"ਗੁਰਮਤਿ ਵਿੱਚ ਮੀਰੀ ਅਤੇ ਪੀਰੀ ਦਾ ਸੰਕਲਪ"
ਮੀਰੀ-ਪੀਰੀ ਦਾ ਕੇਂਦਰੀ ਰੱਹਸ ਸਿੱਖ ਲਹਿਰ ਦੇ ਵਿਕਾਸ ਵਿੱਚ ਕਈ ਰੂਪਾਂ ਵਿੱਚ ਕਈ ਸੰਕਲਪਾਂ ਰਾਹੀ ਉਜਾਗਰ ਹੋਇਆ ਹੈ, ਜਿਵੇਂ ਦੀਨ-ਦੁਨੀ, ਹਲਤ-ਪਲਤ, ਸ਼ਸ਼ਤਰ-ਸ਼ਾਸ਼ਤਰ, ਗ੍ਰੰਥ-ਪੰਥ, ਜੋਗ-ਭੋਗ ਅਤੇ ਦੇਗ ਤੇਗ ਆਦਿ।
ਮੀਰੀ ਦਾ ਅਰਥ ਹੈ ਅਮੀਰੀ, ਸਰਦਾਰੀ, ਜਾਂ ਬਾਦਸ਼ਾਹੀ ਇਹ ਸ਼ਬਦ ਫਾਰਸੀ ਭਾਸ਼ਾ ਦੇ “ਮੀਰ” ਸ਼ਬਦ ਤੋਂ ਬਣਿਆ ਹੈ। ਸ਼੍ਰੀ ਗੁਰੂ ਅਰਜਨ ਜੀ ਨੇ ਗੁਰਬਾਣੀ ਵਿਚ ਮੀਰ ਸ਼ਬਦ ਇਹਨਾਂ ਅਰਥਾਂ ਵਿਚ ਹੀ ਵਰਤਿਆ ਹੈ
“ਤੂੰ ਪ੍ਰਭ ਹਮਰੋ ਮੀਰਾ॥
ਪੀਰੀ ਤੋਂ ਭਾਵ ਹੋ, ਨਿਰੋਲ ਧਾਰਮਿਕ ਅਤੇ ਅਧਿਆਤਮਿਕ ਜੀਵਨ ਧਾਰਾ ਜਿਸ ਵਿਚ ਤਿਆਗ, ਵਿਰਕਕਤਾ ਅਤੇ ਨਿਵਿਰਤੀ ਦੇ ਅੰਗ ਪ੍ਰਧਾਨ ਹੋਣ ਗੁਰਬਾਣੀ ਵਿਚ ਪੀਰ ਸ਼ਬਦ ਦੀ ਕਈ ਅੱਖਰਾਂ ਵਿੱਚ ਵਿਆਖਿਆ ਹੋਈ ਹੈ
“ਗੁਰ ਪੀਰ ਸਦਾਏ ਮੰਗਣ ਜਾਇ॥
ਤਾ ਕੈ ਮੂਲ ਨ ਲਗੀਐ ਪਾਇ॥”੧੨੪
ਭਾਈ ਗੁਰਦਾਸ ਜੀ ਨੇ ਵੀ ਪਹਿਲੇ ੬ ਪਾਵਨ ਗੁਰੂ ਸਾਹਿਬਾਂਨਾ ਬਾਰੇ ਇਹ ਸੰਗਿਆ ਵਰਤੀ ਹੈ
“ਪੰਜ ਪਿਆਲੇ ਪੰਜ ਪੀਰ,
ਛਟਮ ਪੀਰ ਬੈਠਾ ਗੁਰ ਭਾਰੀ॥
ਸਿੱਖ ਧਰਮ ਵਿਚ ਮੀਰੀ-ਪੀਰੀ ਜਾਂ ਭਗਤੀ-ਸ਼ਕਤੀ ਦਾ ਸੁਮੇਲ ਇੱਕ ਸਿਧਾਂਤਿਕ ਅਤੇ ਇਤਿਹਾਸਿਕ ਸੋਚ ਹੈ, ਸਿੱਖ ਧਰਮ ਦੀ ਇਤਿਹਾਸਿਕ ਗਦੀ ਵਿਚ ਮੁੱਢ ਤੋਂ ਹੀ ਭਗਤੀ ਦੇ ਨਾਲ ਨਾਲ-ਸ਼ਕਤੀ ਦਾ ਸੰਕਲਪ ਰਿਹਾ ਹੈ, ਇਹ ਸ਼ਕਤੀ ਜਬਰ ਲਈ ਨਹੀਂ ਸਗੋਂ ਅਨੈਤਿਕ ਅਤੇ ਜਨ ਦੋਖੀਆਂ ਦਾ ਮੁਕਾਬਲਾ ਕਰਨ ਲਈ ਹੈ। ਅਜੇਹੀ ਸ਼ਕਤੀ ਦਾ ਸੋਮਾਂ ਭਗਤੀ ਜਾਂ ਤਪ ਹੈ, ਜਿਸ ਦਾ ਰੂਪ ਸਿੱਖ ਧਰਮ ਵਿਚ ਸਿਮਰਨ, ਸੇਵਾ ਅਤੇ ਸੰਜਮ ਰਿਹਾ ਹੈ। ਇਹਨਾਂ ਦੋਹਾਂ ਦਾ ਸੁਮੇਲ ਸ਼੍ਰੀ ਗੁਰੂ ਨਾਨਕ ਜੀ ਨੇ ਸਿੱਖੀ ਆਰੰਭਕ ਕਾਲ ਵਿਚ ਹੀ ਸਥਾਪਿਤ ਕਰ ਦਿੱਤਾ ਸੀ, ਸ਼੍ਰੀ ਗੁਰੂ ਨਾਨਕ ਜੀ ਤੋਂ ਬਆਦ ਬਾਕੀਂ ਗੁਰੂ ਸਾਹਿਬਾਨ ਨੇ ਵੀ ਇਸ ਸੁਮੇਲ ਨੂੰ ਪੂਰਨ ਨਿਪੁਨੰਤਾ ਨਾਲ ਨਿਬਾਹਿਆ ਹੈ, ਮੀਰੀ-ਪੀਰੀ ਦੇ ਇਨਕਲਾਬੀ ਸੰਘਰਸ਼ ਗੁਰੂ ਅਰਜਨ ਜੀ ਦੇ ਸਮੇਂ ਤੱਕ ਸ਼ਾਂਤ ਰਿਹਾ, ਸ਼੍ਰੀ ਗੁਰੂ ਅਰਜਨ ਜੀ ਦੀ ਸਹਾਦਤ ਤੋਂ ਬਆਦ ਮੀਰੀ-ਪੀਰੀ ਨੇ ਸ਼ਸਤਰ ਬੱਧ ਰੂਪ ਧਾਰਨ ਕੀਤਾ।
ਇਤਿਹਾਸਕ ਤੌਰ ਤੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਣ ਕੇ ਛੇਵੇਂ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਨੇ, ਮੀਰੀ-ਪੀਰੀ ਦੇ ਸੰਕਲਪ ਨੂੰ ਜਨਮ ਦਿੱਤਾ, ਭਾਈ ਸੰਤੋਖ ਸਿੰਘ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚਉਥੀ ਰਾਸ ਵਿਚ ਇਸ ਦ੍ਰਿਸ਼ ਨੂੰ ਇਸ ਪ੍ਰਕਾਰ ਬਿਆਨ ਕਰਦੇ ਹਨ:
“ਮੀਰੀ ਪੀਰੀ ਦੋਨਹੁ ਧਰੈ,
ਬਚਹਿ ਸਰਣ ਨਤੁ ਜੁਗ ਪਰਹਰੈ॥
ਸੁਨ ਸਤਿਗੁਰ ਕੇ ਬਾਕ ਅਡੋਲੇ
ਧਰ ਸਰਧਾ ਰਹੇ ਅਨੰਦ ਇਕੇਲੇ॥ (ਸੂਰਜ ਪ੍ਰਕਾਸ਼)
ਗਿਆਨੀ ਗਿਆਨ ਸਿੰਘ ਨੇ ਵੀ ਇਸ ਘਟਨਾਂ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ:
ਫਿਰ ਕਹਯੋ ਸਿਖਨ ਇਹ ਉਲਟ ਲੀਨ ॥
ਉਨ ਦੁਤੀ ਤੇਗ ਪਹਨਾਏ ਦੀਨ॥
ਗੁਰੂ ਕਹਯੋ ਸੁਤੇ ਸਿਧ ਧਰੀ ਦੋਇ।
ਇਹੁ ਮੀਰੀ-ਪੀਰੀ ਤੇਗ ਹੋਇ॥
ਛੇਵੇਂ ਸਤਿਗੁਰੁ ਤੋਂ ਪਹਿਲਾਂ ਗੁਰੂ ਸਾਹਿਬਾਨ ਦਾ ਅਧਿਕਾਰ ਖੇਤ ਕੇਵਲ ਅਧਿਆਤਮਿਕ ਹੀ ਸਮਝਿਆ ਜਾਂਦਾ ਸੀ, ਛੇਵੇਂ ਗੁਰੂ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਣ ਕੇ ਅਧਿਆਤਮਿਕ ਖੇਤਰ ਦੇ ਨਾਲ ਸੰਸਾਰ ਅਧਿਕਾਰ ਖੇਤਰ ਦਾ ਵੀ ਵਾਧਾ ਕੀਤਾ, ਇਹਨਾਂ ਤੋਂ ਬਆਦ ੭ ਵੇਂ,੮ ਵੇਂ ਅਤੇ ੯ਵੇਂ ਗੁਰੂ ਸਾਹਿਬਾਨ ਨੇ ਸਾਂਤਮਈ ਜੀਵਨ ਬਤੀਤ ਕਰਕੇ ਮੀਰੀ ਦਾ ਪ੍ਰਗਟਾਵਾ ਕੀਤਾ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹਾਦਤ ਮਗਰੋਂ ਸਮੇਂ ਦੀ ਲੋੜ ਮੁਤਾਬਕ ਸੰਘਰਸ਼ ਨੂੰ ਦੁਬਾਰਾ ਸਸ਼ਤਰ ਬੱਧ ਰੂਪ ਦਿੱਤਾ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਅਕਾਲ ਪੁਰਖ ਦੀ ਫੌਜ ਦੇ ਕੇ ਅੰਦਰਲੇ ਅਤੇ ਬਾਹਰਲੇ ਸੰਘਰਸ਼ ਲਈ ਤਿਆਰ ਰਹਿਣ ਦੀ ਜੁੰਮੇਵਾਰੀ ਸੌਪ ਦਿਤੀ। ਇਸ ਧਰਮ ਜੁੱਧ ਲਈ ਸਾਸ਼ਤਰ (ਗ੍ਰੰਥ) ਅਤੇ ਸ਼ਸ਼ਤਰ ਦੋਹਾਂ ਨੂੰ ਖਾਲਸਾ ਰਹਿਤ ਦਾ ਜਰੂਰੀ ਅੰਗ ਬਣਾ ਦਿੱਤਾ ਗਿਆ।
ਸਿੱਖ ਗੁਰੂ ਸਾਹਿਬਾਨ ਨੇ ਇਸ ਗੱਲ ਨੂੰ ਭਲੀ ਭਾਂਤ ਜਾਣ ਲਿਆ ਸੀ, ਕਿ ਭਗਤੀ ਨਾਲੋਂ ਟੁੱਟ ਕੇ ਸ਼ਕਤੀ ਦਿਸਾ ਹੀਨ ਹੋ ਜਾਂਦੀ ਹੈ। ਇਸ ਤਰਾਂ ਮਨੁੱਖ ਵਿਚ ਰਾਖਸ਼ ਵਿਰਤੀ ਅਤੇ ਸਮਾਜ ਵਿਚ ਤਾਨਾਸਾਹੀ ਜਨਮ ਲੈਂਦੀ ਹੈ, ਇਸੇ ਤਰਾਂ ਸਕਤੀ ਨਾਲੋਂ ਟੁੱਟ ਕੇ ਭਗਤੀ ਸੂਨੰਯਵਾਦੀ ਹੋ ਜਾਂਦੀ ਹੈ।ਇਸ ਤਰਾਂ ਭਗਤੀ ਆਪਣਾ ਬਚਾਉ ਅਪਣਾ ਆਪ ਕਰਨ ਦੇ ਸਮੱਰਥ ਨਹੀਂ ਰਹਿੰਦੀ ਸਿੱਖ ਗੁਰੂ ਸਾਹਿਬਾਨ ਨੇ ਭਗਤੀ ਅਤੇ ਸ਼ਕਤੀ ਦੇ ਸਮਤੋਲ ਵਿਚ ਹੀ ਜਿੰਦਗੀ ਦੀ ਸੰਪੂਰਨਤਾ ਨੂੰ ਦਰਸਾਇਆ ਹੈ। ਦਰਅਸਲ ਮੀਰੀ-ਪੀਰੀ ਦਰਿਆ ਦੇ ਦੋ ਕੰਡਿਆਂ ਵਾਂਗ ਹੈ, ਜਿਨਾਂ ਵਿਚਕਾਰ ਜੀਵਨ ਧਾਰਾ ਬਹਿੰਦੀ ਹੈ। ਇਹ ਜੀਵਨ ਧਾਰਾ ਆਪਣੇ ਜਲਉ ਵਿਚ ਤਾਂ ਹੀ ਧੜਕਦੀ ਰਹ ਸਕਦੀ ਹੈ, ਜੇਕਰ ਦਰਿਆ ਦੇ ਦੋਹਾਂ ਕੰਡਿਆਂ ਵਾਂਗ ਏਕਤਾ ਵੀ ਹੋਵੈ ਅਤੇ ਭਿੰਨਤਾ ਦੂਰੀ ਵੀ ਜੇਕਰ ਸਿੱਖ ਲਹਿਰ ਇਹਨਾਂ ਦੋਹਾਂ ਵਿਚਕਾਰ ਇਸ ਕਿਸਮ ਦਾ ਰਿਸ਼ਤਾ ਸਥਾਪਿਤ ਨਾ ਕਰਦੀ ਤਾਂ ਸਿਖ ਕੌਮ ਆਪਣੇ ਖਾਲਸਾਈ ਰੂਪ ਵਿਚ ਜੀਣ ਦੀ ਥਾਂ ਕਬੀਰ ਪੰਥੀਆਂ ਵਾਂਗ ਨਾਨਕ ਪੰਥੀਆਂ ਦੀ ਸ਼ਕਲ ਵਿਚ ਹਿੰਦੂ ਸਮੂਹ ਵਿਚ ਹੀ ਜਜਬ ਹੋ ਕੇ ਰਹ ਗਈ ਹੁੰਦੀ। ਆਪਣੇ ਇਸ ਨਿਵੇਕਲੇ ਦਾਵੇ ਕਾਰਨ ਹੀ, ਸਿੱਖ ਲਹਿਰ ਦੀ ਸਥਾਪਿਤ ਰਾਜ ਸੱਤਾ ਨਾਲ ਟਕੱਰ ਹੁੰਦੀ ਆਈ ਹੈ। ਮੀਰੀ-ਪੀਰੀ ਦਾ ਦਾਅਵਾ ਸ਼੍ਰੀ ਗੁਰੂ ਨਾਨਕ ਜੀ ਦੇ ਪੰਚ-ਪਰਵਾਣ- ਪੰਚ-ਪਰਧਾਨ ਦੇ ਸੰਕਲਪ ਵਿਚ ਵੀ ਵਿਦਮਾਨ ਹੈ: ਸ਼੍ਰੀ ਗੁਰੂ ਨਾਨਕ ਜੀ ਨੇ ਹੀ ਸਭ ਤੋਂ ਪਹਿਲਾਂ ਆਪਣੀ ਬਾਣੀ ਵਿਚ ਸਮੇਂ ਦੀ ਹਕੂਮਤ ਦੇ ਜੁਲਮਾਂ ਪ੍ਰਤੀ ਅਵਾਜ ਉਠਾਈ।
“ਪਾਪ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ ॥” ੭੨੨
ਗੁਰੂ ਨਾਨਕ ਜੀ ਗੁਣਵਾਨ ਰਾਜਾ ਉਸੇ ਨੂੰ ਕਹਿੰਦੇ ਹਨ ਜੋ ਜੰਤਾਂ ਦੇ ਭੈ ਵਿਚ ਰਹਿੰਦਾ ਹੈ, ਜਿਸ ਦਾ ਹਰ ਕਾਰਜ ਪਰਜਾ ਦੇ ਭਲੇ ਵਿਚ ਹੁੰਦਾ ਹੈ।
“ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥” ੯੯੨
ਗੁਰੂ ਨਾਨਕ ਜੀ ਦੀ ਇਸ ਵਿਚਾਰਧਾਰਾ ਨੂੰ ਅਗਾਂਹ ਜਾ ਗੁਰੁ ਅਰਜਨ ਜੀ ਨੇ ਹਲੇਮੀ ਰਾਜ ਦਾ ਨਾਮ ਦਿੱਤਾ ਗਿਆ :
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
ਪੈ ਕੋਇ ਨ ਕਿਸੈ ਰਞਾਣਦਾ ॥
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩ ॥ ੭੪
ਦੁਸਟਾਂ ਦੇ ਰਾਜ ਨੂੰ ਖਤਮ ਕਰਕੇ ਸੱਚ ਦਾ ਰਾਜ ਬਣਾਉਣਾ ਹੀ ਇਕ ਮਹਾਨ ਅਦੱਰਸ ਹੈ। ਜਦੋਂ ਅਜੇਹੇ ਰਾਜ ਨੂੰ ਸੋਧਣ ਲਈ ਬਾਕੀ
ਸਭ ਸਾਧਨ ਬੇਕਾਰ ਹੋ ਜਾਂਦੇ ਹਨ, ਤਾਂ ਉਸ ਸਮੇਂ ਹੱਥ ਵਿਚ ਤਲਵਾਰ ਚੁੱਕਣੀ ਜਾਇਜ਼ ਹੈ , ਇਸੇ ਲਈ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਹੱਥ ਵਿਚ ਤਲਵਾਰ ਚੁੱਕਣੀ ਪਈ। ਇਸੇ ਕਾਰਨ ਹੀ ਸਿਖਾਂ ਨੂੰ ਸ਼ਸਤਰ ਧਾਰੀ ਬਣਾਇਆ ਅਤੇ ਦੀਵਾਨ ਵਿਚ ਚੰਗੇ ਵਧੀਆ ਘੋੜੇ ਅਤੇ ਵਧੀਆ ਸ਼ਸਤਰ ਭੇਟ ਕਰਨ ਦੀ ਤਗੀਦ ਕੀਤੀ, ਇਸੇ ਲਈ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮੇ ਵਿਚ ਇਸ ਪ੍ਰਕਾਰ ਕਿਹਾ ਹੈ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥
ਇਸ ਤਰਾਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਹੋਰ ਸਵਾਰਿਆ ਅਤੇ ਸ਼ਾਸਤਰ ਦੇ ਨਾਲ ਸ਼ਸਤਰ ਵੀ ਖਾਲਸੇ ਦੇ ਹੱਥ ਵਿਚ ਫੜਾ ਦਿਤੇ ਰਾਜ ਅਤੇ ਯੋਗ ਦੇ ਇਸ ਸੁਮੇਲ ਨੂੰ ਦਸਮ ਪਾਤਸ਼ਾਹ ਜੀ ਨੇ ਇਸ ਤਰਾਂ ਪ੍ਰਗਟ ਦਿਤਾ:-
ਧੰਨ ਜੀਓ ਤਿਹ ਕੋ ਜਗ ਮੈ
ਮੁਖ ਤੇ ਹਰਿ ਚਿਤ ਮੈ ਜੁਧ ਬਿਚਾਰੈ ॥ ੨੯੯
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਸ਼ਕਤੀ ਦੇ ਸੁਮੇਲ ਨੂੰ ਪਹਿਲੀ ਵਾਰ ਇਤਿਹਾਸਿਕ ਰੂਪ ਵਿਚ ਸਥਾਪਿਤ ਕੀਤਾ , ਉਹਨਾਂ ਨੇ ਸ਼੍ਰੀ ਹਰਿਮੰਦਿਰ ਸਾਹਿਬ ਸਾਹਮਣੇ ਦੁਨਿਆਵੀ ਬਾਦਸ਼ਾਹ ਦੇ ਤਖਤ ਤੇ ਮੁਕਾਬਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾਂ ਕੀਤੀ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਜੇਹੇ ਜਮਾਰ ਅਤੇ ਇਲਾਹੀ ਜਲਾਲ ਨੂੰ ਅਬਦੁਲਾਂ ਅਤੇ ਨਥਾ ਨਾਂ ਦੇ ਦੋ ਸਮਕਾਲੀ ਢਾਢੀਆਂ ਨੇ ਵੀ ਇਕ ਬੜੀ ਭਾਵ ਪੂਰਨ ਵਾਰ ਗਾਂਉਦਿਆਂ ਇਸ ਤਰਾਂ ਬਿਆਨ ਕੀਤਾ ਹੈ:-
“ਦੋ ਤਲਵਾਰੀ ਬਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ,
ਇੱਕ ਅਜ਼ਮਤ ਦੀ ਇੱਕ ਰਾਗ ਦੀ ਇੱਕ ਰਾਖੀ ਕਹੈ ਵਜ਼ੀਰ ਦੀ......
……ਪੱਗ ਤੇਰੀ ਕੀ ਜਹਾਂਗੀਰ ਕੀ॥”
ਇਸ ਤਰ੍ਹਾਂ ਸਿੱਖ ਧਰਮ ਵਿਚ ਭਗਤੀ-ਸਕਤੀ ਦੇ ਇਸ ਸੁਮੇਲ ਨੂੰ ਕਈ ਇਤਿਹਾਸਕਾਰਾਂ ਨੇ ਸ਼ੱਕ ਦੀ ਨਿਗਾਹ ਨਾਲ ਵੀ ਵੇਖਿਆ, ਉਹਨਾਂ ਲੋਕਾਂ ਦਾ ਇਹ ਕਹਿਣਾ ਕਿ ਸਾਂਤ ਮਈ ਢੰਗ ਨਾਲ ਚਲੀ ਆਂਉਦੀ ਸਿੱਖ ਲਹਿਰ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਵਿਚ ਭਗਤੀ ਮਾਰਗ ਤੋਂ ਸਕਤੀ ਮਾਰਗ ਵੱਲ ਉਲਾਰ ਹੋ ਗਈ। ਇਹੋ ਜਿਹੇ ਵਿਚਾਰ ਸਿੱਖ ਧਰਮ ਦੇ ਅੰਦਰਲੇ ਰਹੱਸ ਬਾਰੇ ਅਗਿਆਨਤਾ ਦਾ ਸਬੂਤ ਹੀ ਦਿੰਦੇ ਹਨ, ਇਸ ਭੁਲੇਖੇ ਦਾ ਸ਼ਿਕਾਰ ਪ੍ਰਸਿੱਧ ਇਤਿਹਾਸਕਾਰ ਜਾਦੂ ਨਾਥ ਸਰਕਾਰ ਨੇ ਇਹ ਵੀ ਲਿਖ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੀ ਫਕੀਰੀ ਦਾ ਸੀਤਲ ਸੋਮਾਂ ਫੌਜੀ ਛਾਉਣੀਆਂ ਦੇ ਮਾਰੂਥੱਲ ਵਿਚ ਜਾ ਕੇ ਸੁੱਕ ਗਿਆ, ਇਹ ਇਤਿਹਾਸਕਾਰ ਇਹ ਨ ਜਾਣ ਸਕਿਆ ਕਿ ਜੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ-ਪੀਰੀ ਦੀਆਂ ਤਲਵਾਰਾਂ ਨ ਧਾਰਨ ਕਰਦੇ ਫੌਜੀ ਛਾਉਣੀਆਂ ਨ ਬਣਾਉਂਦੇ ਅਤੇ ਕਿਲੇ ਨ ਉਸਾਰਦੇ ਤਾਂ ਇਹ ੧੬੦੬ ਈ: ਤੋਂ ਬਾਅਦ ਸ਼੍ਰੀ ਗੁਰੂ ਅਰਜਨ ਜੀ ਦੀ ਸਹਾਦਤ ਉਪਰੰਤ ਰਹਿਣਾ ਹੀ ਨਹੀਂ ਸੀ। ਜੇਕਰ ਇਹ ਰਹਿੰਦਾ ਤਾਂ ਇਤਿਹਾਸ ਵਿਚ ਇਸ ਦੀ ਕੋਈ ਕਦਰ ਨਹੀਂ ਸੀ ਹੋਣੀ, ਇਹ ਤਲਵਾਰਾਂ ਤਾ ਸਗੋਂ ਮਾਰੂਥਲ ਵਿਚ ਉਤਸਾਹ ਦਾ ਜਲ ਬਣ ਗਈਆਂ, ਇਹਨਾਂ ਤਲਵਾਰਾਂ ਰਾਹੀਂ ਲੋਕਾਂ ਨੂੰ ਪਹਿਲੀ ਵਾਰੀ ਉਤਸਾਹ ਦੀ ਝੱਲਕ ਮਿਲੀ, ਇਸ ਤਰ੍ਹਾਂ ਗੁਰੂ ਨਾਨਕ ਦਾ ਘਰ ਸਹੀ ਅਰਥਾਂ ਵਿਚ ਨਿਥਾਵਿਆਂ ਦੀ ਥਾਂ ਅਤੇ ਨਿਉਟਿਆਂ ਦੀ ਓਟ ਬਣ ਗਿਆ ਜਿਵੇਂ ਹਰੇ ਭਰੇ ਖੇਤ ਦੀ ਰੱਖਿਆ ਲਈ ਵਾੜ ਦੀ ਲੋੜ ਹੁੰਦੀ ਹੈ,ਇਸੇ ਤਰਾਂ ਧਰਮ ਦੀ ਰੱਖਿਆ ਲਈ ਰਿਆਸਤ ਰੂਪੀ ਵਾੜ ਹੋਣੀ ਜਰੂਰੀ ਹੈ, ਜੇਕਰ ਇਹ ਸਕਤੀ ਰੂਪੀ ਵਾੜ ਨ ਹੋਵੇ ਤਾਂ ਕਵਲ ਰੂਪੀ ਸਿੱਖੀ ਦੇ ਬੂਟੇ ਨੂੰ ਬਚਾਉਣ ਮੁਸਕਲ ਹੋ ਜਾਵੇ।ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਸਿੱਖ ਧਰਮ ਨੇ ਮਜਬੂਤ ਕਰਨ ਲਈ ਕਈ ਨਿਵੇਕਲੇ ਉਪਾ ਕੀਤੇ।ਇਹਨਾਂ ਉਪਾਵਾਂ ਸਕਦਾ ਸਿਖਾਂ ਵਿਚ ਨਵਾਂ ਜੋਸ਼ ਉਠਿਆ ਅਤੇ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਵਿਚ ਮਜਲੂਮ ਜੰਨਤਾ ਨੇ ਸਮੇਂ ਦੀ ਹਕੂਮਤ ਨਾਲ ਟੱਕਰ ਲਈ।
ਗੁਰਬਾਣੀ ਵਿਚ ਸੰਕਲਪਿਤ ਮੀਰੀ-ਪੀਰੀ ਦਾ ਜੋ ਸਿਧਾਂਤ ਹੈ, ਇਸ ਵਿਚ ਮਨੁੱਖ ਦੇ ਅੰਤਰੀਵੀ ਅਤੇ ਬਾਹਰ ਜੁਗਤ ਜੀਵਨ ਵਿਚ ਇਕ ਸਵੈ ਸਾਂਝ ਹੈ। ਵਿਅਕਤੀ ਜੀਵਨ ਵਿਚ ਇਹ ਸਵੈ ਸਾਂਝ ਜਾਂ ਏਕਤਾ ਮਨਮੁਖ ਨੂੰ ਮਨੁੱਖ, ਮਨੁੱਖ ਨੂੰ ਗੁਰਮੁਖ ਅਤੇ ਗੁਰਮੁਖ ਨੂੰ ਸੰਤ ਸਿਪਾਹੀ ਬਣਾਉਦੀ ਹੈ। ਇਸ ਤਰਾਂ ਸਿਖੀ ਆਸੇ ਅਨੁਸਾਰ ਆਦੱਰਸਕ ਮਨੁੱਖ ਸੰਤ ਸਿਪਾਹੀ ਹੈ। ਜਿਸ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਨੂੰ ਤਾਕਤਵਰ ਜਥੇਬੰਦੀ ਦਾ ਰੂਪ ਦਿਤਾ, ਇਸ ਜਥੇਬੰਦੀ ਨੇ ਹਿੰਦੂਸਤਾਨ ਇਤਿਹਾਸ ਵਿਚ ਭਾਰੀ ਇਨਕਲਾਬ ਪੈਦਾ ਕਰ ਦਿਤਾ। ਇਸ ਲਈ ਸਿਖੀ ਜੀਵਨ ਵਿਚ ਇਹਨਾਂ ਦੋਹਾਂ ਪੱਖਾਂ ਦਾ ਹੋਣਾ ਬਹੁਤ ਜਰੂਰੀ ਹੈ।ਇਹਨਾਂ ਦੋਹਾਂ ਪੱਖਾਂ ਦੇ ਸੁਮੇਲ ਵਿਚ ਹੀ ਸਿਖੀ ਦੇ ਨਿਆਰੇਪਨ ਦੀ ਝਲਕ ਡੁਲ-ਡੁਲ ਪੈਂਦੀ ਹੈ।
ਸੁਖਜੀਵਨ ਿਸੰਘ (ਸਟਾਕਟਨ)..