ਗੁਰੂ ਗ੍ਰੰਥ ਸਾਹਿਬ ਵਿੱਚ ‘ਦਿਗੰਬਰ’ ਦਾ ਸੰਕਲਪ
ਪ੍ਰੋ. ਕਸ਼ਮੀਰਾ ਸਿੰਘ USA
ਮਾਤਾ ਭਾਗ ਕੌਰ ਬਾਰੇ ਕਵੀ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ’ ਗ੍ਰੰਥ ਵਿੱਚ ਨਿਰਵਸਤਰ ਹੋ ਕੇ ਵਿਚਰਨ ਦੀ ਬੜੀ ਅਪਮਾਨਜਨਕ ਟਿੱਪਣੀ ਕਰ ਕੇ ਇਸ ਬਹਾਦੁਰ ਸਿੰਘਣੀ ਦੀ ਮਾਣ ਮੱਤੀ ਸ਼ਖ਼ਸੀਅਤ ਨੂੰ ਬੜੀ ਘਟੀਆ ਟ੍ਰਿਸ਼ਟੀ ਨਾਲ਼ ਚਿਤਰਿਆ ਹੈ ।
ਮਾਤਾ ਭਾਗ ਕੌਰ ਬਾਰੇ ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ ਪਰ ਕਵੀ ਸੰਤੋਖ ਸਿੰਘ ਨੇ ਅਜਿਹਾ ਸੋਚ ਕੇ ਮਾਤਾ ਜੀ ਦੀ ਸਿੱਖੀ ਨੂੰ ਕਲੰਕਿਤ ਕਰਨ ਦਾ ਕੋਝਾ ਜਤਨ ਜ਼ਰੂਰ ਕੀਤਾ ਹੈ ।
ਕਵੀ ਸੰਤੋਖ ਸਿੰਘ ਨੇ ਬਾਬਾ ਨਾਨਕ ਨੂੰ ਵੀ ਨਹੀਂ ਬਖ਼ਸ਼ਿਆ ਜਦੋਂ ‘ਨਾਨਕ ਪ੍ਰਕਾਸ਼’ ਵਿੱਚ ਗੁਰੂ ਜੀ ਵਲੋਂ ਜਨੇਊ ਪਾ ਲਿਆ ਗਿਆ ਕਰ ਕੇ ਲਿਖਿਆ ।
ਕਵੀ ਨੇ ਦਸਵੇਂ ਗੁਰੂ ਜੀ ਨੂੰ ਵੀ ਨਹੀਂ ਬਖ਼ਸ਼ਿਆ ਜਦੋਂ ਉਸ ਨੇ ‘ਸੂਰਜ ਪ੍ਰਕਾਸ਼’ ਵਿੱਚ ਲਿਖ ਦਿੱਤਾ ਕਿ ਗੁਰੂ ਜੀ ਭੰਗੀ, ਅਫ਼ੀਮੀ ਅਤੇ ਦੁਰਗਾ ਮਾਈ ਪਾਰਬਤੀ ਦੇ ਪੁਜਾਰੀ ਸਨ ।
ਬਾਕੀ ਗੁਰੂ ਪਾਤਿਸ਼ਾਹਾਂ ਬਾਰੇ ਵੀ ਕਈ ਕਰਾਮਾਤੀ ਕਹਾਣੀਆਂ ਥਾਂ-ਥਾਂ ਜੋੜੀਆਂ ਹੋਈਆਂ ਹਨ । ਜਿਹੜਾ ਕਵੀ ਗੁਰੂ ਪਾਤਿਸ਼ਾਹਾਂ ਬਾਰੇ ਅਜਿਹੀ ਘਟੀਆ ਸੋਚ ਰੱਖਦਾ ਹੋਵੇ ਉਸ ਅੱਗੇ ਮਾਤਾ ਭਾਗ ਕੌਰ ਤਾਂ ਕੁੱਝ ਵੀ ਨਹੀਂ, ਭਾਵੇਂ, ਮਾਤਾ ਭਾਗ ਕੌਰ ਨੂੰ ਸਿੱਖ ਕੌਮ ਵਿੱਚ ਬਹੁਤ ਉੱਚਾ ਅਤੇ ਸੁੱਚਾ ਦਰਜਾ ਪ੍ਰਾਪਤ ਹੈ ।
ਗਿਆਨੀ ਜਗਤਾਰ ਸਿੰਘ ਜਾਚਕ ਵਲੋਂ ਲਿਖਿਆ ਲੇਖ:
ਗਿਆਨੀ ਜਗਤਾਰ ਸਿੰਘ ਜਾਚਕ ਨੇ ਮਾਤਾ ਭਾਗ ਕੌਰ ਬਾਰੇ ਕਵੀ ਸੰਤੋਖ ਸਿੰਘ ਵਲੋਂ ਅਜਿਹੀ ਗ਼ਲਤ ਟਿੱਪਣੀ ਕਰਨ ਬਾਰੇ ਉਸ ਨੂੰ ਖ਼ੂਬ ਲੰਮੇ ਹੱਥੀ ਲਿਆ ਸੀ ਅਤੇ ਬੜਾ ਭਾਵ ਪੂਰਤ ਲੇਖ ਲਿਖਿਆ ਸੀ ਜੋ ਖ਼ਾਲਸਾ ਨਿਊਜ਼ ਤੋਂ ਪੜ੍ਹਨ ਨੂੰ ਮਿਲ਼ਿਆ ਸੀ । ਸੱਚ ਨੂੰ ਬਿਆਨ ਕਰਦਾ ਹੋਇਆ ਲੇਖ ਬੜਾ ਖੋਜ ਭਰਪੂਰ ਸੀ ਜਿਸ ਅਨੁਸਾਰ ਮਾਤਾ ਭਾਗ ਕੌਰ ਵਲੋਂ ‘ਦਿਗੰਬਰ’ ਹੋ ਕੇ ਵਿਚਰਨ ਨੂੰ ਕਲ਼ਪਿਆ ਵੀ ਨਹੀਂ ਜਾ ਸਕਦਾ ।
‘ਦਿਗੰਬਰ’ ਸ਼ਬਦ ਦੇ ਕੀ ਅਰਥ ਹਨ?
ਗੁਰੂ ਗ੍ਰੰਥ ਸਾਹਿਬ ਵਿੱਚ ਨਿਰਵਸਤਰ ਹੋ ਕੇ ਫਿਰਨ ਵਾਲ਼ਿਆਂ ਲਈ ‘ਦਿਗੰਬਰ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ । ਦਿਗੰਬਰ=ਦਿਗ+ਅੰਬਰ । ਦਿਗ=ਦਿਸ਼ਾ ਅਤੇ ਅੰਬਰ=ਕੱਪੜੇ । ‘ਦਿਗੰਬਰ’ ਸ਼ਬਦ ਦਾ ਸ਼ਰਥ ਬਣਿਆਂ- ਉਹ ਪ੍ਰਾਣੀ ਜਿਸ ਨੇ ਸਾਰੀਆਂ ਦਿਸ਼ਾਵਾਂ ਨੂੰ ਹੀ ਆਪਣੇ ਕੱਪੜੇ ਸਮਝ ਲਿਆ ਹੈ ਅਤੇ ਨਿਰਵਸਤਰ ਹੋ ਕੇ ਵਿਚਰਦਾ ਹੈ । ਅਜਿਹੇ ਪ੍ਰਾਣੀ ਨੂੰ ਨਾਂਗਾ ਸਾਧੂ ਜਾਂ ‘ਦਿਗੰਬਰ’ ਕਿਹਾ ਗਿਆ ਹੈ । ਦਿਗੰਬਰ ਬਣਿਆਂ ਪ੍ਰਾਣੀ ਔਰਤ ਜਾਂ ਮਰਦ ਕੋਈ ਵੀ ਹੋ ਸਕਦਾ ਹੈ ।
ਗੁਰਬਾਣੀ ਵਿੱਚ ‘ਦਿਗੰਬਰ’ ਸ਼ਬਦ ਦੀ ਵਿਆਖਿਆ ਕਿਵੇਂ ਕੀਤੀ ਗਈ ਹੈ?
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਦਿਗੰਬਰ’ ਸ਼ਬਦ ਦੇ ਅਰਥ ਪ੍ਰਗਟ ਕਰਦਿਆਂ ਇਹ ਵੀ ਦੱਸਿਆ ਗਿਆ ਹੈ ਕਿ ਅਜਿਹਾ ਕਰਨ ਨਾਲ਼ ਰੱਬ ਨਾਲ਼ ਮੇਲ਼ ਪ੍ਰਾਪਤ ਨਹੀਂ ਹੁੰਦਾ । ਇਸ ਤੋਂ ਬਿਨਾਂ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਅਸਲੀ ਅਰਥਾਂ ਵਿੱਚ ‘ਦਿਗੰਬਰ’ ਕੌਣ ਹੁੰਦਾ ਹੈ ਅਤੇ ਕਿਵੇਂ ਬਣਿਆਂ ਜਾਂਦਾ ਹੈ । ਗੁਰਬਾਣੀ ਵਿੱਚੋਂ ‘ਦਿਗੰਬਰ’ ਸ਼ਬਦ ਦੀ ਵਰਤੋਂ ਦੇ ਕੁੱਝ ਪ੍ਰਮਾਣ ਹੇਠਾਂ ਸਾਂਝੇ ਕੀਤੇ ਜਾ ਰਹੇ ਹਨ: -
ਪ੍ਰਮਾਣਾਂ ਦਾ ਵੇਰਵਾ: ਦਿਗੰਬਰ- ਇੱਕ ਵਾਰੀ ਪੰਨਾਂ ਗਗਸ 1116/12 ।
ਦਿਗੰਬਰੁ- 3 ਵਾਰੀ ਪੰਨਾਂ ਗਗਸ 356/17, 835/11 ਅਤੇ 1169/5 ।
ਦਿਗੰਬਰਾ- ਇੱਕ ਵਾਰੀ ਪੰਨਾਂ ਗਗਸ 1100/17
1. ਦਿਗੰਬਰ - {ਦਿਗੰਬਰੁ ਤੋਂ ਬਹੁ-ਵਚਨ} ਅਰਥ ਨਾਂਗੇ ਸਾਧੂ
ਤੀਜੇ ਗੁਰੂ ਦੇ ਦਰਸ਼ਨ ਕਰਨ ਅਤੇ ਗੋਸ਼ਟੀ ਦੀ ਭੇਟਾ (ਢੋਆ) ਦੇਣ ਆਇਆਂ ਵਿੱਚ ਨਾਂਗੇ ਸਾਧੂ ਵੀ ਆਏ ਸਨ । ਦੇਖੋ ਇਸ ਦਾ ਪ੍ਰਮਾਣ-
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥
ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥
ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥
ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥
ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥3॥{ਪੰਨਾ 1116/12}
ਆਖ਼ਰੀ ਦੋ ਪੰਕਤੀਆਂ ਦੇ ਅਰਥ-
ਹੇ ਭਾਈ! ਜੋਗੀ, ਨਾਂਗੇ, ਸੰਨਿਆਸੀ (ਸਾਰੇ ਹੀ) ਛੇ ਭੇਖਾਂ ਦੇ ਸਾਧੂ (ਦਰਸਨ ਕਰਨ ਆਏ) । ਕਈ ਕਿਸਮ ਦੀ ਪਰਸਪਰ ਸ਼ੁਭ ਵਿਚਾਰ (ਉਹ ਸਾਧੂ ਲੋਕ ਆਪਣੇ ਵੱਲੋਂ ਗੁਰੂ ਦੇ ਦਰ ਤੇ) ਭੇਟਾ ਪੇਸ਼ ਕਰ ਕੇ ਗਏ । ਹੇ ਭਾਈ! ਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ । (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ ।3।
ਗੋਸਟਿ ਢੋਆ- ਵਿਚਾਰ ਵਟਾਂਦਰੇ ਦੀ ਭੇਟਾ ।
2. ਦਿਗੰਬਰਾ - {ਬਹੁ-ਵਚਨ} ਅਰਥ ਨਾਂਗੇ ਸਾਧੂ
ਸੰਸਾਰ ਦੀ ਨਾਸ਼ਵਾਨਤਾ ਦੀ ਗੱਲ ਕਰਦਿਆਂ ਲਿਖਿਆ ਗਿਆ ਹੈ ਕਿ ਨਾਂਗੇ ਸਾਧੂ ਵੀ ਸਦਾ ਇਸ ਦੁਨੀਆਂ ਵਿੱਚ ਰਹਿਣ ਵਾਲ਼ੇ ਨਹੀਂ ਹਨ ।
ਪਉੜੀ ॥
ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥
ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥
ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥
ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥
ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥
ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥
ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥
ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥18॥ {ਪੰਨਾ 1100/17}
ਆਖ਼ਰੀ 3 ਪੰਕਤੀਆਂ ਦੇ ਅਰਥ-
ਸਮਾਧੀਆਂ ਲਾਵਣ ਵਾਲੇ, ਜੋਗੀ, ਨਾਂਗੇ, ਜਮਦੂਤ-ਇਹ ਭੀ ਨਾਸਵੰਤ ਹਨ । (ਮੁੱਕਦੀ ਗੱਲ) (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, ਹਰੇਕ ਨੇ ਜ਼ਰੂਰ ਨਾਸ ਹੋ ਜਾਣਾ ਹੈ । ਸਦਾ ਕਾਇਮ ਰਹਿਣ ਵਾਲਾ ਕੇਵਲ ਪਾਰਬ੍ਰਹਮ ਪਰਮੇਸਰ ਹੀ ਹੈ । ਉਸ ਦਾ ਭਗਤ ਭੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ।18।
3. ਕੀ ਦਿਗੰਬਰ ਬਣ ਕੇ ਮਨ ਪ੍ਰਭੂ ਦੀ ਯਾਦ ਵਿੱਚ ਟਿਕ ਜਾਂਦਾ ਹੈ ?
ਗੁਰਬਾਣੀ ਮੰਨਦੀ ਹੈ ਕਿ ਦਿਗੰਬਰ ਉਹ ਬਣਦਾ ਹੈ ਜਿਸ ਦੇ ਮਨ ਵਿੱਚ ਦੁਨੀਆਂ ਵਲੋਂ ਨਫ਼ਰਤ ਪੈਦਾ ਹੋ ਜਾਂਦੀ ਹੈ । ਗੁਰੂ ਬਖ਼ਸ਼ੇ ਗ੍ਰਿਹਸਤੀ ਮਾਰਗ ਦੇ ਉਲ਼ਟ ਚੱਲ ਕੇ ਦਿਗੰਬਰ ਬਣਨਾ ਸਿੱਖੀ ਸਿਧਾਂਤ ਦੇ ਉਲ਼ਟ ਹੈ । ਜੇ ਕੋਈ ਦੁਨੀਆਂ ਨਾਲ਼ ਨਫ਼ਰਤ ਕਰ ਕੇ ਦਿਗੰਬਰ ਬਣ ਹੀ ਜਾਂਦਾ ਹੈ ਤਾਂ ਵੀ ਉਸ ਦਾ ਮਨ ਦਸਾਂ ਦਿਸ਼ਾਵਾਂ ਵਿੱਚ ਭਟਕਦਾ ਹੀ ਰਹਿੰਦਾ ਹੈ । ਦੇਖੋ ਗੁਰਬਾਣੀ ਦੇ ਇਹ ਅੰਮ੍ਰਿਤ ਵਚਨ-
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥
ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥4॥ {ਪੰਨਾ 835/11}
ਅਰਥ: ਹੇ ਭਾਈ! (ਕੋਈ ਮਨੁੱਖ ਅਜਿਹਾ ਹੈ ਜਿਸ ਦੇ ਮਨ ਵਿਚ ਦੁਨੀਆ ਵਲੋਂ) ਨਫ਼ਰਤ ਪੈਦਾ ਹੁੰਦੀ ਹੈ, ਉਹ ਨਾਂਗਾ ਸਾਧੂ ਬਣ ਜਾਂਦਾ ਹੈ, (ਫਿਰ ਭੀ ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਫਿਰਦਾ ਹੈ, (ਉਹ ਮਨੁੱਖ ਧਰਤੀ ਉੱਤੇ) ਰਟਨ ਕਰਦਾ ਫਿਰਦਾ ਹੈ, (ਉਸ ਦੀ ਮਾਇਆ ਦੀ) ਤ੍ਰਿਸ਼ਨਾ (ਫਿਰ ਭੀ) ਨਹੀਂ ਮਿਟਦੀ । ਹਾਂ, ਗੁਰੂ ਦੀ ਸੰਗਤਿ ਵਿਚ ਮਿਲ ਕੇ ਮਨੁੱਖ ਦਇਆ ਦੇ ਸੋਮੇ ਪਰਮਾਤਮਾ ਨੂੰ ਲੱਭ ਲੈਂਦਾ ਹੈ ।4।
ਇਨ੍ਹਾਂ ਵਿਚਾਰਾਂ ਤੋਂ ਇਹ ਗੱਲ ਸੋਲ਼ਾਂ ਆਨੇ ਸੱਚ ਸਾਬਤ ਹੁੰਦੀ ਹੈ ਕਿ ਮਾਤਾ ਭਾਗ ਕੌਰ ਦਿਗੰਬਰ ਨਹੀਂ ਬਣੀ ਸੀ ਕਿਉਂਕਿ ਗੁਰੂ ਜੀ ਦੀ ਸਿਦਕੀ ਸਿੰਘਣੀ ਹੋਣ ਕਰ ਕੇ ਉਹ ਗੁਰਸਿੱਖੀ ਦੇ ਉਲ਼ਟ ਕਰਮ ਨਹੀਂ ਕਰ ਸਕਦੀ ਸੀ । ਗੁਰੂ ਦੀ ਸੰਗਤਿ ਵਿੱਚੋਂ ਤਾਂ ਪਰਮਾਤਮਾ ਨਾਲ਼ ਮੇਲ਼ ਹੋਣਾ ਹੈ ਪਰ ਮਾਤਾ ਭਾਗ ਕੌਰ ਨੂੰ ਸੰਗਤਿ ਵਿੱਚ ਦਿਗੰਬਰ ਬਣ ਕੇ ਰਹਿੰਦਿਆਂ ਲਿਖਣਾ ਕਵੀ ਸੰਤੋਖ ਸਿੰਘ ਦੀ ਸਿੱਖੀ ਵਿਚਾਰਧਾਰਾ ਪ੍ਰਤੀ ਮਹਾਂ ਅਗਿਆਨਤਾ ਹੈ ।
4. ਕੀ ਦਿਗੰਬਰ ਬਣਨਾ ਵਾਰ-ਵਾਰ ਜੰਮਣਾਂ ਮਰਨਾ ਹੈ?
ਦਿਗੰਬਰ ਬਣਨਾ ਬਿਲਕੁਲ ਵਿਅਰਥ ਵਿਅਰਥ ਉੱਦਮ ਹੈ । ਦਿਗੰਬਰ ਦਾ ਜਨਮ ਮਰਣ ਦਾ ਗੇੜ ਚੱਲਦਾ ਰਹਿੰਦਾ ਹੈ । ਗੁਰਬਾਣੀ ਦਾ ਉਪਦੇਸ਼ ਅਜਿਹਾ ਦਿਗੰਬਰ ਹੋ ਜਾਣ ਨੂੰ ਮੂਲ਼ੋਂ ਹੀ ਰੱਦ ਕਰਦਾ ਹੈ । ਦੇਖੋ ਇਹ ਪ੍ਰਮਾਣ-
ਬਸੰਤੁ ਮਹਲਾ 3 ਤੀਜਾ ॥
ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥ ਜਟਾ ਧਾਰਿ ਕਿਆ ਕਮਾਵੈ ਜੋਗੁ ॥
ਮਨੁ ਨਿਰਮਲੁ ਨਹੀ ਦਸਵੈ ਦੁਆਰ ॥ ਭ੍ਰਮਿ ਭ੍ਰਮਿ ਆਵੈ ਮੂੜ੍ਾ ਵਾਰੋ ਵਾਰ ॥1॥
ਏਕੁ ਧਿਆਵਹੁ ਮੂੜ੍ ਮਨਾ ॥ ਪਾਰਿ ਉਤਰਿ ਜਾਹਿ ਇਕ ਖਿਨਾਂ ॥1॥ ਰਹਾਉ ॥(ਗਗਸ 1169/5)
ਅਰਥ:- ਹੇ ਮੂਰਖ ਮਨ! ਇਕ ਪਰਮਾਤਮਾ ਨੂੰ ਸਿਮਰ । (ਸਿਮਰਨ ਦੀ ਬਰਕਤਿ ਨਾਲ) ਇਕ ਪਲ ਵਿਚ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲμਘ ਜਾਹਿˆਗਾ ।1।ਰਹਾਉ। ਜੇ ਕੋਈ ਮਨੁੱਖ ਕੱਪੜੇ ਉਤਾਰ ਕੇ ਨਾਂਗਾ ਸਾਧੂ ਬਣ ਜਾਏ (ਤਾਂ ਭੀ ਵਿਅਰਥ ਹੀ ਉੱਦਮ ਹੈ) । ਜਟਾ ਧਾਰ ਕੇ ਭੀ ਕੋਈ ਜੋਗ ਨਹੀਂ ਕਮਾਇਆ ਜਾ ਸਕਦਾ । (ਪਰਮਾਤਮਾ ਨਾਲ ਜੋਗ (ਮੇਲ) ਨਹੀਂ ਹੋ ਸਕੇਗਾ) । ਦਸਵੇਂ ਦੁਆਰ ਵਿਚ ਪ੍ਰਾਣ ਚੜ੍ਹਾਇਆਂ ਭੀ ਮਨ ਪਵਿਤ੍ਰ ਨਹੀਂ ਹੁੰਦਾ । (ਅਜੇਹੇ ਸਾਧਨਾਂ ਵਿਚ ਲੱਗਾ ਹੋਇਆ) ਮੂਰਖ ਭਟਕ ਭਟਕ ਕੇ ਮੁੜ ਮੁੜ ਜਨਮ ਲੈਂਦਾ ਹੈ ।1।
5. ਅਸਲੀ ਅਤੇ ਨਕਲੀ ਦਿਗੰਬਰ ਦੀ ਕੀ ਪਛਾਣ ਹੈ?
ਅਸਲੀ ਜੋਗੀ ਕੌਣ ਹੈ?
ਅਸਲੀ ਬ੍ਰਾਹਮਣ ਕੌਣ ਹੈ?
ਅਸਲੀ ਖੱਤ੍ਰੀ ਕੌਣ ਹੈ?
ਇਨ੍ਹਾਂ ਅਤੇ ਹੋਰ ਕਈ ਸਵਾਲਾਂ ਦੇ ਉੱਤਰ ਗੁਰਬਾਣੀ ਵਿੱਚ ਦਿੱਤੇ ਗਏ ਮਿਲ਼ਦੇ ਹਨ । ਨਕਲੀ ਦਿਗੰਬਰ ਤਾਂ ਨਿਰਵਸਤਰ ਹੋ ਕੇ ਵਿਚਰਨ ਵਾਲ਼ਾ ਹੁੰਦਾ ਹੈ ਪਰ ਅਸਲੀ ਕੌਣ ਹੁੰਦਾ ਹੈ, ਇਸ ਦੀ ਸਪੱਸ਼ਟਤਾ ਵੀ ਹੇਠ ਲਿਖੇ ਗੁਰਬਾਣੀ ਦੇ ਪ੍ਰਮਾਣ ਵਿੱਚ ਕੀਤੀ ਗਈ ਹੈ । ਗੁਰਬਾਣੀ ਵਿੱਚ ਦੱਸਿਆ ਅਜਿਹਾ ਦਿਗੰਬਰ ਸੱਭ ਨੂੰ ਬਣਨ ਦੀ ਲੋੜ ਹੈ । ਦੇਖੋ ਇਹ ਪ੍ਰਮਾਣ-
ਦਇਆ ਦਿਗੰਬਰੁ ਦੇਹ ਬੀਚਾਰੀ ॥ ਆਪਿ ਮਰੈ ਅਵਰਾ ਨਹ ਮਾਰੀ ॥3॥{ਪੰਨਾ 356/17}
ਦੇਹ- ਸ਼ਰੀਰ । ਬੀਚਾਰੀ- ਵਿਚਾਰਵਾਨ । ਦੇਹ ਬੀਚਾਰੀ- ਦੇਹੀ ਨੂੰ ਮੋਹ ਮਾਇਆ ਤੋਂ ਨਿਰਲੇਪ ਰੱਖਣ ਵਾਲ਼ਾ ਪ੍ਰਾਣੀ, ਮਰਦ ਜਾਂ ਔ਼ਰਤ ।
ਅਰਥ:- ਜੇ (ਹਿਰਦੇ ਵਿਚ) ਦਇਆ ਹੈ, ਜੇ ਸਰੀਰ ਨੂੰ (ਵਿਕਾਰਾਂ ਵਲੋਂ ਪਵਿੱਤ੍ਰ ਰੱਖਣ ਦੀ) ਵਿਚਾਰ ਵਾਲਾ ਭੀ ਹੈ, ਤਾਂ ਉਹ ਅਸਲ ਦਿਗੰਬਰ ਹੈ ਅਤੇ ਜੋ ਮਨੁੱਖ ਆਪ (ਵਿਕਾਰਾਂ ਵਲੋਂ) ਮਰਿਆ ਹੋਇਆ ਹੈ ਉਹੀ ਹੈ (ਅਸਲ ਅਹਿੰਸਾ-ਵਾਦੀ) ਜੋ ਹੋਰਨਾਂ ਨੂੰ ਨਹੀਂ ਮਾਰਦਾ ।3। ਗੁਰਮਤਿ ਅਨੁਸਾਰ ਦਿਗੰਬਰ ਉਹ ਨਹੀਂ ਜੋ ਨਿਰਵਸਤਰ ਹੋ ਕੇ ਫਿਰੇ । ਦਿਗੰਬਰ ਉਹ ਹੈ ਜੋ ਦਇਆਵਾਨ ਹੈ ਅਤੇ ਸ਼ਰੀਰ ਨੂੰ ‘ਕੁਆਰੀ ਕਾਇਆ ਜੁਗਤਿ’ ਦੇ ਉਦੇਸ਼ ਨਾਲ਼ ਮੋਹ ਮਾਇਆ ਤੋਂ ਨਿਰਲੇਪ ਰੱਖਦਾ ਹੈ ।
ਨੋਟ: ਲੇਖ ਵਿੱਚ ਗੁਰਬਾਣੀ ਦੇ ਦਿੱਤੇ ਅਰਥ ਪ੍ਰੋ. ਸਾਹਿਬ ਸਿੰਘ ਦੇ ਲਿਖੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਉੱਤੇ ਆਧਾਰਿਤ ਹਨ ।
ਇੱਕੋ ਇੱਕ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ!
ਕਸ਼ਮੀਰਾ ਸਿੰਘ (ਪ੍ਰੋ.) U.S.A.
ਗੁਰੂ ਗ੍ਰੰਥ ਸਾਹਿਬ ਵਿੱਚ ‘ਦਿਗੰਬਰ’ ਦਾ ਸੰਕਲਪ
Page Visitors: 2526