ਮੰਗਣਾ ਅਤੇ ਗੁਰਮਤਿ
ਮੰਗਣ ਪੰਜਾਬੀ ਦਾ ਲਫਜ਼ ਹੈ ਅਤੇ ਇਸ ਦਾ ਅਰਥ ਹੈ-ਮੰਗਣਾ, ਜਾਚਣਾ ਭਾਵ ਕੁਝ ਲੈਣ ਦੀ ਚਾਹਨਾ ਕਰਨਾ। ਮਾਂਗਣ ਅਤੇ ਮਾਂਗਤ ਕ੍ਰਮਵਾਰ ਹਿੰਦੀ ਅਤੇ ਸੰਸਕ੍ਰਿਤ ਦੇ ਲਫਜ਼ ਹਨ। ਮੰਗ ਦਾ ਮਤਲਵ ਹੈ ਮੰਗਣ ਦੀ ਕ੍ਰਿਆ, ਮੰਗੀ ਹੋਈ ਵਸਤੂ, ਮਨ ਦੀ ਇਛਾ ਅਤੇ ਮੰਗੀ ਹੋਈ ਕੰਨਿਆਂ। ਮੰਗਤਾ ਦਾ ਅਰਥ ਹੈ ਭਿਖਾਰੀ ਅਤੇ ਜਾਚਕ। ਜਰਾ ਸੋਚੋ! ਕੋਈ *ਦਾਤਾ* ਦੇਣਵਾਲਾ ਹੈ ਤਾਂ ਹੀ ਮੰਗਣ ਵਾਲੇ ਹਨ। ਮੰਗ ਵੀ ਦੋ ਪ੍ਰਕਾਰ, ਦੁਨਿਆਵੀ ਪਦਾਰਥਾਂ ਅਤੇ ਰੂਹਾਨੀ ਰਹਿਮਤਾਂ ਦੀ ਹੈ। ਮੰਗਤੇ ਵੀ ਦੋ ਪ੍ਰਕਾਰ ਦੇ ਹਨ, ਰੱਬੀ ਅਤੇ ਦੁਨਿਆਵੀ। ਜਗਿਆਸੂ ਨੂੰ ਰੱਬ ਤੋਂ ਕੀ ਮੰਗਣਾਂ ਚਾਹੀਦਾ ਹੈ? ਬਾਰੇ ਗੁਰਮਤਿ ਦਰਸਾਉਂਦੀ ਹੈ-
ਮਾਂਗਨਾ ਮਾਂਗਨੁ ਨੀਕਾ ਹਰਿ ਜਸੁ ਗੁਰ ਤੇ ਮਾਂਗਨਾ॥ (੧੦੧੮)
ਗੁਰੂ ਤੋਂ (ਹਰਿ ਜਸੁ) ਭਾਵ ਕਰਤੇ ਦੀ ਉਸਤਤਿ ਮੰਗਣਾ ਹੀ (ਨੀਕਾ) ਚੰਗਾ ਹੈ। ਇਕੱਲੀ-ਇਕੱਲੀ ਵਸਤੂ ਮੰਗਣ ਨਾਲੋਂ-
ਮੰਗਣਾ ਤ ਸਚੁ ਇਕੁ ਜਿਸੁ ਤੁਸਿ ਦੇਵੈ ਆਪਿ॥ (੩੨੧)
ਇਕੋ ਇੱਕ ਸਚੁ (ਸਦੀਵੀ ਹੋਂਦ ਵਾਲਾ ਰੱਬ) ਹੀ ਮੰਗ ਲੈਣਾ ਚਾਹੀਦਾ ਹੈ। ਇਸ ਵਿੱਚ ਸਭ ਕੁਝ ਆ ਜਾਂਦਾ ਹੈ। ਦ੍ਰਿਸ਼ਟਾਂਤ ਹੈ ਕਿ ਜਿਵੇਂ ਇੱਕ ਰੁੱਖ ਹੈ, ਉਸ ਦੀਆਂ ਜੜਾਂ, ਤਣੇ, ਛਿੱਲ, ਲੱਕੜ, ਟਾਹਣੀਆਂ, ਪੱਤੇ, ਫੁੱਲ ਅਤੇ ਫਲ ਹੁੰਦੇ ਹਨ। ਜੇ ਅਸੀਂ ਇਕੱਲੇ ਫੁੱਲ ਜਾਂ ਫਲ ਹੀ ਮੰਗਾਂਗੇ ਤਾਂ ਬਾਕੀ ਸਾਰਾ ਕੁਝ ਰਹਿ ਜਾਵੇਗਾ ਪਰ ਜੇ ਅਸੀਂ ਸੋਚ ਸਮਝ ਕੇ ਸਾਰਾ ਰੁੱਖ ਹੀ ਮੰਗ ਲਿਆ ਤਾਂ ਸਭ ਕੁਝ ਵਿੱਚੇ ਆ ਜਾਵੇਗਾ, ਨਾਲੇ ਪੁੰਨ ਨਾਲੇ ਫਲੀਆਂ। ਇਸੇ ਤਰ੍ਹਾਂ ਕਰਤਾਰ ਵੀ ਇੱਕ ਬਹੁਤ ਵੱਡਾ ਬਿਰਖ ਹੈ ਜਿਸ ਨਾਲ ਦੁਨਿਆਵੀ ਅਤੇ ਪ੍ਰਮਾਰਥੀ ਪਦਾਰਥਾਂ ਰੂਪੀ ਫਲ ਫੁੱਲ ਲੱਗੇ ਹੋਏ ਹਨ, ਇਸ ਲਈ ਜੇ ਅਸੀਂ ਕਰਤਾਰ ਹੀ ਮੰਗ ਲਿਆ, ਉਸ ਨਾਲ ਆਪੇ ਸਭ ਕੁਝ ਆ ਜਾਵੇਗਾ।
ਰੱਬੀ ਭਗਤਾਂ ਅਤੇ ਗੁਰੂਆਂ ਨੇ ਸਾਨੂੰ ਹੱਥੀਂ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ (ਪ੍ਰਭੂ ਨੂੰ ਸਦਾ ਯਾਦ ਰੱਖਣ) ਦਾ ਉਪਦੇਸ਼ ਦਿੱਤਾ ਹੈ। ਹੱਥੀਂ ਕਿਰਤ ਕਰਨ ਵਾਲਾ ਕਦੇ ਦੁਨਿਆਵੀ ਮੰਗਤਾ ਨਹੀਂ ਹੋ ਸਕਦਾ ਸਗੋਂ ਆਪਣੀ ਕਿਰਤ ਕਮਾਈ ਚੋਂ ਲੋੜਵੰਦਾਂ ਨੂੰ ਵੰਡਦਾ ਹੋਇਆ, ਪ੍ਰਭੂ ਨੂੰ ਯਾਦ ਕਰਦਾ, ਇਹ ਹੀ ਕਹਿੰਦਾ ਹੈ ਕਿ-
ਏਹਿ ਭਿ ਦਾਤਿ ਤੇਰੀ ਦਾਤਾਰ॥(੫)
ਉਹ ਪ੍ਰਭੂ ਦੇ ਦਰ ਤੋਂ ਬੰਦਗੀ ਦੀ ਖੈਰ ਮੰਗਦਾ ਹੈ। ਜਦੋਂ ਉਸ ਦੇ ਹਿਰਦੇ ਘਰ ਵਿੱਚ ਰੱਬ ਜੀ ਆਪ ਹੀ ਆ ਜਾਂਦੇ ਹਨ ਤਾਂ ਸਾਰੀਆਂ ਰਹਿਮਤਾਂ ਵੀ ਨਾਲ ਹੀ ਆ ਜਾਂਦੀਆਂ ਹਨ। ਗੁਰੂ ਦਾ ਸਿੱਖ ਕਿੰਨਾਂ ਭੀ ਕੰਗਾਲ ਕਿਉਂ ਨਾਂ ਹੋ ਜਾਵੇ ਪਰ ਹੱਥ ਵਿੱਚ ਠੂਠਾ ਲੈ ਕੇ ਦਰ-ਦਰ ਤੇ ਨਹੀਂ ਮੰਗਦਾ। ਦੁਨੀਆਂ ਵਿੱਚ ਲੱਖਾਂ ਹੀ ਮੰਗਤੇ ਮਿਲ ਜਾਣਗੇ ਪਰ ਗੁਰੂ ਦਾ ਸਿੱਖ ਮੰਗਤਾ ਨਹੀਂ ਮਿਲੇਗਾ। ਹਾਂ ਜੇ ਕਿਤੇ ਕਰੋੜਾਂ ਚੋਂ ਕੋਈ ਮਿਲ ਵੀ ਜਾਏ ਤਾਂ ਉਹ ਭੇਖੀ ਸਿੱਖ ਹੋ ਸਕਦਾ ਹੈ। ਥਾਂ-ਥਾਂ ਤੇ ਮੰਗਣ ਵਾਲੇ ਨੂੰ ਕਦੇ ਮਾਨ ਨਹੀਂ ਮਿਲਦਾ-
ਲੋਕੁ ਧਿਕਾਰੁ ਕਹੈ ਮੰਗਤ ਜਨ, ਮਾਂਗਤੁ ਮਾਨੁ ਨ ਪਾਇਆ॥(੮੭੮)
ਚਲੋ ਜੇ ਮੰਗਤਾ ਕਿਸੇ ਸਰਦੇ-ਪੁਜਦੇ ਕੋਲ ਚਲੇ ਜਾਵੇ ਤਾਂ ਕੁਝ ਖੈਰ ਮਿਲ ਸਕਦੀ ਹੈ ਪਰ ਜੇ ਮੰਗਤਿਆਂ ਕੋਲੋਂ ਹੀ ਮੰਗਦਾ ਫਿਰੇ ਤਾਂ ਖੁਆਰੀ ਬਿਨਾਂ ਉਸ ਦੇ ਪੱਲੇ ਕੱਖ ਨਹੀਂ ਪੈਂਦਾ। ਇਵੇਂ ਹੀ ਧਰਮ ਦੀ ਦੁਨੀਆਂ ਵਿੱਚ, ਜਾਚਕ ਨੇ *ਦਾਤੇ* ਕੋਲੋਂ ਮੰਗਣਾ ਹੈ ਕਿਉਂਕਿ-
ਦਦਾ ਦਾਤਾ ਏਕੁ ਹੈ ਸਭ ਕੋ ਦੇਵਣਹਾਰੁ॥ ਦੇਂਦੇ ਤੋਟਿ ਨ ਆਵਈ ਅਗਣਤ ਭਰੇ ਭੰਡਾਰ॥(੨੫੭)
ਇੱਥੇ ਤਾਂ ਕੰਮ ਹੀ ਉਲਟਾ ਹੋਇਆ ਪਿਆ ਹੈ ਜਿਵੇਂ ਵੱਡੇ-ਵੱਡੇ ਭੇਖਾਰੀਆਂ ਨੇ ਭੀਖ ਨੂੰ ਕਿੱਤਾ ਹੀ ਬਣਾ ਲਿਆ ਹੈ, ਆਪਣੇ ਥੱਲੇ ਅੱਗੇ ਬਹੁਤ ਸਾਰੇ ਮੰਗਤੇ ਰੱਖ ਕੇ ਉਨ੍ਹਾਂ ਨੂੰ ਅੱਗੇ ਇਲਾਕਾ ਵੰਡ ਦਿੱਤਾ ਜਾਂਦਾ ਹੈ ਅਤੇ ਉਸ ਸੀਮਾਂ ਵਿੱਚ ਉਹ ਮੰਗਦੇ ਰਹਿੰਦੇ ਹਨ। ਸਿੱਖ ਨੂੰ ਵੀ ਗੁਰੂ ਦਾ ਹੁਕਮ ਹੈ ਕਿ ਰੱਬ ਤੋਂ ਹੀ ਮੰਗਣਾ ਹੈ ਅਤੇ ਹੋਰ ਕਿਸੇ ਐਰੇ-ਗੈਰੇ, ਨੱਥੂ-ਖੈਰੇ (ਭੇਖੀ ਸਾਧ-ਸੰਤ ਅਤੇ ਮਕਾਰੀ-ਲੀਡਰ) ਦੀ ਟੇਕ ਨਹੀਂ ਰੱਖਣੀ-
ਧਰ ਜੀਅਰੇ ਇਕ ਟੇਕ ਤੂੰ ਲਾਹੇ ਬਿਡਾਨੀ ਆਸ॥(੨੫੭)
ਅਜੋਕੇ ਬਹੁਤੇ ਡੇਰੇਦਾਰ ਅਤੇ ਆਗੂ ਵੱਡੇ-ਵੱਡੇ ਮੰਗਤੇ ਹਨ ਜੋ ਕਦੇ ਹੱਥੀਂ ਕਿਰਤ ਤਾਂ ਕਰਦੇ ਨਹੀਂ ਸਗੋਂ ਹਰ ਵੇਲੇ ਧਰਮ ਦੇ ਨਾਂ ਤੇ ਲੋਕਾਂ ਤੋਂ ਮੰਗਦੇ ਰਹਿੰਦੇ ਹਨ-
ਘਰਿ ਘਰਿ ਮਾਗਹਿ ਭੀਖਿਆ ਜਾਇ॥(੯੫੪)
ਉਨ੍ਹਾਂ ਨੂੰ ਘਰ-ਘਰ ਮੰਗਦਿਆਂ ਨੂੰ ਸ਼ਰਮ ਵੀ ਨਹੀਂ ਆਉਂਦੀ, ਉਨ੍ਹਾਂ ਦਾ ਐਸਾ ਜੀਵਨ ਅਤੇ ਭੇਖ ਧ੍ਰਿਗ ਹੈ ਭਾਵ ਲੱਖ ਲਾਹਨਤ ਹੈ-
ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਨ ਧਿਗੁ ਵੇਸੁ॥ (੫੫੦)
ਜੋ ਆਪਣੇ ਆਪ ਨੂੰ ਧਾਰਮਿਕ ਆਗੂ ਗੁਰੂ-ਪੀਰ ਕਹਾਉਂਦਾ ਅਤੇ ਮੰਗਦਾ ਫਿਰਦਾ ਹੈ ਅਜਿਹੇ ਭੇਖਧਾਰੀ ਅਤੇ ਅਡੰਬਰੀ ਦੇ ਕਦੇ ਵੀ ਪੈਰੀਂ ਹੱਥ ਨਹੀਂ ਲਾਉਣਾ ਚਾਹੀਦਾ-
ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ (੧੨੪੫)
ਅਜੋਕਾ ਅਗਿਆਨੀ ਅਤੇ ਭੇਖਧਾਰੀ ਸਿੱਖ ਵੀ ਅਕਾਲ ਪੁਰਖ ਅਤੇ ਗੁਰੂ ਦੀ ਟੇਕ ਛੱਡ ਕੇ, ਸੰਪ੍ਰਦਾਈ ਡੇਰੇਦਾਰਾਂ ਦੇ ਦਰ ਤੇ ਭਟਕਦਾ ਅਤੇ ਦੁਨਿਆਵੀ ਮੰਗਤਿਆਂ (ਭੇਖੀ ਸਾਧਾਂ-ਸੰਤਾਂ) ਤੋਂ ਦਾਤਾਂ ਮੰਗਦਾ ਫਿਰਦਾ ਹੈ। ਜਿਵੇਂ ਬੀਜ ਬੀਜੀਏ ਉਹ ਉੱਗਦਾ ਅਤੇ ਫਲਦਾ-ਫੁਲਦਾ ਹੈ, ਇਵੇਂ ਹੀ ਉੱਦਮ ਕਰਕੇ ਕਿਰਤ ਕਰਨੀ ਫਲਦੀ-ਫੁਲਦੀ ਹੈ ਅਤੇ ਜਣੇ-ਖਣੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ। ਗੁਰਮਤਿ ਅਨੁਸਾਰ ਸਿੱਖ ਨੇ ਰੱਬ ਕੋਲੋਂ ਰੱਬੀ ਦਾਤਾਂ ਹੀ ਮੰਗਣੀਆਂ ਹਨ ਨਾਂ ਕਿ *ਦਾਤੇ* ਨੂੰ ਛੱਡ ਕੇ ਅਖੌਤੀ ਲੀਡਰਾਂ ਜਾਂ ਡੇਰੇਦਾਰ ਮੰਗਤਿਆਂ ਕੋਲੋਂ ਹੀ ਮੰਗੀ ਜਾਣਾ ਹੈ। ਡੇਰਿਆਂ ਤੇ ਜਾਣ ਵਾਲੇ ਸਿੱਖ ਕਦੋਂ ਸਮਝਣਗੇ ਕਿ ਸਿੱਖ ਨੂੰ ਤਾਂ ਹੁਕਮ ਗੁਰੂ ਦਰ ਤੇ ਜਾਣ ਦਾ ਹੈ ਨਾਂ ਕਿ ਕਿਸੇ ਡੇਰੇ ਤੇ ਜਾ ਕੇ, ਵੇਹਲੜ ਸਾਧਾਂ ਨੂੰ ਆਪਣੀ ਖੂਨ ਪਸੀਨੇ ਦੀ ਕਮਾਈ ਲੁਟੌਣ ਦਾ? ਸਿੱਖੋ! ਜੇ ਮੰਗਣਾ ਹੈ ਤਾਂ ਗੁਰੂ ਦਾਤੇ ਪ੍ਰਮੇਸ਼ਰ ਨੂੰ ਮੰਗ ਲਉ, ਨਾਲੇ ਪੁੰਨ ਨਾਲੇ ਫਲੀਆਂ ਆਪੇ ਮਿਲ ਜਾਣਗੀਆਂ। ਦੁਨਿਆਵੀ ਪਦਾਰਥ ਤਾਂ ਪਰਛਾਵੇ ਵਾਂਗ ਹਨ ਜਿਧਰ ਜਾਈਏ ਪਰਛਾਵਾਂ ਆਪੇ ਪਿੱਛੇ-ਪਿੱਛੇ ਆਈ ਜਾਂਦਾ ਹੈ।
ਸਿੱਖ ਨੂੰ ਅਰਦਾਸ ਵੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਜਿਨ੍ਹਾਂ ਚੀਜਾਂ ਨੂੰ ਗੁਰਮਤਿ ਮਨ੍ਹਾਂ ਕਰਦੀ ਹੈ, ਨਹੀਂ ਮੰਗਣੀਆਂ ਚਾਹੀਦੀਆਂ। ਸਿੱਖ ਕਦੇ ਕਿਸੇ ਦਾ ਬੁਰਾ ਨਹੀਂ ਮੰਗਦਾ ਸਗੋਂ ਹਰ ਵੇਲੇ ਭਲਾ ਹੀ ਮੰਗਦਾ ਹੈ-ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੈ ਸਰਬਤ ਦਾ ਭਲਾ॥ (ਅਰਦਾਸ) ਅਜੋਕੇ ਸਿੱਖ ਨੂੰ ਕਦੋਂ ਸਮਝ ਆਏਗੀ ਕਿ ਗੁਰੂ ਨੇ ਡੇਰੇ ਨਹੀਂ ਸੀ ਸਾਜੇ ਸਗੋਂ ਗੁਰੂ-ਪੰਥ ਸਾਜਿਆ ਸੀ? ਉਸੇ ਪੰਥਕ ਰਾਹ ਤੇ ਹੀ ਚੱਲਣਾ ਹੈ ਨਾਂ ਕਿ ਡੇਰਿਆਂ ਦੀਆਂ ਪਗ-ਡੰਡੀਆਂ ਉੱਤੇ ਹੀ ਘੁੰਮਣ-ਘੇਰੀਆਂ ਖਾਈ ਜਾਣੀਆਂ ਹਨ। ਗੁਰੂ-ਮਾਰਗ ਦੀ ਸੰਪੂਰਨ ਡਾਇਰੈਕਸ਼ਨ *ਗੁਰੂ ਗ੍ਰੰਥ ਸਾਹਿਬ* ਦੀ ਬਾਣੀ ਹੈ, ਇਸ ਨੂੰ ਫਾਲੋ ਕਰਾਂਗੇ ਤੇ ਮੰਜ਼ਲ ਤੇ ਪਹੁੰਚ ਜਾਵਾਂਗੇ ਨਹੀਂ ਤਾਂ ਡੇਰਿਆਂ ਰੂਪ ਪਗ-ਡੰਡੀਆਂ ਵਿੱਚ ਹੀ ਭੀਖ ਮੰਗਦੇ ਅਟਕੇ ਰਹਾਂਗੇ। ਅਸੀਂ ਪ੍ਰਭੂ ਦਰ ਦੇ ਹੀ ਭੇਖਾਰੀ ਹਾਂ ਅਤੇ ਉਸ ਦੇ ਦਰ ਤੋਂ ਹੀ ਮੰਗਣਾ ਹੈ-
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾਂ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ (੯੫੮)
ਮਨੁੱਖ ਦੀ ਸਾਂਝ ਨਿਰੰਕਾਰ ਅਤੇ ਸੰਸਾਰ ਦੋਨਾਂ ਨਾਲ ਹੈ, ਉਸ ਨੂੰ ਸੰਸਾਰ ਵਿੱਚ ਵਿਚਰਣ ਲਈ ਲੋੜੀਂਦੀਆਂ ਸੰਸਾਰੀ ਵਸਤੂਆਂ, ਨਿਰੰਕਾਰ ਨੂੰ ਮਿਲਣ ਲਈ ਰੱਬੀ ਰਹਿਮਤਾਂ ਅਤੇ ਦੈਵੀ ਗੁਣ ਵੀ ਚਾਹੀਦੇ ਹਨ। ਇਸ ਲਈ ਹੱਥੀਂ ਕਿਰਤ ਅਤੇ ਸੁਰਤੀ ਨਾਲ ਕਰਤੇ ਨੂੰ ਯਾਦ ਕਰਦੇ ਹੋਏ ਲੋੜੀਂਦਾ ਸਾਰਾ ਕੁਝ ਰੱਬ ਕੋਲੋਂ ਹੀ ਮੰਗਣਾ ਹੈ ਨਾਂ ਕਿ ਵੱਡੇ-ਵੱਡੇ ਭੇਖੀ ਸਾਧਾਂ-ਸੰਤਾਂ ਜਾਂ ਸਿਆਸੀ ਲੀਡਰਾਂ ਅੱਗੇ ਹੀ ਲੇਲੜੀਆਂ ਕੱਢੀ ਜਾਣੀਆਂ ਹਨ ਜੋ ਖੁਦ ਲੋਕਾਂ ਕੋਲੋਂ ਮੰਗਦੇ ਫਿਰਦੇ ਹਨ। ਸੋ ਗੁਰੂ ਪਿਆਰਿਓ ਮੰਗਣ ਦਾ ਵੱਲ ਵੀ ਗੁਰੂ ਤੋਂ ਹੀ ਸਿੱਖੋ, ਕਿਉਂਕਿ ਗੁਰੂ ਸਾਡਾ ਗਿਆਨ ਦਾਤਾ ਹੈ, ਜੋ ਜਨਮ ਮਰਨ ਤੋਂ ਮੁਕਤ
ਅਤੇ ਸਦੀਵੀ ਪ੍ਰਕਾਸ਼ ਹੈ।
-ਅਵਤਾਰ ਸਿੰਘ ਮਿਸ਼ਨਰੀ (5104325827)
singhstudent@yahoo.com