ਤੱਤ-ਗੁਰਮਤਿ ਦੇ ਨਾਂ ‘ਤੇ ਅਧੁਨਿਕਤਾ ਜਾਂ ਮਨ-ਮਰਜ਼ੀ (Bwg cOQw)
ਕੜਾਹ-ਪ੍ਰਸ਼ਾਦ ਬਾਰੇ
ਇਸ ਪ੍ਰੋਗਰਾਮ ਵਿੱਚ ਕੜਾਹ-ਪ੍ਰਸ਼ਾਦ ਦਾ ਵੀ ਰੱਜ ਕੇ ਮਖ਼ੌਲ ਉਡਾਇਆ ਗਿਆ। ਪ੍ਰੋਗਰਾਮ ਦੀ ਸਮਾਪਤੀ ਤੇ ਜਦੋਂ ਕੜਾਹ-ਪ੍ਰਸ਼ਾਦ ਵਰਤਾਉਣ ਦੀ ਗੱਲ ਆਈ ਤਾਂ ਆਪੂੰ ਬਣੇ ਸਟੇਜ ਸੈਕਟਰੀ ਨੇ ਕਿਹਾ ਕਿ ਕੜਾਹ ਦੀ ਵੀ ਕੋਈ ਲੋੜ ਨਹੀਂ ਸੀ, ਜੇਕਰ ਹੁਣ ਘਰ ਵਾਲਿਆਂ ਨੇ ਕੜਾਹ-ਪ੍ਰਸ਼ਾਦ ਪ੍ਰੋਗਰਾਮ ਵਿੱਚ ਰੱਖ ਹੀ ਦਿੱਤਾ ਹੈ ਤਾਂ ਲੰਗਰ ਵਿੱਚ ਵਰਤਾ ਦਿੱਤਾ ਜਾਵੇ। ਜੇਕਰ ਸੰਗਤ ਵਿੱਚ ਕੜਾਹ ਪ੍ਰਸ਼ਾਦ ਵਰਤਾਉਣਾ ਹੀ ਨਹੀਂ ਸੀ ਤਾਂ ਦਵਿੰਦਰ ਸਿੰਘ ਨੂੰ ਪਹਿਲਾਂ ਹੀ ਕਹਿ ਦੇਣਾ ਸੀ ਕਿ ਕੜਾਹ ਪ੍ਰਸ਼ਾਦ ਬਣਾਉਣ ਦੀ ਕੋਈ ਲੋੜ ਨਹੀਂ ਹੈ। ਉਸ ਵੇਲੇ ਤੱਤ-ਗੁਰਮਤਿ ਪ੍ਰਵਾਰ ਨੇ ਆਪਣੀਆਂ ਅੱਖਾਂ ਕਿਉਂ ਬੰਦ ਕਰ ਲਈਆਂ ਸਨ, ਜਦੋਂ ਕਿ ਉਹ ਉਥੇ ਪਹਿਲਾਂ ਤੋਂ ਘੁੰਮ ਰਹੇ ਸਨ। ਜੇਕਰ ਤੱਤ-ਗੁਰਮਤਿ ਪ੍ਰਵਾਰ ਵਾਲੇ ਸ. ਦਵਿੰਦਰ ਸਿੰਘ ਨਾਲ ਕੜਾਹ-ਪ੍ਰਸ਼ਾਦ ਬਾਰੇ ਪਹਿਲਾਂ ਤੋਂ ਹੀ ਆਪਣਾ ਸਲਾਹ-ਮਸ਼ਵਰਾ ਕਰਦੇ ਤਾਂ ਇਨ੍ਹਾਂ ਦੀ ਬਦਨੀਤੀ ਦਾ ਪਤਾ ਚਲ ਜਾਣਾ ਸੀ ਅਤੇ ਸਾਰਾ ਪ੍ਰੋਗਰਾਮ ਠੁਸ ਹੋ ਕੇ ਰਹਿ ਜਾਣਾ ਸੀ।
ਤੱਤ-ਗੁਰਮਤਿ ਪ੍ਰਵਾਰ ਦੇ ਮੈਂਬਰ ਆਪਣੇ ਆਪ ਨੂੰ ਭਾਈ ਗੁਰਦਾਸ ਜੀ ਤੋਂ ਵੀ ਜ਼ਿਆਦਾ ਸਿਆਣੇ ਸਮਝਣ ਲਗ ਪਏ ਹਨ ਕਿਉਂਕਿ ਭਾਈ ਗੁਰਦਾਸ ਜੀ ਨੇ ਆਪਣੇ 124 ਨੰਬਰ ਕਬਿੱਤ ਅੰਦਰ ਲਿਖਿਆ ਹੈ ਕਿ “ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ੍ਰ ਭਏ, ਪੰਚ ਮਿਲ ਪ੍ਰਗਟ ਪੰਚਾਮ੍ਰਿਤ ਪ੍ਰਗਾਸ ਹੈ। ” ਭਾਵ ਕਿ ਖੰਡ, ਘਿਓ, ਆਟਾ, ਜਲ ਅਤੇ ਅਗਨੀ ਪੰਜਾਂ ਦੇ ਇਕੱਠੇ ਮਿਲਣ ਨਾਲ ਜਿਵੇਂ ਕੜਾਹ ਪ੍ਰਸ਼ਾਦ ਬਣ ਜਾਂਦਾ ਹੈ। ਆਪ ਜੀ ਇਹ ਸਮਝਾਉਣ ਦੀ ਖੇਚਲ ਕਰੋਗੇ ਕਿ ਭਾਈ ਗੁਰਦਾਸ ਜੀ ਕਿਸ ਕੜਾਹ-ਪ੍ਰਸ਼ਾਦ ਦੀ ਉਦਾਹਰਣ ਦੇ ਕੇ ਸਮਝਾ ਰਹੇ ਹਨ। ਕੀ ਕਿਸੇ ਹੋਰ ਧਰਮ ਜਿਵੇਂ ਹਿੰਦੂ, ਮੁਸਲਮਾਨ, ਇਸਾਈ,ਜੈਨੀ, ਬੋਧੀ ਆਦਿ ਅੰਦਰ ਪਹਿਲਾਂ ਕੜਾਹ-ਪ੍ਰਸ਼ਾਦ ਦੀ ਵਰਤੋਂ ਕੀਤੀ ਜਾਂਦੀ ਸੀ? ਜਾਂ ਅੱਜ ਵੀ ਹੋ ਰਹੀ ਹੈ? ਜਿਸ ਦੀ ਉਦਾਹਰਣ ਭਾਈ ਗੁਰਦਾਸ ਜੀ ਨੇ ਦਿੱਤੀ ਹੈ ਜਾਂ ਇਹ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖ ਕੌਮ ਅੰਦਰ ਹੋਰ ਪ੍ਰਚਲਤ ਪ੍ਰਸ਼ਾਦਾਂ ਦੀ ਥਾਂ ਕੜਾਹ ਪ੍ਰਸ਼ਾਦ ਨੇ ਲੈ ਲਈ ਸੀ।
ਇਸ ਬਾਰੇ ਆਪ ਜੀ ਦਾ ਧਿਆਨ ਇੱਕ ਹੋਰ ਲਿਖਤ ਵਲ ਦਿਵਾਇਆ ਜਾਂਦਾ ਹੈ ਕਿ ਡਾ. ਹਰਜਿੰਦਰ ਸਿੰਘ ਦਿਲਗੀਰ ਆਪਣੀ ਲਿਖਤ ਸਿੱਖ ਤਵਾਰੀਖ ਪਹਿਲੇ ਹਿੱਸੇ ਦੇ ਪੰਨਾ-316 ਤੇ ਲਿਖਿਆ ਹੈ ਕਿ “ਗੁਰੂ ਸਾਹਿਬ ਨੇ ਸੰਗਤ ਨੂੰ ਮੁਖਾਤਿਬ ਹੋ ਕੇ ਆਖਿਆ ਕਿ ਹੁਣ ਤੋਂ ਇਨ੍ਹਾਂ ਪੰਜਾਂ ਮਰਜੀਵੜਿਆਂ ਨੂੰ ‘ਪੰਜ ਪਿਆਰੇ’ ਆਖਿਆ ਜਾਇਆ ਕਰੇਗਾ। ਜਦ ਤਕ ਚੰਦ ਸੂਰਜ ਕਾਇਮ ਰਹਿਣਗੇ, ਗੁਰੂ ਨੂੰ ਸਿਰ ਭੇਟ ਕਰਨ ਵਾਲੇ ਪਹਿਲੇ ਪੰਜ ਸਿੱਖਾਂ ਦਾ ਨਾਂ ਦੁਨੀਆਂ ਭਰ ਚ ਕਾਇਮ ਰਹੇਗਾ। ਜਦੋਂ ਵੀ ਕੜਾਹ ਪ੍ਰਸ਼ਾਦ ਦੇਗ ਤਿਆਰ ਹੋਇਆ ਕਰੇਗੀ, ਇਨ੍ਹਾਂ ਦਾ ਛਾਂਦਾ (ਹਿੱਸਾ) ਸਭ ਤੋਂ ਪਹਿਲਾਂ ਕੱਢਿਆ ਜਾਇਆ ਕਰੇਗਾ। ” ਇਹ ਸ਼ਬਦ ਉਸ ਲੇਖਕ ਦੀ ਕਿਤਾਬ ਦਾ ਹਿੱਸਾ ਹਨ, ਜਿਸ ਬਾਰੇ ਤੱਤ-ਗੁਰਮਤਿ ਪ੍ਰਵਾਰ ਵਾਲੇ ਆਪਣੀ ਕਿਤਾਬ ਗੁਰਮਤਿ ਜੀਵਨ ਸੇਧਾਂ ਦੇ ਪੰਨਾ ਨੰ: 6 ਉਤੇ ਲਿਖਦੇ ਹਨ “ਪਰ ਇੱਕ ਪ੍ਰੋਜੈਕਟ ਵਜੋਂ ਸਿੱਖ ਰਹਿਤ ਮਰਿਆਦਾ ਸੁਧਾਰ ਦੇ ਠੋਸ ਜਤਨ ਸੰਨ 2006 ਦੇ ਆਸ ਪਾਸ ਮੋਹਾਲੀ ਪੰਜਾਬ ਵਿਖੇ ਸ਼ੁਰੂ ਹੋਏ। ਇਨ੍ਹਾਂ ਯਤਨਾਂ ਦੇ ਸੂਤਰਧਾਰ ਡਾ. ਹਰਜਿੰਦਰ ਸਿੰਘ ਜੀ ਦਿਲਗੀਰ ਬਣੇ।… … ਇਨ੍ਹਾਂ ਯਤਨਾਂ ਰਾਹੀਂ ਮੁਢਲੇ ਰੂਪ ਵਿੱਚ ਇੱਕ ਸੰਭਾਵੀ ਖਰੜਾ ਵੀ ਤਿਆਰ ਹੋਇਆ। ….ਇਸ ਸੁਧਾਰ ਉਪਰਾਲੇ ਦੇ ਪਹਿਲੇ ਪੜਾਅ ਵਜੋਂ 2010 ਈਸਵੀ ਵਿਚ, ਸੰਨ 2006 ਦੇ ਆਸ ਪਾਸ ਤਿਆਰ ਕੀਤੇ ਸੰਭਾਵੀ ਖਰੜੇ ‘ਤੇ, ਦੁਬਾਰਾ ਨਿੱਠ ਕੇ ਨਿਜੀ ਮੀਟਿੰਗਾਂ ਵਿੱਚ ਲੜੀਵਾਰ ਗੁਰਮਤਿ ਵੀਚਾਰਾਂ ਸ਼ੁਰੂ ਕੀਤੀਆਂ ਗਈਆਂ। ਇੱਥੇ ਸੋਚਣ ਵਾਲੀ ਗੱਲ ਹੈ ਕਿ ਡਾ. ਹਰਜਿੰਦਰ ਸਿੰਘ ਦਿਲਗੀਰ,ਕਿਤਾਬ ਗੁਰਮਤਿ ਜੀਵਨ ਸੇਧਾਂ ਨਾਲ ਸਹਿਮਤ ਹਨ ਜਾਂ ਲੁਕਵੇਂ ਤਰੀਕੇ ਨਾਲ ਉਨ੍ਹਾਂ ਦਾ ਨਾਂ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਗੁਰਮਤਿ ਜੀਵਨ ਸੇਧਾਂ ਕਿਤਾਬ ਦੇ ਪੰਨਾ-178 ਤੇ ਪਹਿਲੀ ਵਿਚਾਰ ਗੋਸਟੀ ਵਿੱਚ ਵੀਡੀਓ ਕਾਨਫਰੰਸ ਰਾਹੀ ਸ਼ਾਮਲ ਕੁੱਝ ਪੰਥ ਦਰਦੀ ਸੱਜਣਾਂ ਦੀ ਸੂਚੀ ਵਿੱਚ ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਨਾਂ ਵੀ ਦਰਜ ਹੈ। ਜੇਕਰ ਉਹ ਸਹਿਮਤ ਹਨ ਤਾਂ ਫਿਰ ਉਨ੍ਹਾਂ ਦੀ2008 ਵਿੱਚ ਛਪੀ ਤਵਾਰੀਖ ਕਿਵੇਂ ਸੱਚੀ ਮੰਨੀ ਜਾ ਸਕਦੀ ਹੈ? ਇਸ ਕਿਤਾਬ ਦਾ ਹਵਾਲਾ ਦੇਣ ਦਾ ਇੱਕ ਹੋਰ ਵੀ ਕਾਰਣ ਸੀ ਕਿ ਇਸ ਕਿਤਾਬ ਦੀ ਜਿਲਦ ਤੇ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਲਿਖਿਆ ਹੈ: “ਕੌਮੀ ਤਵਾਰੀਖ ਦਾ ਨਿਵੇਕਲੀ ਵਿਧੀ ਨਾਲ ਅਧਿਐਨ ਕਰਨਾ ਅਤੇ ਇਤਿਹਾਸਕ ਤੱਥਾਂ ਨੂੰ ਪੂਰੀ ਤਰ੍ਹਾਂ ਪਰਖ ਕੇ ਸਿਕੇਬੰਦ ਇਤਿਹਾਸ ਨੂੰ ਪੇਸ਼ ਕਰਨਾ ਅਜੋਕੇ ਯੁੱਗ ਵਿੱਚ ਡਾ. ਦਿਲਗੀਰ ਦੇ ਹਿੱਸੇ ਹੀ ਆਇਆ ਹੈ ” ਜਿਨ੍ਹਾਂ ਦਾ ਨਾਮ ਚੰਗੇ ਸੁਲਝੇ ਹੋਏ ਵਿਦਵਾਨਾਂ ਵਿੱਚ ਆਉਂਦਾ ਹੈ।
ਅਰਦਾਸ ਬਾਰੇ
ਤੱਤ ਗੁਰਮਤਿ ਪ੍ਰਵਾਰ ਨੇ ਆਪਣੀ ਪੁਸਤਕ ਦੇ ਪੰਨਾ- 48-49 ਉਤੇ ਲਿਖਿਆ ਹੈ ਕਿ ਅਰਦਾਸ ਤੋਂ ਭਾਵ ਹੈ ਸਮਰਪਣ ਹੈ ਨਾ ਕਿ ਕਿਸੇ ਖਾਸ ਤਰੀਕੇ ਨਾਲ, ਰਸਮੀ ਬੋਲ ਕੇ ਕੀਤੀ ਜਾਂ ਕਰਵਾਈ ਅਰਦਾਸ।
ਜਵਾਬ:
ਅਰਦਾਸ ਅਤੇ ਸਮਰਪਣ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ।
ਅਰਦਾਸ: ਫ਼ਾਰਸੀ ਸ਼ਬਦ ਅਰਜ਼ਦਾਸਤ ਦਾ ਸੰਖੇਪ ਰੂਪ ਹੈ, ਜਿਸ ਦੇ ਅਰਥ ਹਨ ਅਰਜੋਈ, ਅਰਜ,ਬੇਨਤੀ ਜਾਂ Prayer (ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਅਰਦਾਸ, ਬੇਨਤੀ, ਬਿਨਵੰਤਿ,ਬਿਨਉ, ਬਿਨਵੈ, ਬੇਨੰਤੀ, ਦੋਇ ਜੋੜਿ ਆਦਿ ਸ਼ਬਦ ਅਨੇਕਾਂ ਬਾਰ ਆਏ ਹਨ), ਜਿਸ ਦਾ ਇਸ਼ਾਰੇ ਮਾਤਰ ਵਰਨਣ ਹੇਠ ਲਿਖੇ ਅਨੁਸਾਰ ਹੈ। ਅਰਦਾਸ ਕਿਸ ਅੱਗੇ ਕਰਨੀ ਹੈ, ਸਵਾਲਾਂ ਦੇ ਰੂਪ ਵਿੱਚ ਕੁੱਝ ਗੁਰਬਾਣੀ ਫ਼ੁਰਮਾਨ:
1) ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ।। (ਪੰਨਾ-1258)
2) ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ।। (ਪੰਨਾ-1420)
3) ਜੋ ਕਿਛੁ ਕਰਣਾ ਸੁ ਤੇਰੈ ਪਾਸਿ।। ਕਿਸੁ ਆਗੈ ਕੀਚੈ ਅਰਦਾਸਿ।। (ਪੰਨਾ-1125)
ਹੁਣ ਦੇਖੋ, ਜਿਸ ਅੱਗੇ ਅਰਦਾਸ ਕਰਨੀ ਹੈ, ਜਵਾਬ ਦੇ ਰੂਪ ਵਿੱਚ ਕੁੱਝ ਗੁਰਬਾਣੀ ਫ਼ੁਰਮਾਨ:
1) ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ।। (ਪੰਨਾ-994)
2) ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ।।
ਮਿਹਰ ਕਰੇ ਜਿਸੁ ਮਿਹਰਵਾਨੁ ਤਾ ਕਾਰਜੁ ਆਵੈ ਰਾਸਿ।। (ਪੰਨਾ-44)
3) ਤਿਸੁ ਆਗੈ ਅਰਦਾਸਿ ਕਰਿ ਜੋ ਮੇਲੈ ਕਰਤਾਰੁ।। (ਪੰਨਾ-49)
4) ਦੁਇ ਕਰ ਜੋੜਿ ਕਰੀ ਅਰਦਾਸਿ।। (ਪੰਨਾ-1340)
5) ਦੁਇ ਕਰ ਜੋੜਿ ਇਕੁ ਬਿਨਉ ਕਰੀਜੈ।। ਕਰਿ ਕਿਰਪਾ ਡੁਬਦਾ ਪਥਰੁ ਲੀਜੈ।। (ਪੰਨਾ-103)
6) ਨਾਨਕੁ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ।। (ਪੰਨਾ-103)
7) ਨਾਨਕ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ।। (ਪੰਨਾ-660)
8) ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ।। (ਪੰਨਾ-980)
9) ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ।। (ਪੰਨਾ-461)
ਅਕਸਰ ਦੇਖਿਆ ਜਾਂਦਾ ਹੈ ਕਿ ਗ਼ਰੀਬ ਤੋਂ ਲੈ ਕੇ ਅਮੀਰ ਮਨੁੱਖ ਵੀ ਆਪਣੇ ਅਨੇਕਾਂ ਦੁਨਿਆਵੀ ਕੰਮ ਕਰਾਉਣ ਲਈ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਨੇਕਾਂ ਵਾਰ ਬੇਨਤੀ ਅਰਜ ਜਾਂ Request ਸ਼ਬਦਾਂ ਦੀ ਵਰਤੋਂ ਕਰਦੇ ਹਨ। ਜਦੋਂ ਕੋਈ ਮਨੁੱਖ ਕਿਸੇ ਸਮਰੱਥ ਅਧਿਕਾਰੀ ਜਿਸ ਨੂੰ ਕਿਸੇ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ, ਉਸ ਅੱਗੇ ਮਨੁੱਖ ਪੇਸ਼ ਹੋਣ ਸਮੇਂ ਆਪਣੇ ਕਿਸੇ ਕੰਮ ਨੂੰ ਪੂਰਾ ਕਰਾਉਣ ਲਈ ਸਭ ਤੋਂ ਪਹਿਲਾਂ ਬੇਨਤੀ ਅਰਜ ਜਾਂ Request ਸ਼ਬਦਾਂ ਦੀ ਵਰਤੋਂ ਕਰਦਾ ਹੈ। ਅਫਸਰ ਦੇ ਆਪਣੇ ਦੋਸਤ ਵੀ ਪਹਿਲਾਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਹਨ। ਆਪਣੇ ਕਿਸੇ ਕੰਮ ਜਾਂ ਆਪਣੀ ਸਮੱਸਿਆ ਦਾ ਬਾਅਦ ਵਿੱਚ ਜ਼ਿਕਰ ਕਰਦਾ ਹੈ। ਅਜਿਹਾ ਕਿਉਂ? ਅਸਲ ਵਿੱਚ ਕਿਸੇ ਕੰਮ ਨੂੰ ਕਰਾਉਣ ਲਈ ਬੇਨਤੀ, ਅਰਜ,ਜਾਂ Request ਸ਼ਬਦਾਂ ਦੀ ਵਰਤੋਂ ਕਰਨਾ, ਜਿੱਥੇ ਇੱਕ ਸਭਿਅਕ ਮਨੁੱਖ ਦੀ ਨਿਸ਼ਾਨੀ ਹੈ, ਉੱਥੇ ਕਿਸੇ ਕੰਮ ਨੂੰ ਕਰਾਉਣ ਦਾ ਇੱਕ ਵਧੀਆ ਸਲੀਕਾ ਵੀ ਹੈ।
ਸਾਰੇ ਨਾਨਕ ਜੋਤਿ ਸਤਿਗੁਰਾਂ ਅੱਗੇ ਜਦੋਂ ਵੀ ਸਿੱਖ ਆਪਣੀ ਇੱਛਾ ਜਾਹਰ ਕਰਦੇ ਸਨ ਤਾਂ ਉਹ ਬੇਨਤੀ ਜਾਂ ਅਰਜ ਦੇ ਰੂਪ ਵਿੱਚ ਹੀ ਕਰਦੇ ਸਨ। ਜਦੋਂ ਕਿ ਸਤਿਗੁਰ ਸਾਹਿਬਾਨ ਆਪਣੇ ਸਿੱਖ ਦੀ ਅੰਦਰੂਨੀ ਭਾਵਨਾ ਨੂੰ ਪਹਿਲਾਂ ਹੀ ਸਮਝਦੇ ਸਨ। ਕਿਸੇ ਦੀ ਅੰਦਰੂਨੀ ਭਾਵਨਾ ਨੂੰ ਸਮਸਝਣਾ ਅੰਤਰਜਾਮੀ ਗੁਰੂ ਦਾ ਵੱਡਾ ਗੁਣ ਹੁੰਦਾ ਹੈ। ਉਸ ਸਮੇਂ ਕਦੇ ਵੀ ਕਿਸੇ ਸਿੱਖ ਨੇ ਇਹ ਫੜ ਨਹੀਂ ਮਾਰੀ ਕਿ ਮੈਂਨੂੰ ਗੁਰੂ ਅਗੇ ਬੇਨਤੀ ਕਰਨ ਦੀ ਕੋਈ ਲੋੜ ਨਹੀਂ ਹੈ।
ਪਰਮਾਤਮਾ ਅੰਤਰਜਾਮੀ ਹੈ। ਉਹ ਸਭ ਦੇ ਦਿਲਾਂ ਦੀ ਗਹਿਰਾਈ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਪਰ ਫਿਰ ਵੀ ਉਸ ਅੱਗੇ ਬੇਨਤੀ ਅਰਜ ਜਾਂPrayer ਕਰਨਾ ਇੱਕ ਧਰਮੀ ਮਨੁੱਖ ਦਾ ਨਿਮਰਤਾ ਵਾਲਾ ਗੁਣ ਮੰਨਿਆ ਜਾਂਦਾ ਹੈ। ਇਸ ਦੇ ਉਲਟ ਹੰਕਾਰੀ ਮਨੁੱਖ ਕਿਸੇ ਅੱਗੇ ਅਰਦਾਸ, ਅਰਜ ਜਾਂ Request ਨਹੀਂ ਕਰਦਾ ਸਗੋਂ ਉਹ ਧੱਕਾ ਕਰਦਾ ਹੈ। ਸਿੱਖ ਆਪਣੇ ਗੁਰੂ ਅੱਗੇ ਨਿਮਾਣਾ ਬਣ ਕੇ ਹਾਜ਼ਰ ਹੁੰਦਾ ਹੈ ਨਾ ਕਿ ਹੰਕਾਰੀ ਬਣ ਕੇ।
ਤੁਸੀਂ ਅਰਦਾਸ ਬਾਰੇ ਲਿਖਿਆ ਹੈ ਕਿ ਅਰਦਾਸ ਦੁਰਗਾ ਦੇਵੀ ਦੀ ਪੂਜਾ ਹੈ ਅਤੇ ਗੁਰਮਤਿ ਅਨੁਸਾਰ ਅਰਦਾਸ ਕਰਨ ਦੀ ਗੱਲ ਕੀਤੀ ਹੈ, ਮੈ ਵੀ ਇਹ ਗੱਲ ਮੰਨਣ ਤੋਂ ਇੰਨਕਾਰੀ ਨਹੀਂ ਹਾਂ ਕਿ ਅਜੋਕੀ ਅਰਦਾਸ ਦਾ ਪਹਿਲਾ ਪਹਿਰਾ ਚੰਡੀ ਦੀ ਵਾਰ ਦਾ ਹਿੱਸਾ ਹੈ। ਜੇਕਰ ਤੁਸੀਂ ਇਸ ਹਿੱਸੇ ਨੂੰ ਨਾ ਵੀ ਬੋਲਦੇ ਤਾਂ ਹੋ ਸਕਦਾ ਸੀ ਕਿ ਕੋਈ ਵੀ ਇਤਰਾਜ਼ ਨਾ ਕਰਦਾ। ਅਰਦਾਸ ਜਿਸ ਵਿੱਚ ਗੁਰੂ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦਿਆਂ, ਗੁਰੂ ਜੀ ਦੇ ਸਿੰਘ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਹੈ ਜਾਂ ਪ੍ਰਭੂ ਪ੍ਰਮਾਤਮਾ ਤੋਂ ਗੁਰਸਿੱਖੀ ਜੀਵਨ ਦੀ ਦਾਤ ਮੰਗੀ ਗਈ ਹੈ, ਇਹ ਸਾਰਾ ਦਸਮ ਗ੍ਰੰਥ ਦਾ ਹਿੱਸਾ ਨਹੀਂ ਹੈ।ਜੇਕਰ ਇਹ ਤੁਹਾਡੇ ਅਨੁਸਾਰ ਦਸਮ ਗ੍ਰੰਥ ਦਾ ਹਿੱਸਾ ਹੈ, ਤਾਂ ਦਸਮ ਗ੍ਰੰਥ ਦਾ ਪੰਨਾ ਨੰਬਰ ਜ਼ਰੂਰ ਦੱਸਣਾ ਜੀ।
ਜੇਕਰ ਆਪ ਜੀ ਦੀ ਕਿਤਾਬ ਦੇ ਪੰਨਾ-48 ਅਨੁਸਾਰ ਖੜੇ ਹੋ ਕੇ ਅਰਦਾਸ ਕਰਨ ਦੀ ਜਰੂਰਤ ਨਹੀਂ ਹੈ ਤਾ ਉਪਰੋਕਤ ਸ਼ਬਦਾ ਦੇ ਅਰਥ ਜ਼ਰੂਰ ਸਮਝਾ ਦੇਣਾ ਜੀ। ਪ੍ਰਮਾਤਮਾ ਅੰਤਰਜਾਮੀ ਹੈ, ਫਿਰ ਪ੍ਰੋਗਰਾਮ ਵਾਲੇ ਦਿਨ “ਤੂੰ ਠਾਕੁਰ ਤੁਮ ਪਹਿ ਅਰਦਾਸ” ਵਾਲਾ ਸ਼ਬਦ ਪੜ੍ਹਣ ਦੀ ਕੀ ਲੋੜ ਪਈ ਸੀ? ਕੀ ਉਸ ਵੇਲੇ ਪ੍ਰਮਾਤਮਾ ਅੰਤਰਜਾਮੀ ਨਹੀਂ ਸੀ? ਤੱਤ-ਗੁਰਮਤਿ ਪ੍ਰਵਾਰ ਨੇ ਆਪਣੇ ਛਾਪੇ ਨਿਤਨੇਮ ਦੇ ਗੁਟਕਿਆਂ ਵਿੱਚ ਬਹੁਤ ਵੱਡੀ ਅਰਦਾਸ ਛਾਪੀ ਹੋਈ ਹੈ, ਕੀ ਉਹ ਗ਼ਲਤ ਹੈ ਜਾਂ ਆਪਣੀ ਨਵੀਂ ਬਣਾਈ ਅਰਦਾਸ ਨੂੰ ਸੰਗਤ ਵਿੱਚ ਕਰਨ ਤੋਂ ਡਰਦੇ ਹੋ?
ਤੱਤ-ਗੁਰਮਤਿ ਪ੍ਰਵਾਰ ਵਾਲੇ ਅਰਦਾਸ ਕਰਨ ਵਿੱਚ ਆਪਣੀ ਹੇਠੀ ਸਮਝਦੇ ਹਨ। ਉਨ੍ਹਾਂ ਨੂੰ ਕਿਸੇ ਅੱਗੇ ਝੁਕਣ ਜਾਂ ਮੰਗਣ ਦੀ ਲੋੜ ਨਹੀਂ ਹੈ ਕਿਉਂਕਿ ਅਰਦਾਸ ਵਿੱਚ ਸਿੱਖ ਜਿਹੜੀਆਂ ਚੀਜ਼ਾਂ ਦੀ ਮੰਗ ਕਰਦੇ ਹਨ, ਉਨ੍ਹਾਂ ਨੂੰ ਇਹ ਖ਼ਤਮ ਕਰਨਾ ਚਾਹੁੰਦੇ ਹਨ। ਇਸ ਕਰਕੇ ਇਨ੍ਹਾਂ ਨੂੰ ਅਰਦਾਸ ਕਰਨਾ ਕਰਮਕਾਂਡ ਲਗਦਾ ਹੈ।
ਕੋਈ ਵੀ ਮਨੁੱਖ, ਗੁਰੂ ਅੱਗੇ ਜਾਂ ਪ੍ਰਮਾਤਮਾ ਅੱਗੇ ਆਪਣੀ ਅਰਦਾਸ ਜਾਂ ਬੇਨਤੀ ਕਰ ਸਕਦਾ ਹੈ।ਅਰਦਾਸ ਮਨੁੱਖ ਚਾਹੇ ਬੋਲ ਕੇ ਕਰੇ ਤੇ ਚਾਹੇ ਮਨ ਵਿੱਚ ਕਰੇ। ਅਰਦਾਸ ਕਰਨ ਵਾਲਾ ਮਨੁੱਖ ਆਪਣੇ ਆਪ ਵਿੱਚ ਸੁਤੰਤਰ ਹੁੰਦਾ ਹੈ ਜਦੋਂ ਕਿ ਸਪਰਪਣ ਕਰਨ ਵਾਲੇ ਨੂੰ ਕਿਸੇ ਅੱਗੇ ਗ਼ੁਲਾਮ ਹੋਣਾ ਪੈਂਦਾ ਹੈ ਕਿਉਂਕਿ ਸਮਰਪਣ ਤੋਂ ਭਾਵ ਹੈ, ਅਰਪਣ ਕਰਨਾ, ਭੇਟ ਕਰਨਾ, ਕਿਸੇ ਵਸਤੂ ਨੂੰ ਪੇਸ਼ ਕਰਨ ਦੀ ਕਿਰਿਆ, ਹਥਿਆਰ ਸੁਟਣਾ ਜਾਂ Surrender ਕਰਨਾ।
ਸਮਰਪਣ ਬਾਰੇ ਗੁਰਬਾਣੀ ਦੇ ਫ਼ੁਰਮਾਨ:
ਅਰਪਿ ਸਾਧੁ ਕਉ ਅਪਨਾ ਜੀਉ।। (ਪੰਨਾ-283)
ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਪ੍ਰਭੂ ਦਿਖਾਇਆ।। (ਪੰਨਾ-247)
ਜਿਹੜਾ ਮਨੁੱਖ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਣ ਕਰਦਾ ਹੈ, ਉਹ ਗੁਰੂ ਦਾ ਗ਼ੁਲਾਮ ਬਣ ਕੇ ਰਹਿੰਦਾ ਹੈ ਅਤੇ ਆਪਣਾ ਸਾਰਾ ਜੀਵਨ ਪ੍ਰਮਾਤਮਾ ਦੀ ਰਜ਼ਾ ਵਿੱਚ ਗੁਜ਼ਾਰਦਾ ਹੈ, ਪਰ ਗੁਰੂ ਅੱਗੇ ਆਪਣੇ ਆਪ ਨੂੰ ਸਮਰਪਣ ਕਰਨਾ ਕੋਈ ਸੌਖੀ ਖੇਡ ਨਹੀਂ ਹੈ।
ਜਸਵੀਰ ਕੌਰ (ਚੰਡੀਗੜ੍ਹ)
ਜਸਵੀਰ ਕੌਰ (ਚੰਡੀਗੜ੍ਹ)
ਤੱਤ-ਗੁਰਮਤਿ ਦੇ ਨਾਂ ‘ਤੇ ਅਧੁਨਿਕਤਾ ਜਾਂ ਮਨ-ਮਰਜ਼ੀ (ਭਾਗ ਚਉਥਾ )
Page Visitors: 2920