦਰੱਖਤ ਵੱਢਣਾ, ਕੱਪੜਾ ਕੱਟਣਾ, ਵਾਲ ਮੁੰਨਣਾ, ਗੱਲ ਨੂੰ ਟੋਕਣਾ, ਖਰਬੂਜ਼ਾ ਚੀਰਨਾ, ਪਰ ਸਾਡੇ ਵਿਦਵਾਨ ਇਨ੍ਹਾਂ ਨੂੰ ਇਉਂ ਲਿਖਦੇ ਹਨ ਦਰੱਖਤ ਕੱਟਣਾ, ਕੱਪੜਾ ਕੱਟਣਾ, ਵਾਲ ਕੱਟਣਾ, ਗੱਲ ਕੱਟਣਾ, ਮੁੰਨਣਾ, ਟੋਕਣਾ ਚੀਰਨਾ ਨੂੰ ਇਕ ਸ਼ਬਦ ਵਿਚ ਬਦਲ ਲਿਆ ਕਿਉਂਕਿ ਹਿੰਦੀ ਵਿਚ ਇਨ੍ਹਾਂ ਸਾਰੀਆਂ ਕਿਰਿਆਵਾਂ ਲਈ ਇਕ ਸ਼ਬਦ ਵਿਚ ਬਦਲ ਦਿੱਤਾ ਕਿਉਂਕਿ ਹਿੰਦੀ ਵਿਚ ਇਨ੍ਹਾਂ ਸਾਰੀਆਂ ਕਿਰਿਆਵਾਂ ਲਈ ਇਕ ਸ਼ਬਦ 'ਕੱਟਣਾ' ਹੀ ਲਿਖਿਆ ਜਾਂਦਾ ਹੈ। ਯਾਨੀ ਪੰਜਾਬੀ ਸ਼ਬਦ ਭੰਡਾਰ 'ਚੋਂ ਚਾਰ ਸ਼ਬਦ ਮਨਫੀ ਕਰ ਦਿੱਤੇ। ਇਹ ਹੈ ਪੰਜਾਬੀ ਨੂੰ ਅਮੀਰ ਕਰਨ ਦਾ 'ਵਿਦਵਾਨੀ' ਢੰਗ। ਜੇ ਕੋਈ ਖਰਬੂਜ਼ੇ ਨੂੰ ਚੀਰਨਾ ਕਹਿ ਦੇਵੇ ਤਾਂ ਉਹਨੂੰ ਮਖੌਲ ਕਰਦੇ ਨੇ।
  ਬੱਚੇ ਦੇ ਗਿਲਾਸ ਵਿਚ ਦੁੱਧ ਪੀਣ ਨੂੰ ਤਾਂ ਪੀਣਾ ਕਹਿਣਾ ਹੀ ਹੈ, ਬੱਚੇ ਦੇ ਮਾਂ ਦਾ ਦੁੱਧ ਚੁੰਘਣ ਨੂੰ ਵੀ ਦੁੱਧ ਪੀਣਾ ਹੀ ਕਿਹਾ ਜਾਣ ਲੱਗ ਪਿਆ, ਜੇ ਕੋਈ ਬੰਦਾ 'ਚੁੰਘਣਾ' ਸ਼ਬਦ ਇਸਤੇਮਾਲ ਕਰ ਦੇਵੇ ਤਾਂ ਕਹਿਣਗੇ ਕਿ ਇਸ ਬੰਦੇ ਨੂੰ ਤਮੀਜ਼ ਨਹੀਂ ਹੈ। ਜਿਵੇਂ ਸਾਰੀ ਤਮੀਜ਼ ਹਿੰਦੀ ਵਿਚ ਹੀ ਵੜ ਗਈ ਹੋਵੇ ?

ਬਾਕੀ ਅਗਲੇ ਕਾਲਮ ਵਿੱਚ...

ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਪੱਤਰਕਾਰ ਅਤੇ ਲੇਖਕ
gurpreetmandiani@gmail.com
8872664000

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.