“ਇਕੋ” ਜਾਂ “ਇਕ ਓਅੰਕਾਰ”- ਭਾਗ 2
….ਸਿੰਘ ਜੀ ਲਿਖਦੇ ਹਨ:- “ਵਿਦਵਾਨਾ ਨੇ ਖਿੱਚ ਧੂ ਕੇ ੴ ਨੂੰ ਇਕ
ਓਅੰਕਾਰ ਦਸ ਕੇ ਵੇਦਾਂ ਦੇ ਮੰਤ੍ਰ ਨਾਲ ਮਿਲਾ ਦਿਤਾ ਹੈ”।
ਵਿਚਾਰ- ਸਵਾਲ ਪੈਦਾ ਹੁੰਦਾ ਹੈ ਕਿ ਵਿਦਵਾਨਾ ਨੇ ਇਕ ਦਿਨ ਵਿੱਚ ਤਾਂ ਉਚਾਰਣ ਬਦਲ ਨਹੀਂ ਦਿੱਤਾ ਹੋਣਾ ਕਿ ਸਾਰੇ ਦਾ ਸਾਰਾ ਸਿਖ-ਜਗਤ ‘ੴ ’ ਨੂੰ ‘ਇਕੋ’ ਉਚਾਰਣ ਕਰਨਾ ਛੱਡ ਕੇ “ਇਕ ਓਅੰਕਾਰ” ਉਚਾਰਣ ਕਰਨ ਲਗ ਪਿਆ।ਜਦੋਂ ਕਿਸੇ ਨੇ ਉਚਾਰਣ ਬਦਲਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਕਿਸੇ ਨਾ ਕਿਸੇ ਨੇ ਤਾਂ ਇਸ ਦੇ ਵਿਰੁਧ ਕੋਈ ਕਾਰਵਾਈ ਕੀਤੀ ਹੋਵੇਗੀ।ਪਰ ਕੀ ਕਾਰਣ ਹੈ ਕਿ ਇਤਿਹਾਸ ਵਿਚ ਐਸਾ ਕੋਈ ਵੀ ਸਬੂਤ ਨਹੀਂ ਮਿਲਦਾ ਕਿ “ੴ ” ਨੂੰ ਪਹਿਲਾਂ “ਇਕੋ” ਉਚਾਰਿਆ ਜਾਂਦਾ ਸੀ ਅਤੇ ਮਗਰੋਂ ਵਿਦਵਾਨਾਂ ਨੇ ਖਿੱਚ ਧੂ ਕੇ ਇਸ ਦਾ ਉਚਾਰਣ ਬਦਲ ਕੇ ‘ਇਕ ਓਅੰਕਾਰ’ ਕਰ ਦਿੱਤਾ?( ਜੇ …ਸਿੰਘ ਜੀ ਕੋਲ ਐਸਾ ਕੋਈ ਇਤਿਹਾਸਕ ਸਬੂਤ ਹੈ ਕਿ ਪਹਿਲਾਂ ‘ੴ ’ ਨੂੰ ‘ਇਕੋ’ ਉਚਾਰਿਆ ਜਾਂਦਾ ਸੀ ਤਾਂ ਉਨ੍ਹਾਂ ਨੂੰ ਸਬੂਤ ਪੇਸ਼ ਕਰਨਾ ਚਾਹੀਦਾ ਹੈ)। …ਸਿੰਘ ਜੀ ਲਿਖਦੇ ਹਨ:- ‘ੴ ’ ਦਾ ਜ਼ਿਆਦਾ ਢੁਕਵਾਂ ਉਚਾਰਣ ਢੰਗ “1 ਓਓਓ...∞.” ਬਣਦਾ ਹੈ (ਪਰ) ਦਾਸ ਪਾਠਕਾਂ ਪਾਸੋਂ ਇਸ ਗਲ ਦੀ ਖਿਮਾਂ ਚਾਹੁੰਦਾ ਹੈ।“1 ਓਓਓ…∞” ਨੂੰ ਵਰਣਮਾਲਾ ਦੇ ਅੱਖਰਾਂ ਵਿੱਚ ਵਧੇਰੇ ਚੰਗੇ ਢੰਗ ਨਾਲ ਵਰਣਨ ਕਰਨ ਲਈ “ਇਕੋ ੋ ੋ ∞” ਨੂੰ ਪ੍ਰਯੋਗ ਵਿਚ ਲਿਆਉਣਾ ਪਿਆ ਹੈ”।
ਵਿਚਾਰ:- ਪਾਠਕ ਧਿਆਨ ਦੇਣ ਕਿ ‘ਇਕੋ’ ਅਤੇ ‘ਇਕ ਓ (1, ਓ)’ ਵਿਚ ਫ਼ਰਕ ਹੈ।ਇਕੋ ਦਾ ਅਰਥ ਹੋਇਆ ‘ਸਿਰਫ਼ ਇੱਕ ਹੀ’ ਅਤੇ …ਸਿੰਘ ਜੀ ਜੋ ਦੱਸ ਰਹੇ ਹਨ ਉਸ ਮੁਤਾਬਕ ‘ਇਕੋ’ ਨਹੀਂ ਬਲਕਿ ‘ਇਕ, ਓ’ ਬਣਦਾ ਹੈ।ਜਿਸ ਦਾ ਕਿ ਕੋਈ ਵੀ ਅਰਥ ਨਹੀਂ ਬਣਦਾ।ਹਾਂ ‘ਇਕ, ਓਹ’ ਹੋਵੇ ਤਾਂ ਫੇਰ ਵੀ ਇਸ ਦਾ ਮਤਲਬ ਬਣਦਾ ਹੈ।
…ਸਿੰਘ ਜੀ ਨੇ ਆਪਣੀ ਮਰਜ਼ੀ ਨਾਲ ਹੀ ਗਿਣਤੀ ਦੇ “1” ਨੂੰ ਵਰਣਮਾਲਾ ਦਾ ਏਕਾ ਬਣਾ ਦਿੱਤਾ ਹੈ, ਅਤੇ ਓ ਦੇ ਹੋੜੇ ਨੂੰ “ਕ” ਦੇ ਉਪਰ ਪੁਚਾ ਕੇ ਵਿੱਚੋਂ “ੳ” ਨੂੰ ਅਲੋਪ ਹੀ ਕਰ ਦਿੱਤਾ ਹੈ।ਇਸ ਸਾਰੇ ਜੋੜ ਤੋੜ ਨਾਲ “ੴ ” ਦਾ “ਇਕੋ” ਬਣਾ ਦਿੱਤਾ ਗਿਆ ਹੈ।…ਸਿੰਘ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਜੋੜ-ਤੋੜ ਨੂੰ ‘ਸੰਧੀ, ਸੰਧੀ-ਵਿਸ਼ੇਦ’ ਕਹਿੰਦੇ ਹਨ। ..ਸਿੰਘ ਜੀ ਨੇ ਆਪਣੀ ਲਿਖਤ ਵਿੱਚ ਸੰਧੀ (ਮਿਲਾਪ) ਦਾ ਜ਼ਿਕਰ ਤਾਂ ਕੀਤਾ ਹੈ ਪਰ ਇਤਨਾ ਹੀ ਲਿਖਿਆ ਹੈ “ਇਹ ਸੰਧੀ ( ਮਲਾਪ) ਹੈ “1” ਇਕ ਅਤੇ “ਓå ” ਦਾ ਇਸ ਕਰਕੇ ਇਸ ਨੂੰ ਇੱਕਠਾ ਹੀ ਲਿਖਿਆ ਗਿਆ ਹੈ। ..ਸਿੰਘ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੀ ਮਰਜ਼ੀ ਨਾਲ ਹੀ “1” ਅਤੇ “ਓå ”ਨੂੰ ਇਕੱਠਿਆਂ ਲਿਖਣ ਨਾਲ ਸੰਧੀ (ਮਿਲਾਪ) ਨਹੀਂ ਹੋ ਜਾਂਦਾ।ਸੰਧੀ-ਵਿਸ਼ੇਧ ਦੇ ਕੁਝ ਨਿਯਮ ਹੁੰਦੇ ਹਨ।ਆਪਣੀ ਮਰਜ਼ੀ ਨਾਲ ਕੋਈ ਲਗ ਮਾਤ੍ਰਾ ਇਕ ਅੱਖਰ ਤੋਂ ਚੁੱਕ ਕੇ ਦੂਜੇ ਅਖਰ ਤੇ ਨਹੀਂ ਪੁਚਾਈ ਜਾ ਸਕਦੀ।
ਸਭ ਤੋਂ ਪਹਿਲੀ ਗਲ ਇਹ ਹੈ ਕਿ ਇਹ ਗਿਣਤੀ ਦਾ ‘1’ ਹੈ ਅਤੇ ਵਿਜਾਤੀ ਭੇਦ ਹੋਣ ਕਾਰਣ ਇਸ ਨਾਲ਼ ਵਰਣਮਾਲ਼ਾ ਦੇ ‘ਓ’ ਦੀ ਸੰਧੀ ਨਹੀਂ ਹੋ ਸਕਦੀ --ਦੂਜਾ ਜਦੋਂ ਅ ਅਤੇ ਓ ਦੀ ਸੰਧੀ ਹੁੰਦੀ ਹੈ ਤਾਂ ਇਸ ਦਾ ਕਨੌੜਾ ‘ ੌ ’ ਬਣ ਜਾਂਦਾ ਹੈ, ਅਰਥਾਤ ਅ+ਓ= ‘ ਔ ’ ਅਤੇ ਜਦੋਂ ‘ਅ’ ਅਤੇ ‘ਉ’ ਦੀ ਸੰਧੀ ਹੁੰਦੀ ਹੈ ਤਾਂ ਇਸ ਦਾ ਹੋੜਾ ‘ ੋ ’ ਬਣਦਾ ਹੈ, ਅਰਥਾਤ ਅ+ ਉ = ‘ਓ’। ਜਦੋਂ ਕਿਸੇ ਸ਼ਬਦ ਦੇ ਅਖੀਰਲੇ ਅੱਖਰ ਨੂੰ ਕੋਈ ਲਗ ਮਾਤ੍ਰਾ ਨਾ ਹੋਵੇ ਤਾਂ ਇਸ ਨੂੰ ਮੁਕਤਾ ਅੰਤ ਕਿਹਾ ਜਾਂਦਾ ਹੈ, ਅਤੇ ਮੁਕਤਾ ਅੰਤ ਅੱਖਰ ਦੇ ਅਖੀਰ ਵਿੱਚ ‘ਅ’ ਸ਼ਾਮਲ ਮੰਨਿਆ ਜਾਂਦਾ ਹੈ।ਮਿਸਾਲ ਦੇ ਤੌਰ ਤੇ “ਇਕ” ਦੇ ਅੱਖਰਾਂ ਦਾ ਜੋੜ ਇਸ ਪ੍ਰਕਾਰ ਹੈ: ਇ + ਕ (ਹਲੰਤ) + ਅ = ਇਕ (ਮੁਕਤਾ ਅੰਤ) । “ਇਕ” ਦੇ ਨਾਲ “ਓ” ਦੀ ਸੰਧੀ ਇਸ ਪ੍ਰਕਾਰ ਹੋਵੇਗੀ:- ਇਕ+ਅ+ਓ= ਇਕੌ, ਅਤੇ ਇ+ਕ+ਅ+ਉ = ਇਕੋ
ਉਦਾਹਰਣਾਂ:
ਮੁਕਤਾ ਅੰਤ ਅੱਖਰ ਦੀ ‘ਓ’ ਨਾਲ ਸੰਧੀ:- ਵਨ + ਓਸ਼ਧਿ =ਵਨੌਸ਼ਧਿ ਮੁਕਤਾ ਅੰਤ ਅੱਖਰ ਦੀ ‘ਉ’ ਨਾਲ ਸੰਧੀ: ਜਲ + ਉਦਰ = ਜਲੋਦਰ। ਪਰ + ਉਪਕਾਰ = ਪਰੋਪਕਾਰ।
ਪੁਰਸ਼+ ਉਤਮ= ਪੁਰਸ਼ੋਤਮ।
(ਇਕ+ਉ=ਇਕੋ)। (ਅਕਾਰ + ਉਕਾਰ + ਮਕਾਰ ਅਰਥਾਤ ਅ +ਉ + ਮ = ਓਮ), ਆਦਿ।
ਇਕ+ਓ ਬਣਿਆ “ਇਕੌ”। ਅਤੇ “ਇਕੌ” ਸ਼ਬਦ ਦਾ ਕੋਈ ਅਰਥ ਨਹੀਂ ਹੁੰਦਾ । ਤਾਂ ਫੇਰ “ੴ ” ਦਾ ਉਚਾਰਣ “ਇਕ ਓਅੰਕਾਰ” ਕਿਸ ਤਰ੍ਹਾਂ ਹੈ:- …ਸਿੰਘ ਜੀ ਨੇ ਆਪਣੀ ਲਿਖਤ ਵਿੱਚ ਲਿਖਿਆ ਹੈ “ਗੁਰਬਾਣੀ ਵਿਆਕਰਣ ਅਨੁਸਾਰ ਬਿੰਦੀ ਅਤੇ ਅਦਕ ਦੀ ਵਰਤੋਂ ਤਾਂ ਗੁਰਬਾਣੀ ਦੇ ਸ਼ੁਧ ਪਾਠ ਕਰਨ ਲਈ ਜਰੂਰੀ ਬਣਦੀ ਹੈ।ਇੱਕ ਥਾਂ ਲਿਖਿਆ ਹੈ:-“ਊੜੇ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਇਹ ਹੈ ‘ਓ’। ਇਸ ਦੇ ਉਪਰ ਜੋ ‘> ’ ਮਾਤਰਾ ਜਿਸ ਨੂੰ ਪੰਜਾਬੀ ਵਿਚ ਕਾਰ
(ਲਕੀਰ) ਆਖਦੇ ਹਨ”। ਸੋ ‘1’ ਨੂੰ ‘ਇਕ’ ਪੜ੍ਹਿਆਂ, ‘ਓ’ ਨੂੰ ਬਿੰਦੀ ਸਹਿਤ ਪੜ੍ਹਿਆਂ ‘ਓਂ’ ਜਾਂ ‘ਓਅੰ ’, ਅਤੇ ‘> ’ ਨੂੰ ਕਾਰ ਪੜ੍ਹਿਆਂ ਬਣ ਗਿਆ “ਇਕ ਓਅੰਕਾਰ” ਸੋ ..ਸਿੰਘ ਜੀ ਦੀ ਆਪਣੀ ਹੀ ਲਿਖਤ ਮੁਤਾਬਕ “ੴ ” ਦਾ ਉਚਾਰਣ “ਇਕ ਓਅੰਕਾਰ” ਬਣਦਾ ਹੈ ।
….ਸਿੰਘ ਜੀ “ੴ ” ਨੂੰ ‘ਇਕੋ’ ਉਚਾਰਨ ਦੀ ਖੋਜ ਕਈ ਸਾਲਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਦੱਸਦੇ ਹਨ।ਪਰ ਉਹ ਏਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਅਜੇ ਵੀ ਭੁਲੇਖੇ ਵਿੱਚ ਹਨ ਕਿ ਗੁਰੂ ਸਾਹਿਬ ਨੇ ‘1’ ਦੇ ਨਾਲ “ਓå ” ਲਗਾਇਆ ਹੈ, ਜਾਂ “ਓå ” ਦੇ ਨਾ ‘1’। ਆਪ ਜੀ ਲਿਖਦੇ ਹਨ:-
“ਸਤਿਗੁਰਾਂ ਇਸ ਰਮਜ਼ੀ ਬੋਲੀ ਵਿਚ “ਓå ” ਦੇ ਪਹਿਲਾਂ “1” ਲਿਖ ਕੇ ਵਾਹਿਗੁਰੂ “ੴ ” (ਇਕੋ) ਸਰੂਪ ਸਾਨੂੰ ਸਮਝਾਇਆ ਹੈ”।
ਇਸੇ ਲਿਖਤ ਵਿੱਚ ਦੂਸਰੇ ਥਾਂ ਤੇ ਲਿਖਦੇ ਹਨ:- “ਊੜੇ ਦਾ ਮੂੰਹ ਖੁੱਲ੍ਹਾ ਹੋਵੇ ਤਾਂ ਏਹ ‘ਓ’। ਇਸ ਦੇ ਉਪਰ ਜੋ “> ” ਏਹ ਮਾਤ੍ਰਾ ਜਿਸ ਨੂੰ ਪੰਜਾਬੀ ਵਿੱਚ ਕਾਰ (ਲਕੀਰ) ਆਖਦੇ ਹਨ; **ਇਹ ਸਾਧਾਰਣ ਕਾਰ ਨਹੀਂ** ਸਗੋਂ ‘1’ ਅੱਖਰ ਦੀ ਆਵਾਜ਼ ਨੂੰ ਅਨੰਤਤਾ (ੀਨਡਨਿਟਿੇ, ਇਨਫਿਨਿਟੀ) ਤੱਕ ਲੈ ਜਾਂਦੀ ਹੈ।
ਇੱਥੇ ਪਹਿਲੀ ਲਿਖਤ ਅਨੁਸਾਰ ਲੱਗਦਾ ਹੈ ਕਿ ਗੁਰੂ ਸਾਹਿਬ ਨੇ “ਓå ” ਦੇ ਪਹਿਲਾਂ “1” ਲਗਾਇਆ ਹੈ; ਅਤੇ ਦੂਜੀ ਲਿਖਤ ਅਨੁਸਾਰ ਲੱਗਦਾ ਹੈ ਕਿ ‘1’ ਦੀ ਆਵਾਜ ਨੂੰ ਅਨੰਤਤਾ ਤੱਕ ਲੈਜਾਣ ਵਾਸਤੇ ਗੁਰੂ ਸਾਹਿਬ ਨੇ “ਓå ” ਦਾ ਪ੍ਰਯੋਗ ਕੀਤਾ ਹੈ।ਸੋ …ਸਿੰਘ ਜੀ ਅਜੇ ਖੁਦ ਇਸ ਨਤੀਜੇ ਤੇ ਨਹੀਂ ਪਹੁੰਚੇ ਕਿ “ਓå ” ਦੇ ਪਹਿਲਾਂ “1” ਦਾ ਪ੍ਰਯੋਗ ਹੈ ਜਾਂ; “1” ਦੀ ਅਵਾਜ ਲੰਮੀ ਕਰਨ ਲਈ “ਓå ” ਦਾ ਪ੍ਰਯੋਗ ਕੀਤਾ ਗਿਆ ਹੈ।
….ਸਿੰਘ ਜੀ ਲਿਖਦੇ ਹਨ “ ੴ, 1 ਓਓਓ..=ਇਕੋ ੋ ੋ ..∞ (ਕੇਵਲ ਇਕ, ਦੂਜੇ ਤੋਂ ਬਿਨਾ)।ਇਹ ਇਕ ਰਬ ਦਾ ਇਕੋ ਇਕ *ਸੰਪੂਰਨ* ਨਾਮ ਹੈ।…ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਰੱਬ ਦਾ ਅਸਲੀ ਨਾਮ ਕੇਵਲ ‘ੴ ’(ਇਕੋ ੋ ੋ..∞) ਸੰਬੋਧਨ ਕੀਤਾ ਗਿਆ ਹੈ।
“ੴ ” ਨੂੰ ….ਸਿੰਘ ਜੀ ਉਸ ਰਬ ਦਾ ਇਕੋ ਇਕ ਸੰਪੂਰਨ ਅਤੇ ਅਸਲੀ ਨਾਮ ਦੱਸਦੇ ਹਨ, ਲੇਕਿਨ ਗੁਰਬਾਣੀ ਤਾਂ ਕਹਿੰਦੀ ਹੈ:-
“ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ॥
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥” (ਪੰਨਾ 14)
ਅਰਥਾਤ ਲੱਖਾਂ ਮਣ ਕਾਗਜ਼ ਹੋਵੇ, ਲਿਖਦਿਆਂ ਲਿਖਦਿਆਂ ਸਿਆਹੀ ਦੀ ਵੀ ਕੋਈ ਕਮੀ ਨਾ ਆਵੇ, ਹਵਾ ਦੀ ਰਫਤਾਰ ਨਾਲ ਲਿਖਾਂ ਤਾਂ ਵੀ ਤੇਰੀ ਵਡਿਆਈ, ਤੇਰਾ ਨਾਮ ਲਿਖਿਆ ਨਹੀਂ ਜਾ ਸਕਦਾ। ਤੇਰੀ ਵਡਿਆਈ ਤੇਰਾ ਨਾਮ ਏਨਾਂ ਵਡੱਾ ਹੈ।
“ਥਾਵਾ ਨਾਵ ਨਾ ਜਾਣੀਅਹਿ ਨਾਵਾ ਕੇਵਡ ਨਾਉ॥
ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ॥”(ਪੰਨਾ 53)
{(ਤੇਰੀ ਇਤਨੀ ਬੇਅੰਤ ਰਚਨਾ ਹੈ ਕਿ) ਸਭ ਥਾਵਾਂ ਦੇ (ਪਦਾਰਥਾਂ ਦੇ) ਨਾਮ ਜਾਣੇ ਨਹੀਂ ਜਾ ਸਕਦੇ।ਬੇਅੰਤ ਨਾਵਾਂ ਵਿਚੋਂ ਉਹ ਕਿਹੜਾ ਨਾਮ ਹੋ ਸਕਦਾ ਹੈ ਜੋ ਇਤਨਾ ਵੱਡਾ ਹੋਵੇ ਕਿ ਪਰਮਾਤਮਾ ਦੇ ਅਸਲ ਵਡੱਪਣ ਨੂੰ ਬਿਆਨ ਕਰ ਸਕੇ?
“ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ॥ ਇਕਤੁ ਟੋਲਿ ਨਾ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ॥” (ਪੰਨਾ 762) ।
ਗੁਰਮਤਿ ਅਨੁਸਾਰ, ਕੋਈ ਵੀ ਅੱਖਰ ਜਾਂ ਨਾਮ ਪਰਮਾਤਮਾ ਦੇ ਸੰਪੂਰਣ ਗੁਣਾਂ ਦਾ ਬਿਆਨ ਨਹੀਂ ਕਰ ਸਕਦਾ, ਉਸ ਦੀ ਸਿਫਤ ਸਲਾਹ ਲਈ ਵਰਤਿਆ ਗਿਆ ਕੋਈ ਵੀ ਨਾਮ ਉਸੇ ਤਰ੍ਹਾਂ ਹੈ ਜਿਵੇਂ ਆਪਾਂ ਕਿਸੇ ਸੁਲਤਾਨ, ਬਾਦਸ਼ਾਹ ਨੂੰ ਮੀਆਂ ਕਹਿਕੇ ਸੰਬੋਧਨ ਕਰੀਏ।ਜੇ ‘ੴ ’ ਉਸ ਦਾ ਇਕੋ ਇਕ ਸੰਪੂਰਨ ਨਾਮ ਹੈ ਤਾਂ ਗੁਰੂ ਸਾਹਿਬ ਨੂੰ ਇਹ ਕਹਿਣ ਦੀ ਜ਼ਰੂਰਤ ਨਹੀਂ ਸੀ ਪੈਣੀ:-
“ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ॥ (ਪੰਨਾ 795)।
ਕਿਸੇ ਨੂੰ ਇਜੱਤ ਨਾਲ ਬੁਲਾਣਾ ਹੋਵੇ ਤਾਂ ਮੀਆਂ ਜੀ ਕਹਿ ਕੇ ਸੰਬੋਧਨ ਕਰੀ ਦਾ ਹੈ।ਲੇਕਿਨ ਕਿਸੇ ਸੁਲਤਾਨ, ਬਾਦਸ਼ਾਹ ਨੂੰ ਮੀਆਂ ਜੀ ਕਹਿ ਕੇ ਸੰਬੋਧਨ ਕਰਨਾ ਉਸ ਦੀ ਵਡਿਆਈ ਲਈ ਕਾਫੀ ਨਹੀਂ ਹੈ।ਇਸੇ ਤਰ੍ਹਾਂ ਉਸ ਪ੍ਰਭੂ ਲਈ ਵਰਤਿਆ ਗਿਆ ਕੋਈ ਵੀ ਅਖੱਰ ਜਾਂ ਨਾਮ ਉਸ ਦੀ ਵਡਿਆਈ ਤਾਂ ਕਿਹਾ ਜਾ ਸਕਦਾ ਹੈ ਪਰ ਸੰਪੂਰਨ ਵਡਿਆਈ ਲਈ ਕੋਈ ਵੀ ਨਾਮ ਨਹੀਂ ਹੋ ਸਕਦਾ।
ਗੁਰਮਤਿ ਅਨੁਸਾਰ ਪਰਮਾਤਮਾ ਨੂੰ ਸੰਬੋਧਨ ਕਰਨ ਲਈ ਜੋ ਵੀ ਨਾਮ ਜੀਭ ਨਾਲ ਉਚਾਰਦੇ ਹਾਂ, ਜਾਂ ਉਚਾਰੇ ਜਾ ਸਕਦੇ ਹਨ, ਉਹ ਕਿਰਤਮ ਨਾਮ ਹਨ।
“ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿਨਾਮੁ ਤੇਰਾ ਪਰਾ ਪੂਰਬਲਾ” (ਪੰਨਾ 1083)-
ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹਨ।ਪਰ “ਸਤਿਨਾਮ” ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ ਹੋਂਦ ਵਾਲਾ ਹੈਂ ਤੇਰੀ ਇਹ ਹੋਂਦ ਜਗਤ ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ)।
(ਨੋਟ: ਇਥੇ “ਸਤਿਨਾਮ” ਤੋਂ ਭਾਵ ਹੈ ਕਿ ‘ਤੂੰ ਹੋਂਦ ਵਾਲਾ ਹੈਂ’ ਵਰਣਮਾਲਾ ਦੇ ਅੱਖਰ ਸ+ਤਿ+ਨਾ+ਮ, ਜਾਂ ਕੋਈ ਵੀ ਹੋਰ ਨਾਮ ਉਸ ਦਾ ਅਸਲੀ ਨਾਮ ਨਹੀਂ।ਕਿਉਂਕਿ ਉਸਦਾ ਅਸਲੀ ਨਾਮ ਪਰਾ ਪੂਰਬਲਾ ਹੈ ਅਰਥਾਤ ਸੰਸਾਰ ਰਚਨਾ ਤੋਂ ਵੀ ਪਹਿਲਾਂ ਦਾ ਹੈ)।
ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਲਈ ਵਰਤੇ ਗਏ ਰਾਮ, ਹਰੀ, ਅੱਲਾ ਆਦਿ ਅਨੇਕਾਂ ਹੀ ਨਾਮ ਹਨ। ਜੇ ‘ੴ ’ ਪਰਮਾਤਮਾ ਦਾ ਅਸਲੀ ਅਤੇ ਸੰਪੂਰਨ ਨਾਮ ਹੈ ਤਾਂ ਇੱਕ ਅਸਲੀ ਅਤੇ ਸੰਪੂਰਨ ਨਾਮ ਦੇ ਹੁੰਦਿਆਂ ਹੋਰ ਨਕਲੀ, ਕਿਰਤਮ ਅਤੇ ਅਧੂਰੇ ਨਾਵਾਂ ਨਾਲ ਪਰਮਾਤਮਾ ਨੂੰ ਸੰਬੋਧਨ ਕਰਨਾ ਕੀ ਉਸ ਦੀ ਤੌਹੀਨ ਨਹੀਂ? ਇਹ ਵੇਦਾਂ ਦੀ ਫ਼ਲੌਸਫ਼ੀ ਹੋ ਸਕਦੀ ਹੈ ਕਿ ਕੋਈ ਖ਼ਾਸ ਨਾਮ ਪਰਮਾਤਮਾ ਦਾ ਸਭ ਤੋਂ ਪਵਿੱਤਰ ਹੋਵੇ, ਲੇਕਿਨ ਗੁਰਮਤ ਅਨੁਸਾਰ ਉਸ ਪਰਮਾਤਮਾ ਨੂੰ ਸੰਬੋਧਨ ਕਰਨ ਲਈ ਵਰਤਿਆ ਗਿਆ ਕੋਈ ਵੀ ਨਾਮ ਕਿਸੇ ਦੂਸਰੇ ਨਾਮ ਨਾਲੋਂ ਘੱਟ ਜਾਂ ਵੱਧ ਪਵਿੱਤਰ ਨਹੀਂ।ਗੂਰੂ ਵਾਕ ਹੈ: “ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ ॥” (ਪੰਨਾ 1168 )।
….ਸਿੰਘ ਜੀ ਨੇ ਗੁਰੁੂ ਗ੍ਰੰਥ ਸਾਹਿਬ ਵਿੱਚੋਂ ਕੁਝ ਉਦਾਹਰਣਾਂ ਦਿੱਤੀਆਂ ਹਨ।
“ਏਕੋ ਜਪਿ ਏਕੋ ਸਾਲਾਹਿ॥ਏਕੁ ਸਿਮਰਿ ਏਕੋ ਮਨ ਆਹਿ॥
ਏਕਸ ਕੇ ਗੁਨ ਗਾਉ ਅਨੰਤ॥ਮਨਿ ਤਨਿ ਜਾਪਿ ਏਕ ਭਗਵੰਤ॥” (ਪੰਨਾ 289)
“ਸਾਹਿਬ ਮੇਰਾ ਏਕੋ ਹੈ॥ਏਕੋ ਹੈ ਭਾਈ ਏਕੋ ਹੈ ॥” (ਪੰਨਾ 350)
“ਏਕੋ ਏਕੁ ਬਖਾਨੀਐ ਬਿਰਲਾ ਜਾਣੈ ਸ੍ਵ੍ਵਾਦੁ ॥” (ਪੰਨਾ 299)
“ਏਕ ਅਨੇਕ ਹੋਇ ਰਹਿਓ ਸਗਲ ਮਹਿ,ਅਬ ਕੇਸੈ ਭਰਮਾਵਹੁ ॥” (ਕਬੀਰ,ਪੰਨਾ 1104)
“ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥” (ਨਾਮਦੇਉ,ਪੰਨਾ 485)
ਇਹ ਉਦਾਹਰਣਾਂ ਪੇਸ਼ ਕਰ ਕੇ ….ਸਿੰਘ ਜੀ ਲਿਖਦੇ ਹਨ “ਸਚੇ ਪਾਤਿਸ਼ਾਹ ਉਸ ਸਰਬ ਵਿਆਪਕ ਮਹਾਂ ਸ਼ਕਤੀ ਨੂੰ “ੴ ” (ਇਕੋ ੋ ੋ..∞) ਦੇ ਸੂਖਮ ਰਮਜ਼ੀ ਸਰੂਪ ਅੰਦਰ ਸਾਨੂੰ ਦ੍ਰਿੜ ਕਰਵਾਂਦੇ ਹਨ, ਸਮਝਾਂਦੇ ਹਨ, ਤੇ ਗਿਆਨ ਪ੍ਰਕਾਸ਼ ਦਿੰਦੇ ਹਨ ਕਿ “ੴ ” (ਇਕੋ ੋ ੋ..∞) ਦਾ ਉਚਾਰਣ ਤੇ ਸਿਮਰਨ ਹਿਰਦੇ ਅੰਦਰ ਵੀ ਸੁਰਤਿ ਦਵਾਰਾ ਨੇਤ੍ਰ ਮੂੰਦਿ ਕੇ ਕੀਤਾ ਜਾਂਦਾ ਹੈ”।
ਇਨ੍ਹਾਂ ਤੁਕਾਂ ਵਿੱਚ ਕਿਤੇ ਵੀ “ੴ ” ਨਹੀਂ ਲਿਖਿਆ ਹੋਇਆ, ਪਤਾ ਨਹੀਂ ….ਸਿੰਘ ਜੀ ਨੇ ਕਿਸ ਤਰ੍ਹਾਂ ਸੂਖਮ, ਰਮਜ਼ੀ ਭੇਦ ਨੂੰ ਸਮਝ ਲਿਆ ਕਿ “ੴ ”(ਸ਼ਬਦ) ਦਾ ਉਚਾਰਨ ਕਰਨਾ ਹੈ, ਉਹ ਵੀ ਅੱਖਾਂ ਮੂੰਦਕੇ।ਇਨ੍ਹਾਂ ਪੰਜਾਂ ਉਦਾਹਰਣਾਂ ਵਿਚੋਂ ਇਕ ਸ਼ਬਦ ਕਬੀਰ ਜੀ ਦਾ ਅਤੇ ਇਕ ਸ਼ਬਦ ਨਾਮਦੇਵ ਜੀ ਦਾ ਹੈ, ਅਤੇ ਇਹ ਦੋਨੋਂ ਭਗਤ ਗੁਰੂ ਨਾਨਕ ਜੀ ਤੋਂ ਪਹਿਲਾਂ ਹੋ ਚੁੱਕੇ ਸਨ, ਸੋ ਇਹ ਦੋਨੋਂ ਭਗਤ, ਗੁਰੁੂ ਨਾਨਕ ਜੀ ਦੁਆਰਾ ਰਚੇ ਹੋਏ ਸ਼ਬਦ / ਸਿੰਬਲ “ੴ ” ਦਾ ਜ਼ਿਕਰ ਕਿਸ ਤਰ੍ਹਾਂ ਕਰ ਸਕਦੇ ਸਨ?
ਦੂਜੀ ਗਲ-
ਇਨ੍ਹਾਂ ਤੁਕਾਂ ਵਿਚ ਇਕ (ਪਰਮਾਤਮਾ) ਨੂੰ ਜਪਣ ਦਾ, ਸਿਫਤ ਸਲਾਹ ਕਰਨ ਦਾ, ਸਿਮਰਨ (ਚੇਤੇ ਕਰਨ ਦਾ), ਮਨ ਵਿਚ ਵਸਾਣ ਦਾ, (ਪ੍ਰਭੂ ਦੇ) ਗੁਣ ਗਾਣ ਦਾ, ਜ਼ਿਕਰ ਆਇਆ ਹੈ, ਕਿਤੇ ਵੀ ਅੱਖਾਂ ਮੂੰਦਣ ਦਾ ਜਿਕਰ ਨਹੀਂ ਪਤਾ ਨਹੀਂ ….ਸਿੰਘ ਜੀ ਨੇ ਇਹ ਗੁੱਝਾ ਭੇਦ ਕਿਥੋਂ ਜਾਣ ਲਿਆ ਕਿ ਅੱਖਾਂ ਮੂੰਦ ਕੇ “ੴ ” (ਇਕੋ ੋ ੋ..∞) ਉਚਾਰਣ ਕਰਨਾ/ ਕਰੀ ਜਾਣਾ ਹੈ।ਨਾ ਹੀ ਇਹ ਦੱਸਿਆ ਹੈ ਕਿ ‘ੴ’ ਦਾ ਉਚਾਰਣ ਕਰੀ ਜਾਣ ਨਾਲ ਅਧਿਆਤਮ ਸੰਬੰਧੀ ਕੀ ਲਾਭ ਹੋਵੇਗਾ।
ਸੋ ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ- ‘ੴ ’ ਦਾ ਉਚਾਰਣ ‘ਇਕ ਓਅੰਕਾਰ’ ਹੀ ਬਣਦਾ ਹੈ।
ਜਸਬੀਰ ਸਿੰਘ (ਕੈਲਗਰੀ)
ਜਸਬੀਰ ਸਿੰਘ ਵਿਰਦੀ
“ਇਕੋ” ਜਾਂ “ਇਕ ਓਅੰਕਾਰ”- ਭਾਗ 2
Page Visitors: 3072