ਇਤਿਹਾਸ ਦੇ ਉਹ ਪੰਨੇ ਜਿਨ੍ਹਾਂ ਨੂੰ ਸੁਨਹਰੀ ਕਿਹਾ ਜਾਂਦਾ ਹੈ
ਜਿਨ੍ਹਾਂ ਨੂੰ ਲਿਖਣ ਲਈ ਅੱਖਰ ਲੱਭਣੇ ਮੁਸ਼ਕਿਲ ਹੋ ਜਾਂਦੇ ਹਨ ।
ਜਦੋਂ ਦੁਨੀਆ ਦੇ ਸਾਰੇ ਬ੍ਰਾਹਮਣ, ਖੱਤ੍ਰੀ ਅਤੇ ਵੈਸ਼, ਇਕ ਸ਼ੂਦਰ ਦੇ ਸਾਹਵੇਂ ਇਵੇਂ ਜਾਪੇ , ਜਿਵੇਂ ਮੇਰ(ਪਹਾੜ) ਦੇ ਸਾਮਹਣੇ ਤ੍ਰਿਣ (ਤੀਲੇ) ਹੋਣ ।
ਇਹ ਵਰਨ-ਵੰਡ ਤਾਂ ਬ੍ਰਾਹਮਣ ਦੀ ਕਾਢ ਹੈ, ਜਿਸ ਅਨੁਸਾਰ ਸ਼ੂਦਰ, ਬਾਕੀ ਤਿੰਨਾਂ(ਬ੍ਰਾਹਮਣ, ਖੱਤ੍ਰੀ, ਵੈਸ਼) ਦੀ ਸੇਵਾ ਕਰਨ ਲਈ ਹੀ ਬਣਿਆ, ਗਿਣਿਆ ਜਾਂਦਾ ਹੈ, ਉਸ ਨੂੰ ਆਪਣੇ ਲਈ ਕੁਝ ਵੀ ਰੱਖਣ ਦਾ ਅਧਿਕਾਰ ਨਹੀਂ ਹੈ, ਦੂਸਰਿਆਂ ਦੀ ਦਯਾ ਤੇ ਪਲਣਾ ਹੀ ਜਿਸ ਦੀ ਨੀਯਤ ਹੈ । ਫਿਰ ਉਹ ਕਿਹੋ ਜਿਹਾ ਵੇਲਾ ਹੋਵੇਗਾ ? ਜਦੋਂ ਇਹ ਤਿੰਨੋਂ ਵਰਣ, ਇਕ ਸ਼ੂਦਰ ਦੇ ਸਾਮ੍ਹਣੇ ਬੇ-ਬੱਸ ਨਜ਼ਰ ਆਏ, ਅਤੇ ਹਿੰਦੂਆਂ ਦੇ ਭਗਵਾਨ (ਸ੍ਰੀ ਰਾਮ) ਨੂੰ ਆਪ ਜਾ ਕੇ ਉਸ ਦਾ ਵਧ ਕਰਨਾ ਪਿਆ। ਇਸ ਨੂੰ ਇਨ੍ਹਾਂ ਤਿੰਨਾਂ ਦੀ ਨੀਚਤਾ ਦਾ ਪ੍ਰਮਾਣ ਕਿਹਾ ਜਾਵੇ ? ਜਾਂ ਸ਼ੰਬੂਕ ਦੀ ਉੱਚਤਾ ਦਾ ? ਹਾਲਾਂਕਿ ਬ੍ਰਾਹਮਣ ਦੀ ਡਿਕਸ਼ਨਰੀ ਅਨੁਸਾਰ ਤਾਂ ਸ਼ੂਦਰ ਉੱਚ ਹੋ ਹੀ ਨਹੀਂ ਸਕਦਾ। ਪਰ ਕੁਝ ਮਿਸਾਲਾਂ ਅਜਿਹੀਆਂ ਹੁੰਦੀਆਂ ਹਨ, ਜੋ ਸਿਤਾਰਿਆਂ ਵਿਚੋਂ ਚੰਦਰਮਾ ਵਾਙ ਆਪਣੀ ਰੌਸ਼ਨੀ ਛੱਡਦੀਆਂ ਅਲੱਗ ਹੀ ਨਜ਼ਰ ਆਉਂਦੀਆਂ ਹਨ।
ਅਜਿਹਾ ਹੀ ਇਕ ਹੋਰ ਹੋਇਆ ਹੈ ‘ਏਕਲਵ’, ਜਿਸਨੂੰ ਪਾਂਡਵਾਂ ਦੇ ਗੁਰੂ ਦ੍ਰੋਣਾ ਚਾਰਯ ਨੇ ਇਸ ਲਈ ਧਨੁਸ਼-ਵਿਦਿਆ ਸਿਖਾਉਣ ਤੋਂ ਇਨਕਾਰ ਕਰ ਦਿੱਤਾ,ਕਿਉਂਕਿ ਉਹ ਸ਼ੂਦਰ ਸੀ। ਪਰ ਜਦੋਂ ਏਕਲਵ ਆਪਣੀ ਲਗਨ ਨਾਲ, ਆਪਣੀ ਮਿਹਨਤ ਨਾਲ ਧਨੁਸ਼ ਵਿਦਿਆ ਵਿਚ ਮਾਹਰ ਹੋ ਗਿਆ, ਅਤੇ ਅਰਜਨ ਨੂੰ ਆਪਣਾ ਵਰਚਸਵ ਖਤਰੇ ਵਿਚ ਨਜ਼ਰ ਆਇਆ ਤਾਂ, ਉਹੀ ਗੁਰੂ ਆਪ ਚੱਲ ਕੇ ਏਕਲਵ ਦੀ ਝੌਂਪੜੀ ਵਿਚ ਗਿਆ, ਅਤੇ ਮਿੱਠੀਆਂ-ਸਲੂਣੀਆਂ ਕਰ ਕੇ ਏਕਲਵ ਨੂੰ ਪੁੱਛਿਆ ਕਿ ‘ਤੇਰਾ ਗੁਰੂ ਕੌਣ ਹੈ ?’ ਏਕਲਵ ਦੇ ਦੱਸਣ ਤੇ ਕਿ ‘ਮੇਰਾ ਗੁਰੂ ਦ੍ਰੋਣਾ ਚਾਰਯ, ਅਰਥਾਤ ਤੁਸੀ ਹੀ ਹੋ । ਤਾਂ ਉਸ ਤੋਂ ਇਹ ਪੁੱਛਣ ਦੀ ਥਾਂ ਕਿ , ਮੈਂ ਤਾਂ ਤੈਨੂੰ ਵਿਦਿਆ ਸਿਖਾਈ ਹੀ ਨਹੀਂ ਸੀ , ਮੈਂ ਤੇਰਾ ਗੁਰੂ ਕਿਵੇਂ ਹੋ ਸਕਦਾ ਹਾਂ ?’ ਉਸ ਨੇ ਛੱਲ-ਪੂਰਵਕ ਏਕਲਵ ਤੋਂ ਗੁਰੂ ਦਕਸ਼ਣਾ ਮੰਗੀ, ਏਕਲਵ ਦੇ ਦਕਸ਼ਣਾ ਦੇਣ ਲਈ ਰਾਜ਼ੀ ਹੋਣ ਤੇ, ਦ੍ਰੋਣਾ ਚਾਰਯ ਨੇ ਉਸ ਕੋਲੋਂ ਗੁਰੂ ਦਕਸ਼ਣਾ ਵਿਚ ਉਸ ਦਾ ਸੱਜੇ ਹੱਥ ਦਾ ਅੰਗੂਠਾ ਮੰਗ ਲਿਆ, ਤਾਂ ਜੋ ਉਸ ਕੋਲੋਂ ਤੀਰ ਨਾ ਚਲਾਏ ਜਾ ਸਕਣ। ਅਤੇ ਇਵੇਂ ਅਰਜਣ ਦਾ ਵਰਚਸਵ ਕਾਇਮ ਰੱਖ ਲਿਆ।
ਇਸ ਨੂੰ ਦ੍ਰੋਣਾ ਚਾਰਯ ਦੀ ਨੀਚਤਾ ਕਿਹਾ ਜਾ ਸਕਦਾ ਹੈ ਜਾਂ ਏਕਲਵ ਦੀ ਉੱਚਤਾ ? ਪਰ ਗੱਲ ਤਾਂ ਫਿਰ ਉਹੀ ਹੈ ਕਿ ਸ਼ੂਦਰ ਉੱਚਾ ਨਹੀਂ ਹੋ ਸਕਦਾ ਅਤੇ ਬ੍ਰਾਹਮਣ ਨੀਚ ਨਹੀਂ ਹੋ ਸਕਦਾ।
ਗੁਰਬਾਣੀ ਵਿਚ ਇਕ ਅੱਖਰ ਹੈ ਅਕਿਰਤਘਣ, ਜਿਸ ਦਾ ਅਰਥ ਹੈ ਅਹਿਸਾਨ ਫਰਾਮੋਸ਼ , ਕਿਸੇ ਦੇ ਕੀਤੇ ਅਹਿਸਾਨ ਨੂੰ ਭੁੱਲ ਜਾਣ ਵਾਲਾ, ਅਜਿਹੇ ਬੰਦੇ ਲਈ ਗੁਰ-ਫੁਰਮਾਨ ਹੈ,
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥
ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥1॥ (315)
ਅਰਥਾਤ:- ਅਕਿਰਤਘਣ ਮਨੁੱਖ ਪ੍ਰਭੂ ਵਲੋਂ ਹੀ ਮਾਰੇ ਹੋਏ ਹੁੰਦੇ ਹਨ, ਬਹੁਤ ਭਾਰੇ ਦੁੱਖ-ਰੂਪ ਘੋਰ ਨਰਕ ਹੀ ਉਨ੍ਹਾਂ ਲਈ ਇਕੋ-ਇਕ ਥਾਂ ਹੈ। ਹੇ ਨਾਨਕ ਉਹ ਨਿੱਤ-ਨਿਤ ਅਧਰਮੀ ਹੋ-ਹੋ ਕੇ ਮਰਦੇ ਹਨ।
ਜਿਸ ਧਰਮ ਦਾ ਜਨਮ ਹੀ ਅਧਰਮ ਵਿਚੋਂ ਹੋਇਆ ਹੋਵੇ, ਉਸ ਧਰਮ ਦੇ ਬੰਦਿਆਂ ਦਾ ਅਧਰਮੀ ਹੋ ਕੇ ਮਰਨ ਵਿਚ ਸ਼ੱਕ ਵੀ ਕੀ ਹੋ ਸਕਦਾ ਹੈ ? ਜਦ ਔਰੰਗਜ਼ੇਬ, ਸਾਰੇ ਬ੍ਰਾਹਮਣਾਂ ਨੂੰ ਮੁਸਲਮਾਨ ਬਨਾਉਣ ਲੱਗਾ ਤਾਂ ਏਕਲਵ ਨੂੰ ਦਾਅ ਲਾਉਣ ਵਾਙ, ਬ੍ਰਾਹਮਣਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਨੰਦਪੁਰ ਸਾਹਿਬ ਵਿਚ ਆ ਦਾਅ ਲਾਇਆ, ਆਪਣੇ ਧਰਮ ਨੂੰ ਬਚਾਉਣ ਦੀ ਆ ਬੇਨਤੀ ਕੀਤੀ। ਗੁਰੂ ਸਾਹਿਬ ਠਹਿਰੇ ਇੰਸਾਨੀਅਤ ਦੇ ਮੁਜੱਸਮੇ (ਬ੍ਰਾਹਮਣਾਂ ਦੀ ਥਾਂ ਮੁਸਲਮਾਨਾਂ ਨੇ ਵੀ ਅਜਿਹੀ ਬੇਨਤੀ ਕੀਤੀ ਹੁੰਦੀ ਤਾਂ,ਉਨ੍ਹਾਂ ਨੇ ਫਿਰ ਵੀ ਇਹੋ ਕੁਝ ਕਰਨਾ ਸੀ) ਉਨ੍ਹਾਂ ਲਈ ਬੰਦੇ ਦੇ ਹੱਕਾਂ ਦੀ ਕੀਮਤ ਬਹੁਤ ਵੱਧ ਸੀ, ਉਨ੍ਹਾਂ ਨੇ ਬ੍ਰਾਹਮਣਾਂ ਨੂੰ ਕਿਹਾ, ਜਾਉ ਔਰੰਗਜ਼ੇਬ ਨੂੰ ਕਹਿ ਦੇਵੋ ਕਿ ਜੇ ਸਾਡਾ ਗੁਰੂ(ਗੁਰੂ ਤੇਗ ਬਹਾਦਰ ਜੀ) ਮੁਸਲਮਾਨ ਹੋ ਜਾਵੇ ਤਾਂ ਅਸੀਂ ਸਾਰੇ ਮੁਸਲਮਾਨ ਹੋ ਜਾਵਾਂਗੇ। ਇਵੇਂ ਹੀ ਹੋਇਆ, ਗੁਰੂ ਸਾਹਿਬ ਨੂੰ ਬ੍ਰਾਹਮਣਾਂ ਦਾ ਧਰਮ ਬਚਾਉਣ ਲਈ ਸ਼ਹਾਦਤ ਦੇਣੀ ਪਈ। ਇਹ ਹੈ ਬ੍ਰਾਹਮਣ ਦਾ ਕਿਰਦਾਰ, ਇਕ ਬੰਨੇ ਉਹ ਗੁਰੂ ਬਣ ਕੇ ਏਕਲਵ ਨੂੰ ਠੱਗਦਾ ਹੈ, ਦੂਸਰੇ ਪਾਸੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਬਣਾ ਕੇ ਠੱਗਦਾ ਹੈ, ਨਾ ਉਸ ਨੂੰ ਏਕਲਵ ਦਾ ਗੁਰੂ ਬਣਨ ਵਿਚ ਕੋਈ ਦਿਲਚਸਪੀ ਸੀ, ਨਾ ਉਸ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਬਨਾਉਣ ਵਿਚ ਕੋਈ ਦਿਲਚਸਪੀ ਸੀ, ਉਸ ਦੀ ਦਿਲਚਸਪੀ ਖਾਲੀ ਆਪਣਾ ਉਲੂ ਸਿੱਧਾ ਕਰਨ ਵਿਚ ਸੀ ਅਤੇ ਅੱਜ ਵੀ ਹੈ।
ਸਿੱਖਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ, ਉਨ੍ਹਾਂ ਦਾ ਵਾਹ ਕਿਹੋ ਜਿਹੇ ਸ਼ਾਤ੍ਰ ਦੁਸ਼ਮਣ ਨਾਲ ਪਿਆ ਹੋਇਆ ਹੈ । ਸਿਆਣੇ ਕਹਿੰਦੇ ਹਨ ਕਿ ਕਿਸੇ ਨੂੰ ਦੋਸਤ ਬਨਾਉਣ ਲੱਗਿਆਂ, ਉਸ ਦੇ ਗੁਣਾਂ-ਅਵਗੁਣਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੇ, ਤਾਂ ਜੋ ਕੱਲ ਨੂੰ ਪਛਤਾਉਣਾ ਨਾ ਪਵੇ। ਇਵੇਂ ਹੀ ਜੇ ਕਿਸੇ ਨਾਲ ਦੁਸ਼ਮਣੀ ਹੋ ਜਾਵੇ ਤਾਂ ਉਸ ਦੇ ਵੀ ਸਾਰੇ ਗੁਣਾਂ-ਅਵਗੁਣਾ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਜੋ ਕੱਲ ਨੂੰ ਪਛਤਾਉਣਾ ਨਾ ਪਵੇ।
ਅਮਰ ਜੀਤ ਸਿੰਘ ਚੰਦੀ