ਕੀ ਅਸੀਂ ਗੁਰੂ ਨਾਨਕ ਦੇ ਸਿੱਖ ਬਣਨਾ ਚਾਹੁੰਦੇ ਹਾਂ ਜਾਂ ਪੰਡਿਤਾਂ ਦੇ ?
ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ http://www.sgpc.net/ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਮੁਤਾਬਕ 19 ਜੂਨ 1695 ਨੂੰ ਗੁਰੂ ਕੀ ਵਡਾਲੀ ਜਿਲ੍ਹਾ ਅੰਮ੍ਰਿਤਸਰ ਵਿਖੇ ਗੁਰੂ ਅਰਜੁਨ ਸਾਹਿਬ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖ ਤੋਂ ਹੋਇਆ ਸੀ।
ਤਕਰੀਬਨ ਸਾਰਾ ਪੰਥ ਇਨ੍ਹਾਂ ਤਰੀਖਾਂ ਨਾਲ ਸਹਿਮਤ ਹੈ। ਭਾਈ ਪਾਲ ਸਿੰਘ ਪੁਰੇਵਾਲ ਨੇ 10 ਸਾਲਾਂ ਦੀ ਮਿਹਨਤ ਪਿੱਛੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਅਤੇ ਹਰ ਮਹੀਨੇ ਦਾ ਆਰੰਭ (ਜਿਸ ਨੂੰ ਬਿਪਰਵਾਦੀ ਲੋਕ ਸੰਗ੍ਰਾਂਦ ਆਖਦੇ ਹਨ) ਪੱਕੇ ਤੌਰ ’ਤੇ ਨਿਸਚਤ ਕਰ ਦਿੱਤੇ ਸਨ ਜਿਸ ਅਨੁਸਾਰ 21 ਹਾੜ ਹਮੇਸ਼ਾਂ ਹੀ 5 ਜੁਲਾਈ ਨੂੰ ਆਉਂਦਾ ਸੀ। ਇਸ ਲਈ ਉਨ੍ਹਾਂ ਨੇ ਪ੍ਰਕਾਸ਼ ਦਿਹਾੜੇ ਦੀ ਤਰੀਖ 21 ਹਾੜ, 5 ਜੁਲਾਈ ਨਿਸਚਤ ਕਰ ਦਿੱਤੀ ਸੀ। ਪਰ ਆਰਐੱਸਐੱਸ ਜਿਹੜੀ ਕਿ ਪਹਿਲੇ ਹੀ ਦਿਨ ਤੋਂ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੀ ਆ ਰਹੀ ਸੀ ਉਸ ਨੇ ਆਪਣੇ ਏਜੰਟ ਸੰਤ ਸਮਾਜ ਅਤੇ ਸਿਆਸੀ ਤੌਰ ’ਤੇ ਭਾਜਪਾ ਦੇ ਗੁਲਾਮ ਬਣੇ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਗੱਠਜੋੜ ਕਰਵਾ ਕੇ ਸੋਧਾਂ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਨੂੰ ਸੋਧਾ ਲਾ ਦਿੱਤਾ ਭਾਵ ਕਤਲ ਕਰ ਦਿੱਤਾ। ਨਾਨਕਸ਼ਾਹੀ ਕੈਲੰਡਰ ਨੂੰ ਸੋਧੇ ਹੋਏ ਕੈਲੰਡਰ ਦਾ ਨਾਮ ਦੇਣਾਂ ਹੀ ਗੁਮਰਾਹਕੁਨ ਹੈ ਕਿਉਂਕਿ ਕੈਲੰਡਰ ਵਿੱਚ ਹੋਈ ਭੁੱਲ ਵਿੱਚ ਸੋਧ ਕਰਨ ਲਈ ਕੀਤੀਆਂ ਗਈਆਂ ਕੈਲਕੂਲੇਸ਼ਨਜ਼ ਦਾ ਸਬੂਤ ਵਿਖਾਉਣਾ ਹੁੰਦਾ ਹੈ ਕਿ ਸ: ਪੁਰੇਵਾਲ ਵੱਲੋਂ ਲਾਏ ਗਏ ਹਿਸਾਬ ਕਿਤਾਬ ’ਚ ਇਹ ਗਲਤੀ ਰਹਿ ਗਈ ਸੀ ਇਸ ਲਈ ਇਹ ਸੋਧ ਕਰ ਦਿੱਤੀ ਹੈ। ਕੈਲਕੂਲੇਸ਼ਨ ਤਾਂ ਹੀ ਕਰਦੇ ਜੇ ਸੋਧਾ ਲਾਉਣ ਵਾਲੀ ਦੋ ਮੈਂਬਰੀ ਕਮੇਟੀ ਦੇ ਮੈਂਬਰ ਧੁੰਮਾ ਤੇ ਮੱਕੜ ਨੂੰ ਇਤਿਹਾਸ, ਕੈਲੰਡਰ ਅਤੇ ਤਾਰਾ ਵਿਗਿਆਨ ਦੀ ਕੋਈ ਸੂਝ ਹੁੰਦੀ। ਉਨ੍ਹਾਂ ਤਾਂ ਆਪਣਾ ਹੀ ਸਿੱਧਾ ਫਾਰਮੂਲਾ ਵਰਤ ਲਿਆ ਕਿ ਪੱਕੇ ਤੌਰ ’ਤੇ ਨਿਸਚਤ ਕੀਤੀਆਂ ਸੰਗਰਾਂਦਾ ਬਿਕ੍ਰਮੀ ਕੈਲੰਡਰ ਮੁਤਾਬਕ ਕਰ ਦਿੱਤੀਆਂ ਜਾਣ, ਚਾਰ ਗੁਰਪੁਰਬ – ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਜੋਤੀ ਜੋਤ ਸਮਾਉਣ ਦਾ ਦਿਹਾੜਾ, ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਅਤੇ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਪੁਰਾਤਨ ਰਵਾਇਤ ਅਨੁਸਾਰ ਚੰਦਰਮਾ ਦੀ ਤਿਥਾਂ ਮੁਤਾਬਕ ਕਰ ਦਿੱਤੇ ਜਾਣ ਅਤੇ ਬਾਕੀ ਦੇ ਸਾਰੇ ਗੁਰਪੁਰਬ ਸ: ਪੁਰੇਵਾਲ ਵੱਲੋਂ ਨਿਸਚਤ ਕੀਤੇ ਹੀ ਰਹਿਣ ਦਿੱਤੇ ਜਾਣ। ਇਸ ਮਿਲਗੋਭੇ ਕਾਰਣ ਇਤਿਹਾਸਕ ਤਰੀਖਾਂ ਵਿੱਚ ਜੋ ਵਿਗਾੜ ਪਿਆ ਹੈ ਉਸ ਦਾ ਸੰਖੇਪ ਵਰਨਣ ਮੇਰੇ ਪਿਛਲੇ ਲੇਖ ‘(ਕੁ)ਸੋਧਿਆ ਕੈਲੰਡਰ ਪਿੰਡਾਂ ਦੇ ਗੁਰਦੁਆਰਿਆਂ ਤੇ ਸਾਧਾਂ ਦੇ ਡੇਰਿਆਂ ਵਿੱਚ ਡਾਲੀ ਰਾਹੀਂ ਗਜਾ ਕਰਕੇ ਲਿਆਂਦੀ ਗਈ ਦਾਲ ਵਰਗਾ’ ਵਿੱਚ ਕੀਤਾ ਗਿਆ ਹੈ। ਇਹ ਲੇਖ ਕਈ ਪੰਥਕ ਸਾਈਟਾਂ ’ਤੇ ਪੈਣ ਤੋਂ ਇਲਾਵਾ ‘ਮਿਸ਼ਨਰੀ ਸੇਧਾਂ’ ਮਾਸਕ ਪੱਤਰ ਦੇ ਜੁਲਾਈ ਅੰਕ ਵਿੱਚ ਵੀ ਛਪ ਚੁੱਕਾ ਹੈ।
ਇਸ ਲਈ ਇਸ ਲੇਖ ਵਿੱਚ ਸਿਰਫ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਹੀ ਗੱਲ ਕਰਦੇ ਹਾਂ। ਗਜੇ ਵਾਲੀ ਦਾਲ ਵਰਗੇ ਧੁਮੱਕੜਸ਼ਾਹੀ ਕੈਲੰਡਰ ਵਿੱਚ ਇਹ ਦਿਹਾੜਾ ਨਾਨਕਸ਼ਾਹੀ ਕੈਲੰਡਰ ਵਾਲਾ 5 ਜੁਲਾਈ ਨਿਸਚਤ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਪੁਰੇਵਾਲ ਵੱਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਜਿਸ ਨੂੰ ਡੇਰਾਵਾਦੀ ਸੋਚ ਵਾਲੇ ਸਿੱਖਾਂ ਨੂੰ ਛੱਡ ਕੇ ਦੇਸ਼ ਵਿਦੇਸ਼ ਦੇ ਬਾਕੀ ਸਾਰੇ ਸਿੱਖਾਂ ਵੱਲੋਂ 2003 ਤੋਂ 2010 ਤੱਕ ਪ੍ਰਵਾਨ ਕੀਤਾ ਜਾ ਚੁੱਕਾ ਸੀ ਤੇ ਉਹ ਅੱਜ ਵੀ ਇਸ ਨੂੰ ਠੀਕ ਮੰਨਦੇ ਹਨ; ਨੂੰ ਤਾਂ ਇਹ ਈਸਾਈਆਂ ਦੀ ਗੁਲਾਮੀ ਦਾ ਪ੍ਰਤੀਕ ਦੱਸਦੇ ਰਹੇ ਹਨ ਕਿਉਂਕਿ ਇਸ ਨੂੰ ਦੁਨੀਆਂ ਭਰ ਵਿੱਚ ਪ੍ਰਚਲਤ ਸਾਂਝੇ ਕੈਲੰਡਰ, ਜਿਸ ਨੂੰ ਈਸਵੀ ਸੰਨ ਵੀ ਕਹਿੰਦੇ ਹਨ; ਨਾਲ ਜੋੜਿਆ ਗਿਆ ਹੈ। ਪਰ ਸੋਧ ਦੇ ਨਾਮ ’ਤੇ ਆਪਣੇ ਵੱਲੋਂ ਵਿਗਾੜੇ ਕੈਲੰਡਰ ਵਿੱਚ ਇਨ੍ਹਾਂ ਨੇ ਦੇਸੀ ਮਹੀਨੇ ਦੀ 21 ਹਾੜ ਦੀ ਤਰੀਖ ਤਾਂ ਛੱਡ ਦਿੱਤੀ ਜਦੋਂ ਕਿ ਈਸਵੀ ਕੈਲੰਡਰ ਦੀ 5 ਜੁਲਾਈ ਨਿਸਚਤ ਕਰ ਦਿੱਤੀ। ਇਹ 5 ਜੁਲਾਈ ਹੁਣ 2013 ਵਿੱਚ 22 ਹਾੜ/ ਹਾੜ ਵਦੀ 13 ਨੂੰ ਆ ਰਹੀ ਹੈ। 2014 ਵਿੱਚ ਹਾੜ ਮਹੀਨੇ ਦੀ ਕਿਹੜੀ ਤਰੀਖ ਅਤੇ ਤਿੱਥ ਹੋਵੇਗੀ ਇਹ ਸੋਧਾ ਲਾਉਣ ਵਾਲੇ ਕਮੇਟੀ ਮੈਂਬਰ ਅਤੇ ਇਸ ਨੂੰ ਪ੍ਰਵਾਨਗੀ ਦੇਣ ਵਾਲੇ ਜਥੇਦਾਰ ਅਕਾਲ ਤਖ਼ਤ ਖ਼ੁਦ ਵੀ ਨਹੀਂ ਦੱਸ ਸਕਦੇ। ਸੋ ਇਹ ਤਾਰੀਖ ਕਿਸੇ ਵੀ ਕੈਲੰਡਰ ਅਨੁਸਾਰ ਠੀਕ ਨਹੀਂ ਹੈ। ਸ: ਪੁਰੇਵਾਲ ਨੇ ਤਾਂ ਨਾਨਕਸ਼ਾਹੀ ਕੈਲੰਡਰ ਵਿੱਚ ਦੇਸੀ ਮਹੀਨੇ ਦੀ 21 ਹਾੜ ਤਰੀਖ ਨਿਸਚਤ ਕੀਤੀ ਸੀ ਜੋ ਕਿ ਇਤਿਹਾਸਕ ਸੋਮਿਆਂ ਨਾਲ ਮੇਲ ਖਾਂਦੀ ਸੀ। 21 ਹਾੜ ਹਮੇਸ਼ਾਂ 5 ਜੁਲਾਈ ਨੂੰ ਆਉਣ ਕਰਕੇ ਇਹ ਹਰ ਇੱਕ ਲਈ ਯਾਦ ਰੱਖਣੀ ਬਹੁਤ ਹੀ ਅਸਾਨ ਸੀ ਪਰ ਕਿਉਂਕਿ ਇੱਕੋ ਲੇਖ ਵਿੱਚ ਸਾਰੇ ਗੁਰਪੁਰਬਾਂ ਦਾ ਸਾਰਾ ਵੇਰਵਾ ਦੇਣਾ ਸੰਭਵ ਨਹੀਂ ਹੁੰਦਾ ਆਰਐੱਸਐੱਸ ਦੇ ਇਨ੍ਹਾਂ ਏਜੰਟਾਂ ਵੱਲੋਂ ਰੱਖੀ ਗਈ 5 ਜੁਲਾਈ ਕਿੰਨ੍ਹਾਂ ਦੀ ਗੁਲਾਮੀ ਦਾ ਪ੍ਰਤੀਕ ਹੈ?
ਇਸ ਦਾ ਜਵਾਬ ਪਾਠਕ ਤਾਂ ਭਲੀਭਾਂਤ ਸਮਝ ਹੀ ਗਏ ਹੋਣੇ ਹਨ ਪਰ ਕੈਲੰਡਰ ਸੋਧਕ ਦੋ ਮੈਂਬਰੀ ਕਮੇਟੀ ਦੇ ਮੈਂਬਰ ਭਾਈ ਹਰਨਾਮ ਸਿੰਘ ਧੁੰਮਾ + ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਇਨ੍ਹਾਂ (ਕੁ)ਸੋਧਾਂ ਨੂੰ ਪ੍ਰਵਾਨਗੀ ਦੇਣ ਵਾਲੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਅਕਾਲ ਤਖ਼ਤ ਦੀ ਸਰਬ ਉਚਤਾ ਬਹਾਲ ਕਰਨ ਨੂੰ ਚੋਣ ਮੁੱਦਾ ਬਣਾ ਕੇ ਚੋਣ ਜਿੱਤਣ ਦਾ ਦਾਅਵਾ ਕਰਕੇ ਦਿੱਲੀ ਦੇ ਗੁਰਦੁਆਰਿਆਂ ਵਿੱਚ (ਕੁ)ਸੋਧਿਆ ਕੈਲੰਡਰ ਲਾਗੂ ਕਰਨ ਵਾਲੇ ਮਨਜੀਤ ਸਿੰਘ ਜੀਕੇ ਅਤੇ ਬਾਕੀ ਮੈਂਬਰਾਂ ਨੂੰ ਇਸ ਦਾ ਜਵਾਬ ਜਰੂਰ ਦੇਣਾ ਚਾਹੀਦਾ ਹੈ ਕਿ ਉਹ ਕਿਸ ਦੀ ਗੁਲਾਮੀ ਕਰ ਰਹੇ ਹਨ?
ਇਸ ਦਾ ਜਵਾਬ ਲੈਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਨਾਲ ਗੱਲ ਕੀਤੀ ਕਿ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਵਿੱਚ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹਾੜ ਵਦੀ 7, 21 ਹਾੜ, 19 ਜੂਨ ਲਿਖਿਆ ਹੋਇਆ ਹੈ। ਸੋਧੇ ਹੋਏ ਕੈਲੰਡਰ ਵਿੱਚ ਨਿਸਚਤ ਕੀਤੀ ਗਈ 5 ਜੁਲਾਈ ਤੁਸੀਂ ਕਿਹੜੇ ਸੋਮੇ
ਤੋਂ ਲਈ ਹੈ। ਸ: ਮੱਕੜ ਦਾ ਜਵਾਬ ਸੀ ਕਿ ਮੈਨੂੰ ਨਹੀਂ ਪਤਾ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੁੱਛੋ।
ਪੁੱਛਿਆ ਗਿਆ ਕਿ ਸੋਧ ਲਈ ਸਿਫਾਰਸ਼ ਤਾਂ ਤੁਹਾਡੀ ਸ਼ਮੂਲੀਅਤ ਵਾਲੀ ਦੋ ਮੈਂਬਰੀ ਕਮੇਟੀ ਨੇ ਕੀਤੀ ਸੀ। ਇਹ ਸਿਫਾਰਸ਼ ਤੁਸੀਂ ਕਿਸ ਅਧਾਰ ’ਤੇ ਕੀਤੀ ਸੀ? ਸ: ਮੱਕੜ ਨੇ ਖਿਝ ਕੇ ਜਵਾਬ ਦਿੱਤਾ ਕਿ ਮੇਰੇ ਨਾਲ ਬਹਿਸਣ ਦੀ ਜਰੂਰਤ ਨਹੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੁੱਛੋ।
ਅਕਾਲ ਤਖ਼ਤ ਦੇ ਜਥੇਦਾਰ ਨਾਲ ਸੰਪਰਕ ਕੀਤਾ ਤਾਂ ਫ਼ੋਨ ਚੁੱਕਣ ਵਾਲੇ ਸੇਵਾਦਾਰ ਨੇ ਕਿਹਾ ਕਿ ਸਿੰਘ ਸਾਹਿਬ ਜੀ ਸਮਾਗਮ ਵਿੱਚ ਬੈਠੇ ਹਨ; ਪੌਣਾ ਘੰਟਾ ਠਹਿਰ ਕੇ ਗੱਲ ਕਰ ਲੈਣਾ। ਪੌਣੇ ਘੰਟੇ ਬਾਅਦ ਗੱਲ ਕੀਤੀ ਤਾ ਉਨ੍ਹਾਂ ਜਵਾਬ ਦਿੱਤਾ ਕਿ ਹਾਲੀ ਸਮਾਗਮ ਚੱਲ ਰਿਹਾ ਹੈ ਅੱਧ ਘੰਟਾ ਠਹਿਰ ਕੇ ਗੱਲ ਕਰਨਾ। ਅੱਧੇ ਘੰਟੇ ਬਾਅਦ ਦੁਬਾਰਾ ਕੀਤਾ ਤਾਂ ਮੁੜ ਉਨ੍ਹਾਂ ਫ਼ੋਨ ਹੀ ਨਹੀਂ ਚੁਕਿਆ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਗੱਲ ਕੀਤੀ ਕਿ ਤੁਸੀਂ ਇਹ ਦਾਅਵਾ ਕਰ ਰਹੇ ਹੋ ਕਿ ਸਰਨਾ ਨੇ ਅਕਾਲ ਤਖ਼ਤ ਵੱਲੋਂ ਸੋਧੇ ਹੋਏ ਕੈਲੰਡਰ ਨੂੰ ਲਾਗੂ ਨਾ ਕਰਕੇ ਅਕਾਲ ਤਖ਼ਤ ਨਾਲ ਮੱਥਾ ਲਾਇਆ ਸੀ ਇਸ ਲਈ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਅਕਾਲ ਤਖ਼ਤ ਨੂੰ ਸਮਰਪਿਤ ਹੋਣ ਕਰਕੇ ਸੰਗਤਾਂ ਨੇ ਸਾਡੇ (ਬਾਦਲ) ਧੜੇ ਨੂੰ ਜਿੱਤ ਦਿਵਾਈ ਹੈ ਇਸ ਲਈ ਤੁਸੀਂ ਪਹਿਲੇ ਹੀ ਦਿਨ ਤੋਂ ਸੋਧੇ ਹੋਏ ਕੈਲੰਡਰ ਅਨੁਸਾਰ ਸਾਰੇ ਗੁਰਪੁਰਬ ਮਨਾਉਣ ਦਾ ਐਲਾਣ ਕੀਤਾ ਸੀ। ਇਸ ਲਈ ਤੁਸੀਂ ਦੱਸੋ ਕੀ ਇਹ ਸੋਧਾਂ ਠੀਕ ਹੋਈਆਂ ਹਨ? ਜੇ ਠੀਕ ਹਨ ਤਾਂ ਦੱਸੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ 5 ਜੁਲਾਈ ਦੀ ਤਰੀਖ ਕਿਸ ਸੋਮੇ ਤੋਂ ਲਈ ਹੈ? ਸ: ਸਿਰਸਾ ਦਾ ਸਪਸ਼ਟ ਤੌਰ ’ਤੇ ਜਵਾਬ ਸੀ; ਮੈਨੂੰ ਇਨ੍ਹਾਂ ਗੱਲਾਂ ਦਾ ਗਿਆਨ ਨਹੀਂ ਹੈ ਅਸੀਂ ਤਾਂ ਜੋ ਕਹਿੰਦੇ ਹਨ ਉਹ ਕਰੀ ਜਾਂਦੇ ਹਾਂ।
ਇਸ ਬਾਰੇ ਜੋ ਕੁਝ ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਹੀ ਲਿਖ ਦਿੱਤਾ ਸੀ, ਤਾਰਾ ਵਿਗਿਆਨੀਆਂ ਨੂੰ ਉਸ ਦੀ ਸਮਝ ਅੱਜ ਆਈ ਹੈ। ਪਰ ਇਹ ਦੱਸੋ ਕਿ ਯੂਰਪ ਦੇ ਲੋਕਾਂ ਨੂੰ ਜੋ ਸਮਝ ਅੱਜ ਤੋਂ 431 ਸਾਲ ਪਹਿਲਾਂ 1582 ਵਿੱਚ ਹੀ ਆ ਗਈ ਸੀ ਕਿ ਉਨ੍ਹਾਂ ਵੱਲੋਂ ਸਾਲ ਦੀ ਮਿਥੀ ਗਈ ਲੰਬਾਈ (365 ਦਿਨ 6 ਘੰਟੇ) ਮੌਸਮੀ ਸਾਲ ਦੀ ਲੰਬਾਈ (ਲਗਪਗ 365 ਦਿਨ 5 ਘੰਟੇ 48 ਮਿੰਟ 45.2 ਸੈਕੰਡ) ਤੋਂ ਤਕਰੀਬਨ ਸਵਾ ਗਿਆਰਾ ਮਿੰਟ ਵੱਧ ਹੋਣ ਕਰਕੇ 128 ਸਾਲਾਂ ਪਿੱਛੋਂ ਤਕਰੀਬਨ ਇੱਕ ਦਿਨ ਪਿੱਛੇ ਰਹਿ ਜਾਂਦਾ ਇਸ ਲਈ ਮੌਸਮੀ ਸਾਲ ਦੇ ਨੇੜੇ ਤੇੜੇ ਰਹਿਣ ਲਈ 4 ਅਕਤੂਬਰ 1582 ਤੋਂ ਬਾਅਦ ਸਿੱਧਾ ਹੀ 15 ਅਕੂਬਰ ਕਰ ਦਿੱਤਾ ਸੀ ਭਾਵ ਆਪਣੇ ਕੈਲੰਡਰ ਨੂੰ 10 ਦਿਨ ਅੱਗੇ ਕਰ ਦਿੱਤਾ ਸੀ ਅਤੇ ਸਾਲ ਦੀ ਲੰਬਾਈ ਘਟਾ ਕੇ ਲਗਪਗ 365 ਦਿਨ 5 ਘੰਟੇ 49 ਮਿੰਟ 12 ਸੈਕੰਡ ਕਰ ਦਿੱਤੀ। ਹੁਣ ਇਹ ਮੌਸਮੀ ਸਾਲ ਤੋਂ ਸਿਰਫ 26-27 ਸੈਕੰਡ ਵੱਡਾ ਹੋਣ ਕਰਕੇ 3300 ਸਾਲਾਂ ਵਿੱਚ ਕੇਵਲ ਇੱਕ ਦਿਨ ਪਿੱਛੇ ਰਹਿੰਦਾ ਹੈ। ਇੰਗਲੈਂਡ ਨੇ ਇਸ ਸੋਧ ਨੂੰ 1752 ਵਿੱਚ ਲਾਗੂ ਕਰਕੇ 2 ਸਤੰਬਰ ਤੋਂ ਪਿੱਛੋਂ ਸਿੱਧਾ ਹੀ 14 ਸਤੰਬਰ ਕਰ ਦਿੱਤੀ ਸੀ ਭਾਵ 11 ਦਿਨ ਆਪਣੇ ਕੈਲੰਡਰ ਨੂੰ ਅੱਗੇ ਕਰ ਲਿਆ ਸੀ। ਪਰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਸਿੱਖਾਂ ਨੂੰ 2013 ਵਿੱਚ ਵੀ ਇਹ ਸਮਝ ਨਹੀਂ ਆ ਰਹੀ ਕਿ ਜਿਸ ਬਿਕ੍ਰਮੀ ਕੈਲੰਡਰ ਨਾਲ ਉਹ ਜੁੜੇ ਹੋਏ ਹਨ ਉਸ ਦੀ ਲੰਬਾਈ (ਸੂਰਜੀ ਸਿਧਾਂਤ ਅਨੁਸਾਰ ਲਗਪਗ 365 ਦਿਨ 6 ਘੰਟੇ 12 ਮਿੰਟ 36.56 ਸੈਕੰਡ), ਮੌਸਮੀ ਸਾਲ ਤੋਂ ਲਗਪਗ 24 ਮਿੰਟ ਵੱਧ ਹੋਣ ਕਰਕੇ 60 ਸਾਲਾਂ ਵਿੱਚ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ। ਫਿਰ ਦੱਸੋ ਕੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਅਖਵਾ ਸਕਦੇ ਹੋ? ਉਤਰੀ ਭਾਰਤ ਦੇ ਪੰਡਿਤ ਵਿਦਵਾਨਾਂ ਨੇ 1964 ਵਿੱਚ ਅੰਮ੍ਰਿਤਸਰ ਵਿੱਚ ਮੀਟਿੰਗ ਕਰਕੇ ਇਸ ਵਿੱਚ ਸੋਧ ਕਰਕੇ ਆਪਣੇ ਸਾਲ ਦੀ ਲੰਬਾਈ ਘਟਾ ਕੇ ਲਗਪਗ 365 ਦਿਨ 6 ਘੰਟੇ 9 ਮਿੰਟ 9.8 ਸੈਕੰਡ ਕਰ ਦਿੱਤੀ। ਹੁਣ ਇਹ ਮੌਸਮੀ ਸਾਲ ਤੋਂ ਲਗਪਗ 20 ਮਿੰਟ 24.6 ਸੈਕੰਡ ਵੱਡਾ ਹੋਣ ਕਰਕੇ 71-72 ਸਾਲਾਂ ਪਿੱਛੋਂ ਇੱਕ ਦਿਨ ਪਿੱਛੇ ਰਹਿ ਜਾਂਦਾ ਹੈ। ਇਸ ਨੂੰ ਦ੍ਰਿੱਕ ਸਿਧਾਂਤ ਕਹਿੰਦੇ ਹਨ। ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਜੋ ਸੋਧਾਂ ਕੀਤੀਆਂ ਹਨ ਉਹ ਪੰਡਿਤਾਂ ਵੱਲੋਂ ਸੋਧੇ ਹੋਏ ਦ੍ਰਿੱਕ ਗਣਿਤ ਸਿਧਾਂਤ ਅਨੁਸਾਰ ਹਨ। ਹੁਣ ਜੇ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਪੰਡਿਤਾਂ ਵੱਲੋਂ ਕੀਤੀ ਸੋਧ ਨੂੰ ਤਾਂ ਮੰਨਦੇ ਹਨ ਪਰ ਗੁਰੂ ਨਾਨਕ ਦੇ ਸਿੱਖ ਭਾਈ ਪਾਲ ਸਿੰਘ ਵੱਲੋਂ ਕੀਤੀ ਸੋਧ ਜੋ ਹੁਣ ਤੱਕ ਬਣੇ ਸਾਰੇ ਕੈਲੰਡਰਾਂ ਦੇ ਸਾਲਾਂ ਨਾਲੋਂ ਮੌਸਮੀ ਸਾਲ ਦੇ ਸਭ ਤੋਂ ਵੱਧ ਨਜ਼ਦੀਕ ਹੈ ਅਤੇ ਦੁਨੀਆਂ ਭਰ ਵਿੱਚ ਪ੍ਰਚਲਤ ਸਾਂਝੇ ਕੈਲੰਡਰ ਨਾਲ ਬਿਲਕੁਲ ਮੇਲ ਖਾਂਦਾ ਹੋਣ ਕਰਕੇ ਪੰਡਿਤਾਂ ਦੀ ਸੋਧ ਨਾਲੋਂ ਕਈ ਗੁਣਾਂ ਵੱਧ ਬਿਹਤਰ ਹੈ; ਉਸ ਨੂੰ ਨਹੀਂ ਮੰਨਦੇ, ਤਾਂ ਦੱਸੋ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ ਜਾਂ ਪੰਡਿਤਾਂ ਦੇ ?
ਸ: ਸਿਰਸਾ ਨੇ ਮੰਨਿਆ ਕਿ ਇਸ ਹਿਸਾਬ ਨਾਲ ਉਹ ਗੁਰੂ ਨਾਨਕ ਦੇ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ ਹਨ। ਪੁੱਛਿਆ ਗਿਆ ਕਿ ਜੇ ਤੁਸੀਂ ਮੰਨਦੇ ਹੋ ਕਿ ਸੋਧਾਂ ਗਲਤ ਹੋਈਆਂ ਹਨ ਤਾਂ ਕੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੁਝਾਉ ਭੇਜੋਗੇ ਕਿ ਸੋਧਾਂ ਰੱਦ ਕਰਕੇ ਅਸਲੀ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕੀਤਾ ਜਾਵੇ ਤੇ ਉਸ ਵਿੱਚ ਰਹਿ ਗਈਆਂ ਤਰੁਟੀਆਂ ਦੂਰ ਕਰਨ ਲਈ ਵਿਦਵਾਨਾਂ ਦੀ ਕੋਈ ਕਮੇਟੀ ਬਣਾਈ ਜਾਵੇ। ਸ: ਸਿਰਸਾ ਨੇ ਇਸ ਤੋਂ ਕੋਰੀ ਨਾਂਹ ਕਰਦਿਆਂ ਕਿਹਾ ਕਿ ਉਹ ਕੋਈ ਸੁਝਾਉ ਨਹੀਂ ਭੇਜਣਗੇ ਸਿਰਫ ਅਕਾਲ ਤਖ਼ਤ ਦਾ ਹੁਕਮ ਮੰਨਣਗੇ। ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਜੇ ਤੁਸੀਂ ਇਹ ਮੰਨਦੇ ਹੋ ਕਿ ਕੈਲੰਡਰ ਸਬੰਧੀ ਕੋਈ ਗਿਆਨ ਨਹੀਂ ਹੈ;ਵਿਦਵਾਨਾਂ ਦੀ ਸਲਾਹ ਲੈਣ ਲਈ ਵੀ ਤਿਆਰ ਨਹੀਂ ਹੋ ਤਾਂ ਘੱਟ ਤੋਂ ਘੱਟ ਸੋਧੇ ਹੋਏ ਕੈਲੰਡਰ ਨੂੰ ਲਾਗੂ ਕਰਨ ਦੇ ਦਮਗਜ਼ੇ ਮਾਰ ਕੇ ਸੰਗਤਾਂ ਨੂੰ ਗੁਮਰਾਹ ਅਤੇ ‘ਸੋਧ’ ਸ਼ਬਦ ਨਾਲ ਅਨਰਥ ਤਾਂ ਨਾਂਹ ਕਰੋ, ਇਸ ਨੂੰ ਵਿਗਾੜੇ ਗਏ ਕੈਲੰਡਰ ਅਨੁਸਾਰ ਦੱਸ ਕੇ ਵਰਤੇ ਗਏ ਸ਼ਬਦਾਂ ਦੀ ਤਾਂ ਲਾਜ਼ ਰੱਖੋ।
ਇਹ ਸੁਣ ਕੇ ਸਿਰਸਾ ਜੀ ਕਹਿਣ ਲੱਗੇ ਕਿ ਜੇ ਅਸੀਂ ਸੰਗਤਾਂ ਨੂੰ ਗੁਮਰਾਹ ਕੀਤਾ ਹੈ ਤਾਂ 4 ਸਾਲਾਂ ਨੂੰ ਸੰਗਤ ਫਿਰ ਫੈਸਲਾ ਕਰ ਲਵੇਗੀ। ਸ: ਸਿਰਸਾ ਦੀ ਇਸ ਗੱਲ ਤੋਂ ਸਿੱਟਾ ਇਹੀ ਨਿਕਲਦਾ ਹੈ ਕਿ ਉਹ ਦਲੀਲ ਦੀ ਕੋਈ ਗੱਲ ਸੁਣ ਕੇ ਆਪਣੀ ਬਿਬੇਕ ਬੁੱਧ ਵਰਤ ਕੇ ਫੈਸਲਾ ਕਰਨ ਦੀ ਥਾਂ ਭ੍ਰਿਸ਼ਟਚਾਰ ਨਾਲ ਭਰਪੂਰ ਚੋਣ ਸਿਸਟਮ (ਵਿੱਚ ਵੋਟਰਾਂ ਨੂੰ ਨਸ਼ਿਆਂ ਤੇ ਪੈਸਿਆਂ ਦੀ ਵੰਡ ਅਤੇ ਲਾਲਚ/ ਡਰ ਦੇ ਕੇ ਲਈਆਂ ਵੋਟਾਂ ਰਾਹੀਂ ਪ੍ਰਾਪਤ ਕੀਤੀ ਜਿੱਤ ਹਾਰ) ਨੂੰ ਜਿਆਦਾ ਮਹੱਤਵ ਦੇ ਰਹੇ ਹਨ।
ਇਸ ਉਪ੍ਰੰਤ ਭਾਈ ਭੁਪਿੰਦਰ ਸਿੰਘ ਯੂ ਐੱਸ ਏ ਵਾਲੇ, ਜਿਨ੍ਹਾਂ ਨੇ ਅੱਜ (2 ਜੁਲਾਈ ਨੂ) ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਥਾ ਕੀਤੀ ਸੀ ਅਤੇ ਕੁਝ ਦਿਨਾਂ ਲਈ ਹੋਰ ਵੀ ਕਥਾ ਕਰਨਗੇ; ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ਦਾ ਹਵਾਲਾ ਦੇ ਕੇ ਬੇਨਤੀ ਕੀਤੀ ਕਿ ਦਿੱਲੀ ਕਮੇਟੀ ਵੱਲੋਂ 5 ਜੁਲਾਈ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਤਰੀਖ ਕਿਥੋਂ ਲਈ ਗਈ ਹੈ? ਉਨ੍ਹਾਂ ਕਿਹਾ ਕਿ ਕਿਸੇ ਇੱਕ ਕੈਲੰਡਰ ਦੀ ਤਰੀਖ ਦੂਜੇ ਕੈਲੰਡਰ ਨਾਲ ਮੇਲ ਨਹੀਂ ਖਾ ਸਕਦੀ ਇਸ ਲਈ ਇੱਕ ਤਾਂ ਰੱਖਣੀ ਹੀ ਹੋਈ। ਉਨ੍ਹਾਂ ਦੀ ਇਸ ਦਲੀਲ ਨਾਲ ਸਹਿਮਤ ਹੁੰਦੇ ਹੋਏ ਉਨ੍ਹਾਂ ਨੂੰ ਕਿਹਾ ਗਿਆ ਕਿ ਜੇ ਇੱਕ ਤਰੀਖ ਹੀ ਰੱਖਣੀ ਸੀ ਤਾਂ ਹਾੜ ਵਦੀ 7, 21 ਹਾੜ ਜਾਂ 19 ਜੂਨ ਵਿੱਚੋਂ ਕੋਈ ਇੱਕ ਰੱਖੀ ਜਾ ਸਕਦੀ ਸੀ; 5 ਜੁਲਾਈ ਕਿਸ ਹਿਸਾਬ ਨਾਲ ਰੱਖੀ?
ਜੇ ਬਿਕ੍ਰਮੀ ਸਾਲ ਦੀ ਹਾੜ ਵਦੀ 7 ਰੱਖੀ ਜਾਵੇ ਤਾਂ ਇਹ 18-19 ਦਿਨ ਤੱਕ ਅੱਗੇ ਪਿੱਛੇ ਹੁੰਦੀ ਰਹੇਗੀ। ਬਿਕ੍ਰਮੀ ਸਾਲ ਦੀ 21 ਹਾੜ ਰੱਖੀ ਜਾਵੇ ਤਾਂ ਵੀ ਇਕ ਦੋ ਦਿਨ ਅੱਗ ਪਿੱਛੇ ਹੁੰਦੀ ਰਹੇਗੀ ਆਉਣ ਵਾਲੇ ਸਮੇਂ ਵਿੱਚ ਇਸ ਦਾ ਫਰਕ ਵਧਦਾ ਜਾਵੇਗਾ। ਜੇ ਪੰਜ ਜੁਲਾਈ ਹੀ ਮੰਨਣੀ ਸੀ ਤਾਂ ਨਾਨਕਸ਼ਾਹੀ ਕੈਲੰਡਰ ਸੋਧਣ ਦੀ ਕੀ ਲੋੜ ਪਈ ਸੀ ਕਿਉਂਕਿ ਉਸ ਅਨੁਸਾਰ ਤਾਂ ਹਮੇਸ਼ਾਂ 5 ਜੁਲਾਈ ਨੂੰ ਸਹੀ ਤਰੀਖ 21 ਹਾੜ ਆਉਣਾ ਹੀ ਆਉਣਾ ਸੀ। ਜੇ ਸ: ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਨਹੀਂ ਮੰਨਣਾ ਤਾਂ 19 ਜੂਨ ਨਿਸਚਤ ਕੀਤੀ ਜਾ ਸਕਦੀ ਹੈ ਜੋ ਕਿ ਇਤਿਹਾਸ ਮੁਤਾਬਕ ਸਹੀ ਹੈ। ਭਾਈ ਭੁਪਿੰਦਰ ਸਿੰਘ ਕਥਾਵਾਚਕ ਨੇ ਕਿਹਾ ਉਹ ਸਿਰਫ ਪ੍ਰਚਾਰਕ ਹਨ ਕੈਲੰਡਰ ਸੋਧਣ ਵਾਲੇ ਨਹੀਂ। ਉਨ੍ਹਾਂ ਦੀ ਇਸ ਗੱਲ ਨਾਲ ਸਹਿਮਤ ਹੁੰਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਕੀ ਤੁਸੀਂ ਪ੍ਰਚਾਰਕ ਹੋਣ ਦਾ ਫਰਜ ਪੂਰਾ ਕਰਦੇ ਹੋਏ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ਼ ਤੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਕਰ ਸਕਦੇ ਹੋ ਕਿ ਸੋਧੇ ਹੋਏ ਕੈਲੰਡਰ ਨਾਲ ਇਤਿਹਾਸ ਵਿੱਚ ਬਹੁਤ ਵਿਗਾੜ ਪੈ ਰਿਹਾ ਹੈ ਜਿਸ ਦਾ ਜਵਾਬ ਦੇਣ ਸਮੇਂ ਪ੍ਰਚਾਰਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਇਸ ਲਈ 2003 ਵਾਲਾ ਅਸਲੀ ਨਾਨਕਸ਼ਾਹੀ ਕੈਲੰਡਰ ਹੀ ਮੁੜ ਲਾਗੂ ਕੀਤਾ ਜਾਵੇ ਤੇ ਇਸ ਵਿੱਚ ਜੋ ਤਰੁਟੀਆਂ (ਉਸ ਸਮੇਂ ਅੱਜ ਦਾ ਵਿਗਾੜ ਪੈਦਾ ਕਰਨ ਵਾਲਿਆਂ ਦੇ ਦਬਾਅ ਕਾਰਨ ਹੀ) ਰਹਿ ਗਈਆਂ ਸਨ ਉਨ੍ਹਾਂ ਨੂੰ ਦੂਰ ਕਰਨ ਲਈ ਵਿਦਵਾਨਾਂ ਦੀ ਕੋਈ ਕਮੇਟੀ ਬਣਾਈ ਜਾਵੇ। ਭਾਈ ਭੁਪਿੰਦਰ ਸਿੰਘ ਨੇ ਕਿਹਾ ‘ਜੋ ਗੁਰੂ ਨੇ ਬੁਲਾਇਆ ਉਹ ਬੋਲਣ ਦਾ ਯਤਨ ਕਰਨਗੇ।’
ਹੁਣ ਵੇਖਣਾ ਇਹ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਈ ਭੁਪਿੰਦਰ ਸਿੰਘ ਜੀ ਗੁਰੂ ਦਾ ਬੁਲਾਇਆ ਬੋਲਣਗੇ ਜਾਂ ਦਿੱਲੀ ਕਮੇਟੀ ਦਾ ਬੁਲਾਇਆ ਬੋਲਣਗੇ।