ਵਿਚਾਰ ਦਾ ਧਨੀ! ਅੱਜ ਵਿਚਾਰ ਤੋਂ ਕੋਰਾ ਕਿਉਂ?
ਸਿੱਖ ਧਰਮ ਕੇਵਲ ਤੇ ਕੇਵਲ ਸਾਹਿਬ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅਤੇ ਉਨ੍ਹਾਂ ਤੋਂ ਪ੍ਰਾਪਤ ਜੀਵਨ ਜਾਚ `ਤੇ ਆਧਾਰਿਤ ਧਰਮ ਹੈ। ਇਸ ਤੋਂ ਬਾਹਰ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜਾਂ ਗੁਰੂ ਲਈ ਕਿਸੇ ਵੀ ਗ੍ਰੰਥ ਜਾਂ ਵਿਅਕਤੀ ਨੂੰ ਬਰਾਬਰੀ ਦੇਣ ਤੇ ਇਧਰ ਓਧਰ ਝਾਕਣ ਜਾਂ ਮਨਣ ਵਾਲਾ ਹੋਰ ਕੁੱਝ ਵੀ ਹੌਵੇ, ਪਰ ਉਹ ਗੁਰੂ ਨਾਨਕ, ਗੁਰੂ ਦਸਮੇਸ਼ ਜੀ ਦਾ ਸਿੱਖ ਨਹੀਂ ਹੋ ਸਕਦਾ।
ਸਿੱਖ ਧਰਮ, “ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ “ੴ “ਤੋਂ “ਤਨੁ ਮਨੁ ਥੀਵੈ ਹਰਿਆ” ਤੀਕ ਦਰਜ, ਗੁਰਬਾਣੀ ਗਿਆਨ ਤੇ ਉਸ ਤੋਂ ਪ੍ਰਗਟ ਜੀਵਨ ਜਾਚ ਦਾ ਧਰਮ ਹੈ। ਇਸ ਦੇ ਬਾਵਜੂਦ ਅੱਜ ਲਗਭਗ ਸਾਰਾ ਪੰਥ ਗੁਰਬਾਣੀ ਗਿਆਨ ਤੋਂ ਕੋਰਾ ਹੋਇਆ ਪਿਆ ਹੈ। ਇਸ ਲਈ ਜਦੋਂ ਅੱਜ ਸਿੱਖਾਂ ਅੰਦਰ ਆਪਣੇ ਗੁਰੂ-ਗੁਰਬਾਣੀ ਵਾਲਾ ਗਿਆਨ ਹੀ ਨਹੀਂ; ਤਾਂ ਉਨ੍ਹਾਂ ਨੂੰ ਗੁਰਬਾਣੀ ਜੀਵਨ-ਜਾਚ ਤੇ ਆਪਣੇ ਸਦੀਵਕਾਲੀ ਜੁਗੋ ਜੁਗ ਅਟੱਲ ਗੁਰੂ ਦੀ ਪਹਿਚਾਣ ਆਵੇਗੀ ਵੀ ਕਿਸ ਰਸਤੇ? ਉਹ ਸਿੱਖੀ ਨੂੰ ਕਮਾਉਣਗੇ ਵੀ ਤਾਂ ਕਿਵੇਂ? ਉਨ੍ਹਾਂ ਨੂੰ ਕਿਵੇਂ ਸਮਝ ਆਵੇਗੀ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜਿਸ ਗੁਰੂ ਦੀ ਪਹਿਚਾਣ ਕਰਵਾ ਰਹੇ ਹਨ, ਆਖਿਰ ਉਹ ਗੁਰੂ ਹੈ ਕੌਣ ਤੇ ਉਸ ਗੁਰੂ ਦੀ ਪਹਿਚਾਣ ਤੇ ਵਿਸ਼ੇਸ਼ਤਾ ਕੀ ਹੈ? ਬੱਸ ਇਹੀ ਹੈ ਅੱਜ ਦਾ ਸਭ ਤੋਂ ਵੱਡਾ ਪੰਥਕ ਦੁਖਾਂਤ ਤੇ ਇਕੋ ਇੱਕ ਪੰਥਕ ਮਸਲਾ।
ਗੁਰਬਾਣੀ ਸੋਝੀ ਤੋਂ ਅਣਜਾਣ ਮਨੁੱਖ ਨੂੰ ਸਮਝ ਹੀ ਨਹੀਂ ਆ ਸਕਦੀ ਕਿ ਸ਼ਬਦ ਅਤੇ ਆਤਮਕ ਗੁਰੂ, ਜਿਸ ਦੀ ਗੱਲ “ਗੁਰੂ ਗ੍ਰੰਥ ਸਾਹਿਬ ਜੀ” ਕਰ ਰਹੇ ਹਨ ਉਸ ਦੀ ਪਹਿਚਾਣ ਹੈ ਕੀ? ਦਰ ਅਸਲ ਉਹ ਸਤਿਗੁਰੂ ਜਨਮ ਮਰਣ ਤੋਂ ਰਹਿਤ, ਸਦੀਵੀ ਹੈ ਤੇ ਉਸ ਦੀ ਪਹਿਚਾਣ ਵੀ ਨਿਵੇਕਲੀ ਹੈ। ਇਸੇ ਲਈ ਸਦੀਵ ਕਾਲ ਦਰਸ਼ੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਇਸ ਕੰਮ ਨੂੰ ਅਰੰਭਿਆ ਤੇ ਆਪਣੇ ਹੀ ਦਸਵੇਂ ਜਾਮੇ, ਕਲਗੀਧਰ ਜੀ ਦੇ ਰੂਪ `ਚ, ਜੋਤੀ ਜੋਤ ਸਮਾਉਣ ਤੋਂ ਕੇਵਲ ਇੱਕ ਦਿਨ ਪਹਿਲਾਂ, ਇਸ `ਤੇ ਸੰਪੂਰਣਤਾ ਵਾਲਾ ਤਾਲਾ ਵੀ ਲਗਾ ਦਿੱਤਾ।
ਸਪਸ਼ਟ ਹੈ, ਗੁਰਦੇਵ ਨੇ ਇਹ ਇਸ ਲਈ ਕੀਤਾ ਤਾ ਕਿ ਇਸ ਤਰ੍ਹਾਂ ਕੋਈ ਵੀ ਮਨੁੱਖ ਧੁਰ ਕੀ ਬਾਣੀ ਵਾਲੇ ਇਸ ਗ੍ਰੰਥ `ਚ ਵਾਧਾ-ਘਾਟਾ ਨਾ ਕਰ ਸਕੇ। ਦੂਜਾ-ਇਥੋਂ ਸਤਿਗੁਰੂ ਦੀ ਪਹਿਚਾਣ ਕਰ ਲੈਣ ਵਾਲੇ ਮਨੁੱਖ ਨੂੰ ਵੀ ਇਧਰ ਓਧਰ ਨਾ ਭਟਕਣਾ ਪਵੇ। ਇਸ ਤਰ੍ਹਾਂ ਗੁਰਦੇਵ ਨੇ ਦਸ ਜਾਮੇ ਧਾਰਨ ਕਰ ਕੇ ਰੱਬੀ ਗਿਆਨ, ਜੀਵਨ ਜਾਚ ਤੇ ਕਰਤਾਰ ਦੀਆਂ ਬਖ਼ਸ਼ਿਸ਼ਾਂ ਦੇ ਖਜ਼ਾਨੇ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੂੰ ਸੱਚ ਧਰਮ ਦੇ ਪਾਂਧੀਆਂ ਲਈ ਸਦੀਵ ਕਾਲ ਲਈ ਸੰਸਾਰ `ਚ ਪ੍ਰਗਟ ਕਰ ਦਿੱਤਾ।
ਗੁਰੂ-ਗੁਰਬਾਣੀ ਤੋਂ ਪ੍ਰਾਪਤ ਜੀਵਨ ਜਾਚ ਅਨੁਸਾਰ ਜੀਵਿਆ ਮਨੁੱਖ ਹੀ ਸਮਾਜ, ਦੇਸ਼ ਤੇ ਸੰਸਾਰ ਨੂੰ ਸ਼ਾਤੀ ਪ੍ਰਦਾਨ ਕਰ ਸਕਦਾ ਹੈ ਤੇ ਇਸੇ ਤੋਂ ਸਮਾਜ ਤੇ ਦੇਸ਼ ਨੂੰ ਤਾਕਤਵਰ ਵੀ ਬਣਾ ਸਕਦਾ ਹੈ। ਗੁਰਬਾਣੀ ਗਿਆਨ ਤੇ ਉਸ ਦੀ ਕਮਾਈ ਤੋਂ ਪ੍ਰਗਟ ਜੀਵਨ ਹੀ ਸੰਸਾਰ ਭਰ ਦੀਆਂ ਸਮਸਿਆਂਵਾਂ ਦਾ ਇੱਕ ਮਾਤ੍ਰ ਹੱਲ ਹੈ। ਇਸ ਲਈ ਇਸ ਸਾਰੇ `ਚ ਅੱਜ ਜੇਕਰ ਕੋਈ ਵੱਡਾ ਅੜਿਕਾ ਤੇ ਰੁਕਾਵਟ ਹੈ ਤੇ ਉਹ ਪੰਥ ਅੰਦਰ ਗੁਰਬਾਣੀ ਵਿਚਾਰਧਾਰਾ ਦੇ ਪ੍ਰਚਾਰ ਲਈ ਯੋਗ ਪ੍ਰਬੰਧ ਦਾ ਨਾ ਹੋਣਾ। ਕੀ ਇਸ ਦਾ ਹੱਲ ਕਢਣਾ ਅਤੇ ਇਹ ਜ਼ਿੰਮੇਵਾਰੀ ਪੂਰੇ ਪੰਥ ਦੀ ਨਹੀਂ?
ਕੀ ਇਸੇ ਪੰਥਕ ਲਾਪ੍ਰਵਾਹੀ ਦਾ ਖੁਮਿਆਜ਼ਾ, ਹਰੇਕ ਸਿੱਖ ਤੇ ਗੁਰੂ ਦਰ ਦਾ ਸ਼੍ਰਧਾਲੂ, ਉਪ੍ਰੰਤ ਉਨ੍ਹਾਂ ਦੇ ਪ੍ਰਵਾਰ, ਸਮਾਜ ਤੇ ਪੂਰਾ ਸੰਸਾਰ ਨਹੀਂ ਭੋਗ ਰਿਹਾ? ਜੇ ਸਮਝਦੇ ਹਾਂ ਕਿ ਸਚਾਈ ਇਹੀ ਹੈ ਤਾਂ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਇਸ ਤਰ੍ਹਾਂ ਅੱਜ ਅਸੀਂ ਸਿੱਖ ਅਖਵਾ ਕੇ ਵੀ ਆਪਣੇ ਤੇ ਆਪਣੇ ਗੁਰੂ ਨਾਲ ਧਰੋਅ ਤਾਂ ਨਹੀਂ ਕਮਾ ਰਹੇ? ਕੀ ਇਹ ਅਮਾਨਤ `ਚ ਖਿਆਣਤ ਤਾਂ ਨਹੀਂ? ਦਰ ਅਸਲ ਗੁਰੂ ਵੱਲੋਂ ਅੱਜ ਪੰਥ ਇਸੇ ਦੀ ਸਜ਼ਾ ਨੂੰ ਭੋਗ ਹੀ ਰਿਹਾ ਹੈ।
ਕੀ ਅੱਜ ਸਾਰੀ ਕੌਮ ਤੇ ਖਾਸ ਕਰ ਸਿੱਖ ਦੀ ਜਨਮਭੂਮੀ ਪੰਜਾਬ ਦਾ ਨਸ਼ਿਆਂ ਤੇ ਜੁਰਮਾਂ `ਚ ਡੁੱਬੇ ਹੋਣਾ, ਫ਼ਹਸ਼ ਤੇ ਲੱਚਰ ਗੀਤਾਂ ਤੇ ਪਤਿਤ ਗਾਇਕਾਂ ਦੀ ਭਰਮਾਰ, ਸਿੱਖੀ `ਚ ਘੁਸ ਪੈਠ ਕਰ ਚੁੱਕੇ ਬੇਅੰਤ ਡੇਰੇ ਤੇ ਦੰਭੀ ਗੁਰੂਆਂ ਦੀਆਂ ਡਾਰਾਂ, ਅਣਮਤੀਆਂ ਤੇ ਖਾਸ ਕਰ ਬ੍ਰਾਹਮਣੀ ਕਰਮ-ਕਾਂਡਾ ਦਾ ਬੋਲ ਬਾਲਾ, ਪੂਰੀ ਤਰ੍ਹਾਂ ਬ੍ਰਾਹਮਣੀ ਜਾਲ `ਚ ਫ਼ਸ ਚੁੱਕਾ ਅਜੋਕਾ ਸਿੱਖ, ਅਜੋਕੀ ਸਿੱਖ ਜੁਆਨੀ ਦਾ ਗ਼ੈਰਾਂ ਦੇ ਹੱਥਾਂ `ਚ ਖੇਡਣਾ ਤੇ ਜੰਮਾਂਦਰੂ ਧਰਮ (ਸਿੱਖ ਧਰਮ) ਨੂੰ ਤਿਲਾਂਜਲੀ ਦੇਣਾ, ਚਾਰੇ ਪਾਸੇ ਪਤਿਤਪੁਣੇ ਦੀਆਂ ਕਤਾਰਾਂ: ਸਿੱਖ ਬੱਚੀਆਂ ਦਾ ਗ਼ੈਰ ਸਿੱਖਾਂ ਵੱਲ ਤੇ ਸਿੱਖ ਬੱਚਿਆਂ ਦਾ ਗ਼ੈਰ ਸਿੱਖ ਬੱਚੀਆਂ ਵੱਲ ਝੁਕਾਅ, ਸਿੱਖ ਬੱਚੀਆਂ ਦੀ ਭਰੂਣ ਹੱਤਿਆ, ਪੰਥ `ਚ ਵਹਿਮਾਂ ਭਰਮਾਂ ਦੀ ਭਰਮਾਰ ਇਹ ਤੇ ਅਜਿਹੇ ਅਨੇਕਾਂ ਪੰਥਕ ਘਾਟੇ, ਕੀ ਇਸ ਸਾਰੇ ਦਾ ਮੁਖ ਕਾਰਨ ਸਿੱਖ ਧਰਮ ਦੇ ਅਜੋਕੇ ਪ੍ਰਚਾਰ ਦਾ ਗੁਰਬਾਣੀ ਗਿਆਨ ਵਿਹੂਣਾ ਤੇ ਨਿਰੋਲ ਕਰਮਕਾਂਡੀ ਹੋ ਜਾਣਾ ਨਹੀਂ?
ਜਿਸ ਕੌਮ `ਚ ਕਦੇ ਇੱਕ ਵੀ ਟਾਊਟ ਨਹੀਂ ਸੀ ਮਿਲਦਾ, ਅੱਜ ਉਸੇ ਕੌਮ `ਚ ਬੜੇ-ਬੜੇ ਪ੍ਰਭਾਵ ਸ਼ਾਲੀ ਸਿੱਖੀ ਸਰੂਪ `ਚ ਬੈਠੇ ਲੋਕ ਵੀ, ਸੰਸਾਰ ਪੱਧਰ ਦੇ ਇਕੋ ਇੱਕ ਗੁਰੂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਰਬਉੱਚਤਾ ਨੂੰ ਵੰਗਾਰਣ `ਚ, ਦੂਜਿਆਂ ਦੇ ਟਾਉਣ ਬਣ ਕੇ, ਕੌਮ ਦੇ ਅੰਦਰ ਹੀ ਇਸ ਤਰ੍ਹਾਂ ਹਰਲ-ਹਰਲ ਕਰ ਰਹੇ ਹਨ ਕਿ ਉਨ੍ਹਾਂ ਪਹਿਚਾਣ ਆਉਣੀ ਵੀ ਸੰਭਵ ਨਹੀਂ। ਉਪ੍ਰੰਤ ਇਸ ਕੌਮ ਮਾਰੂ ਕਰਮ ਲਈ ਭੰਬਲ ਭੂਸੇ `ਚ ਪਾ ਕੇ, ਵ੍ਰਗਲਾਅ ਕੇ ਤੇ ਜਜ਼ਬਾਤੀ ਬਣਾ ਕੇ ਵਰਤਿਆ ਜਾ ਰਿਹਾ ਹੈ ਅਜੋਕੀ ਗੁਰਬਾਣੀ ਗਿਆਨ ਵਿਹੂਣੀ ਤੇ ਗੁਰਬਾਣੀ ਜੀਵਨ ਤੋਂ ਦੂਰ ਜਾ ਚੁੱਕੀ ਸਿੱਖ ਪਨੀਰੀ ਨੂੰ।
ਕੀ ਇਸ ਸਾਰੇ ਦਾ ਕਾਰਨ ਸਿੱਖੀ ਦਾ ਸ਼ੋਸ਼ਣ ਤੇ ਸਿੱਖੀ ਜੀਵਨ ਦਾ ਕਰਮ ਕਾਂਡੀ ਸਿੱਖੀ `ਚ ਬਦਲ ਜਾਣਾ ਤਾਂ ਨਹੀਂ? ਸਚਾਈ ਹੈ ਕਿ ਅੱਜ ਸਿੱਖ ਧਰਮ ਦਾ ਸਾਰਾ ਪ੍ਰਚਾਰ ਢੰਗ ਨਿਰੋਲ ਕਰਮ ਕਾਂਡੀ ਤੇ ਭੇਡਚਾਲ ਹੀ ਬਣ ਕੇ ਰਹਿ ਚੁੱਕਾ ਹੈ, ਪਰ ਕਿਉਂ? ਕੀ ਇਸ ਦਾ ਜ਼ਿੰਮੇਵਾਰ ਖੁਦ ਪੰਥ ਹੀ ਤਾਂ ਨਹੀਂ? ਜੇ ਅਜਿਹਾ ਨਹੀਂ, ਤਾਂ ਦਸਿਆ ਜਾਵੇ ਕਿ ਇਸ ਦੇ ਲਈ ਜ਼ਿੰਮੇਵਾਰ ਹੋਰ ਕੌਣ ਲੋਕ ਹਨ?
ਕੀ ਦਸਾਂ ਜਾਮਿਆਂ `ਚ ੨੩੯ ਸਾਲ ਲਗਾ ਕੇ ਤੇ ਬੇਅੰਤ ਤਸੀਹੇ ਝੱਲ ਕੇ ਗੁਰੂ ਪਾਤਸ਼ਾਹ ਨੇ ਜਿਸ ਜੀਵਨ ਜਾਚ ਨੂੰ ਕੇਵਲ ਆਪਣੇ ਦੇਸ਼ `ਚ ਨਹੀਂ ਬਲਕਿ ਕਾਬੁਲ, ਕੰਧਾਰ, ਬਲੋਚਿਸਤਾਨ, ਅਫ਼ਗਾਨਿਸਤਾਨ, ਇਰਾਨ, ਬ੍ਰਹਮਾ, ਚੀਨ, ਰੂਸ, ਤਿਬਤ, ਸੁਮੇਰ ਪਰਬਤ ਦੀਆਂ ਬਰਫ਼ਾਨੀ ਚੋਟੀਆਂ ਤੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਸੀਂਚਿਆ ਸੀ, ਕੀ ਉਸ ਸਾਰੇ ਤੇ ਹੂੰਝਾ ਫ਼ੇਰਣ ਦਾ ਜ਼ਿੰਮੇਵਾਰ ਸਾਡਾ ਅਜੋਕਾ ਕਰਮਕਾਂਡੀ ਜੀਵਨ, ਕਰਮਕਾਂਡੀ ਪ੍ਰਚਾਰ ਤੇ ਕਰਮਕਾਂਡੀ ਗੁਰਦੁਆਰਾ ਪ੍ਰਬੰਧ ਹੀ ਤਾਂ ਨਹੀਂ? ਯਕੀਨਣ ਇਸ ਦੇ ਲਈ ਇਹੀ ਸਾਰੇ ਜ਼ਿੰਮੇਵਾਰ ਹਨ, ਫ਼ਿਰ ਕਦੋਂ ਤੇ ਕਿਵੇਂ ਸੰਭਲਾਂਗੇ?
ਅਸਲ `ਚ ਸਿੱਖੀ ਜੀਵਨ ਅੱਜ ਆਪਣੇ ਸੋਮੇਂ ਗੁਰਬਾਣੀ ਤੋ ਪੂਰੀ ਤਰ੍ਹਾਂ ਕੱਟਿਆ ਪਿਆ ਹੈ। ਬਲਕਿ ਅੱਜ ਤਾਂ ਸਿੱਖ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਦੀ ਨਿਘੀ ਗੋਦੀ `ਚੋਂ ਕੱਢ ਕੇ ਸੜਕ `ਤੇ ਲਿਆਉਣ ਲਈ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਜੀ ਦੇ ਸ਼ਰੀਕ ਵੀ ਪੈਦਾ ਕੀਤੇ ਜਾ ਚੁੱਕੇ ਤੇ ਨਿੱਤ ਪੈਦਾ ਕੀਤੇ ਵੀ ਜਾ ਰਹੇ ਹਨ। ਜੇ ਕਰ ਵਿਰੋਧੀ, ਆਪਣੀਆਂ ਅਜਿਹੀਆਂ ਨੀਚ ਤੇ ਜ਼ਹਿਰੀਲੀਆਂ ਹਰਕਤਾਂ `ਚ ਸਫ਼ਲ ਹੁੰਦਾ ਗਿਆ ਤਾਂ ਕੌਮ ਦਾ ਵਜੂਦ ਵੀ ਮੁੱਕ ਸਕਦਾ ਹੈ।
ਗੁਰਬਾਣੀ ਜੀਵਨ-ਜਾਚ ਤੇ ਵਿਚਾਰਾਂ ਦੀ ਖਿੱਚ ਨਾਲ ਦੂਜਿਆਂ ਨੂੰ ਸਿੱਖੀ ਨੇੜੇ ਲਿਆਉਣ ਵਾਲਾ ਗੁਰੂ ਕਾ ਲਾਲ-ਅੱਜ ਆਪ ਗੁਰਬਾਣੀ ਜੀਵਨ ਤੋ ਕੱਟ ਕੇ, ਆਪਣੀ ਔਲਾਦ ਦਾ ਘਾਣ (ਪਤਿੱਤਪੁਣਾ) ਆਪਣੀਆਂ ਅੱਖਾਂ ਸਾਹਮਣੇ ਦੇਖ ਰਿਹਾ ਹੈ। ਟਸੂੱਏ ਬਹਾਂਦਾ ਹੈ, ਔਲਾਦ ਉਸ ਦੇ ਹਥੋਂ ਜਾ ਰਹੀ ਹੈ, ਸਰੂਪ ਤਿਆਗ ਰਹੀ ਹੈ। ਫ਼ਿਰ ਵੀ ਆਪਣੇ ਆਪ ਨੂਂ ਘੋਖਣ ਤੇ ਸੰਭਲਣ ਨੂੰ ਤਿਆਰ ਨਹੀਂ। ਕਾਸ਼, ਆਪਣੇ ਆਪ ਨੂੰ ਹੀ ਘੌਖ ਲਵੇ ਕਿ ਅੱਜ ਉਸ ਦੇ ਆਪਣੇ ਜੀਵਨ ਅੰਦਰ ਗੁਰਮੱਤ ਰਹਿਣੀ ਕਿੱਥੇ ਖੜੀ ਹੈ ਤੇ ਇਸ ਪੱਖੋਂ ਔਲਾਦ ਨੂੰ ਵਿਰਾਸਤ `ਚ ਦੇ ਕੀ ਰਿਹਾ ਹੈ?
ਅਸਲ `ਚ ਦੋਸ਼ੀ ਤਾਂ ਖੁਦ ਮਾਪੇ ਹੀ ਹਨ-ਸਤਿਗੁਰਾਂ ਦੇ ਆਦੇਸ਼ ਜਦੋਂ ਮਾਪੇ ਆਪ ਹੀ ਨਹੀਂ ਮੰਨ ਰਹੇ ਤਾਂ ਉਹ ਇਸ ਦੇ ਲਈ ਆਪਣੀ ਔਲਾਦ ਨੂੰ ਕਿਉਂ ਤੇ ਕਿਵੇਂ ਦੋਸ਼ ਦੇ ਰਹੇ ਹਨ। ਇਸ ਤਰੀਕੇ ਉਹ ਆਪਣੀ ਔਲਾਦ ਕੋਲੋਂ ਗੁਰਬਾਣੀ ਅਨੁਸਾਰ ਚਲਣ ਲਈ ਉਮੀਦ ਰਖ ਵੀ ਕਿਵੇਂ ਸਕਦੇ ਹਨ? ਇਸ ਦੇ ਲਈ ਪਹਿਲਾਂ ਉਹ ਲੋਕ ਆਪਣੇ ਪੀੜੇ ਹੇਠਾਂ ਸੋਟਾ ਮਾਰ ਕੇ ਤਾਂ ਦੇਖ ਲੈਣ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਤੋਂ ਪ੍ਰਾਪਤ ਸਿੱਖ ਧਰਮ ਕੇਵਲ ਕਹਿਣ ਤੇ ਪ੍ਰਚਾਰਣ ਦੀ ਸੀਮਾ ਤੀਕ ਹੀ ਨਹੀਂ ਜਿਵੇਂ ਕਿ ਅੱਜ ਬਣਿਆ ਪਿਆ ਹੈ। ਸਿੱਖ ਧਰਮ ਕਥਣੀ ਤੇ ਕਰਣੀ ਦਾ ਧਰਮ ਹੈ।
ਉਪ੍ਰੰਤ ਜੇ ਤੁਸੀਂ ਜਾਣਦੇ ਹੋ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦਾ ਸਿੱਖ ਹੋਣ ਦੇ ਬਾਵਜੂਦ ਸਾਡੀ ਰਹਿਣੀ ਗੁਰਬਾਣੀ ਸੇਧ `ਚ ਨਹੀਂ ਚੱਲ ਰਹੀ ਤਾਂ ਤੁਸੀਂ ਆਪਣੀ ਰਹਿਣੀ `ਚ ਤਬਦੀਲੀ ਕਰਕੇ, ਆਪਣੀ ਅਸਲ ਰਹਿਣੀ ਨੂੰ ਵਰਤੋਂ `ਚ ਕਿਉਂ ਨਹੀਂ ਲਿਆਉਂਦੇ। ਸ਼ੱਕ ਨਹੀਂ ਕਿ ਅੱਜ ਸਿੱਖ ਕੌਮ ਦਾ ਵੱਡਾ ਹਿੱਸਾ ਇਸ ਪੱਖੋਂ ਜਾਗਰੂਕ ਹੈ ਕਿ ਗੁਰਮੱਤ-ਗੁਰਬਾਣੀ ਸਿੱਖਿਆ ਅਨੁਸਾਰ, ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਭਾਵ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਸਿੱਖ ਜਾਂ ਸ਼੍ਰਧਾਲੂ ਨੇ ਆਪਣੇ ਘਰ ਪ੍ਰਵਾਰ `ਚ ਕੀ ਕਰਣਾ ਹੈ ਤੇ ਕੀ ਨਹੀਂ ਕਰਣਾ। ਗੁਰਬਾਣੀ ਅਨੁਸਾਰ ਸਿੱਖ ਲਈ ਜਾਇਜ਼ ਕੀ ਹੈ ਤੇ ਨਾਜਾਇਜ਼ ਕੀ?
ਫ਼ਿਰ ਵੀ ਜਦੋਂ ਅਜੋਕੇ ਮਾਪਿਆਂ ਦੀ ਕਰਣੀ ਵੱਲ ਝਾਕਦੇ ਹਾਂ ਤਾਂ ਉਨ੍ਹਾਂ ਦੀ ਕਿਸੇ ਵੀ ਪ੍ਰਵਾਰਕ ਖੁਸ਼ੀ-ਗ਼ਮੀ ਜਾਂ ਮੇਲਜੋਲ ਸਮੇਂ ਸਾਰੇ ਕੰਮ ਉਹੀ ਹੋ ਰਹੇ ਹੁੰਦੇ ਹਨ ਜਿਨ੍ਹਾਂ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਨਹੀਂ ਕਰਣੇ ਚਾਹੀਦੇ। ਇਸ ਲਈ ਕਿ ਅਜਿਹੇ ਕਰਮ ਗੁਰਬਾਣੀ ਤੇ ਗੁਰਮੱਤ ਅਨੁਸਾਰ ਨਹੀਂ ਹਨ।
ਹੋਰ ਤਾਂ ਹੋਰ, ਕਈ ਵਾਰ ਕਈ ਤਾਂ ਦੂਜਿਆਂ ਨੂੰ ਉਪਦੇਸ਼ ਵੀ ਦੇ ਰਹੇ ਹੁੰਦੇ ਹਨ ਜਾਂ ਗੱਲ ਬਾਤ `ਚ ਆਪਣੇ ਮੂਹੋਂ ਕਹਿ ਵੀ ਰਹੇ ਹੁੰਦੇ ਹਨ ਕਿ ਸਿੱਖ ਨੂੰ ਇਹ ਕੰਮ ਨਹੀਂ ਕਰਣੇ ਚਾਹੀਦੇ। ਜਦਕਿ ਸਮਾਂ ਆਉਂਦਾ ਹੈ ਤਾਂ ਸਭ ਤੋਂ ਅੱਗੇ ਹੋ ਕੇ ਆਪ ਹੀ ਕਰਵਾ ਰਹੇ ਹੁੰਦੇ ਹਨ। ਜੇ ਇਨਾਂ ਨਹੀਂ ਤਾਂ ਵੀ ਉਨ੍ਹਾਂ ਦੇ ਰਟੇ-ਰਟਾਏ ਲਫ਼ਜ਼ ਹੁੰਦੇ ਹਨ, “ਕੀ ਕਰੀਏ! ਅੱਜਕਲ ਦੇ ਬੱਚੇ ਮੰਣਦੇ ਨਹੀਂ। ਛਡੋ ਭਾਈ ਸਾਹਿਬ! ਇਹ ਤਾਂ ਅੱਜਕਲ ਸਭ ਟੀ. ਵੀ. ਦਾ… ਪਛਮੀ ਸਭਿਅਤਾ ਦਾ … ਕਲਜੁਗ ਦਾ ਅਸਰ ਹੈ ਵਗੈਰਾ ਵਗੈਰਾ ਇਸ ਲਈ ਸਾਡੀ ਅੱਜ ਸੁੰਣਦਾ ਹੀ ਕੋਣ ਹੈ?”
ਇਸ ਤੋਂ ਬਾਅਦ ਫ਼ਿਰ ਇਹ ਵੀ ਉਮੀਦ ਰਖਦੇ ਹਨ ਕਿ ਸਿੱਖੀ ਵਧੇ ਫੁਲੇ। ਜਦਕਿ ਸਿੱਖ ਹੋ ਕੇ ਤੇ ਸਿੱਖ ਅਖਵਾ ਕੇ ਵੀ ਆਪਣੀ ਕਰਣੀ ਕਾਰਨ, ਸਤਿਗੁਰਾਂ ਦੇ ਆਦੇਸ਼ਾਂ ਦੇ ਉਲਟ ਚਲ ਰਹੇ ਹੁੰਦੇ ਹਨ। ਇਸ ਤਰ੍ਹਾਂ ਇਸ `ਚ, ਸਭ ਤੋਂ ਵੱਡੀ ਰੁਕਾਵਟ ਉਹ ਲੋਕ ਆਪ ਹੀ ਹੁੰਦੇ ਹਨ।
ਗੁਰਪੁਰਬ ਉਨ੍ਹਾਂ ਨੂੰ ਚੇਤੇ ਨਹੀਂ ਹੁੰਦੇ ਪਰ ਅਣਮੱਤੀ ਤਿਉਹਾਰ ਰਖੜੀ, ਲੋਹੜੀ, ਦਿਵਾਲੀ, ਕਰਵਾਚੌਥ ਆਦਿ ਉਨ੍ਹਾਂ ਨੂੰ ਭੁਲਦੇ ਨਹੀਂ। ਜਦਕਿ ਅਜਿਹੇ ਤਿਉਹਾਰ ਬਾਣੀ ਸਿਧਾਂਤ ਦੇ ਪੂਰੀ ਤਰ੍ਹਾਂ ਉਲਟ ਹਨ ਤੇ ਸਿੱਖੀ ਨਾਲ ਇਨ੍ਹਾਂ ਦਾ ਉੱਕਾ ਜੋੜ ਨਹੀਂ।
ਫ਼ਿਰ ਸੋਢੀ, ਬੇਦੀ, ਜੁਨੇਜਾ, ਤਨੇਜਾ, ਰਾਮਗੜ੍ਹੀਆ, ਖਰਬੰਦਾ, ਭਸੀਨ ਆਦਿ ਵਾਲੀਆਂ ਜਾਤ-ਗੋਤ ਦੀਆਂ ਪੂਛਲਾਂ ਵੀ ਮਾਪਿਆਂ ਕੋਲੋਂ ਹੀ ਬੱਚਿਆਂ ਕੋਲ ਜਾ ਰਹੀਆਂ ਹਨ, ਕਿਉਂਕਿ ਮਾਪੇ ਆਪ ਹੀ ਇਨ੍ਹਾਂ ਨੂੰ ਛੱਡਣ ਲਈ ਤਿਆਰ ਨਹੀਂ। ਇਸ ਤਰ੍ਹਾਂ ਔਲਾਦ ਤੋਂ ਬਾਅਦ ਫ਼ਿਰ ਅਗਲੀ ਔਲਾਦ ਕੋਲ ਵੀ।
ਉਪ੍ਰੰਤ ਪ੍ਰਵਾਰਕ ਵਾਧਾ ਹੋਇਆ ਤਾਂ ਉਥੇ ਵੀ ਬੱਚੀ-ਬੱਚੇ `ਚ ਵਿਤਕਰਾ, ਯਾਰਵੇਂ, ਤੇਰ੍ਹਵੇਂ, ਚੌਕੇ ਚੜਾਉਣਾ, ਚਾਲੀਹੇ ਆਦਿ ਵਾਲੇ ਭਰਮ, ਆਪਣੇ ਔਲਾਦ ਨੂੰ ਵਿਰਾਸਤ `ਚ ਆਪ ਦੇ ਰਹੇ ਹਨ। ਬੱਚੇ ਨੂੰ ਮਾੜੀ ਨਜ਼ਰ ਤੋਂ ਬਚਾਉਣ ਲਈ ਕਾਲਾ ਟਿੱਕਾ, ਕਲਾਈ `ਚ ਕਾਲਾ ਧਾਗਾ, ਕਮਰ `ਚ ਕਾਲੀ ਤਗੜੀ ਆਦਿ ਦੇ ਸਾਰੇ ਢਕਵੰਜ ਤੇ ਟਿਟੂ, ਬਿੱਟੂ, ਸ਼ੰਟੀ ਆਦਿ ਵੀ ਉਸੇ ਤਰ੍ਹਾਂ।
ਸਰਾਧਾਂ ਨੌਰਾਤਿਆਂ ਦੇ ਦਿਨ ਹੋਣ, ਸਿੱਖ ਮਾਪੇ ਵੀ ਪ੍ਰਵਾਰਾਂ `ਚ ਸਾਰੇ ਬ੍ਰਾਹਮਣੀ ਕਰਮ ਬੜੇ ਧਿਆਣ ਨਾਲ ਕਰ ਰਹੇ ਹਨ। ਕੰਜਕਾਂ ਬਿਠਾਉਂਦੇ ਹਨ, ਨਰਾਤਿਆਂ `ਚ ਅੰਡਾ-ਮੀਟ-ਪਿਆਜ਼-ਥੋਮ ਘਰ `ਚ ਨਹੀਂ ਵਾੜਦੇ। ਸਰਾਧਾਂ `ਚ ਗੁਰਦੁਆਰੇ ਜਾ ਕੇ ਅਰਦਾਸਾਂ ਕਰਵਾਉਂਦੇ ਤੇ ਪਿਤ੍ਰਾ ਦੇ ਨਾਮ `ਤੇ ਭਾਈ ਸਹਿਬਾਨ ਦੀ ਸੇਵਾ ਕਰਦੇ ਹਨ। ਇਸ ਤਰ੍ਹਾਂ ਅਜੋਕੇ ਸਿੱਖ ਮਾਪੇ ਆਪ, ਆਪਣੇ ਬਚਿਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦਿੰਦੇ ਹਨ ਤਾ ਕਿ ਔਲਾਦ ਨੂੰ ਵੀ ਚੰਗੀ ਤਰ੍ਹਾਂ ਸਮਝਾ ਕੇ ਜਾਣ ਅਤੇ ਕਲ ਨੂੰ ਬੱਚੇ ਵੀ ਕਿਹ ਸਕਣ ਕਿ ਇਹ ਕੰਮ ਤਾਂ ਸਾਡੇ ਡੈਡੀ ਮੱਮੀ ਵੀ ਕਰਦੇ ਸਨ। ਪ੍ਰਵਾਰ `ਚ ਸਦਾ ਤੋਂ ਹੁੰਦਾ ਆਇਆ ਹੈ, ਇਸ ਲਈ ਅਸੀਂ ਵੀ ਕਰ ਰਹੇ ਹਾਂ। ਗੁਰਦੁਆਰੇ ਮੱਥਾ ਟੇਕਣ ਤਾਂ ਰੋਜ਼ ਜਾਂਦੇ ਹਨ ਪਰ ਨਾਲ ਨਾਲ ਔਲਾਦ ਨੂੰ ਅਜਿਹੀਆਂ ਰਸਮਾ-ਰੀਤਾਂ ਲਈ ਟ੍ਰੇਨਿੰਗ ਵੀ ਦਈ ਜਾਂਦੇ ਹਨ।
ਪ੍ਰਵਾਰ `ਚ ਅਂਨੰਦ ਕਾਰਜ ਹੋਵੇ ਹੈ ਤਾਂ ਅਜਿਹੇ ਮਾਪਿਆਂ ਵਲੋਂ ਕਾਕਟੇਲ ਪਾਰਟੀ ਵੱਡਾ ਤੇ ਨਾ ਟਲਣ ਵਾਲਾ ਫ਼ੰਕਸ਼ਨ ਹੁੰਦਾ ਹੈ। ਇੱਕ ਇੱਕ ਸਦਾ ਪਤ੍ਰ (invitation card) ਭਾਵੇਂ ਇੱਕ ਇੱਕ ਹਜ਼ਾਰ ਰੁਪਏ ਦਾ ਹੀ ਕਿਉਂ ਬਣੇ ਪਰ ਬਨਵਾਉਣਾ ਉਹ ਹੈ ਜੋ ਪਹਿਲਾਂ ਕਿਸੇ ਨਾ ਬਣਵਾਇਆ ਹੋਵੇ, ਇਸ ਤਰ੍ਹਾਂ ਵਧ ਚੜ੍ਹ ਕੇ ਦਿਖਾਵੇ ਦੇ ਕੰਮ ਵੀ ਬਹੁਤਾ ਕਰਕੇ ਸਿੱਖ ਮਾਪੇ ਹੀ ਕਰ ਰਹੇ ਹਨ। ਉਸ ਤੋਂ ਇਸ ਤੋਂ ਬਾਅਦ ਮਹਿੰਦੀ ਦੀ ਰਾਤ, ਚੂੜਾ, ਲਾਲ-ਗੁਲਾਬੀ ਪੱਗਾਂ ਤੇ ਚੁਣੀਆਂ, ਬੈSਡ-ਵਾਜੇ, ਸ਼ਰਾਬਾਂ `ਚ ਧੁੱਤ ਹੋ ਕੇ ਸੜਕਾਂ ਤੇ ਨਚਣਾ, ਡਿਗਣਾ ਤੇ ਉਲਟੀਆਂ ਕਰਣੀਆਂ ਭਾਵ ਹਰੇਕ ਗੁਰਮੱਤ ਵਿਰੁਧ ਕੰਮ, ਬੇਸ਼ਰਮੀ ਨਾਲ ਮਾਪੇ ਆਪ ਹੀ ਕਰਦੇ ਤੇ ਕਰਵਾਉਂਦੇ ਹਨ। ਜਦਕਿ ਉਸ ਵੇਲੇ ਉਨ੍ਹਾ ਦੇ ਆਪਣੇ ਬੱਚੇ ਵੀ ਅਜਿਹੀਆਂ ਫ਼ੰਕਸ਼ਨਾਂ `ਚ ਪੂਰੀ ਟ੍ਰੇਨਿੰਗ ਲੈ ਹੀ ਰਹੇ ਹੁੰਦੇ ਹਨ। ਇਸ ਤਰ੍ਹਾਂ ਉਹ ਵੀ ਕਲ ਨੂੰ ਕਹਿ ਸਕਣ ਕਿ ਸਾਡੇ ਡੈਡੀ-ਮੰਮੀ ਵੀ ਸਿੱਖ ਸਨ ਤੇ ਉਨ੍ਹਾਂ ਨੇ ਵੀ ਇਹ ਸਭ ਕੀਤਾ ਸੀ। ਉਹ ਗੁਰਬਾਣੀ ਵੀ ਬੜੀ ਪੜਦੇ ਸਨ, ਗੁਰਦੁਆਰੇ ਵੀ ਨਿਯਮ ਨਾਲ ਜਾਂਦੇ ਸਨ। ਇਸ ਲਈ ਜੇ ਉਹ ਕਰ ਸਕਦੇ ਸਨ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਵਗ਼ੈਰਾ, ਵਗ਼ੈਰਾ।
ਪ੍ਰਵਾਰ `ਚ ਕੋਈ ਚਲਾਣਾ ਕਰ ਗਿਆ ਤਾਂ ਉਥੇ ਵੀ ਅਜਿਹਾ ਕੋਈ ਕੰਮ ਨਹੀਂ, ਜਿਹੜਾ ਅਜੋਕੇ ਬਹੁਤੇ ਸਿੱਖ ਮਾਪੇ ਨਾ ਕਰ ਰਹੇ ਹੋਣ। ਫੁਲ ਚੁਨਣੇ, ਐਤ-ਬੁਧ, ਸਵੇਰ-ਸ਼ਾਮ ਦਾ ਪੂਰਾ ਪੂਰਾ ਖ਼ਿਆਲ, ਕਪਾਲ ਕਿਰਿਆ, ਪ੍ਰਾਣੀ ਦੀ ਪ੍ਰਕਰਮਾ, ਪਾਣੀ ਦੇ ਉਲਟੇ ਸਿਧੇ ਛੱਟੇ, ਭੋਗ ਸਮੇਂ ਰਜ਼ਾਈਆਂ, ਤਲਾਈਅ ਫ਼ਰੂਟ ਆਦਿ ਗੁਰਦੁਆਰੇ `ਚ ਵੀ ਭਾਵ ਕੋਈ ਤੇ ਕਿਸੇ ਤਰ੍ਹਾਂ ਦਾ ਵਹਿਮ ਭਰਮ ਤੇ ਬ੍ਰਾਹਮਣੀ ਕਰਮਕਾਂਡ ਛਡਣ ਨੂੰ ਤਿਆਰ ਨਹੀਂ।
ਉਸ ਤੋਂ ਬਾਅਦ ਜੇ ਕਿਧਰੇ ਗੱਲ ਹੋਵੇ ਤਾਂ ਮਾਸੂਮਿਅਤ ਭਰਿਆ ਉੱਤਰ ਹੋਵੇਗਾ ਦੇਖੋ ਜੀ ਮੈਂ/ਅਸੀਂ ਤਾਂ ਸਭ ਗੁਰਮੱਤ ਅਨੁਸਾਰ ਕਰਣਾ ਚਾਹੁੰਦਾ/ਚਾਹੁੰਦੇ ਸਾਂ ਪਰ ਘਰ `ਚ ਬਾਕੀ ਨਹੀਂ ਮਣਦੇ। ਇਹ ਹੈ ਬਹੁਤਾ ਕਰਕੇ ਅਜੋਕੀ ਪੰਥਕ ਹਾਲਤ ਤੇ ਸਿੱਖ ਧਰਮ ਦੀ ਕਾਰਜਸ਼ਾਲਾ (Workshop)। ਇਸ ਤਰ੍ਹਾਂ ਜਿਹੜਾ ਸਾਮਾਨ ਕਾਰਜਸ਼ਾਲਾ `ਚ ਤਿਆਰ ਹੋਵੇਗਾ ਆਖਿਰ ਬਾਹਿਰ ਵੀ ਤਾਂ ਉਹੀ ਜਾਵੇਗਾ। ਜਿਹੜਾ ਤਿਆਰ ਹੀ ਨਹੀਂ ਹੋ ਰਿਹਾ ਫ਼ਿਰ ਚਾਹੇ ਕਿਨਾਂ ਵਧੀਆ ਕਿਉਂ ਨਾ ਹੋਵੇ ਜਾਵੇਗਾ ਕਿਥੋਂ। ਕਸੂਰ ਵਸਤ ਦਾ ਨਹੀਂ ਕਸੂਰ ਹੈ ਤਾਂ ਵਸਤ ਬਨਾਉਣ ਤੇ ਪਹੁੰਚਾਉਣ ਵਾਲੇ ਦਾ।
ਇਹੀ ਹੈ ਸਿੱਖੀ ਦੀ ਵਿਰਾਸਤ ਤੇ ਖ਼ੁਰਾਕ ਜਿਹੜੀ ਬਹੁਤੇ ਸਿੱਖ ਮਾਪੇ ਅੱਜ ਖੁੱਲ ਕੇ ਆਪਣੀ ਔਲਾਦ ਦੇ ਕੇ ਜਾ ਰਹੇ ਹਨ। ਹਿਸਾਬ ਲਗਾ ਲਵੋ! ਕਿ ਸਿੱਖ ਧਰਮ ਦੇ ਪ੍ਰਸਾਰ `ਚ ਅਜਿਹੇ ਤੇ ਅਜੋਕੇ ਸਿੱਖ ਮਾਪੇ ਆਪ ਰੁਕਾਵਟ ਹਨ ਜਾਂ ਕਿ ਉਨ੍ਹਾਂ ਦੀ ਔਲਾਦ?
ਭਾਈ ਹਰਮਨਪ੍ਰੀਤ ਸਿੰਘ "ਖਾਲਸਾ"