ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਸਿੱਖਾਂ ਦਾ ਰੋਲ ਮਾਡਲ ਰਹਿਬਰ ਗੁਰੂ ਬਾਬਾ ਨਾਨਕ, ਗੁਰੂ ਗ੍ਰੰਥ ਸਾਹਿਬ ਜਾਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ
ਸਿੱਖਾਂ ਦਾ ਰੋਲ ਮਾਡਲ ਰਹਿਬਰ ਗੁਰੂ ਬਾਬਾ ਨਾਨਕ, ਗੁਰੂ ਗ੍ਰੰਥ ਸਾਹਿਬ ਜਾਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ
Page Visitors: 2497

ਸਿੱਖਾਂ ਦਾ ਰੋਲ ਮਾਡਲ ਰਹਿਬਰ ਗੁਰੂ ਬਾਬਾ ਨਾਨਕ, ਗੁਰੂ ਗ੍ਰੰਥ ਸਾਹਿਬ ਜਾਂ
ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ

 ਅਵਤਾਰ ਸਿੰਘ ਮਿਸ਼ਨਰੀ
510 432 5827
   ਖ਼ਾਲਸਾ ਨਿਊਜ਼ ਦੇ ਸੰਪਾਦਕ ਜੀ ਨੇ 8 ਸਤੰਬਰ 2015 ਨੂੰ ਜੋ ਸੰਪਾਦਕੀ ਖ਼ਾਲਸਾ ਨਿਊਜ਼ ਵਿੱਚ ਲਿਖਿਆ ਸੀ "ਦਸਮ ਗ੍ਰੰਥੀਆਂ ਦੀ ਦੌੜ, ਅਖੌਤੀ ਦਸਮ ਗ੍ਰੰਥ ਤੋਂ ਭਿੰਡਰਾਂਵਾਲੇ ਤੱਕ" ਉਹ 100% ਸੱਚ ਹੈ। ਦਾਸ ਵੀ ਗਾਹੇ ਬਗਾਹੇ ਅਜਿਹਾ ਲਿਖਦਾ ਹੀ ਰਹਿੰਦਾ ਹੈ, ਕਿ ਸਿੱਖ ਸ਼ਬਦ ਦੇ ਉਪਾਸ਼ਕ ਹਨ। ਸਿੱਖਾਂ ਦਾ ਸ਼ਬਦ ਗੁਰੂ ਕੇਵਲ ਤੇ ਕੇਵਲ "ਗੁਰੂ ਗ੍ਰੰਥ ਸਾਹਿਬ" ਹੈ।
   ਸਿੱਖ ਧਰਮ ਦੇ ਬਾਨੀ, ਸਿਖਿਆ ਦਾਤਾ ਸੰਚਾਲਕ ਗੁਰੂ ਬਾਬਾ ਨਾਨਕ ਜੀ ਹਨ, ਨਾਂ ਕਿ ਕੋਈ ਸਿੱਖ ਸ਼ਖਸ਼ੀਅਤ।
  ਦੇਖੋ ਅੱਜ ਜਿਨ੍ਹਾਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਹੀਂ, ਦੂਜਾ ਪੂਰਨ ਭਰੋਸਾ ਨਹੀਂ ਤੇ ਤੀਜਾ "ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ" ਨੂੰ ਸਿਰਫ ਰਟਨ ਤੱਕ ਹੀ ਸੀਮਤ ਰੱਖਦੇ ਹਨ। ਦਸ ਸਿੱਖ ਗੁਰੂ ਜਾਮੇ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ, ਤਿੰਨ ਗੁਰਸਿੱਖਾਂ (ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਤ ਹੈ) ਅਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵਰਗੇ ਗੁਰਮੁਖ ਵਿਦਵਾਨਾਂ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਸ਼ਹੀਦ, ਭਾਈ ਜੈਤਾ ਜੀ, ਭਾਈ ਸੰਗਤ ਸਿੰਘ, ਭਾਈ ਮਨੀ ਸਿੰਘ, ਨਵਾਬ ਕਪੂਰ ਸਿੰਘ, ਸ੍ਰ. ਜੱਸਾ ਸਿੰਘ ਆਹਲੂਵਾਲੀਆ, ਸ੍ਰ. ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਗੰਗਾ, ਬੀਬੀ ਵੀਰੋ, ਮਾਤਾ ਗੁਜਰੀ, ਮਾਈ ਭਾਗੋ (ਭਾਗ ਕੌਰ) ਬੀਬੀ ਸ਼ਰਨ ਕੌਰ, ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ, ਭਾਈ ਦਿੱਤ ਸਿੰਘ, ਪ੍ਰੋ. ਸਾਹਿਬ ਸਿੰਘ, ਭਾਈ ਰਣਧੀਰ ਸਿੰਘ, ਭਾਈ ਫੌਜਾ ਸਿੰਘ, ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ, ਸ੍ਰ. ਬਿਅੰਤ ਸਿੰਘ ਸ਼ਹੀਦ ਆਦਿਕ ਕਿੰਨੇ ਹੀ ਹੋਰ ਵੀ ਸਿੰਘ ਸਿੰਘਣੀਆਂ ਸਿਰਕੱਢ ਗੁਰਮੁਖ ਪ੍ਰਚਾਰਕ ਅਤੇ ਸ਼ਹੀਦ ਹੋਏ ਸਾਰੇ ਸਤਿਕਾਰਯੋਗ ਹਨ,
ਪਰ ਗੁਰੂਆਂ ਭਗਤਾਂ ਨੂੰ ਛੱਡ ਕੇ ਬਾਕੀ ਸਾਰੇ ਗੁਰਸਿੱਖ ਸਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਦੀਵੀ ਗੁਰੂ ਮੰਨਦੇ ਸਨ। ਪੰਥ ਦੀ ਸੂਝਵਾਨ ਤੇ ਨਿਧੱੜਕ ਆਵਾਜ਼ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੋ ਅੱਜ ਵੀ ਬਿਰਦ ਅਵਸਥਾ ਵਿੱਚ ਕੀਰਤਨ ਵਖਿਆਨਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਮਤਿ ਦਾ ਨਿਰੋਲ ਪ੍ਰਚਾਰ ਬਾਦਲੀਲ ਕਰਦੇ ਅਤੇ ਅਨੇਕਾਂ ਹੋਰ ਮਿਸ਼ਨਰੀ ਪ੍ਰਚਾਰਕ ਵੀ ਕਰ ਰਹੇ ਹਨ ਕਿਸੇ ਨੇ ਵੀ ਅਖੌਤੀ ਦਸਮ ਗ੍ਰੰਥ ਨੂੰ ਪ੍ਰਮੋਟ ਨਹੀਂ ਕੀਤਾ।
    ਚਲੋ ਸੰਪ੍ਰਦਾਵਾਂ, ਟਕਸਾਲਾਂ ਤੇ ਡੇਰਿਆਂ ਵਾਲੇ ਜੇ ਅਗਿਆਨਤਾ ਜਾਂ ਉਨ੍ਹਾਂ ਦੇ ਡੇਰਿਆਂ ਦੀ ਰੀਤ ਅਨੁਸਾਰ ਦਸਮ ਗ੍ਰੰਥ ਨੂੰ ਮੰਨਦੇ ਵੀ ਸਨ, ਤਾਂ ਇਸ ਦਾ ਕਤਈ ਮਤਲਬ ਨਹੀਂ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਹੁਤੀਆਂ ਗੰਦੀਆਂ ਰਚਨਾਵਾਂ ਦਾ ਪੋਥਾ ਪ੍ਰਕਾਸ਼ ਕਰਨ ਅਤੇ ਗੁਰੂ ਗ੍ਰੰਥ ਨੂੰ ਅਧੂਰਾ ਬਣਾਉਣ ਲਈ ਕਿਸੇ ਹੋਰ ਗ੍ਰੰਥ ਦੀ ਰਚਨਾਂ ਨੂੰ ਸਿੱਖੀ ਧਾਰਨ ਲਈ ਜਰੂਰੀ ਦੱਸਣ।
    ਦੇਖੋ ਮੁਸਲਿਮ ਭਰਾਵਾਂ ਨੇ ਆਪਣਾ ਵਾਹਿਦ ਨੇਤਾ ਪੈਗੰਬਰ ਮੁਹੰਮਦ ਸਾਹਿਬ ਜੀ ਨੂੰ ਹੀ ਮੰਨਿਆਂ ਹੈ, ਪਰ ਅੱਜ ਸੰਪ੍ਰਦਾਈ, ਟਕਸਾਲੀ ਅਤੇ ਉਨ੍ਹਾਂ ਦੇ ਅਨੁਯਾਈ ਸਿੱਖਾਂ ਦਾ ਸਿਰਮੌਰ ਨੇਤਾ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਮੰਨ ਕੇ ਚੱਲ ਰਹੇ ਹਨ ਉਨ੍ਹਾਂ ਵਾਸਤੇ ਗੁਰੂ, ਭਗਤ, ਪੁਰਾਤਨ ਮਹਾਨ ਸਿੱਖ ਅਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਭਿੰਡਰਾਂਵਾਲਾ ਹੀ ਸਰਵਉਚ ਹੈ, ਜੋ ਉਸ ਨੇ ਕਿਹਾ ਉਹ ਪੱਥਰ 'ਤੇ ਲਕੀਰ ਤੇ ਬਾਕੀ ਗੁਰੂ, ਭਗਤ ਤੇ ਸਿੱਖ ਅਤੇ ਗੁਰੂ ਗ੍ਰੰਥ ਸਾਹਿਬ ਸਭ ਸਿਰਫ ਪੜ੍ਹਨ ਸੁਣਨ ਤੱਕ ਹੀ ਹਨ। ਹਰ ਵੇਲੇ ਅਰਦਾਸ ਇਹ ਕਰਦੇ ਹਨ ਕਿ "ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ", ਪਰ ਮੰਨੀ ਤੇ ਬਰਾਬਰ ਪ੍ਰਕਾਸ਼ੀ ਅਖੌਤੀ ਦਸਮ ਗ੍ਰੰਥ ਨੂੰ ਵੀ ਜਾਂਦੇ ਹਨ। ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ ਤੇ ਝੱਟ ਭਿੰਡਰਾਂਵਾਲੇ ਦਾ ਬਹਾਨਾ ਲਾ ਕੇ ਦਸਮ ਗ੍ਰੰਥ ਦੀ ਪ੍ਰੋੜਤਾ ਕਰਦੇ ਹਨ। ਜਦ ਦਲੀਲ ਨਾਲ ਵਿਚਾਰ ਕਰੋ ਤਾਂ ਗਾਲੀ ਗਲੌਚ ਅਤੇ ਮਾਰਨ ਕੁੱਟਣ ਤੱਕ ਵੀ ਜਾਂਦੇ ਹਨ, ਫਿਰ ਕਹਿੰਦੇ ਹਨ ਕਿ ਸਿੱਖਾਂ ਦੀ ਆਬਾਦੀ ਘਟ ਗਈ।
  ਭਾਰਤ ਵਿੱਚ ਬਾਕੀ 13-14 ਕਰੋੜ ਜੋ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ ਸਿੱਖ ਜੋ ਆਰਥਕ ਤੌਰ 'ਤੇ ਪਛੜ ਗਏ ਹਨ ਉਨ੍ਹਾਂ ਨੂੰ ਸਿੱਖ ਹੀ ਨਹੀਂ ਮੰਨਦੇ, ਮਦਦ ਤਾਂ ਦੂਰ ਦੀ ਗੱਲ ਸਗੋਂ ਜਾਤ-ਪਾਤ, ਛੂਆ-ਛਾਤ ਕਰਦੇ ਉਨ੍ਹਾਂ ਨਾਲ ਰਿਸ਼ਤੇ-ਨਾਤੇ ਵੀ ਨਹੀਂ ਕਰਦੇ।
    ਦੇਖੋ ਬਾਬਾ ਜਰਨੈਲ ਸਿੰਘ ਜੀ ਕਰੀਬ ਹਰੇਕ ਲੈਕਚਰ ਵਿੱਚ ਕਹਿੰਦੇ ਸਨ ਕਿ ਪਾਖੰਡੀ ਸਾਧਾਂ, ਡੇਰਿਆਂ ਅਤੇ ਬ੍ਰਾਹਮਣੀ ਕਰਮਕਾਂਡਾਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਉਨ੍ਹਾਂ ਕਦੇ ਵੀ ਨਹੀਂ ਕਿਹਾ ਕਿ "ਦਸਮ ਗ੍ਰੰਥ" ਦੇ ਵੀ ਲੜ ਲੱਗੀ ਜਾਓ। ਟਕਸਾਲ ਵਿੱਚ ਸਿੱਖੇ ਹੋਣ ਕਰਕੇ ਜੇ ਕਿਤੇ ਉਨ੍ਹਾਂ ਨੇ ਦਸਮ ਗ੍ਰੰਥ ਚੋਂ ਕਥਾ ਕਰ ਦਿੱਤੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਦਸਮ ਗਰੰਥ ਨੂੰ ਗੁਰੂ ਗ੍ਰੰਥ ਦੇ ਬਰਾਬਰ ਮਾਨਤਾ ਦਿੰਦੇ ਸਨ।
    ਭਲਿਓ ਪੰਥ ਵਿੱਚ ਜੇ ਕੁਝ ਗਲਤ ਰਵਾਇਤਾਂ ਜਾਂ ਮਰਯਾਦਾਵਾਂ ਮਹੰਤਾ ਦੇ ਕਾਬਜ ਹੋਣ ਕਰਕੇ ਕਾਂਸ਼ੀ ਤੋਂ ਪੜ੍ਹੇ ਬ੍ਰਾਹਮਣੀ ਰੰਗਤ ਵਾਲੇ ਸਿੱਖਾਂ ਨੇ ਚਲਾ ਦਿੱਤੀਆਂ ਸਨ, ਤਾਂ ਕੀ ਅੱਜ ਅਸੀਂ ਬੰਦ ਨਹੀਂ ਕਰ ਸਕਦੇ ?
ਬੇੜਾ ਇੱਕ ਗ੍ਰੰਥ ਨੂੰ ਮੰਨ ਕੇ ਹੀ ਪਾਰ ਹੋਣਾ ਹੈ, ਦੋ ਬੇੜੀਆਂ ਵਿੱਚ ਸਵਾਰ ਹੋਣ ਵਾਲਾ ਕਦੇ ਪਾਰ ਨਹੀਂ ਲੰਘਦਾ ਸਗੋਂ ਡੁੱਬ ਜਾਂਦਾ ਹੈ। ਸਿੱਖਾਂ ਦਾ ਰੋਲ ਮਾਡਲ ਰਹਿਬਰ ਗੁਰੂ ਬਾਬਾ ਨਾਨਕ ਸਾਹਿਬ ਹੈ, ਨਾਂ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਜਾਂ ਕੋਈ ਹੋਰ ਸੰਪ੍ਰਦਾਈ, ਡੇਰੇਦਾਰ, ਸੰਤ ਜਾਂ ਸ਼ਖ਼ਸੀਅਤ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.