ਔਰਤ ਗੰਦੀ ਹੁੰਦੀ ਕਿ ਮਰਦ ?”
ਭਾਈ ਰਣਜੀਤ ਸਿੰਘ ਜੀ ਦਾ ਹੇਠ ਦਿੱਤਾ ਕਲਿਪ ਸੁਣੋ !
ਵਿਚਾਰ ਤਾਂ ਇਮਾਨਦਾਰੀ ਨਾਲ ਇਹ ਹੋਣੀ ਚਾਹੀਦੀ ਸੀ ਕਿ ਜਦ ਸਾਰੇ ਗੁਰੂਘਰਾਂ ਵਿਚ ਬੀਬੀਆਂ ਕੀਰਤਨ ਕਰ ਸਕਦੀਆਂ/ਕਰਦੀਆਂ, ਬੱਚੀਆਂ ਕਵਿਤਾਵਾਂ ਪੜ ਸਕਦੀਆਂ/ਪੜਦੀਆਂ ਅਤੇ ਢਾਢਣਾਂ ਵਾਰਾਂ ਗਾਉਂਦੀਆਂ, ਪਾਠ ਕਰਦੀਆਂ ਹਨ ਤਾਂ ਦਰਬਾਰ ਸਾਹਿਬ ਕੀਰਤਨ ਤੇ ਰੋਕ ਕਿਉਂ ਰੋਕ ਹੈ ?
ਪਰ ਨਹੀਂ ! ਜਿਹੜੇ ਬੰਦੇਆਂ ਨੇ ' ਸਰਕਾਰੀ ਮਤੇ ' ਤੋਂ ਬਾਦ ਅਚਾਨਕ ਸਰਕਾਰੀ ਮਤੇ ਤੇ ਰਾਜਨੀਤੀ ਕਰਨੀ ਹੋਵੇ ਤਾਂ ਉਹ ਇਸ ਸਵਾਲ ਨੂੰ ਰਾਜਨੀਤਕ ਢੰਗ-ਮੌਕੇ ਅਨੁਸਾਰ ਹੀ ਚੁੱਕਣਗੇ ! ਉਹ ਗਲ ਨੂੰ ਸੰਸਾਰ ਸਾ੍ਹਮਣੇ ਇੰਝ ਪੇਸ਼ ਕਰਨਗੇ ਜਿਵੇਂ ਬੀਬੀਆਂ ਨੂੰ ਸਿੱਖ ਪੰਥ/ਗੁਰਦੁਆਰੇਆਂ ਵਿਚ ਗੰਦਾ ਸਮਝੇਆ ਜਾ ਰਿਹਾ ਹੈ।
ਉਹ ਇਹ ਵੀ ਨਹੀਂ ਦੱਸਣਗੇ ਕਿ ਔਰਤ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਵੀ ਰਹੀ ਹੈ। ਉਹ ਇਹ ਵੀ ਨਹੀਂ ਦੱਸਣਗੇ ਕਿ ਦਰਬਾਰ ਸਾਹਿਬ ਅੰਦਰ ਹਜ਼ਾਰਾਂ ਔਰਤਾਂ, ਹਰ ਰੋਜ਼, ਗੁਰੂ ਦੇ ਹਜ਼ੁਰ ਵਿਚ ਬੈਠਦੀਆਂ ਹਨ ਜਿਨ੍ਹਾਂ ਵਿਚੋਂ ਕਈਂਆਂ ਨੂੰ ਮਹਾਵਾਰੀ ਚਲ ਰਹੀ ਹੁੰਦੀ ਹੈ।
ਸਰਕਾਰੀ ਮਤੇ ਤੋਂ ਪਹਿਲਾਂ ੧੯੪੫ ਵਿਚ ' ਪੰਥਕ ਮਤਾ ' (ਸਿੱਖ ਰਹਿਤ ਮਰਿਆਦਾ) ਪਾਸ ਹੈ ਕਿ ਬੀਬੀਆਂ ਤੇ ਕੋਈ ਰੋਕ ਨਹੀਂ ! ਉਸ ਮਤੇ ਦੀ ਗਲ ਸੰਗਤ ਨੂੰ ਨਹੀਂ ਦੱਸੀ ਗਈ। ਕਿਉਂ ?
ਕੀ ਕੀਰਤਨ ਕਰ ਸਕਦੀਆਂ ਔਰਤਾਂ ਇਸ ਬਾਬਤ ਆਪ ਸ਼ੋਮਣੀ ਕਮੇਟੀ ਨਾਲ ਆਪ ਗਲਬਾਤ ਨਹੀਂ ਕਰ ਸਕਦੀਆਂ ?
ਮਰਦ Upgrade ਠੇਕੇਦਾਰ ਹੀ ਕਿਉਂ ਚੀਕ ਰਹੇ ਹਨ ?
ਸੋਚਣ ਵਾਲੀ ਗਲ ਹੈ ਕਿ ਜੇ ਔਰਤ ਬਾਕੀ ਗੁਰੂ ਘਰਾਂ ਵਿਚ ਕੀਰਤਨ-ਪਾਠ ਅਦਿ ਕਰਨ ਨਾਲ ਵੀ ਬਰਾਬਰ ਨਹੀਂ ਹੋਈ ਤਾਂ ਕੀ ਦਰਬਾਰ ਸਾਹਿਬ ਕੀਰਤਨ ਕਰਨ ਨਾਲ ਹੀ ਬਰਾਬਰ ਹੋ ਜਾਏਗੀ ?
ਸਮਾਜ ਦੀ ਇਕ ਹਕੀਕਤ ਇਹ ਵੀ ਹੈ ਕਿ ਬਹੁਤੇ ਘਰਾਂ ਵਿਚ ਰਾਜ ਔਰਤ ਦਾ ਚਲਦਾ ਹੈ ਅਤੇ ਔਰਤ ਹੀ ਔਰਤ ਨੂੰ ਪ੍ਰਤਾੜਤ ਕਰਦੀ ਹੈ। ਕਦੇ ਸੱਸ ਨੂੰਹ ਨੂੰ , ਤੇ ਕਦੇ ਨੂੰ ਸੱਸ ਨੂੰ !
ਖੈਰ ਗੁਰੂਘਰਾਂ ਨੂੰ ਅਜਿਹੀ ਅਵਸਰਵਾਦੀ ਨੀਤੀ ਤੋਂ ਮੁੱਕਤੀ ਚਾਹੀਦੀ ਹੈ। ਇਹ ਹੈ ਪਹਿਲੀ ਗਲ !
ਹੁਣ ਦੂਜੀ ਗਲ ! ਅਗਰ ਕੁਦਰਤ ਦਾ 'ਕਾਦਰ' ਹੈ ਨਹੀਂ ਤਾਂ ਕਾਦਰ ਨੂੰ ਕੋਈ ਸਵਾਲ ਕਿਵੇਂ ਪੁੱਛੇ ?
ਪਰ 'ਕੁਦਰਤ' ਅਤੇ 'ਆਪਣੇ ਆਪ ਨੂੰ ਰੱਬ ਕਹਿਣ ਵਾਲੇ' ਭਾਈ ਜੀ ਇਹ ਦੱਸ ਦੇਣ ਕਿ:-
(੧) ਜੰਮਣ ਦਾ ਤਰੀਕਾ-ਰਸਤਾ ਤਾਂ ਇਕੋ ਹੈ ਪਰ ਤੁਹਾਡੇ ਰੱਬ (ਕੁਦਰਤ) ਨੇ ਸਰੀਰਕ ਤੌਰ ਤੇ ਔਰਤ ਮਰਦ ਦੇ ਮੁਕਬਲੇ ਕਮਜ਼ੋਰ ਕਿਉਂ ਬਣਾਈ ? ਨਾ ਹੁੰਦੀ ਕਮਜ਼ੋਰ ਤੇ ਨਾ ਹੁੰਦਾ ਸਰੀਰਕ ਜੋਰ ਦੇ ਜੋਰ ਨਾਲ ਰੇਪ/ਮਾਰਨ/ਸਾੜਨ ਵਰਗਾ ਧੱਕਾ !
(੨) ਤੁਹਾਡੇ ਰੱਬ (ਕੁਦਰਤ) ਨੇ ਅਜਿਹਾ ਧੱਕਾ ਕਿਉਂ ਕੀਤਾ ਹੈ ਕਿ ਔਰਤ ਬਾਕਸਿੰਗ, ਰੇਸ, ਕੁਸ਼ਤੀ ਅਤੇ ਬਾਕੀ ਖੇਡ ਮੁਕਾਬਲੇਆਂ ਵਿਚ ਮਰਦ ਦੇ ਮੁਕਾਬਲੇ ਨਾ ਉਤਾਰੀ ਜਾਂਦੀ ਨਾ ਉਤਰ ਸਕਦੀ ?
(੩) ਤੁਹਾਡੇ ਰੱਬ (ਕੁਦਰਤ) ਨੇ ਬੱਚੇ ਨੂੰ ਜਨਮ ਦੇਣ ਅਤੇ ਦੁੱਧ ਪਿਆਉਣ ਦੀ ਸਮਰਥਾ, ਮਰਦ ਨੂੰ ਵੀ ਦੇ ਕੇ ਬਰਾਬਰੀ ਕਿਉਂ ਨਾ ਰੱਖੀ ?
ਭਾਈ ਰਣਜੀਤ ਸਿੰਘ ਜੀਉ ਆਪ ਜੀ ਨੂੰ “ਅਗਲੇਆਂ” ਦੀ ਬੜੀ ਚਿੰਤਾ ਰਹਿੰਦੀ ਹੈ , ਇਸ ਲਈ ਜੇ “ਅਗਲੇਆਂ” ਨੇ ਕਦੇ ਆਪ ਜੀ ਨੂੰ ਇਹ ਪੁੱਛ ਲਿਆ , ਕਿ ਅਸੀਂ ਤਾਂ ਔਰਤ ਨੂੰ ਮੰਦਰਾਂ ਵਿਚ ਦੇਵੀਆਂ ਬਣਾ ਕੇ ਪੂਜੇਆ ਵੀ ਅਤੇ ਔਰਤਾਂ ਦੇ ਲਿਖੇ ਸਲੋਕ ਵੇਦਾਂ ਵਿਚ ਦਰਜ ਹੋਏ ਪਰ ਦਸਾਂ ਪਾਤਸ਼ਾਹੀਆਂ ਵਿਚ ਇਕ ਵੀ ਅੋਰਤ ਨਹੀਂ ਅਤੇ ਬਾਣੀ ਵਿਚ ਔਰਤ ਦਾ ਕੋਈ ਸਲੋਕ ਨਹੀਂ , ਤਾਂ ਆਪ ਜੀ ਔਰਤ ਨੂੰ ਕਿਵੇਂ ਬਰਾਬਰ ਕਰੋਗੇ ?
ਕੀ ਇਹ ਹੁੰਦਾ ਹੈ ਬਰਾਬਰੀ ਦਾ ਪੈਮਾਨਾ ?
ਭਾਈ ਜੀਉ ਔਰਤ ਦੀ ਬਰਾਬਰੀ ਤਾਂ ਉਨ੍ਹਾਂ ਸਮਾਜਕ-ਘਰੇਲੂ ਸਥਿਤੀਆਂ ਵਿਚ ਚਾਹੀਦੀ ਹੈ ਜਿਨ੍ਹਾਂ ਸਥਿਤੀਆਂ ਵਿਚ ਉਸ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ, ਜਾਂ ਵਿਆਹ ਤੋਂ ਬਾਦ, ਸਾੜ ਦਿੱਤਾ ਜਾਂਦਾ ਹੈ ਅਤੇ ਉਸਦਾ ਸ਼ਰੀਰਕ ਸ਼ੋਸ਼ਣ ਹੁੰਦਾ ਹੈ।
ਇੰਝ ਤਾਂ ਬਹੁਤ ਕਾਨੂਨ ਬਣੇ ਹਨ ਔਰਤ ਦੇ ਹੱਕ ਵਿਚ ਪਰ ਫਿਰ ਵੀ ਕੀ ਉਹ ਜੰਮਣ ਤੋਂ ਪਹਿਲਾਂ ਮਾਰੀ ਨਹੀਂ ਜਾ ਰਹੀ ?
ਕੀ ਉਹ ਜੀਉਂਦੇ ਜੀ ਸਾੜੀ ਨਹੀਂ ਜਾ ਰਹੀ ?
ਕੀ ਉਸਦਾ ਹਰ ਦੇਸ਼-ਹਰ ਥਾਂ ਰੇਪ ਨਹੀਂ ਹੋ ਰਿਹਾ ?
ਭਾਈ ਜੀਉ ਇਹ ਗਲ ਬਿਲਕੁਲ ਠੀਕ ਹੈ ਕਿ ਔਰਤ ਮਹਾਵਾਰੀ ਵਿਚ ਗੰਦੀ ਨਹੀਂ ਹੁੰਦੀ ਪਰ , ਪੰਥਕ ਵਿਚਾਰ ਖੇਤਰ ਤੋਂ ਬਾਹਰ , ਸਰਕਾਰੀ ਮਤੇਆਂ ਬਾਦ , ਅਚਾਨਕ ਜਾਗ ਕੇ, ਗੁਰਦੁਆਰੇਆਂ ਵਿਚ ਰਾਜਨੀਤੀ ਦਾ ਪੱਖ ਪੂਰਣ ਵਾਲੇ ਮਰਦ, ਹਰ ਵੇਲੇ ਗੰਦੇ (ਮੈਲੇ) ਹੁੰਦੇ ਹਨ !
ਵੇਖ ਲੋ ਧਿਆਨ ਨਾਲ, ਕੋਮ ਦੇ ਵਿਹੜੇ, ਮਤਭੇਦਾਂ ਨੂੰ ਹੱਥਿਆਰ ਬਣਾ ਕੇ, ਵਿਵਾਦਾਂ/ਵੰਡੀਆਂ ਅਤੇ ਰਾਜਨੀਤੀ ਦਾ ਲੱਗਭਗ ਸਾਰਾ ਗੰਦ, ਮਰਦਾਂ ਨੇ ਹੀ ਪਾਇਆ ਹੈ ਔਰਤਾਂ ਨੇ ਨਹੀਂ ! ਅਜਿਹੇ ਸਾਰੇ ਠੇਕੇ ਮਰਦਾਂ ਨੇ ਹੀ ਚੁੱਕੇ ਹਨ!
ਆਪਸ ਵਿਚ ਵੰਡੇ ਹੋਏ ' ਮੈਲੇ ' ਮਰਦ ਔਰਤ ਨੂੰ ਬਰਾਬਰ ਕਰਨ ਚਲੇ ਹਨ ?
ਉਹ ਵੀ ਸਿਰਫ਼ ਦਰਬਾਰ ਸਾਹਿਬ ਵਿਚ ਕੀਰਤਨ ਦੇ ਨਾਮ ਚਲੀ ਰਾਜਨੀਤਕ ਚਾਲ ਰਾਹੀਂ ?
ਬਾਕੀ , ਸਾਰੇ ਮਰਦਾਂ ਨੂੰ ਔਰਤ ਹੀ ਜਨਮ ਦਿੰਦੀ ਆਈ ਹੈ ਇਹ ਸਭ ਨੂੰ ਪਤਾ ਹੈ।ਸਭ ਨੂੰ ਬੇਨਤੀ ਹੈ ਕਿ ਔਰਤ ਨੂੰ ਅਜਿਹੀ ਰਾਜਨੀਤੀ ਦੇ ਬਜ਼ਾਰ ਦੀ ਵਸਤੂ ਨਾ ਬਣਾਉ !
ਜਾਪਦਾ ਹੈ ਬੀਬੀਆਂ ਨੂੰ , ਸਭ ਤੋਂ ਪਹਿਲਾਂ , ਅਜਿਹੇ ਵਪਾਰੀਆਂ ਨੂੰ ਠੋਕਵਾਂ ਜਵਾਬ ਦੇਣਾ ਚਾਹੀਦਾ ਹੈ ਕਿ ਔਰਤ, ਅਜਿਹੀ ਰਾਜਨੀਤੀ ਦੇ ਬਜ਼ਾਰ ਵਿਚ, ਵਿੱਕਣ ਵਾਲੀ ਵਸਤੂ ਨਹੀਂ ਬਲਕਿ 'ਮੈਲੇ' ਮਰਦਾਂ ਨਾਲੋਂ , ਜ਼ਿਆਦਾ ਸਾਫ਼-ਸ਼ਫ਼ਾਫ਼ ਹਨ
ਹਰਦੇਵ ਸਿੰਘ-੧੯.੧੧.੨੦੧੯ (ਜੰਮੂ)
.................................................
ਹਰਦੇਵ ਸਿੰਘ ਜਮੂੰ
ਔਰਤ ਗੰਦੀ ਹੁੰਦੀ ਕਿ ਮਰਦ ?”
Page Visitors: 2525