ਤੱਤ-ਗੁਰਮਤਿ ਦੇ ਨਾਂ ‘ਤੇ ਅਧੁਨਿਕਤਾ ਜਾਂ ਮਨ-ਮਰਜ਼ੀ (Bwg qIjw)
ਖੰਡੇ-ਬਾਟੇ ਦੀ ਪਾਹੁਲ ਬਾਰੇ
ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੇਵਲ ਖੰਡੇ-ਬਾਟੇ ਦੀ ਪਾਹੁਲ ਹੀ ਹੈ ਜੋ ਸਿੱਖ ਦੀ ਸ਼ਕਲ ਨੂੰ ਬਚਾਈ ਰੱਖਣ ਵਿੱਚ ਸਹਾਈ ਹੈ। ਖੰਡੇ ਬਾਟੇ ਦੀ ਪਾਹੁਲ ਛਕਣ ਨਾਲ ਮਨੁੱਖ ਪੰਜ ਕਕਾਰਾਂ ਵਾਲਾ ਬਣ ਜਾਂਦਾ ਹੈ। ਖੰਡੇ-ਬਾਟੇ ਦੀ ਪਾਹੁਲ ਛਕਣ ਨਾਲ ਮਰਦ ਜਾਂ ਔਰਤ ਆਪਣੇ ਕੁਦਰਤੀ ਸੁਹੱਪਣ ਵਿੱਚ ਰਹਿੰਦੇ ਹਨ। ਬਨਾਉਟੀ ਸੁੰਦਰਤਾ ਲਈ ਸਿੱਖ ਔਰਤਾਂ ਮੇਕ-ਅਪ ਨਹੀਂ ਕਰਦੀਆਂ, ਭਰਵੱਟੇ ਨਹੀਂ ਬਣਾਉਂਦੀਆਂ, ਸਿਰ ਦੇ ਲੰਮੇ ਕੇਸ ਨਹੀਂ ਕਟਾਉਂਦੀਆਂ, ਮਨ-ਮਰਜ਼ੀ ਦਾ ਬੇਢੰਗਾ ਪਹਿਰਾਵਾ ਨਹੀਂ ਪਾਉਂਦੀਆਂ, ਪਰ ਤੱਤ-ਗੁਰਮਤਿ ਪ੍ਰਵਾਰ ਨੇ ਸਿੱਖ ਕੌਮ ਦੇ ਨਿਆਰੇਪਨ ਨੂੰ ਖ਼ਤਮ ਕਰਨ ਦਾ ਰਾਹ ਤਿਆਰ ਕਰਨ ਲਈ ਖੰਡੇ-ਬਾਟੇ ਦੀ ਪਾਹੁਲ ਨੂੰ ਕਰਮਕਾਂਡ ਦੱਸਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦਿਨ ਖੰਡੇ-ਬਾਟੇ ਦੀ ਪਾਹੁਲ ਛਕਣ ਵਾਲੀ ਸ਼ਰਤ ਖ਼ਤਮ ਹੋ ਗਈ ਤਾਂ ਉਸੇ ਦਿਨ ਸਿੱਖ ਕੌਮ ਦੀ ਹੋਂਦ ਵੀ ਖ਼ਤਮ ਹੋ ਗਈ ਸਮਝੋ। ਸਿੱਖ ਲਈ ਸ਼ਕਲ ਅਤੇ ਅਕਲ ਦੋਨੋਂ ਬਹੁਤ ਜ਼ਰੂਰੀ ਹਨ। ਜੇਕਰ ਕੋਈ ਮਨੁੱਖ ਪਾਹੁਲ ਛਕ ਕੇ ਮਾੜੇ ਕੰਮਾਂ ਤੋਂ ਬਚਿਆ ਰਹਿੰਦਾ ਹੈ ਤਾਂ ਤੱਤ-ਗੁਰਮਤਿ ਪ੍ਰਵਾਰ ਨੂੰ ਪੰਜ ਕਕਾਰਾਂ ਤੋਂ ਕਿਹੜੀ ਮਨਮਤ ਜਾਂ ਕਰਮਕਾਂਡ ਨਜ਼ਰ ਆਉਂਦਾ ਹੈ?
ਯਾਦ ਰੱਖੋ, ਜਿਵੇਂ ਸਕੂਲ ਦੇ ਵਿਦਿਆਰਥੀ ਲਈ ਵਰਦੀ, ਫੌਜ ਜਾਂ ਪੁਲਸ ਦੇ ਜਵਾਨ ਲਈ ਵਰਦੀ ਸਾਰਿਆਂ ਨੂੰ ਇਕਸਾਰਤਾ ਅਤੇ ਅਨੁਸਾਸਨ ਵਿੱਚ ਰੱਖਣ ਦਾ ਇੱਕ ਵਸੀਲਾ ਹੈ, ਉਸੇ ਤਰ੍ਹਾਂ ਸਿੱਖ ਕੌਮ ਨੂੰ ਇਕਸਾਰਤਾ ਅਤੇ ਅਨੁਸ਼ਾਸਨ ਵਿੱਚ ਰੱਖਣ ਲਈ ਖੰਡੇ ਬਾਟੇ ਦੀ ਪਾਹੁਲ ਜ਼ਰੂਰੀ ਹੈ। ਸਕੂਲ ਦੀ ਵਰਦੀ ਪਾਉਣ ਵਾਲੇ ਵਿਦਿਆਰਥੀ ਹੁਸ਼ਿਆਰ ਵੀ ਹੋ ਸਕਦੇ ਹਨ ਅਤੇ ਨਲਾਇਕ ਵੀ ਹੋ ਸਕਦੇ ਹਨ। ਸਕੂਲ ਦੀ ਪੜ੍ਹਾਈ ਬੱਚੇ ਨੇ ਕਰਨੀ ਹੈ ਨਾ ਕਿ ਵਰਦੀ ਨੇ। ਇਸੇ ਤਰ੍ਹਾਂ ਦੇਸ਼ ਦੀ ਸੇਵਾ ਜਵਾਨ ਨੇ ਕਰਨੀ ਹੈ ਨਾ ਕਿ ਉਸ ਦੀ ਵਰਦੀ ਨੇ। ਜੇਕਰ ਕੋਈ ਜਵਾਨ ਆਪਣੇ ਫ਼ਰਜ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਦੇਸ ਦੇ ਸਾਰੇ ਜਵਾਨਾਂ ਨੂੰ ਇਹ ਕਹਿ ਕੇ ਵਰਦੀ ਪਹਿਨਣ ਤੋਂ ਰੋਕ ਦਿੱਤਾ ਜਾਵੇ ਕਿ ਫ਼ਲਾਣਾ ਜਵਾਨ ਵਰਦੀ ਪਾ ਕੇ ਆਪਣੇ ਫ਼ਰਜ਼ਾਂ ਦੀ ਉਲੰਘਣਾ ਕਰਦਾ ਹੈ।
ਇਸੇ ਤਰ੍ਹਾਂ ਜੇਕਰ ਕੋਈ ਖੰਡੇ-ਬਾਟੇ ਦੀ ਪਾਹੁਲ ਛਕ ਕੇ, ਸਿੱਖ-ਸਿਧਾਂਤਾਂ ਤੋਂ ਉਲਟ ਕੰਮ ਕਰਦਾ ਹੈ ਜਾਂ ਸਮਾਜ ਵਿੱਚ ਮਾੜੇ ਕੰਮ ਕਰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਬਣ ਜਾਂਦਾ ਕਿ ਸਿੱਖਾਂ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾਉਣੀ ਹੀ ਬੰਦ ਕਰ ਦਿੱਤੀ ਜਾਵੇ। ਅਸਲ ਲੋੜ ਹੈ ਸਿੱਖਾਂ ਵਿੱਚ ਗੁਰਬਾਣੀ ਸਿੱਖਿਆ ਦਾ ਪ੍ਰਚਾਰ ਕਰਨਾ ਅਤੇ ਪਾਹੁਲ ਛਕਣ ਵਾਲੇ ਲੋਕਾਂ ਦੀ ਵਿਚਾਰਧਾਰਾਂ ਨੂੰ ਬਦਲਣਾ ਨਾ ਕਿ ਸਿਸਟਮ ਨੂੰ ਬਦਲਣਾ। ਸਿੱਖ ਕੌਮ ਦੇ ਨਿਆਰੇਪਨ ਨੂੰ ਬਚਾਉਣ ਲਈ ਖੰਡੇ-ਬਾਟੇ ਦੀ ਪਾਹੁਲ ਸਬੰਧੀ, ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਦੂਰ-ਅੰਦੇਸੀ ਲਿਆ ਗਿਆ ਫ਼ੈਸਲਾ ਹੈ ਜੋ ਸਿੱਖ ਕੌਮ ਵਿੱਚ ਇਕਸਾਰਤਾ ਅਤੇ ਅਨੁਸ਼ਾਸਨ ਕਾਇਮ ਰੱਖਣ ਲਈ ਅਤਿ ਜ਼ਰੂਰੀ ਹੈ।
ਪੰਜ ਕਕਾਰਾਂ ਬਾਰੇ
ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਆਪਣੀ ਲਿਖਤ ਸਿੱਖ ਤਵਾਰੀਖ ਦੇ ਪੰਨਾ-316 ਉਤੇ ਲਿਖਿਆ ਹੈ ਕਿ “ਹੁਣ ਤੁਸੀਂ ਅਕਾਲ ਪੁਰਖ ਦਾ ਖਾਲਸਾ ਹੋ। ਤੁਸੀਂ ਪੰਜ ਕਕਾਰਾਂ ਨੂੰ ਹਮੇਸਾ ਆਪਣੇ ਅੰਗ ਰਖਣਾ ਹੈ। ” ਪਰ ਤੱਤ-ਗਰਮਤਿ ਪ੍ਰਵਾਰ ਦੇ ਮੈਂਬਰ ਪਾਹੁਲ ਲੈਣ ਉਪਰੰਤ ਵੀ ਕਕਾਰ ਨਹੀਂ ਪਹਿਨਦੇ। ਜਿਸ ਦੀ ਉਦਾਹਰਣ ਸ. ਪਰਮਜੀਤ ਸਿੰਘ, ਅਬੋਹਰ (ਜਿਸ ਨੇ ਕ੍ਰਿਪਾਨ ਅਤੇ ਕੜਾ ਨਹੀਂ ਪਾਇਆ ਹੋਇਆ ਸੀ) ਅਤੇ ਇਸ ਪ੍ਰੋਗਰਾਮ ਵਿੱਚ ਅਨੰਦ ਕਾਰਜ ਕਰਾਉਣ ਵਾਲੇ ਗੁਰਪ੍ਰੀਤ ਸਿੰਘ ਨੇ ਕ੍ਰਿਪਾਨ ਪਾਈ ਹੋਈ ਸੀ ਪਰ ਕੜਾ ਨਹੀਂ ਸੀ ਪਾਇਆ)। ਇਸ ਬਾਰੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਲਈ ਹੋਈ ਹੈ ਪਰ ਕਕਾਰਾਂ ਦੀ ਕੋਈ ਜਰੂਰਤ ਨਹੀਂ ਹੈ ਕਿਉਂਕਿ ਕਕਾਰ ਧਾਰਮਕ ਚਿੰਨ੍ਹ ਹੋਣ ਕਰਕੇ, ਰੱਬ ਦੀ ਪ੍ਰਾਪਤੀ ਵਿੱਚ ਰੋੜਾ ਹਨ। ਕਕਾਰਾਂ ਵਿੱਚ ਸਭ ਤੋਂ ਪਹਿਲਾਂ ਕੇਸ ਹਨ। ਜੇਕਰ ਕੇਸ ਚਿੰਨ੍ਹ ਹਨ ਤਾਂ ਇਹ ਵੀ ਰੱਬ ਦੀ ਪ੍ਰਾਪਤੀ ਵਿੱਚ ਰੋੜਾ ਹੋਏ, ਕੀ ਇਨ੍ਹਾਂ ਨੂੰ ਕੇਸਾਂ ਦੀ ਵੀ ਕੋਈ ਲੋੜ ਨਹੀਂ? ਤੱਤ-ਗੁਰਮਤਿ ਪ੍ਰਵਾਰਾਂ ਦੇ ਆਪਣੇ ਹੀ ਮੈਂਬਰ ਕੇਸਾਂ ਦੀ ਸੰਭਾਲ ਤੋਂ ਬਾਗ਼ੀ ਹਨ ਕਿਉਂਕਿ ਉਨ੍ਹਾਂ ਦੇ ਕੁੱਝ ਪ੍ਰਵਾਰਕ ਮੈਂਬਰ ਵਿਆਹ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਬਿਊਟੀ ਪਾਰਲਰ ਤੇ ਜਾ ਕੇ ਆਏ ਸਨ। ਲੋੜ ਪੈਣ ਤੇ ਉਨ੍ਹਾਂ ਦੇ ਨਾਮ ਅਤੇ ਬਿਊਟੀ ਪਾਰਲਰ ਦੇ ਨਾਮ ਦੱਸੇ ਜਾ ਸਕਦੇ ਹਨ।
ਤੱਤ-ਗੁਰਮਤਿ ਪ੍ਰਵਾਰ ਵਾਲੇ ਆਪਣੀ ਨਵੀ ਮਰਿਆਦਾ ਗੁਰਮਤਿ ਜੀਵਨ ਸੇਧਾਂ ਛਾਪ ਕੇ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਜੇਕਰ ਇਹ ਸਿੱਖਾਂ ਲਈ ਕੇਸ ਚਿੰਨ੍ਹ ਸਮਝਦੇ ਹੋਏ ਕੇਸਾਂ ਨੂੰ ਰੋੜਾ ਸਮਝਦੇ ਹਨ ਤਾਂ ਫਿਰ ਤੱਤ-ਗੁਰਮਤਿ ਪ੍ਰਵਾਰ ਨੂੰ ਆਪਣੀ ਕਿਤਾਬ ਦੇ ਪੰਨਾ-151 ਤੋਂ 169 ਤਕ ਖੰਡੇ ਬਾਟੇ ਦੀ ਪਾਹੁਲ ਬਾਰੇ ਲਿਖਣ ਦੀ ਕੀ ਲੋੜ ਪਈ ਸੀ? ਕੀ ਇਹ ਸਭ ਕੁੱਝ ਲਿਖ ਕੇ ਆਮ ਲੋਕਾਈ ਨੂੰ ਬੁੱਧੂ ਬਣਾਉਣ ਵਾਲੀ ਗੱਲ ਨਹੀਂ ਹੈ ਜਾਂ ਫਿਰ ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰਾਂ ਦੀ ਯੋਗਤਾ, ਕਹਿਣੀ ਅਤੇ ਕਰਨੀ ਵਿੱਚ ਅੰਤਰ ਹੈ?
ਕੀ ਇਹ ਸੱਚ ਨਹੀਂ ਕਿ ਤੱਤ-ਗੁਰਮਤਿ ਪ੍ਰਵਾਰ ਦਾ ਇੱਕ ਮੈਂਬਰ ਸ. ਦਲੀਪ ਸਿੰਘ, ਅਬੋਹਰ ਕੇਸਾਂ ਵਿਰੋਧੀ ਬਿਆਨ ਦੇ ਕੇ ਚਰਚਾ ਦਾ ਵਿਸ਼ਾ ਬਣਿਆ ਸੀ। ਜੇਕਰ ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰ ਕੇਸਾਂ ਬਾਰੇ ਇਹੋ ਜਿਹੇ ਵਿਚਾਰ ਰੱਖਦੇ ਹਨ ਤਾਂ ਫਿਰ ਤੁਹਾਨੂੰ ਨਵੀਂ ਸੰਸਥਾ ਬਣਾਉਣ ਦੀ ਕੀ ਲੋੜ ਪੈ ਗਈ ਸੀ? ਤੁਹਾਨੂੰ ਡਾ. ਰਾਣੂ ਦੀ ਸਹਿਜਧਾਰੀ ਸੰਸਥਾ ਦੀ ਮੈਂਬਰਸ਼ਿਪ ਲੈਣੀ ਚਾਹੀਦੀ ਸੀ ਕਿਉਂਕਿ ਤੱਤ-ਗੁਰਮਤਿ ਪ੍ਰਵਾਰ ਨੇ ਆਪਣੀ ਨਵੀਂ ਬਣਾਈ ਮਰਿਆਦਾ ਗੁਰਮਤਿ ਜੀਵਨ ਸੇਧਾਂ ਦੇ ਪੰਨਾ-20 ਤੇ ਗ਼ੈਰ-ਕੁਦਰਤੀ ਢੰਗ ਨਾਲ ਉੱਗ ਆਏ ਕੇਸਾਂ ਨੂੰ ਕਤਲ ਕਰਾਉਣ ਦੀ ਵਕਾਲਤ ਕੀਤੀ ਹੈ। ਹੁਣ ਉਨ੍ਹਾਂ ਲੋਕਾਂ ਨੂੰ ਬਹਾਨਾ ਮਿਲ ਜਾਣਾ ਹੈ ਕਿ ਦਾੜ੍ਹੀ-ਮੁੱਛਾਂ ਜਾਂ ਭਰਵੱਟੇ ਆਦਿ ਗ਼ੈਰ-ਕੁਦਰਤੀ ਜਾਂ ਬਿਨਾਂ ਲੋੜ ਤੋਂ ਹਨ ਜੋ ਕਿ ਕਟਾਏ ਜਾ ਸਕਦੇ ਹਨ।
ਗੁਰੂ ਦੇ ਸਿੱਖਾਂ ਨੂੰ ਕਕਾਰਾਂ ਦੀ ਮਹੱਤਤਾ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ, ਜਿਵੇਂ ਕਿ
ਕੇਸ: ਮਨੁੱਖ ਦੇ ਸਿਰ ਦੇ ਵਾਲਾਂ ਨੂੰ ਕੇਸ ਕਿਹਾ ਜਾਂਦਾ ਹੈ ਪਰ ਅੱਜ ਕੇਸ-ਦਾੜੀ-ਮੁੱਛਾਂ ਨੂੰ ਕੇਵਲ ਸਿੱਖਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਸਾਰੀ ਉਮਰ ਕਟਾਇਆ ਜਾ ਰਿਹਾ ਹੈ। ਜਿਨ੍ਹਾਂ ਔਰਤਾਂ ਜਾਂ ਮਰਦਾਂ ਦੇ ਸਿਰ ਦੇ ਵਾਲ ਝੜ ਜਾਂਦੇ ਹਨ, ਉਹ ਵਾਲਾਂ ਨੂੰ ਉਗਾਉਣ ਲਈ ਆਪਣਾ ਡਾਕਟਰੀ ਇਲਾਜ ਕਰਵਾਉਂਦੇ ਹਨ, ਪਰ ਜ੍ਹਿਨ੍ਹਾਂ ਦੇ ਵਾਲ ਹਨ, ਉਹ ਫਾਲਤੂ ਸਮਝ ਕੇ ਸਾਰੀ ਉਮਰ ਕਟਾਉਂਦੇ ਰਹਿੰਦੇ ਹਨ। ਕੁਦਰਤੀ ਸ਼ਕਲ ਨੂੰ ਬਚਾਉਣ ਲਈ ਹੀ ਸਿੱਖਾਂ ਨੂੰ ਕੇਸਾਂ ਦੀ ਸੰਭਾਲ ਲਈ ਪੰਜ ਕਕਾਰਾਂ ਵਿੱਚ ਸਭ ਤੋਂ ਪਹਿਲਾਂ ਲਾਜ਼ਮੀ ਕੀਤਾ ਗਿਆ ਹੈ। ਸਿੱਖ ਮਰਦ ਅਤੇ ਔਰਤ ਨੂੰ ਕੇਸ ਕਟਾਉਣ ਦੀ ਸਖ਼ਤ ਮਨਾਹੀ ਹੈ। ਇਸ ਲਈ ਸੰਸਾਰ ਵਿੱਚ ਕੇਵਲ ਸਿੱਖ ਕੌਮ ਹੀ ਅਜਿਹੀ ਕੌਮ ਹੈ ਜਿਸ ਦੇ ਸਿੱਖ ਨੇ ਆਪਣੇ ਕੇਸਾਂ ਖਾਤਰ ਆਪਣੀ ਸਿਰ ਦੀ ਖੋਪਰੀ ਉਤਰਵਾ ਲਈ ਸੀ। ਸਿੱਖ ਆਪਣੇ ਕੇਸਾਂ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਹਨ। ਜਦੋਂ ਤਕ ਸਿੱਖ ਇਸ ਧਰਤੀ ਉਤੇ ਰਹਿਣਗੇ, ਉਦੋਂ ਤਕ ਉਹ ਇਸ ਧਰਤੀ ਤੇ ਮਨੁੱਖ ਦੀ ਅਸਲ ਬਣਤਰ ਨੂੰ ਪੇਸ਼ ਕਰਦੇ ਰਹਿਣਗੇ।
ਕੰਘਾ: ਕੇਸਾਂ ਦੀ ਸੰਭਾਲ ਲਈ ਕੇਸਾਂ ਨੂੰ ਕੰਘਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਿੱਖ ਜਟਾਧਾਰੀ ਨਹੀਂ ਹੈ। ਜੇਕਰ ਔਰਤਾਂ ਆਪਣੇ ਸਿਰ ਦੇ ਕੇਸਾਂ ਨੂੰ ਜਟਾਂ ਬਣਾ ਲੈਣ ਤਾਂ ਉਨ੍ਹਾਂ ਦਾ ਸਾਰਾ ਸੁਹੱਪਣ ਖ਼ਤਮ ਹੋ ਜਾਵੇਗਾ। ਕੇਸਾਂ ਦੀ ਸਭਾਲ ਲਈ ਕੰਘਾ ਕਰਨਾ ਬਹੁਤ ਜਰੂਰੀ ਹੈ। ਕੰਘਾਂ ਕਕਾਰਾਂ ਵਿੱਚ ਦੂਜੇ ਨੰ ਤੇ ਆਉਂਦਾ ਹੈ।
ਕ੍ਰਿਪਾਨ: ਕ੍ਰਿਪਾਨ ਸਿੱਖ ਦੀ ਆਪਣੀ ਸੁਰੱਖਿਆ ਲਈ ਹੈ। ਇੱਕ ਮਨੁੱਖ ਕ੍ਰਿਪਾਨ ਦੀ ਵਰਤੋਂ ਜ਼ੁਲਮ ਕਰਨ ਲਈ ਕਰਦਾ ਹੈ ਅਤੇ ਦੂਜਾ ਕ੍ਰਿਪਾਨ ਦੀ ਵਰਤੋਂ ਜ਼ੁਲਮ ਦਾ ਨਾਸ ਕਰਨ ਲਈ ਕਰਦਾ ਹੈ। ਕ੍ਰਿਪਾਨ ਆਪਣੇ ਆਪ ਵਿੱਚ ਕੁੱਝ ਨਹੀਂ ਕਰਦੀ। ਜਿਸ ਤਰ੍ਹਾਂ ਦੇ ਮਨੁੱਖ ਦੇ ਵਿਚਾਰ ਹੋਣਗੇ, ਉਸੇ ਤਰ੍ਹਾਂ ਮਨੁੱਖ ਕ੍ਰਿਪਾਨ ਦੀ ਵਰਤੋਂ ਕਰਦਾ ਹੈ। ਅੱਜ ਸਮਾਜ ਵਿੱਚ ਲੜਕੀਆਂ ਆਪਣੀ ਸੁਰੱਖਿਆ ਤੋਂ ਬਿਨਾਂ ਵਿਚਰ ਰਹੀਆਂ ਹਨ, ਜਿਸ ਕਰਕੇ ਉਨ੍ਹਾਂ ਨਾਲ ਬਲਾਤਕਾਰ ਹੋ ਰਹੇ ਹਨ। ਲੜਕੀਆਂ ਆਪਣੇ ਗਲ ਵਿੱਚ ਕ੍ਰਿਪਾਨ ਪਾਉਣ ਤੋਂ ਸ਼ਰਮ ਮਹਿਸੂਸ ਕਰਦੀਆਂ ਹਨ। ਪਰ ਜਦੋਂ ਲੜਕੀਆਂ ਨਾਲ ਬਲਾਤਕਾਰ ਹੁੰਦੇ ਹਨ ਤਾ ਉਨ੍ਹਾਂ ਇੱਜ਼ਤ ਆਬਰੂ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਨੂੰ ਜਿੱਥੇ ਆਪਣੀ ਜ਼ਿੰਦਗੀ ਵਿੱਚ ਸਰੀਰਕ ਅਤੇ ਮਾਨਸਿਕ ਦੁੱਖ ਝੱਲਣੇ ਪੈਂਦੇ ਹਨ, ਉਥੇ ਉਨ੍ਹਾਂ ਦਾ ਖੁਸ਼ੀਆਂ ਭਰਿਆ ਜੀਵਨ ਸਾਰੀ ਉਮਰ ਲਈ ਖ਼ਤਮ ਹੋ ਜਾਂਦਾ ਹੈ। ਲੜਕੀਆਂ ਨੂੰ ਆਪਣੀ ਸੁਰੱਖਿਆ ਲਈ ਖੰਡੇ ਬਾਟੇ ਦੀ ਪਾਹੁਲ ਛਕ ਕੇ ਕ੍ਰਿਪਾਨ ਪਾਉਣੀ ਚਾਹੀਦੀ ਹੈ, ਪਰ ਅੱਜ ਤਤ-ਗੁਰਮਤਿ ਪ੍ਰਵਾਰ ਕ੍ਰਿਪਾਨ ਨੂੰ ਕਰਮਕਾਂਡ ਦੱਸ ਕੇ ਲੜਕੀਆਂ ਦੇ ਰਾਹ ਵਿੱਚ ਕੰਢੇ ਬੀਜ ਰਿਹਾ ਹੈ।
ਕੜਾ: ਸਿੱਖ, ਲੋਹੇ ਦਾ ਸਖ਼ਤ ਕੜਾ ਪਹਿਨਦੇ ਸਨ। ਕੜਾ ਕਈ ਵਾਰੀ ਸਿੱਖ ਲਈ ਸੁਰੱਖਿਆ ਦਾ ਸਾਧਨ ਵੀ ਬਣ ਜਾਂਦਾ ਸੀ। ਕੜਾ ਸਿੱਖ ਨੂੰ ਹਰ ਚੰਗੇ-ਮਾੜੇ ਕਰਮ ਕਰਨ ਸਮੇਂ ਗੁਰੂ ਦੀ ਯਾਦ ਦਿਵਾਉਂਦ ਹੈ। ਇਸ ਤੋਂ ਇਲਾਵਾ ਲੋਹੇ ਦਾ ਕੜਾ ਅਮੀਰ-ਗ਼ਰੀਬ ਦਾ ਭੇਦ-ਭਾਵ ਨੂੰ ਵੀ ਮਿਟਾਉਂਦਾ ਹੈ, ਪਰ ਅੱਜ ਇਹ ਫੈਸ਼ਨ ਬਣ ਗਿਆ ਹੈ ਅਤੇ ਕਈ ਧਾਤਾ ਦੇ ਕੜੇ ਪ੍ਰਚਲਤ ਹੋ ਗਏ ਹਨ। ਤੱਤ ਗੁਰਮਤਿ ਪ੍ਰਵਾਰ ਨੇ ਅੱਜ ਕੜੇ ਨੂੰ ਫ਼ਜ਼ੂਲ ਸਮਝ ਕੇ ਆਪਣੇ ਹੱਥਾਂ ਵਿਚੋਂ ਕੱਢ ਦਿੱਤਾ ਹੈ। ਪਰ ਜੇਕਰ ਕਿਸੇ ਨੂੰ ਕੋਈ ਸੋਨੇ ਦਾ ਮਹਿੰਗਾ ਕੜਾ ਭੇਟ ਕਰ ਦੇਵੇ ਤਾਂ ਉਸ ਨੂੰ ਚਿੰਨ੍ਹ ਜਾਂ ਕਰਮਕਾਂਡ ਦੱਸ ਕੇ ਪਰੇ ਨਹੀਂ ਸੁੱਟਦਾ।
ਕਛਹਿਰਾ: ਨਗਨ ਢਕਣ ਲਈ ਕਛਹਿਰਾ ਇੱਕ ਵਧੀਆ ਪੁਸ਼ਾਕ ਹੈ ਭਾਵੇਂ ਅੱਜ ਕਈ ਤਰ੍ਹਾਂ ਦੇ ਅੰਦਰੂਨੀ ਪਹਿਨਣ ਵਾਲੇ ਕਪੜੇ ਬਜ਼ਾਰ ਵਿੱਚ ਆ ਗਏ ਹਨ ਪਰ ਜੋ ਕਛਹਿਰੇ ਦੀ ਆਪਣੀ ਬਣਤਰ ਹੈ ਉਹ ਰੇਡੀਮੇਡ ਕਪੜਿਆਂ ਦੀ ਨਹੀਂ ਹੈ। ਪੁਰਾਣੇ ਸਮੇਂ ਲੋਕ ਤੇੜ ਦੇ ਦੋ ਹੀ ਕਪੜੇ ਹੁੰਦੇ ਸਨ ਲੰਗੋਟੀ ਅਤੇ ਧੋਤੀ। ਲੰਗੋਟੀ ਅਧਨੰਗਾ ਪਹਿਰਾਵਾ ਸੀ ਜੋ ਇੱਕ ਸਭਿਅਕ ਪ੍ਰਵਾਰ ਵਿੱਚ ਨਹੀਂ ਸੀ ਚਲ ਸਕਦਾ। ਦੂਜਾ ਧੋਤੀ ਪਾ ਕੇ ਸੂਰਬੀਰ ਮੈਦਾਨੇ ਜੰਗ ਵਿੱਚ ਨਹੀਂ ਸੀ ਲੜ ਸਕਦਾ ਕਿਉਂਕਿ ਉਸ ਦੇ ਖੁਲ੍ਹਣ ਅਤੇ ਨੰਗੇਜ ਢਕਣ ਵਿੱਚ ਰੁਕਾਵਟ ਬਣਦਾ ਸੀ।
ਬਹੁਤ ਸਾਰੇ ਸਿੱਖ ਐਸੇ ਵੀ ਹਨ, ਜਿਨ੍ਹਾ ਨੇ ਪਾਹੁਲ ਤਾਂ ਲਈ ਪਰ ਕਛਹਿਰਾ ਜ਼ਰੂਰ ਪਹਿਨਦੇ ਹਨ। ਜਿਹੜੇ ਲੋਕ ਇਹ ਕਹਿੰਦੇ ਹਨ ਕਿ ਅੱਜ ਕਛਹਿਰਾ ਪਹਿਨਣ ਦੀ ਕੋਈ ਲੋੜ ਨਹੀਂ ਹੈ, ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਸਮਾਜ ਵਿੱਚ ਅਜਿੀਹੇ ਲੋਕ ਵੀ ਸ਼ਰੇਆਮ ਦੇਖੇ ਜਾ ਸਕਦੇ ਹਨ ਜੋ ਸਰੀਰ ਨੂੰ ਜ਼ਿਆਦਾ ਢੱਕਣਾ ਪਸੰਦ ਨਹੀਂ ਕਰਦੇ। ਕੱਲ ਨੂੰ ਅਜਿਹੇ ਲੋਕ ਇਹ ਵੀ ਕਹਿਣ ਲੱਗ ਜਾਣਗੇ ਕਿ ਮਨੁੱਖ ਨੂੰ ਕੱਪੜੇ ਪਹਿਨਣ ਦੀ ਵੀ ਕੋਈ ਲੋੜ ਨਹੀਂ ਹੈ।
ਜੇਕਰ ਕੋਈ ਖੰਡੇ-ਬਾਟੇ ਦੀ ਪਾਹੁਲ ਛਕ ਕੇ ਚੰਗੇ ਕੰਮ ਕਰਦਾ ਹੈ ਤਾਂ ਸਮਾਜ ਉਸ ਦੀ ਪ੍ਰਸੰਸਾ ਕਰਦਾ ਹੈ। ਇਸਦੇ ਉਲਟ ਜਿਹੜਾ ਪਾਹੁਲ ਛਕ ਕੇ ਸਮਾਜ ਵਿੱਚ ਰਹਿੰਦਾ ਹੋਇਆ ਸਿੱਖੀ ਸਿਧਾਂਤਾਂ ਤੋਂ ਉਲਟ ਕੰਮ ਕਰਦਾ ਹੈ, ਤਾਂ ਉਸ ਵਿੱਚ ਖੰਡੇ ਬਾਟੇ ਦੀ ਪਾਹੁਲ ਅਤੇ ਪੰਜ ਕਕਾਰਾਂ ਦਾ ਕੀ ਕਸੂਰ ਹੈ? ਅਸਲ ਕਸੂਰ ਕਕਾਰਾਂ ਦਾ ਨਹੀਂ ਸਗੋਂ ਮਨੁੱਖ ਦੇ ਗ਼ਲਤ ਵਿਚਾਰਾਂ ਦਾ ਹੈ। ਕੀ ਜਿਹੜੇ ਸਿੱਖ ਖੰਡੇ-ਬਾਟੇ ਦੀ ਪਾਹੁਲ ਨਹੀਂ ਛਕਦੇ ਅਤੇ ਪੰਜ ਕਕਾਰਾਂ ਦੇ ਧਾਰਨੀ ਨਹੀ, ਕੀ ਉਹ ਸਿੱਖੀ ਸਿਧਾਂਤਾਂ ਤੋਂ ਉਲਟ ਕੰਮ ਨਹੀਂ ਕਰਦੇ, ਕੀ ਉਹ ਸਮਾਜ ਵਿੱਚ ਮਾੜੇ ਕੰਮ ਨਹੀਂ ਕਰਦੇ? ਪੰਜਾਬੀ ਦੀ ਕਹਾਵਤ ਹੈ ਨੱਚਣ ਨਾ ਜਾਣੇ ਫਿੱਟੇ ਮੂੰਹ ਗੋਡਿਆਂ ਦਾ। ਪੰਜ ਕਕਾਰਾਂ ਨੂੰ ਧਾਰਨ ਕਰਨ ਤੋਂ ਮਨ ਤਾਂ ਆਪਣਾ ਬੇਈਮਾਨ ਹੋਵੇ ਤੇ ਕਸੂਰ ਕਕਾਰਾਂ ਦਾ ਕੱਢਣਾ, ਕਿਥੋਂ ਦੀ ਸਿਆਣਪ ਕਹੀ ਜਾ ਸਕਦੀ। ਇਸ ਲਈ ਤੱਤ- ਗੁਰਮਤਿ ਪ੍ਰਵਾਰ ਪੰਜ ਕਕਾਰਾਂ ਨੂੰ ਕਰਮਕਾਂਡ ਜਾਂ ਚਿੰਨ੍ਹ ਸਾਬਤ ਕਰਨ ਦੀ ਥਾਂ ਆਪਣੇ ਗ਼ਲਤ ਵਿਚਾਰਾਂ ਨੂੰ ਠੀਕ ਕਰੇ। ਪਾਹੁਲ ਛਕਣਾ ਅਤੇ ਕਕਾਰਾਂ ਨੂੰ ਧਾਰਨ ਕਰਨਾ ਅੱਜ ਵੀ ਸਿੱਖ ਲਈ ਉੰਨਾ ਜ਼ਰੂਰੀ ਹੈ, ਜਿੰਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸੀ।
ਨੋਟ: ਕਕਾਰਾਂ ਨੂੰ ਧਾਰਨ ਕਰਨ ਤੋਂ ਭਾਵ ਗੁਰੂ ਦੇ ਹੁਕਮਾਂ ਨੂੰ ਮੰਨਣਾ ਹੈ। ਗੁਰੂ ਦਾ ਹੁਕਮ ਮੰਨਣ ਸਮੇਂ ਜਿਹੜਾ ਮਨੁੱਖ ਕਿਸੇ ਲਾਭ ਜਾਂ ਹਾਨੀ ਬਾਰੇ ਸੋਚਦਾ ਹੈ ਜਾਂ ਕੋਈ ਕਿੰਤੂ-ਪ੍ਰੰਤੂ ਕਰਦਾ ਹੈ ਤਾਂ ਉਹ ਮਨੁੱਖ, ਗੁਰੂ ਨਾਲ ਪ੍ਰੇਮ ਨਹੀਂ ਕਰ ਸਕਦਾ।