ਅਰਦਾਸ (ਭਾਗ 1)
ਫਾਰਸੀ ਦਾ ਅੱਖਰ ਹੈ, ‘ਦਰਖਾਸਤ’, ਇਕ ਅੱਖਰ ਹੈ ‘ਅਰਜ਼-ਦਾਸ਼ਤ’। ਦਰਖਾਸਤ ਨੂੰ ਅੰਗਰੇਜ਼ੀ ‘ਚ ‘ਐਪਲੀਕੇਸ਼ਨ’ ਅਤੇ ਅਰਜ਼-ਦਾਸ਼ਤ ਨੂੰ ਅੰਗਰੇਜ਼ੀ ‘ਚ ‘ਰਿਮਾਈਂਡਰ’ ਕਿਹਾ ਜਾਂਦਾ ਹੈ। ਦਰਖਾਸਤ ਨੂੰ ਪੰਜਾਬੀ ‘ਚ ‘ਅਰਜ਼ੀ’ ਕਿਹਾ ਜਾਂਦਾ ਹੈ, ਅਰਜ਼-ਦਾਸ਼ਤ ਦਾ ਪੰਜਾਬੀ ਰੂਪ ਹੈ, ‘ਅਰਦਾਸ’। ਮਹਾਨਕੋਸ਼ ਅਨੁਸਾਰ ਅਰਦਾਸ ਦਾ ਮਤਲਬ ਹੈ ‘ਮੁਰਾਦ ਮੰਗਣ ਦੀ ਕਿਰਿਆ’, ਇਹ ਅਰਦਾਸ ਸਿਰਫ ਕਰਤਾਰ ਅੱਗੇ ਹੀ ਕਰਨ ਦਾ ਵਿਧਾਨ ਹੈ।
ਵੈਸੇ ਅੱਜ-ਕਲ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜ ਕੇ ਖੜੇ ਹੋਣ ਦਾ ਵਿਧਾਨ ਹੈ।
ਗੁਰਬਾਣੀ ਅਨੁਸਾਰ ਅਰਦਾਸ ?
1. ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥ (91)
ਅਰਥ;- ਤੁਸੀਂ ਜਿਹੜਾ ਵੀ ਕੰਮ ਕਰਨਾ ਚਾਹੁੰਦੇ ਹੋ, ਉਸ ਨੂੰ ਕਰਨ ਲੱਗਿਆਂ ਹਰੀ ਨੂੰ, ਪਰਮਾਤਮਾ ਨੂੰ ਆਖਣਾ ਚਾਹੀਦਾ ਹੈ, ਬੇਨਤੀ ਕਰਨੀ ਚਾਹੀਦੀ ਹੈ। ਪਰਮਾਤਮਾ ਦੇ ਨਿਯਮਾਂ ਅਨੁਸਾਰ ਕੰਮ ਕੀਤਿਆਂ, ਕੰਮ ਸਿਰੇ ਚੜ੍ਹਨਾ ਜ਼ਰੂਰੀ ਹੈ, ਅਤੇ ਪਰਮਾਤਮਾ ਦੇ ਨਿਯਮਾਂ ਬਾਰੇ ਸਿਖਿਆ, ਸ਼ਬਦ ਗੁਰੂ ਤੋਂ ਮਿਲਦੀ ਹੈ।
2. ਕੀਨੀ ਦਇਆ ਗੋਪਾਲ ਗੁਸਾਈ ॥ ਗੁਰ ਕੇ ਚਰਣ ਵਸੇ ਮਨ ਮਾਹੀ ॥
ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥
ਅਰਥ:- ਬੰਦੇ ਤੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੇ ਮਿਹਰ ਕੀਤੀ ਅਤੇ ਉਹ ਸ਼ਬਦ ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਇਵੇਂ ਕਰਤਾਰ ਨੇ ਉਸ ਨੂੰ ਆਪਣਾ ਬਣਾ ਕੇ ਉਸ ਦੇ ਅੰਦਰੋਂ ਸਾਰੇ ਦੁਖ ਖਤਮ ਕਰ ਦਿੱਤੇ।
3. ਜਉ ਮਾਗਹਿ ਤਉ ਮਾਗਹਿ ਬੀਆ ॥ ਜਾ ਤੇ ਕੁਸਲ ਨ ਕਾਹੂ ਥੀਆ ॥
ਮਾਗਨਿ ਮਾਗ ਤ ਏਕਹਿ ਮਾਗ ॥ ਨਾਨਕ ਜਾ ਤੇ ਪਰਹਿ ਪਰਾਗ ॥੪੧॥ (258)
ਅਰਥ:- ਹੇ ਮੂਰਖ, ਤੂੰ ਜਦੋਂ ਵੀ ਮੰਗਦਾ ਹੈਂ, ਨਾਮ ਤੋਂ ਬਿਨਾ ਹੋਰ-ਹੋਰ ਚੀਜ਼ਾਂ ਹੀ ਮੰਗਦਾ ਹੈਂ, ਜਿਨ੍ਹਾਂ ਨਾਲ ਕਦੇ ਕਿਸੇ ਨੂੰ ਸਦੀਵੀ ਸੁਖ ਨਹੀਂ ਮਿਲਿਆ। ਹੇ ਨਾਨਕ ਆਖ, ਹੇ ਮੂਰਖ ਮਨ ਤੂੰ ਜੇ ਮੰਗਣਾ ਹੀ ਹੈ ਤਾਂ ਪ੍ਰਭੂ ਦਾ ਨਾਮ ਮੰਗ, ਜਿਸ ਨਾਲ ਤੇਰੀਆਂ ਮਾਇਆ ਸਬੰਧੀ ਸਾਰੀਆਂ ਲੋੜਾਂ ਪੂਰੀਆਂ ਹੋ ਜਾਣ।
4. ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥
ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ …..
ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥
ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥ (519)
ਅਰਥ:- ਹੇ ਭਾਈ, ਆਪਣੀ ਸਾਰੀ ਸਿਆਣਪ, ਚਤਰਾਈ ਛੱਡ ਕੇ ਮਨ-ਤਨ ਗੁਰੂ ਦੇ ਹਵਾਲੇ ਕਰ ਕੇ ਆਪਣੇ ਮਨ ਦੀ ਗੱਲ, ਦੁਵਿਧਾ ਗੁਰੂ (ਸ਼ਬਦ) ਨੂੰ ਦੱਸ ਕੇ ਉਸ ਅੱਗੇ ਅਰਦਾਸ ਬੇਨਤੀ ਕਰ, ਉਸਦੀ ਸਿਖਿਆ ਨੂੰ ਸਮਝ।
ਹਮੇਸ਼ਾ ਗੁਰੂ (ਸ਼ਬਦ) ਦੀ ਸਿਖਿਆ ਅਨੁਸਾਰ, ਹਰੀ ਨੂੰ, ਰੱਬ ਨੂੰ ਯਾਦ ਰੱਖਣ ਨਾਲ ਮਨ ਨੂੰ ਧੀਰਜ ਮਿਲਦਾ ਹੈ, ਪਰ ਗੁਰੂ (ਸ਼ਬਦ) ਦੇ ਦੱਸੇ ਰਾਹ ਤੇ ਉਹੀ ਚਲਦਾ ਹੈ, ਜਿਸ ਉੱਤੇ ਧੁਰੋਂ ਹੀ ਪਰਮਾਤਮਾ ਦੀ ਬਖਸ਼ਿਸ਼ ਹੋਵੇ।
5. ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥
ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥ (535)
ਅਰਥ:- ਹੇ ਕਿਰਪਾ ਦੇ ਭੰਡਾਰ ਪ੍ਰਭੂ, ਮੈਂ ਤੇਰੇ ਕੋਲੋਂ ਇਕ ਦਾਨ ਮੰਗਦਾ ਹਾਂ ਕਿ ਮੇਰਾ ਵਾਹ ਕਦੇ ਸਾਕਤ, ਸ਼ਕਤੀ ਦੇ ਪੁਜਾਰੀ, ਮਾਇਆ ਦੇ ਪੁਜਾਰੀ ਨਾਲ ਨਾ ਪਵੇ। ਹੇ ਦਾਸ ਨਾਨਕ ਆਖ, ਹੇ ਪ੍ਰਭੂ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰੀ ਸੁਰਤ ਹਮੇਸ਼ਾ ਸਤਸੰਗੀਆਂ ਦੀ ਸੰਗਤ ਵਿਚ ਜੁੜੀ ਰਹੇ।
6. ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ ॥
ਅਰਦਾਸਿ ਕਰੀੁ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥ (571)
ਅਰਥ:- ਹੇ ਭਾਈ, ਸੰਸਾਰ ਨੂੰ ਵਿਕਾਰਾਂ ਦੀ ਅੱਗ ‘ਚ ਸੜਦਾ ਵੇਖ ਕੇ ਜੇਹੜੇ ਬੰਦੇ ਛੇਤੀ ਤੋਂ ਛੇਤੀ ਪਰਮਾਤਮਾ ਦਾ ਆਸਰਾ ਲੈ ਲੈਂਦੇ ਹਨ, ਉਹ ਵਿਕਾਰਾਂ ਤੋਂ ਬੱਚ ਜਾਂਦੇ ਹਨ। ਮੈਂ ਵੀ ਪੂਰੇ ਗੁਰੂ (ਸ਼ਬਦ) ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਆਪਣੀ ਵਡਿਆਈ, ਆਪਣੀ ਸਿਖਿਆ ਬਖਸ਼ ਕੇ ਵਿਕਾਰਾਂ ਦੀ ਅੱਗ ਤੋਂ ਬਚਾ ਲੈ।
7. ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥੩॥ (621)
ਹਰੇਕ ਦੇ ਦਿਲ ਦੀ ਜਾਨਣ ਵਾਲਾ ਕਰਤਾਰ ਸਭ ਜਾਣਦਾ ਹੈ, ਬੋਲਣ ਤੋਂ ਬਿਨਾ ਹੀ ਉਹ ਸਭ ਕੁਝ ਸਮਝ ਲੈਂਦਾ ਹੈ।
8. ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥ (661)
ਬਹੁਤੇ ਸ਼ਿਕਵੇ ਕਰੀ ਜਾਣੇ ਬੇਕਾਰ ਦਾ ਬੋਲ-ਬੁਲਾਰਾ ਹੈ, ਕਿਉਂ ਜੋ ਉਹ ਪਰਮਾਤਮਾ ਸਾਡੇ ਸ਼ਿਕਵੇ ਕਰਨ ਤੋਂ ਬਿਨਾ ਹੀ ਸਾਰਾ ਕੁਝ ਜਾਣਦਾ ਹੈ।
9. ਸੁਣਿ ਮਨ ਅੰਧੇ ਕੁਤੇ ਕੂੜਿਆਰ ॥
ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥ (662)
ਹੇ ਅੰਨ੍ਹੇ, ਲਾਲਚੀ ਤੇ ਝੂਠੇ ਮਨ, ਧਿਆਨ ਨਾਲ ਸੁਣ। ਸੱਚਾ ਬੰਦਾ, ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ।
10. ਮਾਂਗਉ ਰਾਮ ਤੇ ਇਕੁ ਦਾਨੁ ॥
ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥ (682)
ਹੇ ਭਾਈ, ਮੈਂ ਰੱਬ ਕੋਲੋਂ ਇਕ ਦਾਨ ਮੰਗਦਾ ਹਾਂ! ਹੇ ਪ੍ਰਭੂ ਮੈਂ ਤੇਰਾ ਨਾਮ ਹਮੇਸ਼ਾ ਸਿਮਰਦਾ ਰਹਾਂ, ਤੇਰੇ ਸਿਮਰਨ ਦੀ ਬਰਕਤ ਨਾਲ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।
ਮਾਗਉ ਦਾਨੁ ਠਾਕੁਰ ਨਾਮ ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥ (713)
ਹੇ ਮੇਰੇ ਮਾਲਕ ਰਾਮ, ਮੈਂ ਤੇਰੇ ਕੋਲੋਂ, ਤੇਰੇ ਨਾਮ ਦਾ ਦਾਨ ਮੰਗਦਾ ਹਾਂ। ਹੋਰ ਕੋਈ ਵੀ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ। ਜੇ ਤੇਰੀ ਕਿਰਪਾ ਹੋ ਜਾਵੇ ਤਾਂ ਮੈਨੂੰ ਤੇਰੀ ਸਿਫਤ ਸਾਲਾਹ ਮਿਲ ਜਾਵੇ।
11. ਦੁਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾ ਆਣਹਿ ਰਾਸਿ ॥
ਕਰਿ ਕਿਰਪਾ ਅਪਨੀ ਭਗਤੀ ਲਾਇ ॥ ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥ (737)
ਹੇ ਜਨ,ਦਾਸ ਨਾਨਕ ਆਖ, ਹੇ ਪ੍ਰਭੂ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਤੇਰੇ ਅੱਗੇ ਅਰਦਾਸ ਕਰਦਾ ਹਾਂ। ਪਰ ਜਦ ਤੈਨੂੰ ਚੰਗਾ ਲੱਗੇ ਤਦੋਂ ਹੀ ਤੂੰ ਉਸ ਅੲਦਾਸ ਨੂੰ ਪਰਵਾਨ ਕਰਦਾ ਹੈਂ। ਹੇ ਭਾਈ, ਪਰਮਾਤਮਾ ਕਿਰਪਾ ਕਰ ਕੇ ਜਿਸ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਉਹ ਬੰਦਾ ਉਸ ਪ੍ਰਭੂ ਨੂੰ ਹਮੇਸ਼ਾ ਸਿਮਰਦਾ ਰਹਿੰਦਾ ਹੈ।
12. ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥ (749)
ਮੈਂ ਉਸ ਸੁਹਾਵਨੇ ਵੇਲੇ ਤੋਂ ਸਦਕੇ ਜਾਂਦਾ ਹਾਂ, ਜਿਸ ਵੇਲੇ ਮੈਂ ਤੇਰੇ ਦੁਆਰੇ ਤੇ ਆਇਆ, ਤੇਰੇ ਦਰਸ਼ਨ ਕੀਤੇ। ਹੇ ਭਾਈ ਜਦੋਂ ਦਾਸ ਨਾਨਕ ਤੇ ਪ੍ਰਭੂ ਜੀ, ਸਤਿਗੁਰੁ ਕਿਰਪਾਲ ਹੋਏ ਤਾਂ ਮੈਨੂੰ ਆਪਣੇ ਨਾਲ ਇਕ-ਮਿਕ ਕਰ ਲਿਆ।
13. ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥ (749)
ਹੇ ਮੇਰੇ ਮਾਲਕ ਪ੍ਰਭੂ, ਤੂੰ ਹੀ ਮੇਰਾ ਨਿਮਾਣੀ ਦਾ ਮਾਣ ਹੈਂ। ਹੇ ਪ੍ਰਭੂ, ਮੈਂ ਤੇਰੇ ਅੱਗੇ ਅਰਦਾਸ ਕਰਦੀ ਹਾਂ ਕਿ ਤੇਰੀ ਸਿਫਤ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦੀ ਰਹਾਂ।
14. ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥
ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥ (749)
ਹੇ ਪ੍ਰਭੂ ਮੈਂ ਤੇਰੇ ਕੋਲੋਂ ਦੋਵੇਂ ਹੱਥ ਜੋੜ ਕੇ ਇਕ ਦਾਨ ਮੰਗਦਾ ਹਾਂ, ਪਰ ਇਹ ਦਾਨ ਤੇਰੀ ਦਯਾ ਨਾਲ ਹੀ ਮੈਨੂੰ ਮਿਲ ਸਕਦਾ ਹੈ। ਨਾਨਕ ਹਰ ਸਾਹ ਦੇ ਨਾਲ ਤੇਰੀ ਅਰਾਧਨਾ ਕਰਦਾ ਰਹੇ ਅਤੇ ਦਿਨ-ਰਾਤ ਤੇਰੀ ਸਿਫਤ ਸਾਲਾਹ ਦੇ ਗੁਣ ਗਾਉਂਦਾ ਰਹੇ।
15. ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥੪॥ (1018)
ਹੇ ਭਾਈ, ਹੋਰ-ਹੋਰ ਚੀਜ਼ਾਂ ਮੰਗਣ ਨਾਲੋਂ ਇਹ ਚੰਗਾ ਹੈ ਕਿ, ਗੁਰ ਕੋਲੋਂ,ਸ਼ਬਦ ਗੁਰੂ ਕੋਲੋਂ ਹਰੀ ਦੇ ਜੱਸ ਦੀ, ਪਰਮਾਤਮਾ ਦੀ ਸਿਫਤ ਸਾਲਾਹ ਦੀ ਮੰਗ ਮੰਗੀ ਜਾਵੇ।
16. ਮਾਗਉ ਜਨ ਧੂਰਿ ਪਰਮ ਗਤਿ ਪਾਵਉ ॥ ਜਨਮ ਜਨਮ ਕੀ ਮੈਲੁ ਮਿਟਾਵਉ ॥
ਦੀਰਘ ਰੋਗ ਮਿਟਹਿ ਹਰਿ ਅਉਖਧਿ ਹਰਿ ਨਿਰਮਲਿ ਰਾਪੈ ਮੰਗਨਾ ॥੨॥ (1080)
ਹੇ ਭਾਈ ਮੈਂ ਰੱਬ ਤੋਂ ਉਸ ਦੇ ਸੇਵਕਾਂ ਦੀ ਚਰਨ-ਧੂੜ ਮੰਗਦਾ ਹਾਂ ਤਾਂ ਜੋ ਮੈਂ ਉੱਚੀ ਆਤਮਕ ਪਦਵੀ ਹਾਸਲ ਕਰ ਸਕਾਂ, ਅਤੇ ਅਨੇਕਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਧੋ ਸਕਾਂ। ਹੇ ਭਾਈ ਹਰੀ ਦੇ ਨਾਮ ਦੀ ਵਡਿਆਈ ਦੀ ਦਵਾਈ ਨਾਲ ਵੱਡੇ-ਵੱਡੇ ਰੋਗ ਦੂਰ ਹੋ ਜਾਂਦੇ ਹਨ। ਮੈਂ ਵੀ ਉਸ ਤੋਂ ਮੰਗਦਾ ਹਾਂ ਕਿ ਉਸ ਦੇ ਪਵਿੱਤਰ ਨਾਮ ਵਿਚ ਮੇਰਾ ਮਨ ਵੀ ਰੰਗਿਆ ਰਹੇ।
17. ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥
ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥ (1215)
ਅਰਥ:- ਹੇ ਗਰੀਬਾਂ ਦੇ ਸਹਾਈ! ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰੇ ਸੰਤਾਂ ਦੀ ਸਰਨ ਵਿਚ ਹਾਂ, ਹੇ ਸੰਤਾਂ ਦੀ ਜਿੰਦ-ਜਾਨ ਹਰੀ! ਮੈਂ ਹੋਰ ਸਾਰੇ ਆਸਰੇ ਛੱਡ ਕੇ ਤੇਰੇ ਤੋਂ ਇਕ ਮੰਗ ਮੰਗਦਾ ਹਾਂ ਕਿ ਤੂੰ ਮੈਨੂੰ ਦਰਸ਼ਨ ਦੇਹ।
18. ਦੁਇ ਕਰ ਜੋੜਿ ਕਰੀ ਅਰਦਾਸਿ ॥ ਸਦਾ ਜਪੇ ਨਾਨਕੁ ਗੁਣਤਾਸੁ ॥੪॥੯॥ (1340)
ਹੇ ਭਾਈ, ਮੈਂ ਤਾਂ ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ ਕਿ ਦਾਸ ਨਾਨਕ ਹਮੇਸ਼ਾ ਗੁਣਾਂ ਦੇ ਖਜ਼ਾਨੇ, ਪ੍ਰਭੂ ਦਾ ਨਾਮ ਜਪਦਾ ਰਹੇ।
19. ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥ (1420
ਹੇ ਭਾਈ, ਇਹ ਜਿੰਦ, ਇਹ ਸਰੀਰ, ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਹਰੇਕ ਦਾਤ ਉਸ ਦੇ ਹੀ ਵੱਸ ਵਿਚ ਹੈ। ਜੀਵਾਂ ਦੇ ਬੋਲਣ ਤੋਂ ਬਗੈਰ ਹੀ ਜੀਵ ਦੀ ਹਰ ਲੋੜ ਉਹ ਜਾਣਦਾ ਹੈ। ਹੇ ਨਾਨਕ ਆਖ, ਹਰੇਕ ਸਰੀਰ ਵਿਚ ਉਹ ਪਰਮਾਤਮਾ ਆਪ ਹੀ ਮੀਜੂਦ ਹੈ, ਅਤੇ ਆਪ ਹੀ ਸ਼ਬਦ ਰਾਹੀਂ ਹਰ ਕਿਸੇ ਨੂੰ ਆਪਣੇ ਬਾਰੇ ਸੋਝੀ ਦਿੰਦਾ ਹੈ। ਫਿਰ ਉਸ ਨੂੰ ਛੱਡ ਕੇ ਕਿਸ ਅੱਗੇ ਅਰਦਾਸ ਕੀਤੀ ਜਾ ਸਕਦੀ ਹੈ ? (ਸਾਫ ਜਿਹੀ ਗੱਲ ਹੈ ਕਿ ਜਦ ਉਹ ਹਰ ਕਿਸੇ ਦੇ ਅੰਦਰ ਮੌਜੂਦ ਹੈ, ਅਤੇ ਹਰ ਕਿਸੇ ਦੀ ਹਰ ਲੋੜ ਵੀ ਜਾਣਦਾ ਹੈ, ਫਿਰ ਉਸ ਨੂੰ ਕੋਈ ਗੱਲ ਕਹਣ ਦੀ ਗੱਲ ਕਿੱਥੋਂ ਪੈਦਾ ਹੁੰਦੀ ਹੈ, ਫਿਰ ਆਪਣੇ ਅੰਦਰ ਬੈਠੇ ਰੱਬ ਲਈ ਕਿਸੇ ਹੋਰ ਕੋਲੋਂ ਅਰਦਾਸ ਕਰਵਾਉਣੀ ਕਿਵੇਂ ਠੀਕ ਹੈ ?)
ਆਪਾਂ ਗੁਰੂ ਗ੍ਰੰਥ ਸਾਹਿਬ ਵਿਚੋਂ 19 ਤੁਕਾਂ ਵਿਚਾਰੀਆਂ ਹਨ, ਜਿਨ੍ਹਾਂ ਵਿਚੋਂ 4 ॥ਰਹਾਉ॥ ਦੀਆਂ ਤੁਕਾਂ ਵੀ ਹਨ। ਇਨ੍ਹਾਂ ਵਿਚੋਂ 16 ਤਾਂ ਪ੍ਰਭੂ ਕਰਤਾਰ ਅੱਗੇ ਬੇਨਤੀ ਹੈ ਅਤੇ 3 ਗੁਰੂ, ਸ਼ਬਦ ਅੱਗੇ ਅਰਦਾਸ ਹੈ। ਕਿਸੇ ਵਿਚ ਵੀ ਕੋਈ ਦੁਨਿਆਵੀ ਪਦਾਰਥ ਮੰਗਣ ਦੀ ਗੱਲ ਨਹੀਂ ਹੈ। ਆਪਾਂ ਪਹਿਲਾਂ ਮਨ ਦੇ ਚੱਕਰ ਦੀ ਗੱਲ ਸਮਝ ਲਈਏ, ਮਨ ਜਦੋਂ ਵੀ ਕਿਸੇ ਜੂਨ ਵਿਚ ਆਉਂਦਾ ਹੈ ਤਾਂ ਉਸ ਕੋਲ ਕੁਝ ਰਾਸ-ਪੂੰਜੀ ਹੁੰਦੀ ਹੈ, ਮਨ ਕੋਲ ਮਨੁੱਖਾ ਜੂਨ ਪ੍ਰਭੂ ਨਾਲ ਇਕ-ਮਿਕ ਹੋਣ ਦਾ ਅਵਸਰ ਹੁੰਦਾ ਹੈ, ਇਸ ਦੇ ਖਤਮ ਹੋਣ ਵੇਲੇ, ਜਾਂ ਤਾਂ ਬੰਦਾ ਕਰਤਾਰ ਨਾਲ ਇਕ ਮਿਕ ਹੋ ਜਾਂਦਾ ਹੈ, ਜਾਂ ਫਿਰ ਜੂਨਾਂ ਦੇ ਗੇੜ ਵਿਚ ਪੈ ਜਾਂਦਾ ਹੈ।
ਗੁਰਬਾਣੀ ਬੰਦੇ ਨੂੰ ਰੱਬ ਨਾਲ ਇਕ ਮਿਕ ਹੋਣ ਦੀ ਪ੍ਰੇਰਨਾ ਕਰਦੀ ਹੈ ਅਤੇ ਰਾਹ ਵੀ ਦੱਸਦੀ ਹੈ। ਜਿਵੇਂ,
ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥
ਇਸ ਦੇਹੀ ਕਉ ਸਿਮਰਹਿ ਦੇਵ ॥ ਸੋ ਦੇਹੀ ਭਜੁ ਹਰਿ ਕੀ ਸੇਵ ॥੧॥
ਭਜਹੁ ਗਬਿੰਦ ਭੂਲਿ ਮਤ ਜਾਹੁ ॥ ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ ॥
ਜਬ ਲਗੁ ਜਰਾ ਰੋਗੁ ਨਹੀ ਆਇਆ ॥ ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ ॥
ਜਬ ਲਗੁ ਬਿਕਲ ਭਈ ਨਹੀ ਬਾਨੀ ॥ ਭਜਿ ਲੇਹਿ ਰੇ ਮਨ ਸਾਰਿਗਪਾਨੀ ॥੨॥
ਅਬ ਨ ਭਜਸਿ ਭਜਸਿ ਕਬ ਭਾਈ ॥ ਆਵੈ ਅੰਤੁ ਨ ਭਜਿਆ ਜਾਈ ॥
ਜੋ ਕਿਛੁ ਕਰਹਿ ਸੋਈ ਅਬ ਸਾਰੁ ॥ ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥੩॥
ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
ਗੁਰ ਮਿਲਿ ਤਾ ਕੇ ਖੁਲ੍ਹ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ ॥੪॥
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥
ਕਿੰਨੇ ਸਰਲ ਢੰਗ ਨਾਲ ਪੂਰਾ ਗੇੜ ਸਮਝਾਇਆ ਹੈ, ਪਰ ਅੱਜ-ਕਲ ਦੇ ਵਿਦਵਾਨ ਤਾਂ ਇਸ ਗੇੜ ਨੂੰ ਮੰਨਦੇ ਹੀ ਨਹੀਂ , ਇਹ ਪਰਚਾਰਦੇ ਹਨ ਕਿ ਮਰਨ ਪਿੱਛੋਂ ਕੋਈ ਜੂਨ ਨਹੀਂ, ਕੋਈ ਲੇਖਾ ਨਹੀਂ, ਕੋਈ ਰੱਬ ਨਹੀਂ, ਕੋਈ ਗੁਰੂ ਨਹੀਂ, ਕੋਈ ਮਨ ਨਹੀਂ। ਰੱਬ ਕੁਝ ਨਹੀਂ ਕਰਦਾ, ਸਭ ਕੁਝ ਬੰਦਾ ਆਪ ਹੀ ਕਰਦਾ ਹੈ। ਗੁਰਬਾਣੀ ਤਰਲਾ ਲੈ ਕੇ ਕਹਿੰਦੀ ਪਈ ਹੈ,
ਇਹੀ ਤੇਰਾ ਅਉਸਰੁ ਇਹ ਤੇਰੀ ਬਾਰ ॥ ਘਟ ਭੀਤਰਿ ਤੂ ਦੇਖੁ ਬਿਚਾਰਿ ॥
ਕਹਤ ਕਬੀਰੁ ਜੀਤਿ ਕੈ ਹਾਰਿ ॥ ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥
ਪਰ ਅੱਜ-ਕਲ ਗੁਰਮਤਿ ਦੇ ਪਰਚਾਰਕ ਗੁਰੂ ਨਾਨਕ ਜੀ ਨਾਲੋਂ ਅਤੇ ਕਬੀਰ ਜੀ ਨਾਲੋਂ ਵੀ ਸਿਆਣੇ ਹੋ ਗਏ ਹਨ। ਤਾਂ ਹੀ ਗ੍ਰੰਥੀ, ਗੁਰੂ ਦਾ ਵਜ਼ੀਰ ਹੋ ਕੇ, ਸਭ ਕੁਝ ਬ੍ਰਾਹਮਣ ਵਾਲਾ ਹੀ ਸਮਝਾਉਂਦਾ ਹੈ ਕਿ, ਤੁਹਾਡੀ ਅਰਦਾਸ ਕੰਮ ਨਹੀਂ ਆਉਣੀ, ਮੈਂ ਅਰਦਾਸ ਕਰਾਂਗਾ, ਤਾਂ ਹੀ ਰੱਬ ਸੁਣੇਗਾ। ਇਸ ਦਾ ਹੀ ਢੰਗ ਹੈ ਖੜੇ ਹੋ ਕੇ ਅਰਦਾਸ ਕਰਨੀ, ਅਤੇ ਉਹ ਵੀ ਕਿਸ ਅੱਗੇ ?
ਬਾਹਮਣ ਤਾਂ ਇਕ ਦਿਨ ਵਿਚ ਇਕ ਦੇਵਤੇ ਅੱਗੇ ਹੀ ਅਰਦਾਸ ਕਰਦਾ ਹੈ, ਪਰ ਭਾਈ ਤਾਂ ਅਰਦਾਸ ਸ਼ੁਰੂ ਕਰਨ ਲੱਗਿਆਂ, ਤਿਨ ਵਾਰੀ ਤਾਂ ਭਗਉਤੀ ਅੱਗੇ ਬੇਨਤੀ ਕਰਦਾ ਹੈ, ਫਿਰ ਭਗਉਤੀ ਨੂੰ ਮਾਨਤਾ ਦਿਵਾਉਣ ਲਈ ਇਹ ਅਰਦਾਸ ਕਰਦਾ ਹੈ ਕਿ, ਨਾਨਕ ਨੇ, ਅੰਗਦ ਨੇ, ਅਮਰਦਾਸ ਨੇ, ਰਾਮਦਾਸ ਨੇ, ਅਰਜਨ ਨੇ, ਹਰਿਗੋਬਿੰਦ ਨੇ, ਹਰਿ ਰਾਇ ਨੇ, ਹਰਿ ਕਿਸ਼ਨ ਨੇ, ਤੇਗ ਬਹਾਦਰ ਨੇ ਅਤੇ ਗੁਰੂ ਗੋਬਿੰਦ ਸਿੰਘ ਨੇ ਵੀ ਇਸ ਨੂੰ ਧਿਆਇਆ, ਤਦ ਹੀ ਤਾਂ ਭਗਉਤੀ ਨੇ, ਗੁਰੂ ਅੰਗਦ, ਅਮਰ ਦਾਸ, ਅਤੇ ਰਾਮਦਾਸ ਦੀ ਸਹਾਇਤਾ ਕੀਤੀ, ਤਦ ਹੀ ਤਾਂ ਸ੍ਰੀ ਹਰਿ ਕਿਸ਼ਨ ਜੀ ਵਿਚ ਏਨੀ ਸ਼ਕਤੀ ਆ ਗਈ ਕਿ ਉਨ੍ਹਾਂ ਨੂੰ ਵੇਖਣ ਵਾਲਿਆਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਅਤੇ ਗੁਰੂ ਤੇਗ ਬਹਾਦਰ ਜੀ ਦੇ ਭਗਉਤੀ ਨੂੰ ਯਾਦ ਕਰਨ ਨਾਲ ਹੀ ਉਨ੍ਹਾਂ ਦੇ ਘਰ ਵਿਚ ਨਉਂ ਨਿੱਧੀਆਂ ਧਾਈ ਕਰ ਕੇ ਆ ਗਈਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਾਂ ਭਗਉਤੀ ਨੇ ਇਸ ਜਨਮ ਵਿਚ ਹੀ ਨਹੀਂ, ਪਿਛਲੇ ਜਨਮ ਵਿਚ ਵੀ ਹੇਮ-ਕੁੰਡ ਵਾਲੀ ਥਾਂ ਤੇ ਬਹੁਤ ਮਦਦ ਕੀਤੀ ਸੀ ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪਰਗਟ ਕਰਨ ਦੇ ਕਾਬਲ ਹੋ ਗੲੈ, ਅਤੇ ਉਨ੍ਹਾਂ ਨੇ ਇਸ ਜਨਮ ਵਿਚ ਵੀ ਉਸ ਕੋਲੋਂ ਮਦਦ ਮੰਗੀ ਕਿ, “ਪੰਥ ਚਲੇ ਤਬ ਜਗਤ ਮਹਿ ਜਬ ਤੁਮ ਕਰੋ ਸਹਾਇ” ਅਤੇ ਇਹ ਵੀ ਵਰ ਮੰਗਿਆ, “ਦੇਹ ਸ਼ਿਵਾ ਵਰ ਮੋਹਿ ਇਹੈ, ਸ਼ੁਭ ਕਰਮਨ ਤੇ ਕਬਹੋਂ ਨਾ ਟਰੋਂ ,,,,,,,,” ਅਤੇ ਅਰਦਾਸ ਵਿਚ ਇਸ ਮਗਰੋਂ ਪਰਮਾਤਮਾ ਦਾ ਨਾਮ ਵੀ ਲੈਂਦਾ ਹੈ, ਫਿਰ ਗੁਰੂ ਗਰੰਥ ਸਾਹਿਬ ਜੀ ਦਾ ਨਾਮ ਵੀ ਲੈਂਦਾ ਹੈ, ਫਿਰ ਜਿਸ ਗੁਰਦਵਾਰੇ ਵਿਚ ਅਰਦਾਸ ਹੋ ਰਹੀ ਹੋਵੇ, ਉਸ ਨਾਲ ਸਬੰਧਿਤ ਗੁਰੂ ਸਾਹਿਬ ਦਾ ਨਾਮ ਵੀ ਲੈਂਦਾ ਹੈ। ਇਹੀ ਨਹੀਂ ਉਹ ਤਾਂ ਖੜਗਕੇਤ, ਸ੍ਰੀ ਅਸਪਾਨ, ਸਰਬਕਾਲ, ਸ੍ਰੀ ਅਸਕੇਤ, ਸ੍ਰੀ ਅਸਧੁੱਝ ਆਦਿ ਅੱਗੇ ਅਰਦਾਸ ਕਰਦਾ ਇਹ ਵੀ ਕਹਿੰਦਾ ਹੈ ਕਿ “ਤੁਮਹਿ ਛਾਢ ਕੋਈ ਅਵਰ ਨਾ ਧਿਆਊਂ, ਜੋ ਬਰ ਚਾਹੁਂ ਸੋ ਤਮ ਤੇ ਪਾਊਂ” ਭਲਾ ਜਿਸ ਦੀ ਏਨੀਆਂ ਹਸਤੀਆਂ ਅੱਗੇ ਅਰਦਾਸ ਹੋ ਰਹੀ ਹੋਵੇ, ਅਰਦਾਸ ਕਰਨ ਵਾਲਾ ਗੁਰੂ ਸਾਹਿਬ ਦਾ ਵਜ਼ੀਰ ਹੋਵੇ, ਕੀ ਉਸ ਦੇ ਮਨ ਵਿਚ ਵੀ ਕੋਈ ਸ਼ੱਕ ਰਹਿ ਜਾਵੇਗਾ? ?
ਵੈਸੇ ਅਸਲੀਅਤ ਵਿਚ ਅਰਦਾਸ ਕਿਸ ਦੇ ਅੱਗੇ ਕਰਨੀ ਹੈ ?
ਅਮਰ ਜੀਤ ਸਿੰਘ ਚੰਦੀ (ਚਲਦਾ)
ਅਮਰਜੀਤ ਸਿੰਘ ਚੰਦੀ
ਅਰਦਾਸ (ਭਾਗ 1)
Page Visitors: 2507