ਰਾਮ ਅਤੇ ਰਾਮ ਵਿੱਚ ਕੀ ਭੇਦ ਹੈ ?
ਪ੍ਰੋ. ਕਸ਼ਮੀਰਾ ਸਿੰਘ USA
ਹਰ ਥਾਂ ਰਮੇ ਹੋਏ ਰਾਮ ਅਤੇ ਦਸ਼ਰਥ ਪੁੱਤ੍ਰ ਰਾਮ ਬਾਰੇ ਗੁਰੂ ਨਾਨਕ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਵਿਚਾਰ:
ਧੰਨੁ ਗੁਰੂ ਨਾਨਕ ਸਾਹਿਬ ਦਸ਼ਰਥ ਪੁੱਤ੍ਰ ਰਾਮ ਦੇ ਭਗਤ ਜਾਂ ਸ਼ਰਧਾਲੂ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਨੇ ਰਾਮ ਮੰਦਰ ਦੇ ਦਰਸ਼ਨਾਂ ਲਈ ਅਯੁੱਧਿਆ ਦੀ ਯਾਤ੍ਰਾ ਕੀਤੀ ਸੀ । ਗੁਰੂ ਜੀ ਹਰ ਥਾਂ ਰਮੇ ਹੋਏ ਰਾਮ (ਪ੍ਰਭੂ) ਦੀ ਹੀ ਬੰਦਗੀ ਕਰਦੇ ਸਨ । ਹੇਠਾਂ ਲਿਖੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਵਚਨਾਂ ਤੋਂ ਇਹ ਗੱਲ ਆਪਣੇ ਆਪ ਸਿੱਧ ਹੋ ਜਾਂਦੀ ਹੈ । ਇਨ੍ਹਾਂ ਵਚਨਾਂ ਨੂੰ ਮਾਨਯੋਗ ਸੁਪਰੀਮ ਕੋਰਟ ਵਲੋਂ, ਰਾਮ ਮੰਦਰ ਵਿਵਾਦ ਦਾ ਫ਼ੈਸਲਾ ਸੁਣਾਉਂਦਿਆਂ, ਧਿਆਨ ਵਿੱਚ ਰੱਖ ਕੇ ਹੀ ਗੁਰੂ ਨਾਨਕ ਸਾਹਿਬ ਅਤੇ ਸਿੱਖ ਧਰਮ ਬਾਰੇ ਕੋਈ ਟਿੱਪਣੀ ਕਰਨੀ ਚਾਹੀਦੀ ਸੀ ਤਾਂ ਜੁ ਸਿੰਖ ਕੌਮ ਨੂੰ ਕੋਈ ਚੋਟ ਨਾ ਪਹੁੰਚਦੀ । ਜਨਮ ਸਾਖੀਆਂ ਵਿੱਚ ਸਿੱਖੀ ਦੀ ਵਿਆਖਿਆ ਨਹੀਂ ਜਿਨ੍ਹਾਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਸਿੱਖੀ ਵਿਚਾਰਧਾਰਾ ਦਾ ਆਧਾਰ ਮੰਨ ਲਿਆ । ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਨੇ ਰਾਮ ਅਤੇ ਰਾਮ ਦਾ ਭੇਦ ਕਿਵੇਂ ਪ੍ਰਗਟ ਕੀਤਾ ਹੈ:
ੳ).ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥25॥ {ਮਹਲਾ 1 ਪੰਨਾਂ ਗਗਸ 1412}
ਰਾਮੁ- ਸ਼੍ਰੀ ਰਾਮਚੰਦ੍ਰ । ਝੁਰੈ- ਦੁਖੀ ਹੁੰਦਾ ਹੈ ।
ਅਰਥ: - ਹੇ ਨਾਨਕ! ਕਰਤਾਰ ਸਭ ਕੁਝ ਕਰ ਸਕਣ ਦੀ ਸਮਰਥਾ ਵਾਲਾ ਹੈ (ਉਸ ਨੂੰ ਕਦੇ ਝੁਰਨ ਦੀ ਦੁਖੀ ਹੋਣ ਦੀ ਲੋੜ ਨਹੀਂ), ਉਹ ਤਾਂ ਪੈਦਾ ਕਰ ਕੇ ਨਾਸ ਕਰ ਕੇ (ਸਭ ਕੁਝ ਕਰ ਕੇ ਆਪ ਹੀ) ਵੇਖਦਾ ਹੈ । (ਸ੍ਰੀ ਰਾਮਚੰਦ੍ਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ । ਵੇਖੋ, ਰਾਵਣ ਨਾਲ ਲੜਾਈ ਕਰਨ ਵਾਸਤੇ) ਸ੍ਰੀ ਰਾਮਚੰਦ੍ਰ ਫ਼ੌਜਾਂ ਇਕੱਠੀਆਂ ਕਰਦਾ ਹੈ, (ਉਸ ਦੇ) ਅੰਦਰ (ਫ਼ੌਜਾਂ ਇਕੱਠੀਆਂ ਕਰਨ ਦੇ) ਅਧਿਕਾਰ ਦੀ ਤ਼ਾਕਤ਼ ਭੀ ਹੈ, ਵਾਨਰਾਂ ਦੀ (ਉਸ) ਫ਼ੌਜ ਦੀ ਰਾਹੀਂ (ਉਸ ਦੀ) ਸੇਵਾ ਭੀ ਹੋ ਰਹੀ ਹੈ (ਜਿਸ ਸੈਨਾ ਦੇ) ਮਨ ਵਿਚ ਤਨ ਵਿਚ ਜੁੱਧ ਕਰਨ ਦਾ ਬੇਅੰਤ ਚਾਉ ਹੈ, (ਫਿਰ ਭੀ ਸ੍ਰੀ) ਰਾਮਚੰਦ੍ਰ (ਤਦੋਂ) ਦੁਖੀ ਹੁੰਦਾ ਹੈ (ਦੁਖੀ
ਹੋਇਆ, ਜਦੋਂ) ਸੀਤਾ (ਜੀ) ਨੂੰ ਰਾਵਣ ਲੈ ਗਿਆ ਸੀ, (ਤੇ, ਫਿਰ ਜਦੋਂ ਸ੍ਰੀ ਰਾਮਚੰਦ੍ਰ ਜੀ ਦਾ ਭਾਈ) ਲਛਮਨ ਸਰਾਪ ਨਾਲ ਮਰ ਗਿਆ ਸੀ ।25।
ਅ).ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥26॥ {ਮਹਲਾ 1 ਪੰਨਾਂ ਗਗਸ 1412}
ਹੇ ਭਾਈ! ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ (ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ) । (ਸ੍ਰੀ) ਰਾਮਚੰਦ (ਜੀ) ਪਾਸੋਂ ਭਾਵੀ ਨਾਹ ਮਿਟ ਸਕੀ । (ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿਚ ਲਛਮਨ ਬਰਛੀ ਨਾਲ ਮੂਰਛਿਤ ਹੋਇਆ) । (ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ ਜੋ (ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ । ਮੂਰਖ ਰਾਵਣ (ਭੀ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ ।26। (ਗੁਰੂ ਗ੍ਰੰਥ ਸਾਹਿਬ ਦਰਪਣ)
ੲ). ਦੁਖੀਆਂ ਦੀ ਸੂਚੀ ਵਿੱਚ ਦਸ਼ਰਥ ਪੁੱਤ੍ਰ ਰਾਮ ਵੀ ਹੈ ਜਦੋਂ ਕਿ ਸਰਬ ਵਿਆਪੀ ਰਾਮ ਪ੍ਰਭੂ ਦੁੱਖ ਸੁੱਖ ਤੋਂ ਨਿਰਲੇਪ ਹੈ । ਦਸ਼ਰਥ ਪੁੱਤ੍ਰ ਤਾਂ ਸੀਤਾ ਅਤੇ ਲਛਮਣ ਦੇ ਵਿਛੋੜੇ ਵਿੱਚ ਰੋਂਦਾ ਵੀ ਹੈ ਜਦੋਂ ਕਿ ਗੁਰੂ ਨਾਨਕ ਸਾਹਿਬ ਦਾ ਰਾਮ ਪ੍ਰਭੂ ਰੋਣ ਵਾਲ਼ਾ ਨਹੀਂ ਕਿਉਂਕਿ ਉਹ ਸਰਬ ਉੱਚ ਸ਼ਕਤੀ ਹੈ ਅਤੇ ਸਰਬ ਕਲਾ ਸਮਰੱਥ ਹੈ । ਦੇਖੋ ਇਹ ਪ੍ਰਮਾਣ :
ਸਲੋਕੁ ਮ: 1॥ ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
ਪਰਸ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥
ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥
ਜਿਨਿ ਸੀਤਾ ਆਦੀ ਡਉਰੂ ਵਾਇ ॥
ਰੋਵਹਿ ਪਾਂਡਵ ਭਏ ਮਜੂਰ ॥
ਜਿਨ ਕੈ ਸੁਆਮੀ ਰਹਤ ਹਦੂਰਿ ॥
ਰੋਵੈ ਜਨਮੇਜਾ ਖੁਇ ਗਇਆ ॥
ਏਕੀ ਕਾਰਣਿ ਪਾਪੀ ਭਇਆ ॥
ਰੋਵਹਿ ਸੇਖ ਮਸਾਇਕ ਪੀਰ ॥
ਅੰਤਿ ਕਾਲਿ ਮਤੁ ਲਾਗੈ ਭੀੜ ॥
ਰੋਵਹਿ ਰਾਜੇ ਕੰਨ ਪੜਾਇ ॥
ਘਰਿ ਘਰਿ ਮਾਗਹਿ ਭੀਖਿਆ ਜਾਇ ॥
ਰੋਵਹਿ ਕਿਰਪਨ ਸੰਚਹਿ ਧਨੁ ਜਾਇ ॥
ਪੰਡਿਤ ਰੋਵਹਿ ਗਿਆਨੁ ਗਵਾਇ ॥
ਬਾਲੀ ਰੋਵੈ ਨਾਹਿ ਭਤਾਰੁ ॥
ਨਾਨਕ ਦੁਖੀਆ ਸਭੁ ਸੰਸਾਰੁ ॥
ਮੰਨੇ ਨਾਉ ਸੋਈ ਜਿਣਿ ਜਾਇ ॥
ਅਉਰੀ ਕਰਮ ਨ ਲੇਖੈ ਲਾਇ ॥1॥ {ਗਗਸ ਪੰਨਾਂ 954}
ਪਦ ਅਰਥ: - ਸਹੰਸਰ-ਹਜ਼ਾਰ । ਦਾਨ-ਡੰਨ । ਹਜ਼ਾਰ ਭਗਾਂ ਦਾ ਡੰਨ ਜੋ ਇੰਦਰ ਦੇਵਤੇ ਨੂੰ ਗੋਤਮ ਰਿਸ਼ੀ ਨੇ ਸਰਾਪ ਦੇ ਕੇ ਲਾਇਆ ਸੀ । ਇੰਦਰ ਨੇ ਰਿਸ਼ੀ ਦੀ ਇਸਤ੍ਰੀ ਅਹੱਲਿਆ ਨਾਲ ਧੋਖਾ ਦੇ ਕੇ ਕੁਸੰਗ ਕੀਤਾ ਸੀ । ਪਰਸ ਰਾਮੁ-ਬ੍ਰਾਹਮਣ ਸੀ, ਇਸ ਦੇ ਪਿਤਾ ਜਮਦਗਨੀ ਨੂੰ ਸਹੱਸ੍ਰਬਾਹੂ ਨੇ ਮਾਰ ਦਿੱਤਾ ਸੀ; ਬਦਲੇ ਦੀ ਅੱਗ ਵਿਚ ਪਰਸਰਾਮ ਨੇ ਖੱਤ੍ਰੀ-ਕੁਲ ਦਾ ਨਾਸ ਕਰਨਾ ਸ਼ੁਰੂ ਕੀਤਾ, ਪਰ ਜਦੋਂ ਇਸ ਨੇ ਸ੍ਰੀ ਰਾਮ ਚੰਦ੍ਰ ਜੀ ਤੇ ਆਪਣਾ ਕੁਹਾੜਾ ਚੁੱਕਿਆ ਤਾਂ ਉਹਨਾਂ ਇਸ ਦਾ ਬਲ ਖਿੱਚ ਲਿਆ । ਅਜੈ-ਰਾਜਾ ਅਜੈ ਨੇ (ਜੋ ਸ੍ਰੀ ਰਾਮ ਚੰਦ੍ਰ ਜੀ ਦਾ ਦਾਦਾ ਸੀ) ਇਕ ਸਾਧੂ ਨੂੰ ਭਿੱਖਿਆ ਵਿਚ ਲਿੱਦ ਦਿੱਤੀ ਸੀ, ਪਿੱਛੋਂ ਉਸ ਨੂੰ ਆਪ ਖਾਣੀ ਪਈ । ਨਿਕਾਲਾ-ਦੇਸ-ਨਿਕਾਲਾ । ਦਹਸਿਰੁ- ਦਸ ਸਿਰਾਂ ਵਾਲਾ, ਰਾਵਣ । ਡਉਰੂ ਵਾਇ-ਡਉਰੂ ਵਜਾ ਕੇ, ਸਾਧੂ ਦਾ ਭੇਸ ਕਰ ਕੇ । ਸੁਆਮੀ-ਕ੍ਰਿਸ਼ਨ ਜੀ । ਖੁਇ ਗਇਆ-ਖੁੰਝ ਗਿਆ । ਏਕੀ-ਇਕ (ਗ਼ਲਤੀ) । ਜਨਮੇਜੇ ਨੇ (ਇਹ ਹਸਤਨਾਪੁਰ ਦਾ ਇਕ ਰਾਜਾ ਸੀ) 18 ਬ੍ਰਾਹਮਣਾਂ ਨੂੰ ਮਾਰ ਦਿੱਤਾ ਸੀ, ਜਿਸ ਦਾ ਪ੍ਰਾਸ਼ਚਿਤ ਕਰਨ ਲਈ ਇਸ ਨੇ ਰਿਸ਼ੀ ‘ਵੈਸ਼ੰਪਾਇਨ’ ਪਾਸੋਂ ‘ਮਹਾਭਾਰਤ’ ਸੁਣਿਆ ਸੀ । ਮਸਾਇਕ-ਮਸ਼ਾਇਖ਼, ਲਫ਼ਜ਼ ‘ਸ਼ੇਖ’ ਦਾ ਬਹੁ-ਵਚਨ । ਭੀੜ-ਮੁਸੀਬਤ । ਰਾਜੇ-ਭਰਥਰੀ ਗੋਪੀਚੰਦ ਆਦਿਕ ਰਾਜੇ । ਕਿਰਪਨ-ਕੰਜੂਸ । ਸੰਚਹਿ-ਇਕੱਠਾ ਕਰਦੇ ਹਨ । ਬਾਲੀ-ਲੜਕੀ । ਜਿਣਿ-ਜਿੱਤ ਕੇ । ਅਉਰੀ-ਹੋਰ ।
ਅਰਥ: - (ਗੋਤਮ ਰਿਸ਼ੀ ਨੇ) ਹਜ਼ਾਰ (ਭਗਾਂ) ਦਾ ਡੰਨ ਦੇ ਕੇ ਇੰਦਰ ਨੂੰ ਰੁਆ ਦਿੱਤਾ; (ਸ੍ਰੀ ਰਾਮ ਚੰਦ੍ਰ ਤੋਂ ਆਪਣਾ ਬਲ ਖੁਹਾ ਕੇ) ਪਰਸ ਰਾਮ ਘਰ ਆ ਕੇ ਰੋਇਆ । ਰਾਜਾ ਅਜੈ ਰੋਇਆ ਜਦੋਂ ਉਸ ਨੂੰ (ਲਿੱਦ ਦੀ ਦਿੱਤੀ) ਭਿੱਖਿਆ ਖਾਣੀ ਪਈ, ਪ੍ਰਭੂ ਦੀ ਹਜ਼ੂਰੀ ਵਿਚੋਂ ਅਜੇਹੀ ਹੀ ਸਜ਼ਾ ਮਿਲਦੀ ਹੈ । ਜਦੋਂ ਰਾਮ (ਜੀ) ਨੂੰ ਦੇਸ-ਨਿਕਾਲਾ ਮਿਲਿਆ ਸੀਤਾ ਲਛਮਣ ਵਿਛੁੜੇ ਤਾਂ ਦਸ਼ਰਥ ਪੁੱਤ੍ਰ ਰਾਮ ਭੀ ਰੋਇਆ । ਰਾਵਣ, ਜਿਸ ਨੇ ਸਾਧੂ ਬਣ ਕੇ ਸੀਤਾ (ਚੁਰਾ) ਲਿਆਂਦੀ ਸੀ, ਲμਕਾ ਗੁਆ ਕੇ ਰੋਇਆ । (ਪੰਜੇ) ਪਾਂਡੋ, ਜਿਨ੍ਹਾਂ ਦੇ ਪਾਸ ਹੀ ਸ੍ਰੀ ਕ੍ਰਿਸ਼ਨ ਜੀ ਰਹਿੰਦੇ ਸਨ (ਭਾਵ, ਜਿਨ੍ਹਾਂ ਦਾ ਪੱਖ ਕਰਦੇ ਸਨ), ਜਦੋਂ (ਵੈਰਾਟ ਰਾਜੇ ਦੇ) ਮਜ਼ੂਰ ਬਣੇ ਤਾਂ ਰੋਏ । ਰਾਜਾ ਜਨਮੇਜਾ ਖੁੰਝ ਗਿਆ, (18 ਬ੍ਰਾਹਮਣਾਂ ਨੂੰ ਜਾਨੋਂ ਮਾਰ ਬੈਠਾ, ਪ੍ਰਾਸ਼ਚਿਤ ਵਾਸਤੇ ‘ਮਹਾਭਾਰਤ’ ਸੁਣਿਆ, ਪਰ ਸ਼ੰਕਾ ਕੀਤਾ, ਇਸ) ਇਕ ਗ਼ਲਤੀ ਦੇ ਕਾਰਣ ਪਾਪੀ ਹੀ ਬਣਿਆ ਰਿਹਾ (ਭਾਵ, ਕੋੜ੍ਹ ਨਾਹ ਹਟਿਆ) ਤੇ ਰੋਇਆ । ਸ਼ੇਖ ਪੀਰ ਆਦਿਕ ਭੀ ਰੋਂਦੇ ਹਨ ਕਿ ਮਤਾਂ ਅੰਤ ਦੇ ਸਮੇਂ ਕੋਈ ਬਿਪਤਾ ਆ ਪਏ । (ਭਰਥਰੀ ਗੋਪੀਚੰਦ ਆਦਿਕ) ਰਾਜੇ ਜੋਗੀ ਬਣ ਕੇ ਦੁਖੀ ਹੁੰਦੇ ਹਨ ਜਦੋਂ ਘਰ ਘਰ ਜਾ ਕੇ ਭਿੱਖਿਆ ਮੰਗਦੇ ਹਨ । ਸ਼ੂਮ ਧਨ ਇਕੱਠਾ ਕਰਦੇ ਹਨ ਪਰ ਰੋਂਦੇ ਹਨ ਜਦੋਂ ਉਹ ਧਨ (ਉਹਨਾਂ ਪਾਸੋਂ) ਚਲਾ ਜਾਂਦਾ ਹੈ, ਗਿਆਨ ਦੀ ਥੁੜ ਦੇ ਕਾਰਨ ਪੰਡਿਤ ਭੀ ਖ਼ੁਆਰ ਹੁੰਦੇ ਹਨ । ਇਸਤ੍ਰੀ ਰੋਂਦੀ ਹੈ ਜਦੋਂ (ਸਿਰ ਤੇ) ਪਤੀ ਨਾਹ ਰਹੇ । ਹੇ ਨਾਨਕ! ਸਾਰਾ ਜਗਤ ਹੀ ਦੁਖੀ ਹੈ । ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ (ਭਾਵ, ਜਿਸ ਦਾ ਮਨ ਪ੍ਰਭੂ ਦੇ ਨਾਮ ਵਿਚ ਪਤੀਜਦਾ ਹੈ) ਉਹ (ਜ਼ਿੰਦਗੀ ਦੀ ਬਾਜ਼ੀ) ਜਿੱਤ ਕੇ ਜਾਂਦਾ ਹੈ, (‘ਨਾਮ’ ਤੋਂ ਬਿਨਾ) ਕੋਈ ਹੋਰ ਕੰਮ (ਜ਼ਿੰਦਗੀ ਦੀ ਬਾਜ਼ੀ ਜਿੱਤਣ ਲਈ) ਸਫਲ ਨਹੀਂ ਹੁੰਦਾ ।1।
ਭਗਤ ਕਬੀਰ ਜੀ ਦੇ ਰਾਮ ਅਤੇ ਰਾਮ ਦੇ ਭੇਦ ਬਾਰੇ ਵਚਨ:
ੳ). ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥190॥ {ਗਗਸ ਪੰਨਾਂ 1374}
ਅਰਥ: ਹੇ ਕਬੀਰ! (ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਭੀ ਕਰਦਾ ਹੈ; ਪਰ) ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ । ਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ (ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਮਨੁੱਖ ਮਾਤ੍ਰ ਦਾ ਫ਼ਰਜ਼ ਹੈ) । ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸਰਥ ਦਾ ਪੁੱਤਰ ਹੈ, ਇਹੀ ਮੂਰਤੀ-ਪੂਜਾ ਵਿਅਰਥ ਹੈ) ।190। (ਗੁਰੂ ਗ੍ਰੰਥ ਸਾਹਿਬ ਦਰਪਣ)
ਹੈਰਾਨੀ ਦੀ ਗੱਲ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਹੁੰਦਿਆਂ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਪਤਾ ਨਾ ਲੱਗ ਸਕਿਆ ਕਿ ਗੁਰੂ ਨਾਨਕ ਸਾਹਿਬ ਤਾਂ ਸਰਬ ਵਿਆਪੀ ਰਾਮ ਦੇ ਉਪਾਸ਼ਕ ਸਨ, ਦਸ਼ਰਥ ਪੁੱਤ੍ਰ ਰਾਮ ਦੇ ਨਹੀਂ ।
ਅ). ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥
ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥191॥ {ਗਗਸ ਪੰਨਾਂ 1374}
ਪਦ ਅਰਥ: ਰਾਮੈ ਰਾਮ ਕਹੁ-ਹਰ ਵੇਲੇ ਰਾਮ ਦਾ ਨਾਮ ਸਿਮਰ । ਬਿਬੇਕ-ਪਰਖ, ਪਛਾਣ । ਕਹਿਬੇ ਮਾਹਿ-ਆਖਣ ਵਿਚ, ਸਿਮਰਨ ਵਿਚ । ਅਨੇਕਹਿ-ਅਨੇਕ ਜੀਵਾਂ ਵਿਚ । ਸਮਾਨਾ ਏਕ-ਸਿਰਫ਼ ਇਕ ਸਰੀਰ ਵਿਚ ਟਿਕਿਆ ਹੋਇਆ ਸੀ । 191
ਅਰਥ: ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ (ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ) ।191।
ਕਸ਼ਮੀਰਾ ਸਿੰਘ (ਪ੍ਰੋ.) U.S.A.
ਰਾਮ ਅਤੇ ਰਾਮ ਵਿੱਚ ਕੀ ਭੇਦ ਹੈ ?
Page Visitors: 2454