ਕੀ ਪਾਠਾਂ ਦੀਆਂ ਟਾਹਰਾਂ ਮੁੱਕ ਸਕਦੀਆਂ ਹਨ ?
ਪ੍ਰੋ. ਕਸ਼ਮੀਰਾ ਸਿੰਘ USA
ਧਾਰਮਿਕ ਪੁਸਤਕਾਂ ਦਾ ਅਰਥਾਂ ਸਾਹਿਤ ਆਪਿ ਅਧਐਨ ਕਰਨ ਦੀ ਜ਼ਰੂਰਤ ਹੈ । ਜਿੰਨਾਂ ਚਿਰ ਇਹ ਅਭਿਆਸ ਨਹੀਂ ਕੀਤਾ ਜਾਂਦਾ ਅਤੇ ਪਾਠ ਦੇ ਵਿਸ਼ਾ ਵਸਤੂ ਦੀ ਸੋਝੀ ਨਹੀਂ ਹੁੰਦੀ ਓਨਾਂ ਚਿਰ ਪਾਠ ਕਰਨ ਸਮੇਂ ਮਾਰੀਆਂ ਜਾਂਦੀਆਂ ਟਾਹਰਾਂ ਨਹੀਂ ਮੁੱਕ ਸਕਦੀਆਂ ਕਿਉਂਕਿ ਇਨ੍ਹਾਂ ਦਾ ਕੋਈ ਅਰਥ ਨਹੀਂ । ਇਹ ਟਾਹਰਾਂ ਅਕਸਰ ਦੂਜਿਆਂ ਨੂੰ ਪਾਠ ਸੁਣਾਉਣ ਲਈ ਹੀ ਮਾਰੀਆਂ ਜਦੀਆਂ ਹਨ ਪਰ ਪਾਠੀ ਆਪ ਪਾਠ ਦੇ ਸ਼ਬਦਾਂ ਦੇ ਅਰਥਾਂ ਤੋਂ ਅਕਸਰ ਕੋਰਾ ਹੁੰਦਾ ਹੈ ਜਿਸ ਅਨੁਸਾਰ ਮਨਮਤਿ ਬਦਲ ਕੇ ਗੁਰਮਤਿ ਨਹੀਂ ਬਣਦੀ ।
ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰੇ ਢੰਗ ਨਾਲ਼ ਇਹ ਗੱਲ ਗੁਰਬਾਣੀ ਗਿਆਨ ਰਾਹੀਂ ਸਾਡੇ ਧਿਆਨ ਗੋਚਰੇ ਕੀਤੀ ਹੈ ।
ਗੁਰਬਾਣੀ ਕਹਿੰਦੀ ਹੈ :
ਸਲੋਕ ਮ: 1॥ ਸਾਸਤ੍ਰ ਬੇਦ ਪੁਰਾਣ ਪੜ੍ੰਤਾ॥
ਵਿਆਖਿਆ: ਪਾਠ ਕਰਨ ਵਾਲ਼ਾ ਛੇ ਸ਼ਾਸਤ੍ਰਾਂ, ਚਹੁੰਆਂ ਵੇਦਾਂ ਅਤੇ ਅਠਾਰਾਂ ਪੁਰਾਣਾਂ ਨੂੰ ਪੜ੍ਹਦਾ ਹੈ । ਕਿਉਂਕਿ ਧਰਮ ਪੁਸਤਕਾਂ
ਦੇ ਪਾਠ ਦੀ ਗਲ ਕੀਤੀ ਗਈ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਇਸ ਵਿੱਚ ਸ਼ਾਮਲ ਹੈ । ਨਿਰੇ ਪਾਠ ਦੀ ਗੱਲ ਕੀਤੀ ਗਈ ਹੈ ।
ਪੂਕਾਰੰਤਾ ਅਜਾਣੰਤਾ॥
ਪੂਕਾਰੰਤਾ- ਉੱਚੀ ਉੱਚੀ ਬੋਲਦਾ ਹੈ । ਅਜਾਣੰਤਾ- ਜੋ ਪੜ੍ਹਦਾ ਹੈ ਉਸ ਨੂੰ ਆਪ ਹੀ ਨਹੀਂ ਸਮਝਦਾ । ਬੱਸ ਮਾਇਆ ਦਾ ਵਾਪਾਰ
ਹੀ ਹੈ ।
ਵਿਆਖਿਆ: ਪਾਠ ਕਰਨ ਵਾਲ਼ਾ ਪੁਕਾਰ ਪੁਕਾਰ ਕੇ ਭਾਵ ਟਾਹਰਾਂ ਮਾਰ ਕੇ (ਉੱਚੀ ਉੱਚੀ ਬੋਲ ਕੇ) ਪਾਠ ਕਰਦਾ ਅਤੇ ਲੋਕਾਂ ਨੂੰ ਸੁਣਾਉਂਦਾ ਹੈ । ਪਾਠ ਕਰਨ ਵਾਲ਼ਾ ਆਪ ਅਗਿਆਨੀ ਹੈ ਕਿਉਂਕਿ ਜੋ ਉਹ ਪੜ੍ਹ ਕੇ ਸੁਣਾਉਂਦਾ ਹੈ ਉਸ ਦਾ ਉਸ ਨੂੰ ਆਪ ਨੂੰ ਬੋਧ ਨਹੀਂ ਹੈ ।
ਅਖੰਡਪਾਠਾਂ ਵਿੱਚ ਅਕਸਰ ਅਜਿਹਾ ਹੀ ਵਾਪਰ ਰਿਹਾ ਹੈ । ਦੇਖਿਆ ਗਿਆ ਹੈ ਕਿ ਜੋ ਸ਼ਰਾਬ ਆਦਿਕ ਨਸ਼ਾ ਕਰਨ ਵਾਲ਼ੇ ਵੀ ਹੁੰਦੇ ਹਨ ਉਹ ਅਖੰਡਪਾਠ ਦੀਆਂ ਰੌਲ਼ਾਂ ਵਿੱਚ ਸ਼ਾਮਲ ਕਰ ਲਏ ਜਾਂਦੇ ਹਨ । ਕਈ ਵਾਰੀ ਨਸ਼ਿਆਂ ਦੀ ਬਦਬੂ ਨੂੰ ਮੱਠਾ ਕਰਨ ਲਈ ਉਹ ਕਿਸੇ ਖ਼ੁਸ਼ਬੂਦਾਰ ਤਰਲ ਦਾ ਕੱਪੜਿਆਂ ਉੱਤੇ ਛਿੜਕਾਅ ਵੀ ਕਰ ਲੈਂਦੇ ਹਨ । ਰਹਿਤ ਬਹਿਤ ਅਤੇ ਯੋਗਤਾ ਦੀ ਕੋਈ ਪੁੱਛ ਨਹੀਂ ਹੈ। ਜੇ ਕੋਈ ਇਸ ਵਿਵਸਥਾ ਨੂੰ ਬਦਲਣ ਲਈ ਕੁੱਝ ਬੋਲੇ ਤਾਂ ਪ੍ਰਬੰਧਕਾਂ ਵਲੋਂ ਕਿਹਾ ਜਾਂਦਾ ਹੈ ਕਿ ਸਮਾਜ ਨੂੰ ਨਾਰਾਜ਼ ਨਹੀਂ ਕਰਨਾ ਅਤੇ ਭਾਈਚਾਰਾ ਬਣਾ ਕੇ ਰੱਖਣਾ ਹੈ। ਰਹਿਤ ਬਹਿਤ ਤੋਂ ਕੋਰੇ ਗੁਰਦੁਆਰਿਆਂ ਦੇ ਕੁੱਝ ਪ੍ਰਬੰਧਕ ਵੀ ਆਪਣੀ ਪਦਵੀ ਦੀ ਧੌਂਸ ਨਾਲ਼ ਅਜਿਹੀਆਂ ਰੌਲ਼ਾਂ ਲਾਉਂਦੇ ਦੇਖੇ ਗਏ ਹਨ । ਅਸਲ ਵਿੱਚ ਗੁਰਬਾਣੀ ਅਖੰਡਪਾਠਾਂ ਲਈ ਨਹੀਂ ਲਿਖੀ ਗਈ ਸੀ । ਗੁਰਬਾਣੀ ਨੂੰ ਅਰਥਾਂ ਸਮੇਤ ਸਹਜ ਨਾਲ਼ ਪੜ੍ਹਨਾ ਅਤੇ ਵਿਚਾਰਨਾ ਹੀ ਗੁਰਬਾਣੀ ਲਿਖਣ ਦਾ ਮਕਸਦ ਸੀ ਤਾਂ ਜੁ ਗੁਰ ਉਪਦੇਸ਼ਾਂ ਦੀ ਸਮਝ ਆ ਸਕੇ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਲਾਗੂ ਕਰ ਕੇ ਮਨਮਤਿ ਨੂੰ ਗੁਰਮਤਿ ਬਣਾਇਆ ਜਾ ਸਕੇ ।
ਜਾਂ ਬੂਝੈ ਤਾਂ ਸੂਝੈ ਸੋਈ॥
ਵਿਆਖਿਆ: ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਹਨ ਕਿ ਪਾਠੀ ਨੂੰ ਸੱਚ ਦੀ ਸੋਝੀ ਉਦੋਂ ਹੁੰਦੀ ਹੈ ਜਦੋਂ ਉਹ ਜੋ ਪੜ੍ਹ ਕੇ ਸੁਣਾਉਂਦਾ ਉਸ ਦੇ ਅਰਥਾਂ ਦਾ ਉਸ ਨੂੰ ਵੀ ਗਿਆਨ ਹੋਵੇ ਅਤੇ ਉਪਦੇਸ਼ਾਂ ਨੂੰ ਆਪ ਜੀਵਨ ਵਿੱਚ ਧਾਰਣ ਕੀਤਾ ਹੋਵੇ । ਸੱਚ ਦੀ ਸੋਝੀ ਹੋਣ ਨਾਲ਼ ਹੀ ਪ੍ਰਾਣੀ ਗੁਰੂ ਪਰਮੇਸ਼ਰ ਦੇ ਦਰਸਾਏ ਰਾਹ ਉੱਤੇ ਤੁਰ ਸਕਦਾ ਹੈ ਅਤੇ ਮਨਮਤਾਂ ਤੋਂ ਬਚ ਸਕਦਾ ਹੈ । ਸੱਚ ਦੀ ਸੋਝੀ ਨਾਲ਼ ਹੀ ਮਤਿ ਗੁਰਮਤਿ ਬਣਦੀ ਹੈ।
ਨਾਨਕੁ ਆਖੈ ਕੂਕ ਨ ਹੋਈ॥ {ਪੰਨਾ 1242}
ਵਿਆਖਿਆ: ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹੋਏ ਆਖਦੇ ਹਨ ਕਿ ਪਾਠੀ ਨੂੰ ਜੇ ਪਾਠ ਦੇ ਅਰਥਾਂ ਦਾ ਗਿਆਨ ਹੋਵੇ ਤਾਂ ਪਾਠ ਵਿੱਚ ਟਾਹਰਾਂ ਮਾਰਨੀਆਂ ਮੁੱਕ ਜਾਂਦੀਆਂ ਹਨ ।
ਨਿਰੇ ਪਾਠ ਧਾਰਮਿਕ ਧੰਧਾ ਅਤੇ ਕਰਮ ਕਾਂਡ ਬਣ ਚੁੱਕਾ ਹੈ:
ਧਰਮ ਪੁਸਤਕਾਂ ਦੇ ਨਿਰੇ ਪਾਠ ਤਾਂ ਇੱਕ ਲਾਹੇਵੰਦ ਧਾਰਮਿਕ ਧੰਧਾ ਬਣ ਗਿਆ ਹੈ ਜੋ ਕਰਮ ਕਾਂਡ ਤੋਂ ਵੱਧ ਕੁੱਝ ਵੀ ਨਹੀਂ ਹੈ। ਮਾਇਆ ਦੇ ਜ਼ੋਰ ਨਾਲ਼ ਪਾਠ ਕਿਸੇ ਤੋਂ ਕਰਵਾਏ ਜਾ ਰਹੇ ਹਨ ਪਰ ਕਰਵਾਉਣ ਵਾਲ਼ੇ ਸ਼੍ਰੋਤਿਆਂ ਵਿੱਚ ਹਾਜ਼ਰ ਨਹੀਂ ਹੁੰਦੇ ਅਤੇ ਨਾ ਹੀ ਸਾਰਾ ਸਮਾਂ ਹੋ ਸਕਦੇ ਹਨ। ਫਿਰ ਨਿਰਾ ਪਾਠ ਸੁਣ ਕੇ ਗੁਰਮਤਿ ਵਿਚਾਰਧਾਰਾ ਨੂੰ ਸਮਝਣਾ ਸੰਭਵ ਵੀ ਨਹੀਂ ਹੈ। ਕੁੱਝ ਸਭਾਵਾਂ ਭਾਵੇਂ ਘਰੋਂ ਘਰੀਂ ਆਪ ਪਾਠ ਕਰ ਰਹੀਆਂ ਹਨ, ਪਰ ਨਿਰਾ ਪਾਠ ਹੀ ਹੈ ਜੋ ਸਮਝ ਤੋਂ ਬਿਨਾਂ ਅਧੂਰਾ ਹੈ ਜਿਸ ਨਾਲ਼ ਮਨਮਤਾਂ ਦੂਰ ਨਹੀਂ ਹੋ ਸਕਦੀਆਂ। ਪਾਠ ਨਾਲ਼ ਸੱਚ ਦੀ ਸੋਝੀ ਅਤੇ ਮਨਮਤਿ ਦੀ ਤਬਦੀਲੀ ਜ਼ਰੂਰੀ ਹੈ ਜੋ ਨਿਰੇ ਪਾਠ ਨਾਲ ਨਹੀਂ ਹੋ ਸਕਦੀ । ਨਿਰੇ ਪਾਠ ਦੁਨਿਆਵੀ ਵਿਹਾਰ ਤੋਂ ਵੱਧ ਕੁੱਝ ਵੀ ਨਹੀਂ ਹਨ ਕਿਉਂਕਿ ਇਸ ਤਰ੍ਹਾਂ ਮਨਮਤਿ ਬਦਲ ਕੇ ਗੁਰਮਤਿ ਨਹੀਂ ਬਣਦੀ। ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਰਪਣ ਦੀਆਂ ਪੋਥੀਆਂ ਰੱਖ ਕੇ ਉਨ੍ਹਾਂ ਤੋਂ ਰੋਜ਼ਾਨਾਂ ਅਰਥਾਂ ਸਮੇਤ ਪਾਠ ਖ਼ੁਦ ਸਮਝਣ ਦੀ ਜ਼ਰੂਰਤ ਹੈ ਨਹੀਂ ਤਾਂ ਮਨਮਤਾਂ ਦੂਰ ਨਹੀਂ ਹੋ ਸਕਦੀਆਂ । ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ ਜੀ ਇਸ ਨੁਕਤੇ ਨੂੰ ਇਉਂ ਖੋਲ੍ਹਦੇ ਹਨ-
ਬੇਦ ਪਾਠ ਸੰਸਾਰ ਕੀ ਕਾਰ॥ ਪੜਿ ਪੜਿ ਪੰਡਿਤ ਕਰਹਿ ਬੀਚਾਰ॥
ਬਿਨੁ ਬੂਝੇ ਸਭ ਹੋਇ ਖੁਆਰ॥ ਨਾਨਕ ਗੁਰਮੁਖਿ ਉਤਰਸਿ ਪਾਰਿ॥ {ਗਗਸ ਪੰਨਾਂ 791}
ਕਸ਼ਮੀਰਾ ਸਿੰਘ (ਪ੍ਰੋ.) U.S.A.
ਕੀ ਪਾਠਾਂ ਦੀਆਂ ਟਾਹਰਾਂ ਮੁੱਕ ਸਕਦੀਆਂ ਹਨ ?
Page Visitors: 2471