ਕੈਟੇਗਰੀ

ਤੁਹਾਡੀ ਰਾਇ



ਕਸ਼ਮੀਰਾ ਸਿੰਘ (ਪ੍ਰੋ.) U.S.A.
ਅਰਦਾਸਿ ਅਤੇ ਗੁਰਦੁਆਰਾ ਸ਼੍ਰੀ ਕਰਤਾਰ ਪੁਰ ਲਈ ਲਾਂਘਾ
ਅਰਦਾਸਿ ਅਤੇ ਗੁਰਦੁਆਰਾ ਸ਼੍ਰੀ ਕਰਤਾਰ ਪੁਰ ਲਈ ਲਾਂਘਾ
Page Visitors: 2444

ਅਰਦਾਸਿ ਅਤੇ ਗੁਰਦੁਆਰਾ ਸ਼੍ਰੀ ਕਰਤਾਰ ਪੁਰ ਲਈ ਲਾਂਘਾ
ਕਸ਼ਮੀਰਾ ਸਿੰਘ USA
Definition of corridor: A narrow strip of land through foreign-held territory. A route designated for a specific purpose.
ਸ਼੍ਰੋ. ਕਮੇਟੀ ਵਲੋਂ ਬਣਾਈ ਗਈ ਸਿੱਖ ਰਹਤ ਮਰਯਾਦਾ ਦੇ ਪੰਨਾਂ ਨੰਬਰ 11 ਉੱਤੇ ਸਮਾਪਤ ਹੁੰਦੀ ਅਰਦਾਸਿ ਵਿੱਚ ਲਾਂਘੇ ਨਾਲ਼ ਜੋੜਿਆ ਜਾ ਰਿਹਾ ਇੱਕ ਪਹਿਰਾ ਹੈ ਜੋ ਹੇਠ ਲਿਖੇ ਅਨੁਸਾਰ ਹੈ-
“ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਉ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ਼ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ।”
ਕੀ ਕਰਤਾਰ ਪੁਰ ਲਾਂਘਾ ਖੁੱਲ੍ਹਣ ਨਾਲ਼ ਉੱਪਰੋਕਤ ਪਹਿਰੇ ਵਿੱਚ ਲਿਖੀ ਅਰਦਾਸਿ ਨੂੰ ਸੱਚ ਮੁੱਚ ਬੂਰ ਪੈ ਗਿਆ ਹੈ? ਉੱਪਰੋਕਤ ਪਹਿਰੇ ਨੂੰ ਵਿਚਾਰਨ ਨਾਲ਼ ਹੇਠ ਲਿਖੇ ਸਿੱਟੇ ਨਿਕਲ਼ਦੇ ਹਨ:
1. ਗੁਰਧਾਮਾਂ ਤੋਂ ਕਿੱਸ ਨੇ ਵਿਛੋੜਿਆ?
ਲਿਖੇ ਪਹਿਰੇ ਅਨੁਸਾਰ ਲੱਗਦਾ ਹੈ ਕਿ ਅਕਾਲਪੁਰਖ ਨੇ ਸਿੱਖਾਂ ਨੂੰ ਗੁਰਧਾਮਾਂ ਤੋਂ ਆਪ ਹੀ ਵਿਛੋੜਿਆ ਹੈ ਕਿਉਂਕਿ ਵਿਛੋੜਨ ਵਾਲ਼ੇ ਦਾ ਹੋਰ ਕੋਈ ਨਾਂ ਨਹੀਂ ਹੈ ਅਤੇ ਵਿਛੋੜੇ ਦਾ ਸੱਲ ਵੀ ਅਕਾਲਪੁਰਖ ਅੱਗੇ ਹੀ ਪ੍ਰਗਟ ਕੀਤਾ ਗਿਆ ਹੈ । ਅਸਲ ਵਿੱਚ ਗੁਰਧਾਮਾਂ ਤੋਂ ਸਿੱਖਾਂ ਨੂੰ ਵਿਛੋੜਨ ਵਾਲ਼ੇ ਉਸ ਸਮੇਂ ਦੇ ਰਾਜਨੀਤਕ ਅਤੇ ਧਾਰਮਿਕ ਆਗੂ ਸਨ ਜਿਨ੍ਹਾਂ ਨੇ ਸੰਨ 1947 ਵਿੱਚ ਦੇਸ਼ ਦੇ ਦੋ ਟੋਟੇ ਕਰਵਾਏ ਅਤੇ ਸਿੱਖ ਆਗੂ ਇਸ ਸਥਿੱਤੀ ਨਾਲ਼ ਨਿਪਟਣ ਵਿੱਚ ਅਸਫ਼ਲ ਰਹਿ ਕੇ ਨਾ ਤਾਂ ਅੰਗ੍ਰੇਜ਼ਾਂ ਤੋਂ ਆਪਣਾ ਖੋਹਿਆ ਵੱਖਰਾ ਸਿੱਖ ਆਜ਼ਾਦ ਰਾਜ ਵਾਪਸ ਲੈ ਸਕੇ ਅਤੇ ਨਾ ਹੀ ਆਪਣੇ ਗੁਰਧਾਮ ਆਪਣੇ ਕੋਲ਼ ਰੱਖ ਸਕੇ । ਅਰਦਾਸਿ ਵਿੱਚ ਵਿਛੋੜੇ ਹੋਏ ਗੁਰਧਾਮਾਂ ਦੀ ਸੇਵਾ ਸੰਭਾਲ਼ ਦੀ ਮੰਗ ਸ਼ਾਮਲ ਕਰ ਕੇ ਹੀ ਸਬਰ ਕਰਨਾ ਪਿਆ ।
2. ਖੁੱਲ੍ਹੇ ਦਰਸ਼ਨ ਦੀਦਾਰ ਕੀ ਹਨ?
ਦਰਸ਼ਨ ਦੀਦਾਰ ਤਾਂ ਹੋਏ ਪਰ ਖੁੱਲ੍ਹੇ ਸ਼ਬਦ ਦਾ ਕੀ ਅਰਥ ਲਿਆ ਜਾਵੇ? ਕੀ ਖੁੱਲ੍ਹੇ ਸ਼ਬਦ ਦਾ ਅਰਥ ਹਰ ਸਮੇਂ ਜਾਂ ਰੋਜ਼ਾਨਾ ਕੀਤੇ ਜਾਣ ਵਾਲ਼ੇ ਜਾਂ ਲੰਬਾ ਸਮਾਂ ਬੈਠ ਕੇ ਕੀਤੇ ਦਰਸ਼ਨਾਂ ਤੋਂ ਹੈ? ਇਹੋ ਜਿਹੇ ਖੁੱਲ੍ਹੇ ਦਰਸ਼ਨ ਤਾਂ ਕਰਤਾਰ ਪੁਰ ਦੇ ਗੁਰਦੁਆਰਾ ਸਾਹਿਬ ਦੇ ਵੀ ਨਹੀਂ ਹੋ ਸਕਦੇ ਕਿਉਂਕਿ ਸਮੇਂ ਦੀ ਪਾਬੰਦੀ ਹੈ । ਇਹੋ ਜਿਹੇ ਖੁੱਲ੍ਹੇ ਦਰਸ਼ਨ ਦੀਦਾਰ ਤਾਂ ਭਾਰਤ ਵਿੱਚ ਬਣੇ ਗੁਰਧਾਮਾਂ ਦੇ ਵੀ ਹਰ ਕਿਸੇ ਵਲੋਂ ਨਹੀਂ ਕੀਤੇ ਜਾ ਰਹੇ, ਵਿਛੋੜੇ ਗਇਆਂ ਦੀ ਤਾਂ ਗੱਲ ਹੀ ਦੂਰ ਦੀ ਹੈ । ਜੇ ਖੁੱਲ੍ਹੇ ਦਰਸ਼ਨਾਂ ਦਾ ਅਰਥ ਮੱਥਾ ਹੀ ਟੇਕਣਾ ਹੈ ਤਾਂ ਭਾਰਤ ਵਿੱਚੋਂ ਸ਼ਰਧਾਲੂ ਵੀਜ਼ਾ ਲੈ ਕੇ ਜਦੋਂ ਮਰਜ਼ੀ ਜਾ ਕੇ ਇਹ ਕੰਮ ਕਰ ਸਕਦੇ ਹਨ, ਨਾਲ਼ੇ ਹਰ ਸਾਲ ਸ਼ਰਧਾਲੂ ਜਥੇ ਬਣਾ ਕੇ ਜਾ ਕੇ ਮੱਥਾ ਟੇਕਦੇ ਵੀ ਹਨ । ਫਿਰ ਹੋਰ ਕਿਹੜੇ ਖੁਲ੍ਹੇ ਦਰਸ਼ਨਾਂ ਦੀ ਗੱਲ ਹੈ? ਭਾਰਤ ਵਿੱਚ ਜਿੰਨੇ ਇਤਿਹਾਸਕ ਗੁਰਦੁਆਰੇ ਹਨ ਕੀ ਸਾਰੇ ਸ਼ਰਧਾਲੂ ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਹਰ ਰੋਜ਼ ਜਾ ਰਹੇ ਹਨ? ਕੀ ਅਜਿਹੇ ਖੁੱਲ੍ਹੇ ਦਰਸ਼ਨ ਦੀਦਾਰ ਕਰਨੇ ਹਰ ਇੱਕ ਲਈ ਭਾਰਤ ਵਿੱਚ ਹੀ ਸੰਭਵ ਹਨ?
3. ਸੇਵਾ ਸੰਭਾਲ਼ ਕੌਣ ਕਰ ਰਿਹਾ ਹੈ?
ਵਿਛੋੜੇ ਗਏ ਗੁਰਧਾਮਾਂ ਦੀ ਸੇਵਾ ਸੰਭਾਲ਼ ਲਈ ਕਮੇਟੀਆਂ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਖ਼ਾਲਸੇ ਵੀ ਸ਼ਾਮਲ ਹਨ । ਜਿਹੜੇ ਗੁਰਧਾਮ ਨਹੀਂ ਵਿਛੋੜੇ ਗਏ ਕੀ ਉਨ੍ਹਾਂ ਦਾ ਪ੍ਰਬੰਧ ਖ਼ਾਲਸੇ ਦੀਆਂ ਰਹੁ ਰੀਤਾਂ ਅਨੁਸਾਰ ਠੀਕ ਹੋ ਰਿਹਾ ਹੈ?
ਕਈ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਇੱਕ ਅੱਧ ਹੀ ਖ਼ਾਲਸਾ ਹੀ ਹੰਦਾ ਹੈ । ਕੀ ਖੁਲ੍ਹੇ ਦਰਸ਼ਨਾਂ ਵਾਲ਼ੇ ਅਸਥਾਨਾਂ ਵਿੱਚ ਜਿੱਥੇ ਖ਼ਾਲਸੇ ਗੁਰਧਾਮਾਂ ਦੇ ਪ੍ਰਬੰਧਕ ਵੀ ਹਨ, ਓਥੇ ਮਨਮਤਾਂ ਨਹੀਂ ਹੋ ਰਹੀਆਂ?
ਗੁਰੂ ਪਾਤਿਸ਼ਾਹਾਂ ਦੀਆਂ ਫੋਟੋਆਂ ਦੀ ਪੂਜਾ ਨਹੀਂ ਹੋ ਰਹੀ?
ਕੀ ਓਥੇ ਗੁਰੂ ਜੀ ਨੂੰ ਮੂਰਤੀ ਸਮਝ ਕੇ ਥਾਲ ਵਿੱਚ ਦੀਵੇ ਘੁਮਾ ਕੇ ਆਰਤੀ ਨਹੀਂ ਹੁੰਦੀ?
ਕੀ ਓਥੇ ਕੋਈ ਸੁਧਾਰ ਦਾ ਜੁੰਮਾ ਲੈ ਰਿਹਾ ਹੈ?
ਫਿਰ ਸੇਵਾ ਸੰਭਾਲ਼ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ ਦਾ ਕੀ ਅਰਥ ਹੋਇਆ?
4. ਵਿਛੋੜੇ ਗਏ ਕਿਹੜੇ ਗੁਰਧਾਮਾਂ ਲਈ ਅਰਦਾਸਿ ਕੀਤੀ ਗਈ ਹੈ?
ਅਰਦਾਸਿ ਵਿੱਚ ਵਿਛੋੜੇ ਗਏ ਗੁਰਧਾਮਾਂ ਵਿੱਚ ‘ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ’ ਸ਼ਬਦ ਲਿਖੇ ਗਏ ਹਨ ਜਿਸ ਦਾ ਅਰਥ ਭਾਰਤ ਤੋਂ ਬਾਹਰ ਰਹਿ ਗਏ ਸਾਰੇ ਗੁਰਦਆਿਰਿਆਂ ਤੋਂ ਹੈ ਅਤੇ ਇਕੱਲੇ ਸ਼੍ਰੀ ਕਰਤਾਰ ਪੁਰ ਦੇ ਗੁਰਦੁਆਰਾ ਸਾਹਿਬ ਤੋਂ ਨਹੀਂ ਹੈ ।
5. ਕੀ ਬਣੇ ਲਾਂਘੇ ਰਾਹੀਂ ਸਾਰੇ ਵਿੱਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਸ਼ਾਮਲ ਹਨ?
ਕੇਵਲ ਸ਼੍ਰੀ ਕਰਤਾਰ ਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨਾਲ਼, ਕੀ ਸਾਰੇ ਗੁਰਧਾਮਾਂ ਦਾ ਪ੍ਰਬੰਧ ਖ਼ਾਲਸੇ ਨੂੰ ਮਿਲ਼ ਗਿਆ ਹੈ? ਕੀ ਸਾਰੇ ਵਿਛੋੜੇ ਗੁਰਧਾਮਾਂ ਦੇ ਦਰਸ਼ਨ ਲਾਂਘੇ ਨਾਲ਼ ਹੋਣ ਲੱਗ ਪਏ ਹਨ?
ਲਾਂਘੇ ਰਾਹੀਂ ਤਾਂ ਸਾਰੇ ਕਰਤਾਰ ਪੁਰ ਵਿੱਚ ਵੀ ਨਹੀਂ ਜਾਇਆ ਜਾ ਸਕਦਾ ਕਿਉਂਕਿ ਪਾਬੰਦੀਆਂ ਕਾਇਮ ਹਨ । ਫਿਰ ਇੱਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨਾਲ਼ ਅਰਦਾਸਿ ਨੂੰ ਬੂਰ ਕਿਵੇਂ ਪੈ ਗਿਆ ਹੈ?
6. ਲਾਂਘਾ ਬੰਦ ਹੋਣ 'ਤੇ ਅਰਦਾਸਿ ਦੇ ਬੂਰ ਦਾ ਕੀ ਬਣੇਗਾ?
ਇਹ ਲਾਂਘਾ ਬੰਦ ਹੋਣ ਨਾਲ਼ ਸਮਝੇ ਜਾਂਦੇ ਅਰਦਾਸਿ ਨੂੰ ਪਏ ਬੂਰ ਦਾ ਕੀ ਬਣੇਗਾ? ਹੁਕਮਰਾਨ ਸਦਾ ਓਹੀ ਨਹੀਂ ਰਹਿੰਦੇ । ਅੱਜ ਇਮਰਾਨ ਖ਼ਾਨ ਨੇ ਲਾਂਘਾ ਖੋਲ੍ਹਿਆ ਹੈ ਭਲ਼ਕ ਨੂੰ ਕੋਈ ਹੋਰ ਹੁਕਮਰਾਨ ਸ਼ਕਤੀਸ਼ਾਲੀ ਅਤਿਵਾਦੀ ਜਥੇਬੰਦੀਆਂ ਦੇ ਦਬਾਅ ਹੇਠ ਆ ਕੇ ਲਾਂਘਾ ਬੰਦ ਵੀ ਕਰ ਸਕਦਾ ਹੈ । ਜਿਸ ਨੇ ਲਾਂਘਾ ਦਿੱਤਾ ਹੈ ਉਹ ਇਸ ਨੂੰ ਬਦਲਦੇ ਹਾਲਾਤ ਅਨੁਸਾਰ ਬੰਦ ਵੀ ਕਰ ਸਕਦਾ ਹੈ ਕਿਉਂਕਿ ਉਹ ਜ਼ਮੀਨ ਦਾ ਮਾਲਕ ਹੈ । ਫਿਰ ਨਵੀਂ ਅਰਦਾਸਿ ਕਿਹੜੀ ਹੋਵੇਗੀ?
7 ਅਰਦਾਸਿ ਦਾ ਸਮਾਂ:
ਕੀ ਅੱਗੇ ਤੋਂ ਸਿੱਖ ਆਪਣੇ ਵਾਸਤੇ ਕੀਤੀਆਂ/ਕਰਵਾਈਆਂ ਅਰਦਾਸਾਂ ਨੂੰ ਬੂਰ ਪੈਂਦਾ ਦੇਖਣ ਲਈ 70-72 ਸਾਲ ਉਡੀਕ ਕਰਿਆ ਕਰਨਗੇ? ਕੀ ਅਰਦਾਸਿ ਦਾ ਅਸਰ ਸੱਚ ਮੁੱਚ ਹੀ 72 ਸਾਲਾਂ ਬਾਅਦ ਹੁੰਦਾ ਹੈ । ਕੀ ਅਰਦਾਸਿ ਨੂੰ ਲਾਂਘੇ ਨਾਲ਼ ਜੋੜਨਾ ਜ਼ਰੂਰੀ ਹੈ?
8 ਕੀ ਹੁਣ ਧੰਨਵਾਦ ਦੀ ਅਰਦਾਸਿ ਹੋਇਆ ਕਰੇਗੀ?
ਲੋਕਾਂ ਦੇ ਕਹਿਣ 'ਤੇ ਜੇ ਅਰਦਾਸਿ ਨੂੰ ਸੱਚ ਮੁੱਚ ਹੀ ਬੂਰ ਪਿਆ ਹੈ ਤਾਂ ਕੀ ਸਿੱਖ ਰਹਤ ਮਰਯਾਦਾ ਵਿੱਚ ਲਿਖਿਆ, ਲੇਖ ਦੇ ਸ਼ੁਰੂ ਵਿੱਚ ਲਿਖਿਆ, ਇੱਕ ਪਹਿਰਾ ਬਦਲ ਕੇ ਲਿਖਿਆ ਜਾਵੇਗਾ ਕਿ ਹੇ ਅਕਾਲਪੁਰਖ ਜੀ ਤੁਸੀਂ ਸਿੱਖਾਂ ਦੇ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਬਖ਼ਸ਼ ਦਿੱਤੇ ਹਨ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ? ਅਜੇ ਤਾਂ ਬਹੁਤ ਸਾਰੇ ਵਿਛੋੜੇ ਗੁਰਧਾਮਾਂ ਤਕ ਸਿੱਖਾਂ ਦੀ ਪਹੁੰਚ ਹੀ ਨਹੀਂ ਹੋਈ ।
9). ਬਾਬਾ ਨਾਨਕ ਹੁਣ ਕਿੱਥੇ ਹਨ?
ਕੀ ਬਾਬਾ ਨਾਨਕ ਕੇਵਲ ਸ਼੍ਰੀ ਕਰਤਾਰ ਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਹੀ ਹਾਜ਼ਰ ਹਨ? ਬਾਬਾ ਨਾਨਕ ਤਾਂ ਪਾਰਬ੍ਰਹਮ ਪੂਰਨ ਬ੍ਰਹਮ ਵਿੱਚ ਲੀਨ ਹੋ ਚੁੱਕੇ ਹਨ । ਹਰ ਘਰ ਵਿੱਚ ਬਾਬਾ ਨਾਨਕ ਹੈ, ਹਰ ਮਨ ਵਿੱਚ ਬਾਬਾ ਨਾਨਕ ਹੈ, ਬਸ ਬਾਣੀ ਰਾਹੀਂ ਰਾਬਤਾ ਕਾਇਮ ਕਰਨ ਦੀ ਹੀ ਲੋੜ ਹੈ । ਉਹ ਸਾਨੂੰ ਬਾਣੀ ਵਿੱਚ ਦਿੱਤੇ ਉਪਦੇਸ਼ ਨਾਲ਼ ਜੋੜ ਕੇ ਗਏ ਹਨ, ਸ਼ਰੀਰ ਜਾਂ ਇਮਾਰਤਾਂ ਨਾਲ਼ ਨਹੀਂ । ਜਿੱਥੇ ਵੀ ਕੋਈ ਬਾਬਾ ਨਾਨਕ ਦੀ ਬਾਣੀ ਨੂੰ ਅਰਥ ਵਿਚਾਰ ਸਹਿਤ ਪੜ੍ਹਦਾ ਹੈ ਓਥੇ ਹੀ ਉਹ ਮਾਨੋ ਬਾਬਾ ਨਾਨਕ ਤੋਂ ਹੀ ਉਪਦੇਸ਼ ਸੁਣ ਰਿਹਾ ਹੈ । ਬਾਬਾ ਨਾਨਕ ਨੇ ਸਿੱਖਾਂ ਨੂੰ ਇਮਾਰਤਾਂ ਜਾਂ ਤੀਰਥਾਂ ਨਾਲ਼ ਨਹੀਂ ਜੋੜਿਆ ਕਿਉਂਕਿ ਬਾਬਾ ਨਾਨਕ ਨਾਲ਼ੋਂ ਇਨ੍ਹਾਂ ਵਿੱਚੋਂ ਕੋਈ ਵੀ ਵੱਡਾ ਨਹੀਂ ਹੈ । ਕੀ ਤੀਰਥ ਵੱਡੇ ਹੁੰਦੇ ਕਿ ਤੀਰਥਾਂ ਨੂੰ ਪੈਦਾ ਕਰਨ ਵਾਲ਼ੇ ਵੱਡੇ ਹੁੰਦੇ ਹਨ? ਗੁਰਬਾਣੀ ਦਾ ਇੱਕ ਵਾਕ ਹੀ ਇਹ ਪ੍ਰਸ਼ਨ ਕਰ ਕੇ ਉਸ ਦਾ ਉਤਰ ਵਿੱਚੇ ਹੀ ਦੇ ਗਿਆ ਹੈ । ਖੋਜੋ ਇਹ ਵਾਕ ਹੇਠ ਲਿਖੇ ਸੰਬੰਧਤ ਸ਼ਬਦ ਵਿੱਚੋਂ-
ਗਉੜੀ ॥ ਝਗਰਾ ਏਕੁ ਨਿਬੇਰਹੁ ਰਾਮ ॥ ਜਉ ਤੁਮ ਅਪਨੇ ਜਨ ਸੌ ਕਾਮੁ ॥1॥ ਰਹਾਉ ॥
ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥ ਰਾਮੁ ਬਡਾ ਕੈ ਰਾਮਹਿ ਜਾਨਿਆ ॥1॥
ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ ਬੇਦੁ ਬਡਾ ਕਿ ਜਹਾਂ ਤੇ ਆਇਆ ॥2॥
ਕਹਿ ਕਬੀਰ ਹਉ ਭਇਆ ਉਦਾਸੁ ॥ ਤੀਰਥੁ ਬਡਾ ਕਿ ਹਰਿ ਕਾ ਦਾਸੁ
॥3॥42॥
ਅਰਥ: - ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ ਤਾਂ) ਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ)
।1।ਰਹਾਉ। ਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)? ਕੀ ਪਰਮਾਤਮਾ ਸਤਕਾਰ-ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ-ਜੋਗ ਉਹ ਹੈ), ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ?
।1। ਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ? ਕੀ ਵੇਦ (ਆਦਿਕ ਧਰਮ-ਪੁਸਤਕਾਂ ਦਾ ਗਿਆਨ) ਸਿਰ-ਨਿਵਾਉਣ-ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ?
।2। ਕਬੀਰ ਆਖਦਾ ਹੈ-ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ ਕਿ ਤੀਰਥ (ਧਰਮ-ਅਸਥਾਨ) ਪੂਜਣ-ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ-ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ।3।42।
ਨੋਟ:- ਇਸ ਸ਼ਬਦ ਦੀ ਰਾਹੀਂ ਕਬੀਰ ਜੀ ਨੇ ਧਾਰਮਿਕ ਰਸਤੇ ਵਿਚ ਵਾਪਰਨ ਵਾਲੇ ਕਈ ਭੁਲੇਖੇ ਦੂਰ ਕੀਤੇ ਹਨ-
(1) ‘ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ’-ਇਹ ਖ਼ਿਆਲ ਹਉਮੈ ਵਲ ਲੈ ਜਾਂਦਾ ਹੈ । ਇਸ ‘ਮੈਂ’ ਨੂੰ, ਇਸ ‘ਮਨ’ ਨੂੰ ਬੇਅੰਤ ਪ੍ਰਭੂ ਵਿਚ ਲੀਨ ਕਰਨਾ ਹੀ ਸਹੀ ਰਸਤਾ ਹੈ ।
(2) ਪ੍ਰਭੂ ਨਾਲ ਮਿਲਾਪ ਤਦੋਂ ਹੀ ਸੰਭਵ ਹੋ ਸਕੇਗਾ ਜੇ ਸਤਿਗੁਰੂ ਅੱਗੇ ਆਪਾ ਵਾਰਿਆ ਜਾਏ ।
(3) ਸਭ ਦੇਵਤਿਆਂ ਦਾ ਸਿਰਤਾਜ ਸਿਰਜਣ-ਹਾਰ ਪ੍ਰਭੂ ਆਪ ਹੀ ਹੈ ।
(4) ਨਿਰਾ ‘ਗਿਆਨ’ ਕਾਫ਼ੀ ਨਹੀਂ, ਗਿਆਨ-ਦਾਤੇ ਸਤਿਗੁਰੂ ਨਾਲ ਪਿਆਰ ਬਣਾਉਣਾ ਜ਼ਰੂਰੀ ਹੈ ।
(5) ਅਸਲੀ ਤੀਰਥ ‘ਸਤਿਗੁਰੂ’ ਹੈ । ਅਸਲ ਸ਼ਿਰੋਮਣੀ ਵਿਚਾਰ, ਮੁੱਖ-ਭਾਵ, ਸ਼ਬਦ ਦੀ ਅਖ਼ੀਰਲੀ ਤੁਕ ਵਿਚ ਹੈ ।
 ਸ਼ਬਦ ਦਾ ਭਾਵ:- ਅਸਲ ਤੀਰਥ ‘ਸਤਿਗੁਰੂ’ ਹੈ, ਜਿਸ ਨਾਲ ਪਿਆਰ ਕਰਨ ਦਾ ਸਦਕਾ ਉਹ ਗਿਆਨ ਪ੍ਰਾਪਤ ਹੁੰਦਾ ਹੈ ਜੋ ਪ੍ਰਭੂ ਵਿਚ ਜੋੜ ਦੇਂਦਾ ਹੈ ।42। (ਅਰਥ-ਗੁਰੂ ਗ੍ਰੰਥ ਸਾਹਿਬ ਦਰਪਣ ਅਨੁਸਾਰ)
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.