ਤੱਤ-ਗੁਰਮਤਿ ਦੇ ਨਾਂ ‘ਤੇ ਅਧੁਨਿਕਤਾ ਜਾਂ ਮਨ-ਮਰਜ਼ੀ (Bwg dUjw)
ਫ਼ਤਹਿ ਬੁਲਾਉਣ ਬਾਰੇ
ਘੱਘਾ ਜੀ ਨੇ ਆਪਣੇ ਪੂਰੇ ਲੇਖ ਵਿੱਚ ਕਿਤੇ ਵੀ ਫ਼ਤਹਿ ਦਾ ਜ਼ਿਕਰ ਨਹੀਂ ਕੀਤਾ। ਇਸ ਦਾ ਕਾਰਣ ਘੱਘਾ ਜੀ ਹੀ ਜਾਨਣ, ਪ੍ਰੰਤੂ ਮੇਰੀ ਸਮਝ ਮੁਤਾਬਿਕ ਘੱਘਾ ਜੀ ਆਪਣੀ ਕਲਮ ਉਨ੍ਹਾਂ ਵਿਸ਼ਿਆਂ ਤੇ ਹੀ ਘਸਾਉਂਦੇ ਹਨ, ਜਿਨ੍ਹਾਂ ਤੋਂ ਇਹ ਲੱਗੇ ਕਿ ਉਹ ਬਹੁਤ ਵੱਡੇ ਸੁਲਝੇ ਹੋਏ ਲੇਖਕ ਹਨ। ਤੱਤ-ਗੁਰਮਤਿ ਪ੍ਰਵਾਰ ਦੇ ਬੁਲਾਰਿਆਂ ਅਤੇ ਪ੍ਰਚਾਰਕਾਂ ਨੇ ਪ੍ਰੋਗਰਾਮ ਵਿੱਚ ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ। ’ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ, ਜਿਸ ਬਾਰੇ ਅੱਜ ਤਕ ਕਿਸੇ ਸਿੱਖ ਨੇ ਕਦੇ ਵੀ ਕੋਈ ਕਿੰਤੂ-ਪ੍ਰੰਤੂ ਨਹੀਂ ਕੀਤਾ। ਇਨ੍ਹਾਂ ਨੂੰ ਅੱਜ ਫ਼ਤਹਿ ਬੁਲਾਉਣਾ ਵੀ ਕਰਮਕਾਂਡ ਨਜ਼ਰ ਆਉਣ ਲੱਗ ਪਿਆ ਹੈ। ਤੁਹਾਡੇ ਇੱਕ ਮੈਂਬਰ ਨਾਲ ਹੋਈ ਗੱਲਬਾਤ ਅਨੁਸਾਰ ‘ਸਤਿ ਸ੍ਰੀ ਅਕਾਲ’ ਬੋਲਣ ਨਾਲ ਸਾਰਾ ਸੰਸਾਰ ਇੱਕ ਹੁੰਦਾ ਦਿਸਦਾ ਹੈ। ਇਹ ਕਿਉਂ ਸਵੀਕਾਰ ਨਹੀਂ ਕਰਦੇ ਕਿ ਤੁਹਾਡੇ ਵਿੱਚ ਗੁਰੂ ਜੀ ਵਲੋਂ ਦਿੱਤੇ ਬੋਲੇ ਨੂੰ ਬੋਲਣ ਦੀ ਹਿੰਮਤ ਹੀ ਨਹੀਂ ਹੈ ਕਿਉਂਕਿ ਜਦੋਂ ਤੁਹਾਨੂੰ ਕਕਾਰਾਂ ਤੋਂ ਡਰ ਲਗਦਾ ਹੈ ਤਾਂ ਫ਼ਤਹਿ ਤੋਂ ਵੀ ਡਰ ਲਗਦਾ ਹੀ ਹੋਵੇਗਾ। ਢੁੱਚਰ ਇਹ ਡਾਹੀ ਗਈ ਹੈ ਕਿ ਸਤਿ ਸ੍ਰੀ ਅਕਾਲ ਸਾਰੇ ਬੋਲ ਲੈਂਦੇ ਹਨ, ਫ਼ਤਹਿ ਬੋਲਣ ਨਾਲ ਸੰਸਾਰ ਵਿੱਚ ਵਖਰੇਵਾਂ ਪੈ ਰਹੇ ਹਨ। ਵਾਹ ਜੀ! ਵਾਹ! ਤੁਹਾਡੀ ਸੋਚ ਤੋਂ ਬਲਿਹਾਰੇ ਜਾਈਏ। ਤੁਸੀਂ ਇਹ ਕਿਉਂ ਨਹੀਂ ਮੰਨ ਲੈਂਦੇ ਕਿ ਫ਼ਤਹਿ ਬੋਲਣ ਲੱਗਿਆਂ ਸੰਗ ਲਗਦੀ ਹੈ ਕਿਉਂਕਿ ਕਕਾਰ ਤਿਆਗ ਦਿੱਤੇ, ਅਰਦਾਸ ਤਿਆਗ ਦਿੱਤੀ, ਮੱਥਾ ਟੇਕਣਾ ਕਰਮਕਾਂਡ ਹੈ, ਹੁਕਮਨਾਮਾ ਲੈਣਾ ਕਰਮਕਾਂਡ ਹੈ, ਅਨੰਦ ਕਾਰਜ ਦੀ ਰਸਮ ਛੱਡ ਕੇ ਮੁਸਲਮਾਨੀ ਰਸਮ ਪ੍ਰਵਾਨ (ਕਬੂਲ) ਅਪਨਾ ਲਈ ਹੈ, ਪਾਹੁਲ ਵੀ ਕਰਮਕਾਂਡ ਸਮਝ ਕੇ ਤਿਆਗ ਦਿੱਤੀ ਹੈ। ਹੌਲੀ ਹੌਲੀ ਸਭ ਕੁੱਝ ਤਿਆਗ ਕੇ ਸਿੱਖੀ ਦਾ ਭੋਗ ਪਾ ਦੇਣਾ ਹੈ। ਆਪਣੀਆਂ ਕਮਜ਼ੋਰੀਆਂ ਨੂੰ ਕਰਮਕਾਂਡ ਦੱਸ ਕੇ ਤਿਆਗਣਾ ਕਿਥੋਂ ਦੀ ਤੱਤ-ਗਰਮਤਿ ਹੈ?
‘ਸਤਿ ਸ੍ਰੀ ਅਕਾਲ’ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ‘ਸਤਿ ਸ੍ਰੀ ਅਕਾਲ’ ਬੋਲ ਕੇ ਅਸੀਂ ਸਾਰੇ ਸੰਸਾਰ ਨੂੰ ਸਿੱਖ ਬਣਾ ਦੇਵਾਂਗਾ। ਭੋਲਿਓ! ਦਿੱਲੀ ਤੋਂ ਅੱਗੇ ਜਾ ਕੇ ਦੇਖੋ ‘ਸਤਿ ਸ੍ਰੀ ਅਕਾਲ’ ਜਾਂ ਫ਼ਤਹਿ ਬਾਰੇ ਕੋਈ ਜਾਣਦਾ ਵੀ ਹੈ। ਫ਼ਤਹਿ ਨਾ ਬੁਲਾਉਣ ਦਾ ਕਾਰਣ ਇਹ ਦੱਸਿਆ ਹੈ ਕਿ ਫ਼ਤਹਿ ਸਰਬਲੋਹ ਗ੍ਰੰਥ ਵਿੱਚ ਦਰਜ ਹੈ, ਪਰ ਇਹ ਦੱਸਣ ਸਤਿ ਸ੍ਰੀ ਅਕਾਲ ਕਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ? ਤੁਸੀਂ ਆਪਣੀ ਮਰਜ਼ੀ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਅੱਧਾ ਹਿੱਸਾ ਹੀ ਕਿਉਂ ਬੁਲਾਉਂਦੇ ਹੋ, ਕੀ ਪੂਰਾ ਬੋਲਣ ਲੱਗਿਆਂ ਸੰਗ ਆਉਂਦੀ ਹੈ? ਤੁਹਾਡੇ ਕੋਲ ਉਹ ਕਿਹੜਾ ਪ੍ਰਮਾਣ ਹੈ ਕਿ ਫ਼ਤਹਿ ਸਰਬਲੋਹ ਗ੍ਰੰਥ ਵਿਚੋਂ ਆਈ ਹੈ? ਇਹ ਵੀ ਹੋ ਸਕਦਾ ਹੈ ਕਿ ਸਰਬਲੋਹ ਗ੍ਰੰਥ ਲਿਖਣ ਵਾਲੇ ਨੇ ਪਹਿਲਾਂ ਤੋਂ ਪ੍ਰਚਲਤ ਫ਼ਤਹਿ ਨੂੰ ਉਸ ਵੇਲੇ ਇਸ ਗ੍ਰੰਥ ਵਿੱਚ ਦਰਜ ਕੀਤਾ ਹੋਵੇ।
ਬਾਕੀ ਘੱਘਾ ਜੀ ਨਾਲ ਜਦੋਂ ਫ਼ੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰੋਗਰਾਮਾਂ ਵਿੱਚ ਫ਼ਤਹਿ ਦੀ ਥਾਂ ‘ਸਤਿ ਸ੍ਰੀ ਅਕਾਲ’ ਬੁਲਾਉਣ ਵਿੱਚ ਸਹਿਮਤ ਨਹੀਂ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਦੱਸਿਆ ਕਿ ਮੈਂ ਤਾਂ ਪਹਿਲੀ ਇਕੋਂ ਮੀਟਿੰਗ ਵਿੱਚ ਗਿਆ ਸੀ ਤਾਂ ਉਥੇ ਵੀ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ। ’ ਦੀ ਥਾਂ ‘ਸਤਿ ਸ੍ਰੀ ਅਕਾਲ’ ਬੁਲਾਉਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਅੱਜ ਵੀ ਸਟੇਜਾਂ ਤੋਂ ਫ਼ਤਹਿ ਹੀ ਬੁਲਾਉਂਦਾ ਹਾਂ। ਘੱਘਾ ਜੀ ਦੀ ਗੱਲ ਵਿੱਚ ਸਚਾਈ ਹੈ ਕਿਉਂਕਿ ਉਨ੍ਹਾਂ ਨੇ ਵਿਆਹ ਵਾਲੇ ਦਿਨ ਪ੍ਰੋਗਰਾਮ ਵਿੱਚ ਆਪਣਾ ਲੈਕਚਰ ਕਰਨ ਤੋਂ ਪਹਿਲਾਂ ਸੰਗਤ ਨੂੰ ਫਤਹਿ ਬੁਲਾਈ ਸੀ, ਜਦੋਂ ਕਿ ਸਾਰੇ ਪ੍ਰੇਗਰਾਮ ਵਿੱਚ ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਨੇ ਆਪਣਾ ਲੈਕਚਰ ਕਰਨ ਸਮੇਂ ਫਤਹਿ ਦੀ ਥਾਂ ਸਤਿ ਸ੍ਰੀ ਅਕਾਲ ਬੁਲਾਈ ਸੀ।
ਕੁੱਝ ਸਵਾਲ:
1) ਤੱਤ-ਗੁਰਮਤਿ ਪ੍ਰਵਾਰ ਵਾਲੇ ਅਕਸਰ ਆਪਣੇ ਅਫ਼ਸਰਾਂ ਨੂੰ ਜੈ ਹਿੰਦ ਬੁਲਾਉਂਦੇ ਹਨ, ਪਰ ਤੱਤ-ਗੁਰਮਤਿ ਪ੍ਰਵਾਰ ਵਾਲੇ ਇਹ ਦੱਸਣ ਕਿ ਜੈ ਹਿੰਦ ਕਿਹੜੇ ਗ੍ਰੰਥ ਵਿੱਚ ਦਰਜ ਹੈ?
2) . ਜਦੋਂ ਕੋਈ ਵਿਅਕਤੀ ਮਿਲਣ ਸਮੇਂ ਜਾਂ ਫੋਨ ਉਤੇ ਜੈ ਹਿੰਦ, ਨਮਸਤੇ, ਨਮਸਕਾਰ, ਸਲਾਮ, ਗੁੱਡ ਮਾਰਨਿੰਗ, ਗੁੱਡ ਅਫਟਰ ਨੂਨ, ਗੁੱਡ ਇਵਨਿੰਗ, ਗੁੱਡ ਨਾਈਟ, ਬਾਏ-ਬਾਏ, ਹਾਏ-ਹਾਏ ਆਦਿ ਸ਼ਬਦਾਂ ਨਾਲ ਸੰਬੋਧਨ ਕਰਦੇ ਹਨ, ਕੀ ਤੱਤ-ਗੁਰਮਤਿ ਪ੍ਰਵਾਰ ਵਾਲੇ ਅਜਿਹੇ ਸਮੇਂ, ਉਸ ਵਿਅਕਤੀ ਨੂੰ ਟੋਕ ਕੇ ਕਹਿੰਦੇ ਹਨ ਕਿ ਸਾਨੂੰ ਸਿਰਫ ‘ਸਤਿ ਸ੍ਰੀ ਅਕਾਲ’ ਹੀ ਬੁਲਾਈ ਜਾਵੇ?
3) ਇਨ੍ਹਾਂ ਦੇ ਬੱਚੇ ਸਕੂਲਾਂ, ਕਾਲਜਾਂ ਜਾਂ ਹੋਰ ਥਾਵਾਂ ਤੇ ਗੁੱਡ ਮਾਰਨਿੰਗ, ਗੁੱਡ ਅਫਟਰ ਨੂਨ, ਗੁੱਡ ਇਵਨਿੰਗ, ਗੁੱਡ ਨਾਈਟ, ਬਾਏ-ਬਾਏ, ਹਾਏ-ਹਾਏ ਬੁਲਾਉਂਦੇ ਰਹਿੰਦੇ ਹਨ। ਫ਼ਤਹਿ ਬੁਲਾਉਣ ਵਿੱਚ ਤਾਂ ਨਫ਼ਰਤ ਲਗਦੀ ਹੈ ਪਰ ਈਸਾਈਅਤ ਬੋਲੀ ਦੇ ਸ਼ਬਦ ਇਨ੍ਹਾਂ ਨੂੰ ਚੰਗੇ ਲਗਦੇ ਹਨ। ਅਜਿਹਾ ਕਿਉਂ?
4) ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਦੇ ਜਿੰਨੇ ਵੀ ਨਾਮ ਦਰਜ ਹਨ, ਉਹ ਸਾਰੇ ਸਦੀਆਂ ਪਹਿਲਾਂ ਅਨਮਤ ਵਾਲਿਆਂ ਦੇ ਧਰਮ ਗ੍ਰੰਥਾਂ ਵਿੱਚ ਦਰਜ ਹਨ, ਜਿਵੇਂ ਰਾਮ, ਗੋਪਾਲ, ਕ੍ਰਿਸ਼ਨ, ਮੁਰਾਰੀ, ਕੋਸੋ, ਜਗਦੀਸ਼, ਬ੍ਰਹਮਾ, ਰਿਖੀਕੇਸ, ਬੀਠਲ, ਅਲਾਹ, ਮਉਲਾ, ਕਰੀਮ, ਰਹੀਮ, ਗੁਸਾਈਂ ਆਦਿ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹਣ ਸਮੇਂ, ਜਿਥੇ-ਜਿੱਥੇ ਇਹ ਨਾਮ ਆ ਜਾਣਗੇ, ਕੀ ਸਿੱਖ ਇਹ ਨਾਮ ਪੜ੍ਹਣੇ ਛੱਡ ਦੇਣਗੇ ਜਾਂ ਗੁਰਬਾਣੀ ਵਿਚੋਂ ਕੱਢ ਦੇਣਗੇ?
5) . ਦਸਮ ਗ੍ਰੰਥ ਵਿੱਚ ੴ ਸਤਿ ਗੁਰਪ੍ਰਸਾਦਿ।। ਅਨੇਕਾਂ ਬਾਰ ਲਿਖਿਆ ਹੋਇਆ ਮਿਲਦਾ ਹੈ। ਕੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ੴ ਸਤਿ ਗੁਰਪ੍ਰਸਾਦਿ।। ਨੂੰ ਸਿੱਖ ਪੜ੍ਹਣਾ ਛੱਡ ਦੇਣਗੇ ਜਾਂ ਗੁਰਬਾਣੀ ਵਿਚੋਂ ਕੱਢ ਦੇਣਗੇ?
6) ਦਸਮ ਗ੍ਰੰਥ ਵਿੱਚ ਭਗਉਤੀ ਦੀ ਵਾਰ ਵਿੱਚ 9 ਗੁਰੂ ਸਾਹਿਬਾਨ ਦੇ ਨਾਂ ਦਰਜ ਹਨ। ਕੀ ਸਿੱਖ, 9 ਗੁਰੂ ਸਾਹਿਬਾਨ ਦੇ ਨਾਂ ਪੜ੍ਹਣੇ ਛੱਡ ਦੇਣਗੇ ਜਾਂ ਗੁਰਬਾਣੀ ਅਤੇ ਕਿਤਾਬਾਂ ਵਿਚੋਂ ਕੱਢ ਦੇਣਗੇ?
7) ਅਸਲ ਵਿੱਚ ਫ਼ਤਹਿ ਖੰਡੇ-ਬਾਟੇ ਦੀ ਪਾਹੁਲ ਨਾਲ ਜੁੜੀ ਹੋਈ ਹੈ। ਇਨ੍ਹਾਂ ਦੀਆਂ ਔਰਤਾਂ ਅਤੇ ਬੱਚੇ ਖੰਡੇ ਬਾਟੇ ਦੀ ਪਾਹੁਲ ਛਕਣ ਲਈ ਤਿਆਰ ਨਹੀਂ ਹਨ। ਕੀ ਇਹ ਖੰਡੇ ਬਾਟੇ ਦੀ ਪਾਹੁਲ ਅਤੇ ਫ਼ਤਹਿ ਤੋਂ ਛੁਟਕਾਰਾ ਪਾਉਣ ਲਈ ਸਤਿ ਸ੍ਰੀ ਅਕਾਲ ਨੂੰ ਪ੍ਰਚਲਤ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਹੋ?
ਜਿਹੜੀ ਇਹ ਗੱਲ ਕਹਿੰਦੇ ਹਨ ਕਿ ਫ਼ਤਹਿ ਬੁਲਾਉਣ ਨਾਲ ਸੰਸਾਰ ਵਿੱਚ ਵਖਰੇਵੇਂ ਪੈਦਾ ਹੋ ਰਹੇ ਹਨ। ਇਸ ਬਾਰੇ ਇਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਗੁਰਮਤਿ ਸਾਰੇ ਸੰਸਾਰ ਵਿੱਚ ਆਪਣਾ ਨਿਆਰਾ ਸਿਧਾਂਤ ਪੇਸ਼ ਕਰਦੀ ਹੈ। ਗੁਰੂ ਨਾਨਕ ਸਾਹਿਬ ਨੇ ਸਦੀਆਂ ਪਹਿਲਾਂ ਪ੍ਰਚਲਤ ਫੋਕਟ ਰੀਤਾਂ-ਰਸਮਾਂ ਨੂੰ ਦਲੇਰੀ ਨਾਲ ਠੁਕਰਾ ਕੇ ਇੱਕ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਸ਼ੁਰੂਆਤ ਕੀਤੀ ਸੀ। ਗੁਰਬਾਣੀ ਥਾਂ ਥਾਂ ਤੇ ਧਰਮ ਦੇ ਨਾਂ ਤੇ ਪਖੰਡ ਕਰਨ ਵਾਲਿਆਂ ਦਾ ਦਲੇਰੀ ਨਾਲ ਪਾਜ ਨੰਗਾ ਕਰ ਰਹੀ ਹੈ। ਗੁਰਬਾਣੀ ਵਿੱਚ ਅਨੇਕਾਂ ਐਸੇ ਗੁਰਬਾਣੀ ਫ਼ੁਰਮਾਨ ਹਨ ਜੋ ਅਗਿਆਨੀ ਲੋਕਾਂ ਨੂੰ ਸਮਝਾਉਣ ਲਈ ਸਿੱਧੀ ਚੋਟ ਕਰ ਰਹੇ ਹਨ। ਵਖਰੇਵੇਂ ਦੀ ਗੱਲ ਨੂੰ ਲੈ ਕੇ ਤੱਤ-ਗਰਮਤਿ ਵਾਲੇ ਕੱਲ ਨੂੰ ਇਹ ਕਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹਣੀ ਛੱਡ ਦੇਣਗੇ ਕਿ ਗੁਰਬਾਣੀ ਪੜ੍ਹਣ ਅਤੇ ਸੁਣਾਉਣ ਨਾਲ ਸੰਸਾਰ ਵਿੱਚ ਵਖਰੇਵੇਂ ਪੈਦਾ ਹੋ ਰਹੇ ਹਨ। ਇਸ ਲਈ ਸੰਸਾਰ ਵਿੱਚ ਬਣਾਏ ਗੁਰਦੁਆਰਿਆਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਸਿੱਖਾਂ ਦੀ ਸ਼ਕਲ ਵੀ ਸੰਸਾਰ ਵਿੱਚ ਸਭ ਤੋਂ ਅਲੱਗ ਹੈ। ਕੀ ਤੱਤ-ਗੁਰਮਤਿ ਵਾਲੇ ਕਲ ਨੂੰ ਆਪਣੀਆਂ ਨਿਆਰੀਆਂ ਸ਼ਕਲਾਂ ਵੀ ਬਦਲ ਲੈਣਗੇ?
ਗੁਰੂ ਗ੍ਰ੍ਰ੍ਰੰਥ ਸਾਹਿਬ ਜੀ ਵਿੱਚ ਆਏ ਵਾਹਿਗੁਰੂ ਸ਼ਬਦ ਦੀ ਵਿਚਾਰ ਕਰ ਲਈ ਜਾਵੇ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।। (ਪੰਨਾ-1402)
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।। (ਪੰਨਾ-1402)
ਕੀਆ ਖੇਲੁ ਬਡ ਮੇਲੁ ਤਮਾਸਾ ਵਹਿਗੁਰੂ ਤੇਰੀ ਸਭ ਰਚਨਾ।। (ਪੰਨਾ-1403)
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭ ਸਦਕਾ।। (ਪੰਨਾ-1404)
ਉਪਰੋਕਤ ਸ਼ਬਦਾਂ ਦੇ ਅਰਥ ਕੋਈ ਵੀ ਪ੍ਰਚਾਰਕ ਭਾਵੇਂ ਵਾਹ ਗੁਰੂ, ਵਾਹਿਗੁਰ ਜਾਂ ਪ੍ਰਮਾਤਮਾ ਕਰੇ ਤਦ ਵੀ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਦੇ ਅਰਥ ਇਹ ਹੀ ਬਣਨਗੇ ਕਿ ਖ਼ਾਲਸਾ ਵਾਹਿਗੁਰੂ (ਪ੍ਰਮਾਤਮਾ) , ਪ੍ਰਭੂ ਜਾਂ ਵਾਹ ਗੁਰੂ ਦਾ ਹੈ ਅਤੇ ਫ਼ਤਹਿ ਵੀ ਉਸੇ ਦੀ ਹੈ। ਇਹੋ ਅਰਥ ਪ੍ਰਿੰਸੀਪਲ ਸਾਹਿਬ ਸਿੰਘ, ਸ. ਮਨਮੋਹਨ ਸਿੰਘ, ਗਿਆਨੀ ਹਰਬੰਸ ਸਿੰਘ, ਪਟਿਆਲਾ ਨੇ ਕੀਤੇ ਹਨ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਤੱਤ-ਗੁਰਮਤਿ ਪ੍ਰਵਾਰ ਵਾਲਿਆਂ ਨੂੰ ਖਾਲਸਾ ਪੰਥ, ਗੁਰੂ ਨਾਨਕ ਸਾਹਿਬ ਦਾ ਚਲਾਇਆ ਧਰਮ ਜਾਂ ਸਿੱਖ-ਕੌਮ ਨੂੰ ਗੁਰੂ, ਵਾਹਿਗੁਰੂ, ਪ੍ਰਭੂ, ਪ੍ਰਮਾਤਮਾ ਜਾਂ ਅਕਾਲਪੁਰਖ ਦਾ ਹੈ ਅਤੇ ਫ਼ਤਹਿ ਵੀ ਉਸ ਦੀ ਹੀ ਕਹਿਣ ਜਾਂ ਸੁਣਨ ਵਿੱਚ ਕਿਉਂ ਡਰ ਲਗਦਾ ਹੈ? ਜੇਕਰ ਉਪਰੋਕਤ ਗੁਰਬਾਣੀ ਸ਼ਬਦਾਂ ਦੇ ਅਰਥ ਕੁੱਝ ਹੋਰ ਬਣਦੇ ਹੋਣ ਤਾਂ ਸਮਝਾਉਣ ਦੀ ਕ੍ਰਿਪਾਲਤਾ ਕਰਨੀ ਜਾਂ ਤੱਤ-ਗੁਰਮਤਿ ਪ੍ਰਵਾਰ ਗੁਰਬਾਣੀ ਦੇ ਉਪਰੋਕਤ ਸ਼ਬਦਾਂ ਨੂੰ ਗੁਰਬਾਣੀ ਮੰਨਣ ਲਈ ਹੀ ਤਿਆਰ ਨਹੀਂ?
ਸਿੱਖਾਂ ਦਾ ਨਿਆਰਾਪਨ ਸੰਸਾਰ ਦੇ ਲੋਕਾਂ ਨੂੰ ਤਾਂ ਚੁਭਦਾ ਹੀ ਸੀ, ਹੁਣ ਤੱਤ-ਗੁਰਮਤਿ ਪ੍ਰਵਾਰ ਵਾਲਿਆਂ ਨੂੰ ਵੀ ਚੁਭਣ ਲੱਗ ਪਿਆ ਹੈ। ਪਰ ਗੁਰੂ ਦੇ ਸਿੱਖ ਕਿਸੇ ਪਿੱਛੇ ਲੱਗ ਕੇ ਫ਼ਤਹਿ ਬਲਾਉਣੀ ਨਹੀਂ ਛੱਡਣਗੇ ਕਿਉਂਕਿ ਗੁਰੂ ਦੇ ਸਿੱਖ ਪਹਿਲਾਂ ਵੀ ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ’ ਬੁਲਾਉਦੇ ਸਨ, ਹੁਣ ਵੀ ਬੁਲਾਉਣਗੇ ਅਤੇ ਭਵਿੱਖ ਵਿੱਚ ਵੀ ਬੁਲਾਉਂਦੇ ਰਹਿਣਗੇ।
ਅਨੰਦ ਕਾਰਜ ਬਾਰੇ
ਤੱਤ-ਗੁਰਮਤਿ ਪ੍ਰਵਾਰ ਵਲੋਂ ਕਰਵਾਏ ਗਏ ਅਨੰਦ ਕਾਰਜ ਵਾਲੇ ਦਿਨ ਜਦੋਂ ਘੱਘਾ ਜੀ ਨੂੰ ਪੁੱਛਿਆ ਗਿਆ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੁਆਲੇ ਚਾਰ ਪ੍ਰਕਰਮਾਂ ਕਰਨ ਨਾਲ ਸਿੱਖ, ਹਿੰਦੂ ਬਣ ਜਾਂਦੇ ਹਨ ਤਾਂ ਕੀ ਇਸ ਸਮਾਗਮ ਅੰਦਰ ਕਬੂਲ ਹੈ, ਕਬੂਲ ਹੈ ਦੀ ਥਾਂ ਤੇ ਪ੍ਰਵਾਨ ਸ਼ਬਦ ਵਰਤੋਂ ਕਰਕੇ, ਕੀ ਸਿੱਖ ਨਿਕਾਹ ਵਾਲੀਆਂ ਰਸਮਾਂ ਦੀ ਨਕਲ ਕਰਕੇ, ਮੁਸਲਮਾਨ ਤਾਂ ਨਹੀਂ ਬਣ ਗਏ? ਤਦੋਂ ਤੁਸੀਂ ਇਸ ਨੂੰ ਨਿਕਾਹ ਵਾਲੀ ਰਸਮ ਮੰਨਦੇ ਹੋਏ, ਇਥੋਂ ਤਕ ਮੰਨਿਆ ਸੀ ਕਿ ਇਹ ਗ਼ਲਤ ਹੋਇਆ ਹੈ। ਪਰ ਘੱਘਾ ਜੀ ਨੇ ਆਪਣੇ ਲੇਖ ਵਿੱਚ ਲਿਖਿਆ ਹੈ: “ਪੁਰਾਤਨ ਮਰਿਆਦਾ ਦੀ ਰਟ ਲਾਉਣ ਵਾਲੇ ਜ਼ਰਾ ਧਿਆਨ ਦੇਣ ਕਿ ਅਸੀਂ ਪੰਜ ਸੌ ਸਾਲ ਪਿੱਛੇ ਨਹੀਂ ਜਾ ਸਕਦੇ। ਅੱਜ ਅਸੀਂ ਇੱਕੀਵੀਂ ਸਦੀ ਵਿੱਚ ਪਹੁੰਚ ਚੁੱਕੇ ਹਾਂ। ਗੁਰੂ ਗ੍ਰੰਥ ਸਾਹਿਬ ਦੁਆਲੇ ਚੱਕਰ ਕੱਟ ਕੇ ਕੀ ਵਿਆਹ ਜ਼ਿਆਦਾ ਪੱਕਾ ਹੋ ਜਾਂਦਾ ਹੈ? ”ਹੁਣ ਘੱਘਾ ਜੀ ਕੱਲ ਨੂੰ ਇਹ ਨਾ ਲਿਖਣ ਲੱਗ ਪੈਣ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ 500 ਸਾਲ ਤੋਂ ਜ਼ਿਆਦਾ ਪੁਰਾਣੀ ਹੋ ਗਈ ਹੈ। ਅੱਜ ਅਸੀਂ ਇੱਕੀਵੀਂ ਸਦੀ ਵਿੱਚ ਪਹੁੰਚਣ ਕਰਕੇ ਨਵੀਂ ਗੁਰਬਾਣੀ ਲਿਖਾਂਗੇ। ਅਨੰਦ ਕਾਰਜ ਬਾਰੇ ਦੱਸਣ ਜਦੋਂ ਉਨ੍ਹਾਂ ਨੂੰ ਤੱਤ-ਗੁਰਮਤਿ ਪ੍ਰਵਾਰ ਵਲੋਂ ਕਰਾਵਾਏ ਗਏ ਅਨੰਦ ਕਾਰਜ ਬਾਰੇ ਪੁੱਛਿਆ ਸੀ ਤਾਂ ਉਨ੍ਹਾਂ ਨੇ ਉਸ ਤਰੀਕੇ ਨੂੰ ਨਿਕਾਹ ਵਾਲੀ ਰਸਮ ਮੰਨਿਆ ਸੀ ਪਰ ਆਪਣੇ ਲੇਖ ਵਿੱਚ ਤੱਤ-ਗੁਰਮਤਿ ਪ੍ਰਵਾਰ ਵਲੋਂ ਕਰਵਾਏ ਤਰੀਕੇ ਨੂੰ ਸਹੀ ਮੰਨਿਆ ਹੈ। ਹੁਣ ਘੱਘਾ ਜੀ ਦੀ ਕਿਹੜੀ ਗੱਲ ਠੀਕ ਮੰਨੀ ਜਾਵੇ?
ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਨਵੀ ਬਣਾਈ ਮਰਿਆਦਾ ਨਾਲ ਜਿਹੜਾ ਅਨੰਦ ਕਾਰਜ ਕੀਤਾ ਜਾਂ ਭਵਿੱਖ ਵਿੱਚ ਕਰਨਗੇ, ਕੀ ਉਹ ਜ਼ਿਆਦਾ ਪੱਕੇ ਹੋਣਗੇ? ਜਿਹੜੇ ਸਿੱਖ ਪੁਰਾਣੀ ਮਰਿਆਦਾ ਅਨੁਸਾਰ ਅਨੰਦ ਕਾਰਜ ਕਰਵਾਦੇਂ ਆ ਰਹੇ ਸਨ, ਕੀ ਉਹ ਸਾਰੇ ਕੱਚੇ ਸਾਬਤ ਹੋਏ ਹਨ? ਜਾਂ ਭਵਿੱਖ ਵਿੱਚ ਕਰਾਉਣਗੇ, ਕੀ ਉਹ ਸਾਰੇ ਕੱਚੇ ਸਾਬਤ ਹੋਣਗੇ? ਕੀ ਘੱਘਾ ਜੀ ਨੂੰ ਆਪਣਾ ਅਨੰਦ ਕਾਰਜ ਵੀ ਕੱਚਾ ਹੀ ਸਮਝਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਅਨੰਦ ਕਾਰਜ ਵੀ ਪੁਰਾਣੀ ਮਰਿਆਦਾ ਅਨੁਸਾਰ ਹੋਇਆ ਸੀ।
ਦਾਜ ਲੈਣਾ ਜਾਂ ਦੇਣਾ ਕਾਨੂੰਨੀ ਜ਼ੁਰਮ ਹੈ। ਆਪ ਜੀ ਦੇ ਕਹਿਣ ਅਨੁਸਾਰ ਲੜਕੀ ਨੂੰ ਦਾਜ ਦੇਣ ਨਾਲੋਂ ਚੰਗਾ ਹੈ ਕਿ ਲੜਕੀ ਦੇ ਖਾਤੇ ਵਿੱਚ 10 ਲੱਖ ਰੁਿਪਆ ਜਮ੍ਹਾ ਕਰਾ ਦੇਣਾ ਚਾਹੀਦਾ ਹੈ, ਜਿਹੜਾ ਕੰਮ ਵੀ ਆਵੇ। ਕੀ ਇਹ ਗੁਪਤ ਦਾਜ ਨਹੀਂ? ਦਾਜ ਉੱਤੇ ਘਟ ਖ਼ਰਚਾ ਹੁੰਦਾ ਹੈ ਅਤੇ ਦਿੱਤਾ ਗਿਆ ਦਾਜ ਸਾਰਾ ਸਮਾਜ ਦੇਖਦਾ ਹੈ ਪਰ ਬੈਂਕ ਵਿੱਚ ਗੁਪਤ ਤਰੀਕੇ ਨਾਲ ਦਿੱਤਾ ਗਿਆ ਦਾਜ ਕੋਈ ਨਹੀਂ ਦੇਖਦਾ। ਜਿਸ ਕੋਲ 10 ਲੱਖ ਰੁਪਿਆ ਨਾ ਹੋਵੇ ਜਾਂ ਜਿਸ ਕੋਲ ਲੜਕੀਆਂ ਹੀ ਹਨ, ਉਹ ਕੀ ਕਰੇ? ਕੀ ਉਹ ਕਰਜਾ ਲੈ ਕੇ 10 ਲੱਖ ਰੁਪਿਆ ਲੜਕੀ ਦੇ ਖਾਤੇ ਵਿੱਚ ਜਮਾ ਕਰਾਵੇ? ਕੀ ਅਜਿਹੇ ਪ੍ਰਚਾਰ ਨਾਲ ਸਮਾਜ ਦੇ ਗ਼ਰੀਬ ਲੋਕਾਂ ਲਈ ਮੁਸੀਬਤ ਪੈਦਾ ਨਹੀਂ ਕੀਤੀ ਜਾ ਰਹੀ?
ਇਸ ਪ੍ਰੋਗਰਾਮ ਵਿੱਚ ਅਬੋਹਰ ਤੋਂ ਆਏ ਇੱਕ ਬਰਾਤੀ ਸੱਜਣ ਵੀਰ ਪਰਮਜੀਤ ਸਿੰਘ ਜੋ ਆਪ ਨੂੰ ਤੱਤ-ਗਰਮਤਿ ਪ੍ਰਵਾਰ ਵਾਲੇ ਮੰਨਦੇ ਸਨ, ਆਪਣੇ ਵਿਚਾਰ ਪੇਸ਼ ਕਰਨ ਸਮੇਂ ਕਿਹਾ ਸੀ ਕਿ ਮੈਂ ਆਪਣੀ ਲੜਕੀ ਦੀ ਸ਼ਾਦੀ ਇਸ ਤਰ੍ਹਾਂ ਨਹੀਂ ਕਰਾਂਗਾ ਪਰ ਆਪਣੇ ਲੜਕੇ ਦਾ ਅਨੰਦ ਕਾਰਜ ਇਸ ਤਰ੍ਹਾਂ ਹੀ ਕਰਾਂਗਾ। ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਕਿਉਂ ਹੈ? ਆਪਣੀ ਲੜਕੀ ਦੇ ਅਨੰਦ ਕਾਰਜ ਵਿੱਚ ਤੱਤ-ਗੁਰਮਤਿ ਮਰਿਆਦਾ ਕਿਉਂ ਲਾਗੂ ਨਹੀਂ ਹੋ ਸਕਦੀ ਪਰ ਸ. ਦਵਿੰਦਰ ਸਿੰਘ, ਆਰਟਿਸਟ ਦੀ ਲੜਕੀ ਦੇ ਅਨੰਦ ਕਾਰਜ ਵਿੱਚ ਉਸ ਦੀ ਪ੍ਰਵਾਨਗੀ ਲਏ ਬਿਨਾਂ ਤੱਤ-ਗੁਰਮਤਿ ਮਰਿਆਦਾ ਲਾਗੂ ਹੋ ਸਕਦੀ ਹੈ, ਅਜਿਹਾ ਕਿਉਂ?
ਅਨੰਦ ਕਾਰਜ ਹੋਣ ਉਪਰੰਤ ਅੱਜ ਵੀ ਲੋਕ ਤਲਾਕ ਲੈ ਰਹੇ ਹਨ। ਪਰ ਇਸਤ੍ਰੀ ਅਤੇ ਪਰ ਪੁਰਸ਼ ਦਾ ਸੰਗ ਕਰ ਰਹੇ ਹਨ। ਦਾਜ ਨ ਲਿਆਉਣ ਵਾਲੀਆਂ ਲੜਕੀਆਂ ਨੂੰ ਮਾਰਿਆ ਅਤੇ ਤੰਗ ਕੀਤਾ ਜਾ ਰਿਹਾ ਹੈ। ਦੋ-ਦੋ ਅਨੰਦ ਕਾਰਜ ਕਰਵਾਏ ਹੋਏ ਹਨ, ਇੱਕ ਦੇਸ ਵਿੱਚ ਦੂਜਾ ਵਿਦੇਸ ਵਿਚ। ਤੱਤ-ਗੁਰਮਤਿ ਪ੍ਰਵਾਰ ਨਵੀਂ ਮਰਿਆਦਾ ਅਨੁਸਾਰ ਜਿਹੜਾ ਅਨੰਦ ਕਾਰਜ ਕਰਨਗੇ, ਕੀ ਉਸ ਤਰੀਕੇ ਨਾਲ ਉਕਤ ਸਾਰੀਆਂ ਗ਼ਲਤ ਕਾਰਵਾਈਆਂ ਨੂੰ ਸਮਾਜ ਵਿਚੋਂ ਖ਼ਤਮ ਕਰਨ ਦੀ ਗਰੰਟੀ ਦਿੰਦੇ ਹਨ? ਯਾਦ ਰੱਖੋ, ਕਿਸੇ ਸਿਸਟਮ ਜਾਂ ਮਰਿਆਦਾ ਨੂੰ ਬਦਲਣ ਨਾਲ ਮਨੁੱਖ ਅੰਦਰਲੇ ਦਾਜ ਪ੍ਰਤੀ ਲਾਲਚ, ਵਿਕਾਰ ਅਤੇ ਜ਼ੁਲਮ ਨਹੀਂ ਬਦਲ ਜਾਂਦੇ। ਅਸਲ ਲੋੜ ਹੈ ਗੁਰਬਾਣੀ ਸਿੱਖਿਆ ਅਨੁਸਾਰ ਲੋਕਾਂ ਦੀ ਮਾਨਸਿਕ ਵਿਚਾਰਧਾਰਾ ਨੂੰ ਬਣਲਣ ਦੀ।
ਜਸਵੀਰ ਕੌਰ (ਚੰਡੀਗੜ੍ਹ)
ਤੱਤ-ਗੁਰਮਤਿ ਦੇ ਨਾਂ ‘ਤੇ ਅਧੁਨਿਕਤਾ ਜਾਂ ਮਨ-ਮਰਜ਼ੀ (ਭਾਗ ਦੂਜਾ )
Page Visitors: 2932