"ਦਰਬਾਰ ਸਾਹਿਬ ਦੀ ਹੋਂਦ ਨਾਲੋਂ ਕਿਸੇ ਦੀ ਚਿੜ ਦਾ ਕਾਰਣ ?"
ਅਸੀਂ ਅਕਸਰ ਦੇਖਦੇ ਹਾਂ ਕਿ ਬਿਜ਼ਨੈਸ ਵਿੱਚ ਪਈਆਂ ਕਾਰਪੋਰੇਟ ਸੈਕਟਰ ਕੰਪਨੀਆਂ ਦੀ ਨਿਗਾਹ ਇਕ ਦੂਜੇ ਦੀ ਆਮਦਨ ਤੇ ਟਿਕੀ ਰਹਿੰਦੀ ਹੈ। ਇਹੀ ਹਾਲ ਕਿਸੇ ਸ਼ਹਿਰ ਵਿਚ ਚਲ ਰਹੇ ਸਕੂਲਾਂ ਅਤੇ ਹਸਪਤਾਲਾਂ ਆਦਿ ਦੀ ਮੈਨੇਜਮੇਂਟ ਦਾ ਹੁੰਦਾ ਹੈ।
ਇਹ ਸਥਿਤੀ ਦੋ ਕਲਾਕਾਰਾਂ ਦਰਮਿਆਨ ਵੀ ਹੋ ਸਕਦੀ ਹੈ। ਹੁਣ ਇਹੀ ਸਥਿਤੀ ਪੰਜਾਬ ਵਿਚ ਚਲ ਰਹੇ ਕਿਸੇ ਡੇਰੇ ਦੇ ਪੂਜਾਰੀ ਦੀ ਵੀ ਹੋ ਸਕਦੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਵਲੋਂ ਸੰਚਾਲਤ ਵੱਡੇ ਬਜਟ ਅਤੇ ਗੁਰੂਘਰਾਂ ਵਿਚ ਆਉਣ ਵਾਲੀ ਵੱਡੀ ਭੇਂਟਾ ਦੀ ਤੁਲਨਾ ਆਪਣੇ ਡੇਰੇ ਵਿਚ ਆਉਣ ਵਾਲੀ ਭੇਂਟਾ ਨਾਲ ਕਰਕੇ ਪਰੇਸ਼ਾਨ ਅਤੇ ਉਤਾਵਲਾ ਹੁੰਦਾ ਹੋਵੇ ਕਿ, ‘ਕਾਸ਼ ਇਹ ਸਭ ਮੇਰੇ ਹੱਥ ਹੁੰਦਾ ਜਾਂ ਫਿਰ ਕਾਸ਼ ਮੇਰੇ ਡੇਰੇ ਦੀ ਆਮਦਨ ਵੀ ਹਜ਼ਾਰਾ ਕਰੋੜ ਵਿਚ ਹੁੰਦੀ !’
ਜ਼ਾਹਰ ਜਿਹੀ ਗਲ ਹੈ ਕਿ ਕਾਰਪੋਰੇਟ ਮਾਨਸਿਕਤਾ ਅਜਿਹਾ ਸੋਚਦੀ ਹੋਈ, ਧਰਮ ਖ਼ੇਤਰ ਵਿਚ, ਤਿਆਗ ਦੀਆਂ ਲੱਛੇਦਾਰ ਗਲਾਂ ਆਪਣੀ ਆਮਦਨ ਛੱਡਣ ਲਈ ਨਹੀਂ ਬਲਕਿ ਵਧਾਉਣ ਲਈ ਕਰੇਗੀ !
ਸਿੰਘ ਸਭਾ ਲਹਿਰ ਦਾ ਟੀਚਾ ਗੁਰੂਘਰਾਂ ਵਿਚ ਡੇਮੋਕ੍ਰੇਟਿਕ ਕੰਟਰੋਲ ਸਥਾਪਤ ਕਰਨਾ ਸੀ ਅਤੇ ਇਹ ਹੋਇਆ ਵੀ। ਪ੍ਰਬੰਧਕ ਤਾਂ ਆਉਂਦੇ-ਜਾਉਂਦੇ ਰਹਿਣੇ ਜਿਵੇਂ ਕਿ ਡੇਮੋਕ੍ਰੇਟ ਸਰਕਾਰਾਂ ਵਿਚ ਹੁੰਦਾ ਹੈ।
ਸਮੇਂ-ਸਮੇਂ ਦੀਆਂ ਤਾਕਤਾਂ ਤਾਂ ਦਰਬਾਰ ਸਾਹਿਬ ਤੋਂ ਪਰੇਸ਼ਾਨ ਹੁੰਦੀਆਂ ਹੀ ਰਹੀਆਂ ਪਰ ਹੁਣ ਕਿਸ ਡੇਰੇ ਦੇ ਪੂਜਾਰੀ ਨੂੰ ਦਰਬਾਰ ਸਾਹਿਬ ਨਾਲ ਪੈਸੇ ਕਾਰਣ ਵੀ ਚਿੱੜ ਹੋ ਜਾਏ ਤਾਂ ਉਸ ਚਿੱੜ ਦਾ ਕੋਈ ਇਲਾਜ ਨਹੀਂ !
ਉਹ ਲੱਖ ਜਤਨ ਲੱਖ ਟਿੱਚਕਰਾਂ ਕਰ ਲੇਵੇ, ਪਰ ਦਰਬਾਰ ਸਾਹਿਬ ਪਰਿਸਰ, ਉਸਦੇ ਇਤਹਾਸ ਅਤੇ ਉਸ ਪ੍ਰਤੀ ਸਿੱਖਾਂ ਦੇ ਸਤਿਕਾਰ ਨੇ ਤਾਂ ਅਜਿਹੇ ਅਨਸਰਾਂ ਦਾ ਮੁੰਹ ਚਿੜਾਉਂਦੇ ਚੀਕਾਂ ਕਡਾਉਂਦੇ ਹੀ ਰਹਿਣਾ ਹੈ !
ਹਰਦੇਵ ਸਿੰਘ-੨੫.੧੦.੨੦੧੯(ਜੰਮੂ)