ਸੁਲਤਾਨੁ ਪੂਛੈ ਸੁਨੁ ਬੇ ਨਾਮਾ
ਇਹ ਪੰਕਤੀ ਭਗਤ ਨਾਮਦੇਵ ਜੀ ਦੇ ਭੈਰਉ ਰਾਗ ਦੇ ਸ਼ਬਦ ਨੰ: ॥28॥1॥10॥ ਦੀ ਹੈ-ਪੰਨਾ ਨੰ: 1165॥ ਕੁਝ ਸਿੱਖ ਵੈਬ ਸਾਈਟਾਂ ਤੇ ਇਸ ਸ਼ਬਦ ਦੇ ਅਰਥਾਂ ਤੇ ਹੋ ਰਹੀ ਚਰਚਾ ਮੇਰੇ ਪੜ੍ਹਣ ਵਿੱਚ ਆਈ ਹੈ।
“ਸੁਲਤਾਨੁ ਪੂਛੈ ਸੁਨੁ ਬੇ ਨਾਮਾ॥ ਦੇਖਉ ਰਾਮ ਤੁਮ੍ਹਾਰੇ ਕਾਮਾ॥1॥
ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ॥1॥ਰਹਾਉ॥”
ਇਕ ਵਿਆਖਿਆਕਾਰ ਦੁਆਰਾ ਇਨ੍ਹਾਂ ਪੰਕਤੀਆਂ ਦੇ ਕੀਤੇ ਅਰਥ ਇੱਕ ਸਿੱਖ ਵੈਬ ਸਾਈਟ ਤੇ ਇਹ ਤਰ੍ਹਾਂ ਛਪੇ ਹਨ:- “ਉਸ ਦੀ ਰਜ਼ਾ (ਹੁਕਮ) ਨਾਲੋਂ ਟੁਟ ਕੇ ਬੇਨਾਮਾ, ਅਗਿਆਨਤਾ ਵੱਸ ਉਸ ਦੀ ਰਜ਼ਾ ਦੇ ਉਲਟ ਮਨੁੱਖ ਦੀ ਨਿਤ ਦੀ ਕਰਨੀ ਹੈ, ਉਸ ਦੀ ਕਰਨੀ ਤੇ ਸੁਲਤਾਨ, ਰਾਮ, ਵਾਹਿਗੁਰੂ ਨਜ਼ਰਸਾਨੀ ਕਰ ਰਿਹਾ ਹੈ।
ਇਹ ਸੁਣੋ ਇਹ ਤਾਂ ਕਹਿੰਦੇ ਹੋ ਕਿ ਇਕ ਦਿਨ ਸੁਲਤਾਨ ਵਾਹਿਗੁਰੂ ਵਲੋਂ (ਪੂਛੈ)ਪੁਛਿਆ ਜਾਣਾ ਹੈ। ਜਦੋਂ ਕੋਈ ਵੀ ਮਨੁੱਖ ਆਪਣੇ ਆਪ ਨੂੰ ਉਸ ਸੁਲਤਾਨ ਦੀ ਰਜ਼ਾ(ਹੁਕਮ) ਵਿੱਚ ਬਨ੍ਹ ਲੈਂਦਾ ਹੈ ਤਾਂ ਉਸ ਉੱਤੇ ਸੁਲਤਾਨ ਦੀ ਬਖਸ਼ਿਸ਼ ਰੂਪ ਹੋ ਜਾਂਦੀ ਹੈ। ਰਜ਼ਾ ਵਿੱਚ ਆਉਣ ਵਾਲਿਆ ਨੂੰ ਬਖਸ਼ਿਸ਼ ਦੀ ਨਦਰ ਕਰਕੇ ਅੰਗੀਕਾਰ ਕਰ
ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ। ਇਹ ਉਸ ਦਾ ਸੁਭਾਵ ਹੈ।”
‘ਬੇ ਨਾਮਾ’ ਦੇ ਅਰਥ ਇਸ ਵਿਆਖਿਆਕਾਰ ਨੇ ‘ਨਾਮ ਤੋਂ ਬਗੈਰ, ਅਗਿਆਨੀ ਅੰਧਾ, ਪ੍ਰਭੂ ਦੀ ਰਜ਼ਾ ਤੋਂ ਟੁਟਿਆ ਹੋਇਆ ਮਨੁੱਖ ਕੀਤੇ ਹਨ’।
ਗੁਰਬਾਣੀ ਦੇ ਸਹੀ ਅਰਥ ਕਰਨ ਲਈ ਗੁਰਬਾਣੀ ਵਿਆਕਰਣ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ।ਸ਼ਬਦ ਵਿੱਚ ਆਏ ਲਫ਼ਜ਼ਾਂ ਦੇ ਅਰਥ ਗੁਰਬਾਣੀ ਵਿਆਕਰਣ ਅਨੁਸਾਰ ਮੈਂ ਥੱਲੇ ਲਿਖ ਰਿਹਾ ਹਾਂ:-
1. ਪੂਛੈ-ਕ੍ਰਿਆ ਧਾਤੂ ਦੇ ਅੰਤ ਤੇ ਜਦ ( ੈ) ਲਗ ਜਾਂਦੀਆਂ ਹਨ ਤਾਂ ਇਹ ‘ਵਰਤਮਾਨ ਕਾਲ, ਅੱਨ ਪੁਰਖ, ਇਕ ਵਚਨ’ ਕ੍ਰਿਆ ਬਣ ਜਾਂਦੀ ਹੈ। ‘ਪੂਛ’ ਤੇ ‘ ੈ’ ਲਗਣ ਨਾਲ ‘ਪੂਛੈ’ ਦੇ ਅਰਥ ‘ਪੁਛਦਾ ਹੈ’ ਬਣਦੇ ਹਨ। 2. ਸੁਨੁ-ਕ੍ਰਿਆ ਧਾਤੂ ਦੇ ਅੰਤ ਤੇ ਜਦ ( ੁ) ਲਗ ਜਾਂਦਾ ਹੈ ਤਾਂ ਇਹ ‘ ਹੁਕਮੀ ਭਵਿੱਖਤ, ਮੱਧਮ ਪੁਰਖ, ਇਕ ਵਚਨ’ ਕ੍ਰਿਆ ਬਣ ਜਾਂਦੀ ਹੈ। ‘ਸੁਨ’ ਦਾ ਅੰਤ ਤੇ ( ੁ ) ਲਗਣ ਨਾਲ ‘ ਸੁਨੁ’ ਦੇ ਅਰਥ ‘ਸੁਣ’ ਬਣਦੇ ਹਨ।
3. ਦੇਖਉ-ਕ੍ਰਿਆ ਧਾਤੂ ਦੇ ਅੰਤ ਤੇ ਜਦ ‘ਉ’ ਲਗ ਜਾਂਦਾ ਹੈ ਤਾਂ ਇਹ ‘ਵਰਤਮਾਨ ਕ੍ਰਿਆ, ਉੱਤਮ ਪੁਰਖ, ਇਕ ਵਚਨ’ ਕ੍ਰਿਆ ਬਣ ਜਾਂਦੀ ਹੈ। ‘ਦੇਖ’ ਦੇ ਅੰਤ ਤੇ ‘ਉ’ ਲਗਣ ਨਾਲ ‘ਦੇਖਉ’ ਦੇ ਅਰਥ ‘ਮੈਂ ਦੇਖਣਾ ਚਾਹੁੰਦਾ ਹਾਂ’ ਬਣਦੇ ਹਨ। 4. ਬਾਧਿਲਾ-ਮਰਾਠੀ ਬੋਲੀ ’ਚ ਕ੍ਰਿਆ ਦੇ ਅੰਤ ਤੇ ‘ਲਾ’ ਵਰਤਣ ਨਾਲ ਕ੍ਰਿਆ ‘ਭੂਤ ਕਾਲ, ਅੱਨ ਪੁਰਖ, ਇਕ ਵਚਨ’ ਦਾ ਕੰਮ ਦੇਂਦੀ ਹੈ, ਜਿਵੇਂ ‘ਬਾਧਿ’ ਤੋਂ ‘ਬਾਧਿਲਾ’ ਜਿਸ ਦੇ ਅਰਥ ਹਨ ‘ਬੰਨ੍ਹ ਲਿਆ’। (ਭਗਤ ਨਾਮਦੇਵ ਜੀ ਮਰਾਠੀ ਸਨ)।
5. ਸੁਲਤਾਨੇ-‘ਸੁਲਤਾਨ’ ਨਾਂਵ ਦੇ ਅੰਤ ਤੇ ‘ ੇ ’ ਲਗਣ ਨਾਲ ‘ਸੁਲਤਾਨੇ’ ਦੇ ਅਰਥ ‘ਸੁਲਤਾਨ ਨੇ’ ਬਣ ਜਾਂਦੇ ਹਨ।
6. ਬੇ ਨਾਮਾ-ਜਿਨ੍ਹਾਂ ਨੂੰ ਯੂ. ਪੀ., ਬਿਹਾਰ ਵਿੱਚ ਰਹਿਣ ਦਾ ਮੌਕਾ ਮਿਲਿਆ ਹੈ, ਉਹ ਜਾਣਦੇ ਹੋਣਗੇ ਕਿ ਨੌਕਰ ਨੂੰ ਮਾਲਕ ਕਈ ਵਾਰੀ ਇਸਤਰ੍ਹਾਂ ਆਵਾਜ਼ ਮਾਰਦਾ ਹੈ ‘ਸੁਣ ਬੇ ਕੱਲੂਆ’ (ਕੱਲੂ ਨੌਕਰ ਦਾ ਨਾਮ)।
ਮੈਂ ਆਪਣੇ ਮਕਾਨ ਨੂੰ ਰੰਗ ਰੋਗਨ ਕਰਵਾ ਰਹਿਆ ਸੀ। ਕਾਰੀਗਰ ਯੂ. ਪੀ. ਦਾ ਮੁਸਲਮਾਨ ਸੀ। ਉਸ ਦੇ ਨਾਲ ‘ਹਾਸ਼ਮ’ ਨਾਮ ਦਾ ਇੱਕ ਉਸ ਦਾ ਹੈਲਪਰ ਸੀ। ਕਾਰੀਗਰ ਆਪਣੇ ਹੈਲਪਰ ਨੂੰ ਹਮੇਸ਼ਾ ਇਸਤਰ੍ਹਾਂ ਆਵਾਜ਼ ਮਾਰਦਾ ਸੀ ‘ ਸੁਣ ਬੇ ਹਾਸ਼ਮਾ’। ‘ਬੇ’ ਦੇ ਅਰਥ ਹਨ ‘ਓਏ / ਹੇ’। ਬੇ ਨਾਮਾ = ਓਏ ਨਾਮਾ, ਹੇ ਨਾਮਾ।
ਗੁਰਬਾਣੀ ਵਿਆਕਰਣ ਅਨੁਸਾਰ ਭਗਤ ਨਾਮਦੇਵ ਜੀ ਦੇ ਸ਼ਬਦ ਦੀਆਂ ਪੰਕਤੀਆਂ ਦੇ ਅਰਥ ਇਹ ਬਣਦੇ ਹਨ:- ਬਾਦਸ਼ਾਹ ਪੁਛਦਾ ਹੈ- ਹੇ ਨਾਮਾ! ਸੁਣ, ਮੈਂ ਤੇਰੇ ਰਾਮ ਦੇ ਕੰਮ ਵੇਖਣਾ ਚਾਹੁੰਦਾ ਹਾਂ ॥1॥
ਬਾਦਸ਼ਾਹ ਨੇ ਨਾਮੇ ਨੂੰ ਬੰਨ੍ਹ ਲਿਆ, (ਤੇ ਆਖਣ ਲਗਾ) ਮੈਂ ਤੇਰਾ ਹਰੀ, ਬੀਠੁਲ ਵੇਖਣਾ ਚਾਹੁੰਦਾ ਹਾਂ॥1॥ ਰਹਾਉ॥
ਸੁਲਤਾਨ = ਬਾਦਸ਼ਾਹ , ਬੀਠੁਲ = ਮਾਇਆ ਤੋਂ ਰਹਿਤ, ਪ੍ਰਭੂ।
ਪਾਠਕ ਆਪ ਵਿਚਾਰ ਕਰ ਲੈਣ ਕਿ ਕੀ ਇਹ ਅਰਥ ਠੀਕ ਹਨ ਜਾਂ ਊਪਰ ਲਿਖੇ ਵਿਆਖਿਕਾਰ ਜੀ ਦੇ ਅਰਥ। ਮੇਰੇ ਵਿਚਾਰ ਵਿੱਚ ਊਪਰ ਲਿਖੇ ਵਿਆਖਿਕਾਰ ਜੀ ਦੇ ਅਰਥ ਠੀਕ ਨਹੀਂ ਹਨ।
ਭਗਤ ਨਾਮਦੇਵ ਜੀ ਦੇ ਵਿਰੋਧੀਆਂ ਨੇ ਬਾਦਸ਼ਾਹ, ਮੁਹੰਮਦ-ਬਿਨ-ਤੁਗਲਕ ਕੋਲ ਭਗਤ ਜੀ ਦੇ ਖਿਲਾਫ਼ ਸ਼ਿਕਾਇਤ ਕੀਤੀ। ਬਾਦਸ਼ਾਹ ਨੇ ਭਗਤ ਜੀ ਨੂੰ ਕੈਦ ਕਰ ਲਿਆ। ਕੈਦ ਕੀਤੇ ਹੋਏ ਭਗਤ ਜੀ ਨਾਲ ਜੋ ਬੀਤੀ ਉਹ ਇਸ ਸ਼ਬਦ ਵਿੱਚ ਬਿਆਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਸ਼ਬਦ ਹਨ ਜਿਨ੍ਹਾਂ ਵਿੱਚ ਆਪ ਬੀਤੀ ਬਿਆਨ ਕੀਤੀ ਗਈ ਹੈ।
“ਸੁਲਹੀ ਤੇ ਨਾਰਾਇਨ ਰਾਖੁ॥”-ਮ: 5 ਪੰਨਾ 825॥
ਇਸ ਸ਼ਬਦ ਵਿੱਚ ਗੁਰੂ ਜੀ ਜ਼ਿਕਰ ਕਰਦੇ ਹਨ ਕਿ ਪ੍ਰਭੂ ਨੇ ਸੁਲਹੀ ਖ਼ਾਂ ਨੂੰ ਜੋ ਮੇਰੇ ਤੇ ਹਮਲਾ ਕਰਨ ਆ ਰਿਹਾ ਸੀ ਇੱਕ ਖਿਨ ਵਿੱਚ ਖ਼ਾਕ ਦੀ ਢੇਰੀ ਕਰ ਦਿੱਤਾ ਅਤੇ ਸੁਲਹੀ ਕੋਲੋਂ ਮੈਨੂੰ ਬਚਾ ਲਿਆ।
ਕਿਸੇ ਕਾਰਨ ਮਨੁੱਖ ਦੇ ਮਨ ਵਿੱਚ ਕੋਈ ਧਾਰਨਾ ਪੱਕੇ ਤੌਰ ਤੇ ਬੱਝ ਜਾਂਦੀ ਹੈ। ਧਾਰਨਾ ਭਾਵਂੇ ਗ਼ਲਤ ਹੁੰਦੀ ਹੈ, ਪਰ ਮਨ ਉਸ ਧਾਰਨਾ ਨੂੰ ਛੱਡਦਾ ਨਹੀਂ।
ਅਜੋਕਾ ਮਨ ਹੀ ਗੁਰਬਾਣੀ ਦੇ ਅਰਥ ਤੋੜ ਮਰੋੜ ਕੇ ਆਪਣੀ ਧਾਰਨਾ ਪਿੱਛੇ ਚਲਾਉਣ ਦੀ ਕੋਸ਼ਿਸ਼ ਕਰਦਾ ਹੈ। ਸਿੱਖ ਨੂੰ ਆਪਣੇ ਮਨ ਨੂੰ ਗੁਰਬਾਣੀ ਪਿੱਛੇ ਚਲਾਉਣਾ ਚਾਹੀਦਾ ਹੈ ਨਾਕਿ ਗੁਰਬਾਣੀ ਨੂੰ ਆਪਣੇ ਮਨ ਪਿੱਛੇ।
ਮੈਂ, ਭਗਤ ਨਾਮਦੇਵ ਜੀ ਦੇ ਸ਼ਬਦ ਦੇ ਅਰਥ ਗੁਰਬਾਣੀ ਵਿਆਕਰਣ ਅਨੁਸਾਰ ‘ਰਹਾਉ’ ਤਕ ਕਰ ਦਿੱਤੇ ਹਨ। ਪੂਰੇ ਸ਼ਬਦ ਦੇ ਅਰਥ ਸਮਝਣ ਵਾਸਤੇ ਪ੍ਰੋ. ਸਾਹਿਬ ਸਿੰਘ ਜੀ ਦਾ ਟੀਕਾ ‘ਸ੍ਰੀ ਗੁਰੂ ਗ੍ਰੰਥ ਦਰਪਣ’ ਵੇਖਿਆ ਜਾ ਸਕਦਾ ਹੈ। ਪ੍ਰੋਫੈਸਰ ਸਾਹਿਬ ਦੁਆਰਾ ਕੀਤੇ ਅਰਥ ਠੀਕ ਹਨ।
ਸੁਰਜਨ ਸਿੰਘ--+919041409041