ਗੁਰੂ ਨਾਨਕ ਦੇ 550ਵੇਂ ਪੁਰਬ ਤੇ ਸੰਗਤਾਂ ਨੂੰ ਕੀ ਵਿਖਾਉਗੇ?
ਕਿਥੇ ਹੈ ਪੂਰਨ ਸਿੰਘ ਦਾ "ਪੰਜਾਬ ਜਿਊਂਦਾ ਗੁਰਾਂ ਦੇ ਨਾਂਅ " ਵਾਲਾ ਪੰਜਾਬ ?
ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਨੇ ਮਨੁੱਖ ਅਤੇ ਮਨੁੱਖੀ ਜੀਵਨ ਦੇ ਵਧੀਆ, ਖੁਸ਼ਹਾਲ, ਸ਼ਾਂਤੀ ਪਸੰਦ ਆਪਸੀ ਸੂਝ-ਬੂਝ ਭਰੇ ਮਿਲਵਰਤਨ ਅਧਾਰਤ ਵਿਕਾਸਮਈ ਜੀਵਨ ਲਈ ਇੱਕ ਸੱਚਾ-ਸੁੱਚਾ ਸਰਲ ਸਿੱਖ ਪੰਥ ਚਲਾਇਆ। ਭਾਈ ਗੁਰਦਾਸ ਅਨੁਸਾਰ :
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।
ਪਰ ਮੰਨ, ਬੁੱਧੀ, ਆਤਮਾ ਅਤੇ ਸਰੀਰ ਅੰਤਰੀਵ ਅਹਿਸਾਸ ਕਰਦੇ ਛੱਲਣੀ-ਛੱਲਣੀ ਹੋ ਰਹੇ ਹਨ ਕਿ ਅੱਜ ਉਨ੍ਹਾਂ ਵੱਲੋਂ ਚਲਾਇਆ ਨਿਰਮਲ ਪੰਥ, ਇਸ ਪੰਥ ਅਨੁਸਾਰ ਚਲਣ ਵਾਲੇ ਸਿੱਖ ਅਤੇ ਸਿੱਖੀ ਕਿੱਥੇ ਹਨ?
ਉਸ ਮਹਾਨ ਨਿਰਮਲ ਪੰਥ ਦਾ ਵਿਗਾੜ ਅਜੋਕੇ ਗਲੇ-ਸੜੇ ਪੰਥਕ ਸਿਧਾਂਤ ਅਤੇ ਕਬਾੜਖਾਨਾ ਸਿੱਖ ਸੰਸਥਾਵਾਂ ਦੀ ਦੁਰਦਸ਼ਾ ਵੇਖੋ! ਕਿ ਅੱਜ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਇਤਿਹਾਸਿਕ ਮੌਕੇ ਵੱਖ-ਵੱਖ ਬਿਪਰਵਾਦੀ ਮਸੰਦਾਂ ਅਧਾਰਤ ਸੰਸਥਾਵਾਂ ਵੱਖ-ਵੱਖ ਸਟੇਜਾਂ ਸਜਾ ਕੇ ਵੱਖੋ-ਵੱਖ ਢੰਗ ਨਾਲ ਮਨਾਉਣ ਲਈ ਬਜ਼ਿਦ ਹਨ।
ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਤੰਬੀਹ ਕੀਤੀ ਸੀ 'ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।' ਜਦੋਂ ਗੁਰੂ ਗ੍ਰੰਥ ਸਾਹਿਬ ਇੱਕ ਹੈ, ਫਿਰ ਉਸਦੀ ਦੇਹ ਦੇ ਇੱਕ ਪ੍ਰਕਾਸ਼ ਹੇਠ ਇੱਕ ਸਟੇਜ ਅਤੇ ਇਕੱਠ ਰਾਹੀਂ ਗੁਰੂ ਨਾਨਕ ਜੀ ਦਾ ਇਤਿਹਾਸਿਕ ਪੁਰਬ ਕਿਉਂ ਨਹੀਂ ਮਨਾਉਂਦੇ ? ਗੁਰੂ ਸਾਹਿਬ ਨੇ ਤਾਂ ਚਾਰ ਉਦਾਸੀਆਂ ਅਤੇ ਪੂਰੇ ਜੀਵਨ ਵਿਚ ਸਰਬ ਮਾਨਵਤਾ ਨੂੰ ਜੋੜਨ ਦਾ ਕੰਮ ਕੀਤਾ ਸੀ। ਪਰ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਉਪਰੰਤ ਹਿੰਦੂ-ਸਿੱਖ ਅਤੇ ਮੁਸਲਮਾਨ ਅਨੁਯਾਈਆਂ ਉਨ੍ਹਾਂ ਦੀ ਚਾਦਰ ਦੇ ਦੋ ਟੋਟੇ ਕਰ ਸੁੱਟੇ। ਇਕਨਾਂ ਸੰਸਕਾਰ ਕੀਤਾ ਅਤੇ ਇਕਨਾਂ ਦਫਨਾਇਆ। ਹੁਣ ਪੰਥਕ ਮਸੰਦ ਇਹੋ ਕਰਨ ਜਾ ਰਹੇ ਹਨ।
ਇਸ ਮੁਕਦੱਸ ਮੌਕੇ ਪੂਰੇ ਵਿਸ਼ਵ ਵਿਚੋਂ ਨਾਨਕ ਨਾਮ ਲੇਵਾ ਸ਼ਰਧਾਲੂ ਅਤੇ ਪੰਥਕ ਅਨੁਯਾਈ ਭਾਰਤ ਅਤੇ ਪਾਕਿਸਤਾਨ ਵਿਖੇ ਉਨ੍ਹਾਂ ਦਾ ਪਵਿੱਤਰ ਸੰਦੇਸ਼ ਲੈਣ ਲਈ ਸੁਲਤਾਨਪੁਰ ਲੋਧੀ, ਸ਼੍ਰੀ ਅੰਮਿਰਤਸਰ, ਡੇਰਾ ਬਾਬਾ ਨਾਨਕ, ਕਰਤਾਰਪੁਰ, ਸ੍ਰੀ ਨਨਕਾਣਾ ਸਾਹਿਬ, ਸ਼੍ਰੀ ਪੰਜਾ ਸਾਹਿਬ ਆਦਿ ਵਿਖੇ ਨਤਮਸਤਕ ਹੋ ਰਹੇ ਹਨ।
ਭਾਰਤੀ ਪੰਜਾਬ ਜੋ ਉਨ੍ਹਾਂ ਵੱਲੋਂ ਚਲਾਏ ਪੰਥ ਦਾ ਵੱਡਾ ਕੇਂਦਰ ਹੈ ਜਿੱਥੇ ਪੰਥਕ ਸੰਸਥਾਵਾਂ ਸਸ਼ੋਭਤ ਹਨ, ਕੀ ਇੰਨਾਂ ਸੰਸਥਾਵਾਂ ਦੇ ਮਸੰਦ ਦਸ ਸਕਦੇ ਹਨ ਕਿ ਉਹ ਦੇਸ਼-ਵਿਦੇਸ਼ ਤੋਂ ਆ ਰਹੀਆਂ ਸਿੱਖ ਸੰਗਤਾਂ, ਨਾਨਕ ਨਾਮ ਲੇਵਾ ਸ਼ਰਧਾਲੂਆਂ, ਧਾਰਮਿਕ, ਰਾਜਨੀਤਕ, ਅਧਿਆਤਮਿਕ ਸਖ਼ਸ਼ੀਅਤਾਂ ਨੂੰ ਕੀ ਦਰਸਾਉਣ ਜਾ ਰਹੇ ਹਨ?
ਪ੍ਰੋ : ਪੂਰਨ ਸਿੰਘ ਨੇ ਲਿਖਿਆ ਸੀ 'ਪੰਜਾਬ ਜਿਊਂਦਾ ਗੁਰਾਂ ਦੇ ਨਾਂਅ ਤੇ।' ਅੱਜ ਉਹ ਪੰਜਾਬ ਕਿੱਥੇ ਹੈ?
ਅੱਜ ਉਹ ਪੰਜਾਬੀ ਕਿੱਥੇ ਹਨ?
ਅੱਜ ਉਹ ਪੰਜਾਬੀਅਤ ਕਿੱਥੇ ਹੈ?
ਆਖਾ ਜੀਵਾ ਵਿਸਰੈ ਮਰ ਜਾਉ॥
ਅੱਜ ਵਹਿਗੁਰੂ ਨਾਮ ਕੌਣ ਜੱਪਦਾ ਹੈ?
ਜਦੋਂ ਗੁਰੂ ਨੂੰ ਵਿਸਰ ਚੁੱਕੇ ਹੋ ਤਾਂ ਫਿਰ ਲਾਸ਼ਾਂ ਦੇ ਰੂਪ ਵਿਚ ਹੀ ਤਾਂ ਘੁੰਮ ਫਿਰ ਰਹੇ ਹੋ। ਕਿਰਤ ਕਰੋ, ਨਾਮ ਜਪੋ, ਵੰਡ ਛੱਕੋ ਦਾ ਪਵਿੱਤਰ ਨਾਨਕ ਉਪਦੇਸ਼ ਸਿੱਖ, ਸਿੱਖੀ ਅਤੇ ਪੰਥ ਵਿਸਰ ਚੁੱਕਾ ਹੈ। ਸਿੱਖਾਂ ਨੂੰ ਤਾਂ ਹੁੱਕਮ ਸੀ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਫਿਰ 13000 ਪੰਜਾਬ ਦੇ ਪਿੰਡਾਂ ਵਿਚ 50 ਹਜ਼ਾਰ ਡੇਰੇਦਾਰ ਕਿੱਥੋਂ ਆ ਗਏ?
ਜਿੰਨਾਂ ਵਹਿਮਾਂ, ਭਰਮਾਂ ਫੋਕਟ ਆਡੰਬਰਾਂ ਵਿਚੋਂ ਨਾਨਕ ਨੇ ਸਿੱਖਾਂ ਅਤੇ ਲੋਕਾਈ ਨੂੰ ਬਾਹਰ ਕੱਢਿਆ ਅੱਜ ਫਿਰ ਇਹ ਬਿਪਰਵਾਦੀ ਉਸੇ ਦਲਦਲ ਵਿਚ ਫਸ ਚੁੱਕੇ ਹਨ।
ਅਜੋਕੀ ਸਿੱਖੀ, ਅਜੋਕਾ ਸਿੱਖ ਅਤੇ ਅਜੋਕਾ ਪੰਥ ਕੀ ਨਾਨਕ ਮਾਡਲ ਹੈ ?
'ਸਾਜਨ ਦੇਸਿ ਵਿਦੇਸ਼ੀਅੜੇ ਸਾਨੇਹੜੇ ਦੇਦੀ॥' ਅੱਜ ਸਿੱਖ ਅਤੇ ਸਿੱਖੀ ਵਿਦੇਸ਼ਾਂ ਤੋਂ ਘਰ ਆ ਰਹੇ ਸੱਜਣਾਂ ਨੂੰ ਕੀ ਸੁਨੇਹੜਾ ਦੇਣਗੇ ?
ਪੰਜਾਬ ਤਿੰਨ ਲੱਖ ਕਰੋੜ ਕਰਜ਼ੇ ਹੇਠ ਦਬਿਆ ਪਿਆ ਹੈ ?
ਨਾਨਕ ਦਾ ਕਿਰਤ ਸਭਿਆਚਾਰ ਬਰਬਾਦ ਹੋ ਚੁੱਕਾ ਹੈ ?
ਬੇਰੋਜ਼ਗਾਰ ਨੌਜਵਾਨ ਦੋ ਟੁੱਕ ਰੋਟੀ ਲਈ ਵਿਦੇਸ਼ਾਂ ਵਿਚ ਹੱਡ ਭੰਨਵੀਂ ਕਿਰਤ ਕਰਨ ਅਤੇ ਘੱਟ ਉਜਰਤਾਂ ਲੈਣ ਲਈ ਮਜਬੂਰ ਹੈ। ਹਜ਼ਾਰਾਂ ਨੌਜਵਾਨ ਰਾਜਿਆਂ ਅਤੇ ਮੁਕਦਮਾਂ ਨੇ ਬੇਦੋਸੇ ਮਾਰ ਸੁੱਟੇ। ਜੇ ਬਾਬਰ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ ਸੀ ਤਾਂ ਨਾਨਕ ਨੇ ਰੱਬ ਨਾਲ ਰੋਸ ਕਰਨੋਂ ਨਿਝੱਕ ਅਵਾਜ਼ ਉਠਾਈ 'ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨ ਆਇਆ।' ਅੱਜ ਸੱਤਾਧਾਰੀ ਰਾਜੇ ਹਰ ਰੋਜ਼ ਪੰਜਾਬੀਆਂ-ਪੰਜਾਬਣਾਂ, ਰੋਜ਼ਗਾਰ ਲਈ ਹਾੜੇ ਕੱਢਦੇ, ਟੈਂਕੀਆਂ, ਸਕਤਰੇਤਾਂ 'ਤੇ ਚੜ੍ਹਦੇ ਨੌਜਵਾਨਾਂ ਨੂੰ ਕੁੱਟ ਅਤੇ ਲੁੱਟ ਰਹੇ ਹਨ। ਕੋਈ ਸਾਸ਼ਕ ਪਰਵਾਹ ਨਹੀਂ ਕਰਦਾ ਬਾਬੇ ਦੇ ਬੋਲਾਂ ਦੀ 'ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ'। ਜਾਂ 'ਪਾਪਾ ਬਾਝਹੁ ਹੋਵੇ ਨਾਹੀ। ਮੁਇਆ ਸਾਥਿਨ ਜਾਈ।। ਜਾਂ 'ਫਲ ਤੇਵੇ ਹੋ ਪਾਈਐ। ਜੇਵੇ ਹੀ ਕਾਰ ਕਮਾਈਐ।' ਸਾਸ਼ਕਾਂ, ਅਫਸਰਸ਼ਾਹਾਂ, ਵਿਚੋਲਿਆਂ ਲੁੱਟ ਕੇ ਖਾ ਲਿਆ ਪੰਜਾਬ। ਇਹ ਦਸੋਗੇ ਦੇਸ਼-ਵਿਦੇਸ਼ ਤੋਂ ਆਏ ਨਾਨਕ ਨਾਮ ਲੇਵਾ ਲੋਕਾਂ ਨੂੰ।
ਬਾਬੇ ਨੇ ਸਾਫ-ਸੁੱਥਰੇ ਸੁਅੱਛ ਪ੍ਰਦੂਸ਼ਤ ਰਹਿਤ ਜੀਵਨ ਅਤੇ ਵਾਤਾਵਰਨ ਲਈ ਫੁਰਮਾਇਆ ਸੀ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਪਰ ਤੁਸਾਂ ਪੰਜਾਬ ਦਾ ਪਾਣੀ, ਪਵਣ, ਧਰਤੀ, ਦਿਨ-ਰਾਤ ਸਭ ਪ੍ਰਦੂਸ਼ਤ ਕਰਕੇ ਬਰਬਾਦ ਕਰ ਦਿਤੇ। ਦਰਿਆਵਾਂ, ਨਦੀਆਂ, ਨਾਲਿਆਂ ਦੀਆਂ ਮਾਇਆ ਖ਼ਾਤਰ ਰੇਤ-ਬਜਰੀ ਖੋਦੇਦੇ ਹਿੱਕਾਂ ਅਤੇ ਸੀਨੇ ਪਾੜ ਸੁੱਟੇ। ਸਾਰਾ ਸੀਵਰੇਜ ਅਤੇ ਗੰਦਾ ਮੈਲਾ ਦਰਿਆਵਾਂ-ਨਾਲਿਆਂ ਵਿਚ ਸੁੱਟ ਕੇ ਇੰਨਾਂ ਨੂੰ ਮਲੀਨ ਕਰ ਦਿਤਾ। ਬਲਹਾਰੀ ਕੁਦਰਤ ਵਸਿਆ ਬਿਲਕੁਲ ਵਿਸਾਰ ਦਿਤਾ। ਹੁਣ ਬਾਬੇ ਦੇ ਪੁਰਬ ਤੇ ਪੰਜਾਬ ਦੇ ਕਿਹੜੇ ਸਤਲੁਜ, ਬਿਆਸ, ਰਾਵੀ, ਝਨਾਂ ਜਾਂ ਜੇਹਲਮ ਦਰਿਆ ਅਤੇ ਕਿਹੜੀ ਮੌਲੀ ਧਰਤ ਵਿਖਾਉਗੇ?
ਸਿੱਖ, ਸਿੱਖੀ, ਪੰਥ ਅਤੇ ਪੰਜਾਬ ਨਸ਼ੀਲੇ ਪਦਾਰਥਾਂ ਦੀ ਭੇਂਟ ਚੜ ਗਏ ਹਨ। ਕਿਰਸਾਣੀ ਕਰਜ਼ੇ ਨੇ ਦਬ ਲਈ ਹੋਈ ਹੈ। ਦਸੋ ਦੇਸ਼-ਵਿਦੇਸ਼ ਤੋਂ ਆ ਰਹੀਆਂ ਸੰਗਤਾਂ ਨੂੰ ਕਿ ਹਰ ਰੋਜ਼ ਦੋ-ਤਿੰਨ ਨੌਜਵਾਨ ਅਤੇ ਦੋ-ਤਿੰਨ ਕਿਸਾਨ ਨਸ਼ਿਆਂ ਅਤੇ ਕਰਜ਼ੇ ਦੀ ਭੇਟ ਚੜ੍ਹ ਰਹੇ ਹਨ।
ਦੂਸਰੇ ਪਾਸੇ ਜਾ ਕੇ ਵੇਖੋ ਕੈਨੇਡਾ, ਸਵੀਡਨ, ਡੈਨਮਾਰਕ, ਨਾਰਵੇ, ਦੁਬਈ, ਕਤਰ, ਜਪਾਨ, ਨਿਊਜ਼ੀਲੈਂਡ ਜਿੱਥੇ ਬਾਬੇ ਨਾਨਕ ਦਾ ਮਾਡਲ ਪਸਰ ਰਿਹਾ ਹੈ। ਲੇਖਕ ਜਦੋਂ ਪਹਿਲੀ ਵਾਰ ਕੈਨਾਡਾ ਸੰਨ 2010 ਵਿਚ ਗਿਆ ਤਾਂ ਇੱਕ ਗੁਰਸਿੱਖ ਰਿਸ਼ਤੇਦਾਰ ਦਾ ਅਟਾਵਾ (ਰਾਜਧਾਨੀ) ਤੋਂ ਟੈਲੀਫੋਨ ਆਇਆ, 'ਭਾਅ ਜੀ, ਤੁਸੀਂ ਬਾਬੇ ਨਾਨਕ ਦੇ ਦੇਸ਼ ਵਿਚ ਆ ਗਏ ਹੋ।' ਪਹਿਲਾਂ ਤਾਂ ਲੇਖਕ ਹੱਕਾ-ਬੱਕਾ ਰਹਿ ਗਿਆ। ਫਿਰ ਜ਼ਰਾ ਕੁ ਸੋਚਣ ਬਾਅਦ ਸਮਝ ਪਈ ਕਿ ਇੱਥੇ ਲੋਕ ਕਿਰਤੀ ਹਨ, ਬੇਈਮਾਨ ਨਹੀਂ। ਸਾਸ਼ਕ ਲੁਟੇਰੇ ਅਤੇ ਭ੍ਰਿਸ਼ਟ ਨਹੀਂ। ਇੰਨਾਂ ਆਲਾ-ਦੁਆਲਾ, ਪਵਣ, ਪਾਣੀ, ਧਰਤੀ ਪ੍ਰਦੂਸ਼ਤ ਹੋਣ ਤੋਂ ਬਚਾਏ ਹੋਏ ਹਨ ਅਤੇ ਲਗਾਤਾਰ ਟਿੱਲ ਲਾਈ ਜਾਂਦੇ ਹਨ।
ਸਿੱਖ ਪੰਥ ਸਬੰਧਿਤ ਸੰਸਥਾਵਾਂ 'ਤੇ ਕਾਬਜ਼ ਰਾਜਨੀਤੀਵਾਨਾਂ ਅਤੇ ਧਾਰਮਿਕ ਸਖਸ਼ੀਅਤਾਂ, ਥਾਂ-ਥਾਂ ਖੁੰਬਾਂ ਵਾਂਗ ਉਗੇ ਡੇਰੇਦਾਰਾਂ ਨੇ ਸਿੱਖੀ, ਸਿਖਾਂ, ਪੰਥ ਅਤੇ ਪੰਜਾਬ ਦਾ ਘਾਤ ਕਰਨੋ ਕੋਈ ਕਸਰ ਬਾਕੀ ਨਹੀਂ ਛੱਡੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਚਾਰ ਤਖ਼ਤਾਂ ਅਤੇ ਇੰਨਾਂ ਦੇ ਜਥੇਦਾਰਾਂ, ਚੀਫ ਖਾਲਸਾ ਦੀਵਾਨ ਆਦਿ ਸੰਸਥਾਵਾਂ ਅਤੇ ਇੰਨਾਂ 'ਤੇ ਕਾਬਜ਼ ਜਾਂ ਤਾਇਨਾਤ ਲੋਕਾਂ ਨੇ ਇੰਨਾਂ ਸੰਸਥਾਵਾਂ ਦੇ ਸਿਧਾਂਤਾਂ, ਮਰਿਯਾਦਾਵਾਂ ਅਤੇ ਉੱਚ ਪੱਧਰੀ ਮਹਾਨ ਕਦਰਾਂ-ਕੀਮਤਾਂ ਨੂੰ ਰੋਲ ਕੇ ਰਖ ਦਿਤਾ ਹੈ। ਇੰਨਾਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਚੰਗਾ ਹੁੰਦਾ ਜੇ ਆਗੂ ਅਤੇ ਤਾਇਨਾਤ ਲੋਕ ਚੱਪਣੀ ਵਿਚ ਨੱਕ ਡੋਬ ਕੇ ਮਰ ਜਾਂਦੇ ! ਹਾਲ ਇਹ ਹੈ :
ਸਰਮੁ ਧਰਮੁ ਦੁਇ ਛਪਿ ਖਲੋ ਕੂੜ੍ਹ ਫਿਰੈ ਪਰਧਾਨ ਵੇ ਲਾਲੋ॥
ਕਾਜੀਆ ਬਾਮਣਾਂ ਕੀ ਗਲ ਥਕੀ ਅਗਦੁ ਪੜੈ ਸ਼ੈਤਾਨ ਵੇ ਲਾਲੋ॥
ਜਿਸ ਔਰਤ ਬਾਰੇ ਬਾਬੇ ਨਾਨਕ ਨੇ ਫੁਰਮਾਇਆ ਹੈ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਉਸ ਦੀ ਪੱਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ, ਸਾਬਕਾ ਅਕਾਲੀ ਮੰਤਰੀ, ਚੀਫ ਖਾਲਸਾ ਦੀਵਾਨ ਪ੍ਰਮੁੱਖ ਸਮੇਤ ਹੋਰ ਵੀ ਅਸ਼ਲੀਲ ਸ਼ੀਡੀਆਂ ਵਿਚ ਕੈਦ ਲੁੱਟਦੇ ਪਾਏ ਗਏ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁੱਕਮਾਂ ਨਾਲ ਪੰਥ ਵਿਚੋਂ ਛੇਕੇ ਗਏ। ਹੁਣ ਹੈਰਾਨਗੀ ਦੀ ਗੱਲ ਇਹ ਹੈ ਕਿ ਬਾਬੇ ਨਾਨਕ ਦੇ ਪਵਿੱਤਰ 550ਵੇਂ ਪ੍ਰਕਾਸ਼ ਪੁਰਬ ਸਨਮੁੱਖ ਉਨ੍ਹਾਂ ਨੂੰ ਮੁਆਫੀ ਦਾ ਆਡੰਬਰ ਰੱਚ ਕੇ ਪੂਰੇ ਵਿਸ਼ਵ ਦੀਆਂ ਸੰਗਤਾਂ ਨੂੰ ਦਰਸਾਇਆ ਜਾ ਰਿਹਾ ਹੈ ਕਿ ਪੰਥਕ ਸਰਵਉੱਚ ਸੰਸਥਾਵਾਂ 'ਤੇ ਬੈਠਾਏ ਸੇਵਾਦਾਰ ਜਥੇਦਾਰ ਥੁੱਕ ਕੇ ਚੱਟ ਕੇ ਇੰਨਾਂ ਨੂੰ ਮਲੀਨ ਕਰਕੇ ਬਰਬਾਦ ਕਰ ਰਹੇ ਹਨ। ਗੁਰੂ ਗੋਬਿੰਦ ਸਿੰਘ ਸਨ ਜਿੰਨਾਂ ਕੁਕਰਮੀ ਮਸੰਦਾਂ ਨੂੰ ਜਿਉਂਦਿਆਂ ਨੂੰ ਸਾੜ ਦਿਤਾ। ਤੁਸੀਂ ਕੁਕਰਮੀਆਂ ਨੂੰ ਮੁਆਫੀ ਦਿੰਦੇ ਹੋ। ਸੱਚੀ ਮਰਿਯਾਦਾ ਅਤੇ ਸਿਧਾਂਤ ਇਹ ਹੈ ਕਿ ਜੇ ਤੁਸੀਂ ਸਿੱਖ ਸੰਸਥਾਵਾਂ ਦੀ ਮਰਿਯਾਦਾ ਅਤੇ ਸਿਧਾਂਤ ਕਾਇਮ ਨਹੀਂ ਰਖ ਸਕਦੇ ਤਾਂ ਅਹੁਦੇ ਤੋਂ ਲਾਂਭੇ ਹੋ ਜਾਉ। ਸਿੱਖ, ਸਿੱਖੀ, ਪੰਥ ਅਤੇ ਸਿੱਖੀ ਸੰਸਥਾਵਾਂ ਦਾ ਘਾਣ ਨਾ ਕਰੋ।
ਪੰਚ ਪ੍ਰਧਾਨੀ ਪ੍ਰੰਪਰਾ ਗੁਰੂ ਨਾਨਕ ਅਨੁਸਾਰ ਸਰਵਉੱਚ ਹੈ। ਗੁਰੂ ਸਾਹਿਬ ਫਰਮਾਉਂਦੇ ਹਨ :
ਪੰਚ ਪਰਵਾਣ ਪੰਚ ਪਰਧਾਨ ॥ ਪੰਚੇ ਪਾਵਹਿ ਦਰਗਹਿ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰ ਏਕੁ ਧਿਆਨੁ ॥
ਪੰਚ ਪਿਆਰਿਆਂ (ਪ੍ਰਧਾਨਾਂ) ਨੂੰ ਅੱਗੇ ਆ ਕੇ ਪੰਥਕ ਸਰਵ ਉੱਚ ਸੰਸਥਾਵਾਂ ਨੂੰ ਬੇਇਜ਼ਤ ਕਰਨ ਵਾਲਿਆਂ ਨੂੰ ਨਾ ਸਿਰਫ਼ ਬਾਹਰ ਦਾ ਰਸਤਾ ਵਿਖਾਉਣਾ ਚਾਹੀਦਾ ਹੈ ਬਲਕਿ ਤਨਖਾਹੀਆ ਕਰਾਰ ਦੇ ਕੇ ਸਜ਼ਾ ਦੇਣੀ ਚਾਹੀਦੀ ਹੈ। ਜੋ ਜਥੇਦਾਰ, ਸੇਵਾਦਾਰ ਜਾਂ ਸੰਸਥਾਂ ਮੁੱਖੀ ਆਪਣੀ ਜ਼ਮੀਰ ਜਾਗਦੀ ਨਹੀਂ ਰਖ ਸਕਦਾ ਉਸ ਨੂੰ ਉਸ ਪਦ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ।
ਜਿੰਨਾਂ ਵਿਵਾਦਾਂ ਨਾਲ ਕਰਤਾਰਪੁਰ ਸਾਹਿਬ ਲਾਂਘਾ ਤਿਆਰ ਹੋ ਰਿਹਾ ਹ ੈ, ਜਿਵੇਂ ਪਾਕਿਸਤਾਨ ਨੂੰ ਸਿੱਖ ਸੰਗਤਾਂ ਅਰਬਾਂ ਡਾਲਰ ਸਹਾਇਤਾ ਦਿਤੀ ਹੈ, ਇਸ ਨੂੰ ਕੋਈ ਹੱਕ ਨਹੀਂ ਬਣਦਾ ਕਿ ਉਹ ਕਰਤਾਰਪੁਰ ਸਾਹਿਬ ਦੇ ਮੁਕੱਦਸ ਸਥਾਨ ਦੇ ਦਰਸ਼ਨ ਅਭਿਲਾਸ਼ੀਆਂ ਨੂੰ 20 ਡਾਲਰ ਪ੍ਰਤੀ ਅਭਿਲਾਸ਼ੀ 'ਜਜ਼ੀਆਂ' ਠੋਕੇ ਅਤੇ ਸ਼ਰਤਾਂ ਲਗਾਏ। ਸਿੱਖ ਪੰਥ ਨੂੰ ਇਹ ਮੁਗ਼ਲ ਕਾਲੀ ਅਣਮਨੁੱਖੀ ਅਤੇ ਗੁਲਾਮੀਅਤ ਦੀ ਨਿਸ਼ਾਨੀ ਸਵੀਕਾਰ ਨਹੀਂ ਕਰਨੀ ਚਾਹੀਦੀ। ਇਹ ਲਾਂਘਾ ਦਰਅਸਲ ਇੱਕ ''ਟਰੈਪ'' ਹੈ ਜਿਸ ਤੋਂ ਪੰਥ ਨੂੰ ਹਮੇਸ਼ਾ ਚੁਕੰਨੇ ਰਹਿਣਾ ਪਵੇਗਾ।
ਪਾਕਿਸਤਾਨ ਦੀ ਨੀਤੀ ਅਤੇ ਨੀਯਤ ਮਾੜੀ ਹੈ। ਸਿੱਖਾਂ ਸਮੇਤ ਸਭ ਘੱਟ-ਗਿਣਤੀਆਂ ਦਾ ਜੀਊਣਾ ਮਹਾਲ ਕੀਤਾ ਹੋਇਆ ਹੈ। ਅੱਜ ਲੋੜ ਹੈ ਸਿੱਖ ਪੰਥ, ਪੰਥਕ ਪ੍ਰੰਪਰਾਵਾਂ, ਪੰਥਕ ਸੰਸਥਾਵਾਂ ਦੀਆਂ ਮਰਿਯਾਦਾਵਾਂ ਕਾਇਮ ਰਖਦਿਆਂ ਸਿੱਖ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜਨ ਦੀ ਇਨਕਲਾਬੀ ਪ੍ਰਕ੍ਰਿਆ ਲਈ ਪੂਰੇ ਵਿਸ਼ਵ ਦੇ ਸਿੱਖ ਇੱਕ ਜੁਟ ਹੋ ਜਾਣ।
'ਦਰਬਾਰਾ ਸਿੰਘ ਕਾਹਲੋਂ', ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕੈਂਬਲਫੋਰਡ ਕੈਨੇਡਾ
ਦਰਬਾਰਾ ਸਿੰਘ ਕਾਹਲੋਂ
ਗੁਰੂ ਨਾਨਕ ਦੇ 550ਵੇਂ ਪੁਰਬ ਤੇ ਸੰਗਤਾਂ ਨੂੰ ਕੀ ਵਿਖਾਉਗੇ? ਕਿਥੇ ਹੈ ਪੂਰਨ ਸਿੰਘ ਦਾ "ਪੰਜਾਬ ਜਿਊਂਦਾ ਗੁਰਾਂ ਦੇ ਨਾਂਅ " ਵਾਲਾ ਪੰਜਾਬ ?
Page Visitors: 2505