“ਅਜੋਕਾ ਗੁਰਮਤਿ ਪ੍ਰਚਾਰ”-7
ਅਜੋਕੇ ਕੁਝ ਵਿਦਵਾਨਾਂ ਦੁਆਰਾ ਗੁਰਬਾਣੀ ਵਿਆਖਿਆਵਾਂ ਨੂੰ ਆਪਣੀ ਹੀ ਸੋਚ ਅਨੁਸਾਰ ਰੰਗਤ ਦੇ ਕੇ ਗੁਰਮਤਿ ਦਾ ਜੋ ਘਾਣ ਕੀਤਾ ਜਾ ਰਿਹਾ ਹੈ, ਉਸ ਸੰਬਧੀ ਇਕ ਵਿਦਵਾਨ ਜੀ ਦੁਆਰਾ ਨਾਮਦੇਵ ਜੀ ਦੇ ਸ਼ਬਦ
“ਸੁਲਤਾਨ ਪੂਛੈ ਸੁਨ ਬੇ ਨਾਮਾ॥”
ਦੇ ਕੀਤੇ ਗਏ ਅਰਥਾਂ ਬਾਰੇ ਵਿਚਾਰ ਚੱਲ ਰਹੀ ਹੈ।
ਨੋਟ- ਲੇਖ ਵਿੱਚ ਜਿੱਥੇ ਵੀ ‘ਅਰਥ’ ਜਾਂ ‘ਪਦ ਅਰਥ’ ਲਿਖਿਆ ਹੈ, ਉਨ੍ਹਾਂਨੂੰ ਅਜੋਕੇ ਲੇਖਕ ਜੀ ਦੁਆਰਾ ਕੀਤੇ ਅਰਥ ਅਤੇ ਪਦ ਅਰਥ ਪੜ੍ਹਿਆ ਜਾਵੇ।ਪਾਠਕ, ਅਰਥਾਂ ਨੂੰ ਪੜ੍ਹਕੇ ਦੁਬਾਰਾ ਸੰਬੰਧਤ ਤੁਕ ਨਾਲ ਮਿਲਾਨ ਕਰਕੇ ਜਰੂਰ ਦੇਖਣ ਕਿ ਕੀ ਵਿਆਖਿਆਕਾਰ ਜੀ ਨੇ ਜੋ ਅਰਥ ਲਿਖੇ ਹਨ ਉਹ ਤੁਕ ਨਾਲ ਮੇਲ ਖਾਂਦੇ ਵੀ ਹਨ?
4- “ਰੁਦਨ ਕਰੈ ਨਾਮੇ ਕੀ ਮਾਇ॥ ਛੋਡਿ ਰਾਮੁ ਕੀਨ ਭਜਹਿ ਖੁਦਾਇ॥6॥”
ਪਦ ਅਰਥ:- ਰੁਦਨ- ਰੋਣਾ, ਅਗਿਆਨਤਾ ਦਾ ਰੋਣਾ। ਕੀਨ- ਕਪਟ, ਈਰਖਾ, ਝਗੜਾ। ਨਾਮੇ ਕੀ- ਨਾਮ ਦੀ ਬਖਸ਼ਿਸ਼ ਦੁਆਰਾ। ਮਾਈ- ਮਤਿ, ਉਦਾਹਰਣ-
“ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥” (ਪ-476)
ਅਰਥ: ਫਿਰ ਜਿਸ ਮਨੁੱਖ ਦਾ ਉਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੰਕਾਰ ਖ਼ਤਮ ਹੋ ਜਾਂਦਾ ਹੈ, ਉਹ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਨਾਲ ਅਗਿਆਨਤਾ ਦਾ ਰੋਣਾ ਛੱਡ ਦਿੰਦਾ ਹੈ, ਅਤੇ ਖ਼ੁਦਾ/ ਰਾਮ ਦੀ ਬੰਦਗ਼ੀ ਕਰਨ ਵਿੱਚ ਕਪਟ ਨਹੀਂ ਕਰਦਾ, (ਕਪਟ ਕਿਉਂ ਨਹੀਂ ਕਰਦਾ? ਉਹ ਇਸ ਕਾਰਨ ਕਿ ਬੰਦਗੀ ਕਰਨ ਵਾਲਾ ਸੱਚਾ ਮਨੁੱਖ ਸਰਵ-ਵਿਆਪਕ ‘ਰਾਮ’ ਜਾਂ ‘ਖ਼ੁਦਾ’ ਦੇ ਵਿੱਚ ਕੋਈ ਫ਼ਰਕ ਨਹੀਂ ਮਹਿਸੂਸ ਕਰਦਾ)”।
ਵਿਚਾਰ: ਧਿਆਨ ਦਿਉ- ਸ਼ਬਦ ਵਿੱਚ ‘ਰੁਦਨ ਕਰੇ’ ਦੀ ਗੱਲ ਕਹੀ ਗਈ ਹੈ, ‘ਰੁਦਨ ਨਾ ਕਰੇ’ ਦੀ ਨਹੀਂ।
ਵਿਆਖਿਆਕਾਰ ਜੀ ਦੁਆਰਾ ਹੀ ਕੀਤੇ ਗਏ ਪਦ ਅਰਥਾਂ ਨਾਲ ਤੁਕ ਦੇ ਅਰਥ ਕੁਝ ਇਸ ਤਰ੍ਹਾਂ ਬਣਦੇ ਹਨ- (ਰੁਦਨ ਕਰੈ ਨਾਮੇ ਕੀ ਮਾਈ॥) ਨਾਮ ਸਿਮਰਨ ਨਾਲ ਮਤਿ ਅਗਿਆਨਤਾ ਦਾ ਰੋਣਾ ਰੋਂਦੀ ਹੈ॥(ਛੋਡਿ ਰਾਮੁ ਕੀਨ ਭਜਹਿ ਖੁਦਾਇ॥) ਵਾਹਿਗੁਰੂ (ਦਾ ਨਾਮ) ਛੱਡ ਕੇ ਖੁਦਾ ਕਪਟ, ਈਰਖਾ ਦੀ ਬੰਦਗੀ ਕਰੇ॥
‘ਛੋਡਿ’ ਲਫ਼ਜ਼ ਬੰਦ ਦੇ ਦੂਸਰੇ ਚਰਣ ਵਿੱਚ ਆਇਆ ਹੈ, ਪਰ ਇਸ ਨੂੰ ਪਹਿਲੇ ਚਰਣ ਵਿੱਚ ਮਿਲਾ ਕੇ ਅਰਥਾਇਆ ਗਿਆ ਹੈ।
ਜੇ ਮਾਇ ਦਾ ਅਰਥ ‘ਮੱਤ’ ਮੰਨ ਵੀ ਲਈਏ ਤਾਂ ਦਿੱਤੀ ਗਈ ਉਦਾਹਰਣ “ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥”
ਦੇ ਅਰਥ ਬਣਦੇ ਹਨ- ‘ਮੇਰੀ ਮਤਿ ਮਾਰੀ ਗਈ ਹੈ ਹੁਣ ਮੈਂ ਬਹੁਤ ਸੌਖਾ ਹਾਂ’।
ਸਵਾਲ- ਅਗਿਆਨਤਾ ਦਾ ਰੋਣਾ ਕੌਣ ਰੋਂਦਾ ਹੈ? ਦੁਨੀਆਂ ਦਾ ਕੋਈ ਵਿਅਕਤੀ ਆਪਣੇ ਆਪ ਨੂੰ ਅਗਿਆਨੀ ਨਹੀਂ ਸਮਝਦਾ।ਦਸਮ ਗ੍ਰੰਥ ਦੇ ਹਾਮੀ ਅਤੇ ਵਿਰੋਧੀ ਦੋਨੋਂ ਧਿਰਾਂ ਇਕ ਦੂਜੇ ਨੂੰ ਅਗਿਆਨੀ ਦੱਸਦੇ ਹਨ, ਆਪਣੇ ਆਪ ਨੂੰ ਕੋਈ ਵੀ ਅਗਿਆਨੀ ਨਹੀਂ ਸਮਝਦਾ।ਤਾਂ ਫੇਰ ਦੱਸੋ ਦੋਨਾਂ’ਚੋਂ ਕੌਣ ਅਗਿਆਨਤਾ ਦਾ ਰੋਣਾ ਰੋਂਦਾ ਹੈ? ਜੇ ਕੋਈ ਆਪਣੇ ਆਪ ਨੂੰ ਅਗਿਆਨੀ ਸਮਝਦਾ ਹੀ ਨਹੀਂ ਤਾਂ ਅਗਿਆਨਤਾ ਦਾ ਰੋਣਾ ਰੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਕਦੇ ਨਹੀਂ ਸੁਣਿਆ ਕਿ ਕੋਈ ਕਹਿੰਦਾ ਹੋਵੇ- ਮੈਂ ਕਰਮ-ਕਾਂਡਾਂ ਵਿੱਚ ਫਸਿਆ ਪਿਆ ਹਾਂ, ਇਸ ਲਈ ਮੇਰੀ ਮੱਤ ਅਗਿਆਨਤਾ ਦਾ ਰੋਣਾ ਰੋਂਦੀ ਹੈ, ਕਦੋਂ ਮੈਂ ਕਰਮ-ਕਾਂਡ ਛੱਡਾਂ ਤਾਂ ਕਿ ਮੇਰੀ ਮੱਤ ਅਗਿਆਨਤਾ ਦਾ ਰੋਣਾ ਬੰਦ ਕਰੇ।
5- “ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ॥
ਪਿੰਡ ਪੜੈ ਤਉ ਹਰਿ ਗੁਨ ਗਾਇ॥7॥
ਪਦ ਅਰਥ:- ਪੂੰਗੜਾ- ਪੂਜਾਰੀ। ਮਾਇ= ਅਗਿਆਨਤਾ, ਉਦਾਹਰਣ- ‘ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥’ (476) ਪਿੰਡੁ- ਸਰੀਰ, ਅੰਦਰ, ਅੰਦਰੋਂ। ਪੜੈ- ਸੋਝੀ (ਪ੍ਰਾਪਤ ਹੋ ਜਾਂਦੀ ਹੈ)
ਅਰਥ: (ਕਪਟ ਕਿਉਂ ਨਹੀਂ ਕਰਦੇ? ਉਹ ਇਸ ਕਰਕੇ ਕਿ ਆਤਮਕ ਗਿਆਨ ਦੀ ਸੂਝ ਪ੍ਰਾਪਤ ਹੋਣ ਨਾਲ) ‘ਅਗਿਆਨਤਾ ਦਾ ਰੋਣਾ ਪ੍ਰਭਾਵ ਛੱਡ ਦਿੰਦੇ ਹਨ।ਉਨ੍ਹਾਂ ਅੰਦਰ ਆਤਮਿਕ ਗਿਆਨ ਦੀ ਸੂਝ ਪ੍ਰਾਪਤ ਹੋ ਜਾਂਦੀ ਹੈ।ਅਤੇ ਉਹ ਹਰੀ ਦੇ ਗੁਣ ਗਾਇਨ ਭਾਵ ਸਿਮਰਨ ਕਰਦੇ ਹਨ।ਇਸ ਤਰ੍ਹਾਂ ਉਹ ਅਗਿਆਨ ਰੂਪੀ ਮੱਤ ਆਤਮਿਕ ਗਿਆਨ ਦੀ ਸੂਝ ਨਾਲ ਗੁਰਮਤਿ ਵਿੱਚ ਬਦਲ ਜਾਂਦੀ ਹੈ।ਫਿਰ ਧਰਮ ਦੇ ਨਾਮ ਤੇ ਕੋਈ ਆਪਸੀ ਲੜਾਈ ਨਹੀਂ ਰਹਿ ਜਾਂਦੀ।
ਵਿਚਾਰ: ਕੀਤੇ ਗਏ ਪਦ ਅਰਥਾਂ ਦਾ ਅਤੇ ਤੁਕਾਂ ਦੇ ਅਰਥਾਂ ਦਾ ਕੋਈ ਮੇਲ ਨਜ਼ਰ ਨਹੀਂ ਆ ਰਿਹਾ।
ਕੀਤੇ ਗਏ ਪਦ ਅਰਥਾਂ ਅਨੁਸਾਰ ਤੁਕਾਂ ਦੇ ਅਰਥ ਕੁਝ ਇਸ ਤਰ੍ਹਾਂ ਬਣਦੇ ਹਨ- ਨਾ ਮੈਂ ਤੇਰਾ ਪੁਜਾਰੀ ਹਾਂ ਨਾ ਤੂੰ ਮੇਰੀ ਅਗਿਆਨਤਾ।ਸਰੀਰ ਨੂੰ ਅੰਦਰੋਂ ਸੋਝੀ ਪਰਾਪਤ ਹੋਣ ਤੇ ਪ੍ਰਭੂ ਦੇ ਗੁਣ ਗਾਉਂਦਾ ਹੈ।
ਸਵਾਲ- ਪੂੰਗੜਾ ਦਾ ਅਰਥ- ਪੂਜਾਰੀ ਪਤਾ ਨਹੀਂ ਕਿਸ ਡਿਕਸ਼ਨਰੀ ਅਨੁਸਾਰ ਅਰਥ ਕੀਤੇ ਗਏ ਹਨ।ਕੌਣ, ਕਿਸ ਦਾ ਪੁਜਾਰੀ ਨਹੀਂ? ਕੀਤੇ ਗਏ ਅਰਥਾਂ ਵਿੱਚ ਇਹ ਮੁੱਖ ਸ਼ਬਦ ਵੀ ਕਿਤੇ ਨਜ਼ਰ ਨਹੀਂ ਆ ਰਿਹਾ। ਪਿੱਛਲੇ ਬੰਦਾਂ ਵਿੱਚ ‘ਮਾਇ’ ਦੇ ਅਰਥ ਲਿਖੇ ਹਨ ‘ਮਤਿ’ ਇਸ ਬੰਦ ਵਿੱਚ ਅਰਥ ਲਿਖੇ ਹਨ ‘ਅਗਿਆਨਤਾ’।ਪਰ ਉਦਾਹਰਣ ਲਈ ਦੋਨਾਂ ਜਗ੍ਹਾ ਤੇ ਤੁਕ ਇੱਕੋ ਹੀ ਪੇਸ਼ ਕੀਤੀ ਗਈ ਹੈ
“ਮੁਈ ਮੇਰੀ ਮਾਈ ਹਉ ਖਰਾ ਸੁਖਾਲਾ॥”
ਮਾਇ ਦਾ ਅਰਥ ਅਗਿਆਨਤਾ ਪਤਾ ਨਹੀਂ ਕਿਸ ਡਿਕਸ਼ਨਰੀ ਅਨੁਸਾਰ ਕੀਤਾ ਗਿਆ ਹੈ। ਪਿੰਡ ਪੜੈ ਦਾ ਅਰਥ ਅੰਦਰੋਂ ਸੋਝੀ’ ਪਤਾ ਨਹੀਂ ਕਿਸ ਤਰ੍ਹਾਂ ਕੀਤੇ ਗਏ ਹਨ।
6- ‘ਕਰੈ ਗਜਿੰਦੁ ਸੁੰਡ ਕੀ ਚੋਟ॥ਨਾਮਾ ਉਬਰੈ ਹਰਿ ਕੀ ਓਟ॥8॥’
7- ‘ਕਾਜੀ ਮੁਲਾਂ ਕਰਹਿ ਸਲਾਮੁ॥ਇਨਿ ਹਿੰਦੂ ਮੇਰਾ ਮਲਿਆ ਮਾਨੁ॥9॥’
8- ‘ਬਾਦਿਸਾਹ ਬੇਨਤੀ ਸੁਨੇਹੁ॥ਨਾਮੇ ਸਰ ਭਰਿ ਸੋਨਾ ਲੇਹੁ॥10॥
9- ‘ਮਾਲ ਲੇਉ ਤਉ ਦੋਜਕਿ ਪਰਉ॥ਦੀਨ ਛੋਡਿ ਦੁਨੀਆ ਕਉ ਭਰਉ॥11॥’
10- ‘ਪਾਵਹੁ ਬੇੜੀ ਹਾਥਹੁ ਤਾਲ॥ਨਾਮਾ ਗਾਵੈ ਗੁਨ ਗੋਪਾਲ॥12॥’
11- ‘ਗੰਗ ਜਮੁਨ ਜਉ ਉਲਟੀ ਬਹੈ॥ਤਉ ਨਾਮਾ ਹਰਿ ਕਰਤਾ ਰਹੈ॥13॥’
ਨੋਟ- ਲੇਖ ਲੰਬਾ ਹੋਣ ਦੇ ਡਰੋਂ ਬੰਦ ॥8॥ ਤੋਂ ॥13॥ ਤੱਕ ਦੇ ਅਰਥ ਅਤੇ ਉਨ੍ਹਾਂ ਅਰਥਾਂ ਸੰਬੰਧੀ ਵਿਚਾਰ ਪੇਸ਼ ਨਹੀਂ ਕੀਤੇ ਜਾ ਰਹੇ।
12- ‘ਸਾਤ ਘੜੀ ਜਬ ਬੀਤੀ ਸੁਣੀ॥ਅਜਹੁ ਨ ਆਇਓ ਤ੍ਰਿਭਵਣ ਧਨੀ॥14॥’
ਪਦ ਅਰਥ- ਸਾਤ- ਤੇਜ (ਢੳਸਟ) ਸੁਣੀ- ਸੁਝਿਆ ਅਰਥ- ਜੀਵਣ ਦਾ ਸਮਾਂ ਬਹੁਤ ਸੀਮਿਤ ਹੈ, ਤੇਜ ਹੈ ਅਤੇ ਜਦੋਂ ਅੰਤ ਸਮੇਂ ਇਹ ਸੋਚਣਾ ਕਿ॥ ਅਜੇ ਤ੍ਰਿਲੋਕੀ ਦੇ ਮਾਲਕ ਦੀ ਬਖਸ਼ਿਸ਼ ਦੀ *ਸਮਝ ਹੀ ਨਹੀਂ ਪਈ* (?) ਤਾਂ ਉਸ ਵੇਲੇ ਸਮਾਂ ਬੀਤ ਚੁੱਕਾ ਹੋਣਾ। ਫਿਰ ਜੀਵਨ ਦੇ ਲਕਸ਼ ਦੀ ਪ੍ਰਾਪਤੀ ਨਹੀਂ ਹੋਣੀ।
ਵਿਚਾਰ:- ਸੁਣੀ ਦਾ ਅਰਥ ‘ਸੁਝਿਆ (?),ਅਤੇ ਇਹ ਪਦ ਅਰਥ ਤੁਕ ਦੇ ਅਰਥਾਂ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ।‘ਬੀਤੀ’ ਲਫ਼ਜ਼ ਬੰਦ ਦੇ ਪਹਿਲੇ ਹਿੱਸੇ ਵਿੱਚ ਆਇਆ ਹੈ ਪਰ ਇਸ ਦੇ ਅਰਥ ਬੰਦ ਦੇ ਦੂਸਰੇ ਹਿੱਸੇ ਵਿੱਚ ਫਿੱਟ ਕਰ ਦਿੱਤੇ ਗਏ ਹਨ। ਅਜਹੁ ਨ ਆਇਓ’ ਦਾ ਅਰਥ ‘ਅਜੇ ..ਬਖਸ਼ਿਸ਼ ਦੀ ਸਮਝ ਹੀ ਨਹੀਂ ਪਈ’ (?)
ਨੋਟ:- ਮਹਾਨ ਕੋਸ਼ ਵਿੱਚ ‘ਸਾਤ’ ਦਾ ਅਰਥ ਸੱਤ (7) ਲਿਖਿਆ ਹੈ ਅਤੇ ਨਾਲ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਇਸੇ ਪ੍ਰਸਤੁਤ ਸ਼ਬਦ ਵਿੱਚੋਂ ਉਦਾਹਰਣ ਦਿੱਤੀ ਹੈ
“ਸਾਤ ਘੜੀ ਜਬ ਬੀਤੀ ਸੁਨੀ॥ (ਭੈਰਉ ਨਾਮਦੇਵ)”।
ਇਹ ਅਰਥ ਛੱਡ ਕੇ ਮਹਾਨ ਕੋਸ਼ ਵਿੱਚ ਲਿਖੇ ਅਰਥ #4 ਵਾਲੇ ‘ਸ਼ਾਤ’= ਤਿੱਖਾ, ਤੇਜ਼” ਅਰਥ ਫਿੱਟ ਕਰ ਦਿੱਤੇ ਗਏ ਹਨ।ਪਰ ਸਾਡੇ ਵਿਆਖਿਆਕਾਰ ਜੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ‘ਸ਼ਾਤ’ ਦਾ ਅਰਥ ‘ਰਫ਼ਤਾਰ ਵਾਲਾ ਤੇਜ’ ਨਹੀਂ ਬਲਕਿ ‘ਚਾਕੂ ਦੀ ਧਾਰ ਵਾਲਾ (ਤਿੱਖਾ) ਤੇਜ’ ਹੈ।ਸ਼ਾਤ ਦੇ ਅਰਥ ਹਨ- ਤਿੱਖਾ, ਤਿੱਖਾ ਕੀਤਾ ਹੋਇਆ, ਤੇਜ਼, ਪਤਲਾ, ਦੁਬਲਾ, ਕਮਜੋਰ।
ਜਰੂਰੀ ਨੋਟ: ਸਾਤ ਦਾ ਅਰਥ ਗਿਣਤੀ ਦਾ ‘ਸੱਤ’ ਨੂੰ ਬਦਲ ਕੇ ‘ਰਫ਼ਤਾਰ’ ਵਾਲਾ ‘ਤੇਜ’ ਅਰਥ ਕਰਕੇ ਕਿੰਨੀ ਖੂਬੀ ਨਾਲ ਤੁਕ ਦੇ ਅਰਥਾਂ ਵਿੱਚ ਫਿਟ ਕਰ ਦਿੱਤਾ ਗਿਆ ਹੈ।ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਵਿਆਖਿਆਕਾਰ ਜੀ ਦਾ ਅਸਲੀ ਮਕਸਦ ਸਿਰਫ ਅਤੇ ਸਿਰਫ ਗੁਰਬਾਣੀ ਦੇ ਅਸਲੀ ਅਰਥਾਂ ਨੂੰ ਵਿਗਾੜਨਾ ਹੀ ਹੈ।
ਚੱਲਦਾ
ਜਸਬੀਰ ਸਿੰਘ ਵਿਰਦੀ