ਉਹ ਪਲ
ਗੁਰਦੇਵ ਸਿੰਘ ਸੱਧੇਵਾਲੀਆ
ਦਰਬਾਰ ਵਿੱਚ ਜਦ ਮਾਤਾਵਾਂ ਦਾਖਲ ਹੁੰਦੀਆਂ ਹਨ ਤਾਂ ਸਨਾਟਾ ਹੈ। ਇਸ ਗੱਲ ਦਾ ਕਿ ਬਾਬਾ ਜੀ ਅਪਣੇ ਹੁਣ ਜਵਾਬ ਭਲਾ ਕੀ ਦਿੰਦੇ ਹਨ ਜਾਂ ਦਿੰਦੇ ਵੀ ਨੇ ਜਾਂ ਦੇ ਵੀ ਸਕਦੇ!
ਪੰਡਾਲ ਵਿਚ ਬੈਠੇ ਸਿੰਘ ਸੋਚਦੇ ਸਨ ਕਿ ਇੱਕ ਹੀ ਬਚਾ ਲਿਆਉਂਦੇ।
ਚਾਰੇ ਦੇ ਚਾਰੇ ਹੀ ?
ਜਦ ਕਿ ਚਮਕੌਰ ਵਿਚੋਂ ਬਚਾ ਸਕਦੇ ਸਨ। ਦੋ ਨਹੀਂ ਤਾਂ ਇੱਕ ਹੀ?।
ਜੇ ਤਿੰਨਾਂ ਹੋਰਾਂ ਸਿੰਘਾਂ ਨੂੰ ਨਾਲ ਲੈ ਕੇ ਨਿਕਲ ਸਕਦੇ ਸਨ, ਤਾਂ ਆਪਣਾ ਇੱਕ ਵੀ ਨਾ?
ਦਇਆ ਸਿੰਘ ਹਾੜੇ ਪਾਏ ਕਿ ਬਾਜਾਂ ਵਾਲਿਆਂ ਛੋਟੇ ਦੋਹਾਂ ਦਾ ਤਾਂ ਪਤਾ ਕੋਈ ਨਹੀਂ, ਆਹ ਤਾਂ ਬਚਾ ਲੈ। ਇਕ ਹੀ ਸਹੀ!
ਮਾਤਾਵਾਂ ਦੇਖ ਰਹੀਆਂ ਹਨ। ਕੋਈ ਪੁੱਤਰ ਵੀ ਨਹੀਂ ਦਿੱਸਦਾ। ਇੱਕ ਵੀ ਨਹੀਂ! ਪਿਉ ਦੀ ਨਿਗਰਾਨੀ ਹੇਠ ਜਦ ਮਾਂ ਦਾ ਕੋਈ ਵੀ ਪੁਤਰ ਨਾ ਦਿਸੇ ਤਾਂ?
ਸਾਰੇ ਸਾਹ ਰੋਕੀ ਬੈਠੇ ਹਨ। ਇਹ ਸੁਣਨ ਲਈ ਕਿ ਬਾਜਾਂ ਵਾਲਾ ਜਵਾਬ ਕੀ ਦਿੰਦਾ । ਦੇ ਵੀ ਸਕਦਾ ਹੈ। ਜਵਾਬ ਹੈ ਵੀ?
ਕੀ ਜਵਾਬ ਹੋ ਸਕਦਾ? ਕਿਵੇਂ ਦੇਵੇਗਾ ਜਵਾਬ।
ਤੇ ਜਦ ਮਾਤਾਵਾਂ ਨੇ ਪੁੱਛਿਆ ਕਿ ਬੇਟੇ?
ਉਹ ਪਲ, ਉਹ ਘੜੀ, ਉਹ ਲਮਹਾ! ਧਾਹਾਂ ਨਹੀਂ ਨਿਕਲ ਜਾਂਦੀਆਂ ਬੰਦੇ ਦੀਆਂ। ਜਵਾਬ?
ਪਰ ਜਵਾਬ ਬੜਾ ਹੈਰਾਨ ਕਰਨ ਵਾਲਾ। ਗੁਰੂ ਕਹਿਣ ਲੱਗੇ ਆਹ ਕੌਣ ਨੇ?
ਆਹ ਹਜ਼ਾਰਾਂ ਅਜੀਤ ਤੇ ਝੁਜਾਰ ਕਿਸ ਦੇ ਨੇ?
ਚਾਰ ਦੇ ਕੇ ਮੈਂ ਕਿੰਨੇ ਲਏ ਨੇ?
ਇਨਾ ਸਸਤਾ ਸੌਦਾ?
ਤੇ ਯਾਦ ਰਹੇ ਕਿ ਜਿਹੜੇ ਲਏ ਸਨ ਉਹ ਮੁੱਕੇ ਹੀ ਕਦ! ਪਾਲਾਂ ਬੰਨ ਬੰਨ ਆਉਂਦੇ ਰਹੇ ਤੇ ਸਰਹੰਦ ਨੂੰ ਕਚੀ ਨੂੰ ਕਿਹੜਾ ਨਾ ਚੱਬ ਗਏ।
ਸਮੇਂ ਦੀ ਲੰਮੀ ਧੂੜ ਨੇ ਬੇਸ਼ਕ ਬੜਾ ਕੁੱਝ ਲੁਕਾ ਦਿੱਤਾ, ਪਰ ਪੰਜਾਬ ਅੱਜ ਵੀ ਬਾਜਾਂ ਵਾਲੇ ਦੇ ਨਾਂ 'ਤੇ ਮੱਚ ਉੱਠਦਾ ਹੈ! ਨਹੀਂ?
......................................................
ਟਿੱਪਣੀ:-ਗੁਰਿ ਕਹਿਆ ਸਾ ਕਾਰ ਕਮਾਵਹੁ ॥
ਗੁਰ ਕੀ ਕਰਣੀ ਕਾਹੇ ਧਾਵਹੁ ॥ (933)
ਅਸੀਂ ਅੱਜ ਤੱਕ ਇਤਿਹਾਸ ਦੀਆਂ ਬਾਤਾਂ ਹੀ ਪਾਈਆਂ ਹਨ, ਇਤਿਹਾਸ ਤੋਂ ਕਦੇ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ, ਅਸੀਂ ਸਿਰਫ “ਪਿਦਰਮ ਸੁਲਤਾਨ ਬੂਦ” ਦਾ ਰਾਗ ਹੀ ਅਲਾਪਿਆ ਹੈ। ਕਦੇ ਇਹ ਨਹੀਂ ਦੱਸਿਆ ਕਿ “ਅਸੀਂ ਕੀ ਹਾਂ? ਸਾਡੇ ਬੱਚੇ ਸਾਡੀ ਕਿਸ ਗੱਲ ਤੇ ਮਾਣ ਕਰਨਗੇ ? ਕਦੀ ਭਵਿੱਖ ਦਾ ਨਕਸ਼ਾ ਨਹੀਂ ਬਣਾਇਆ। ਬਸ ਕਰੋ ਬਹੁਤ ਹੋ ਗਿਆ ਹੁਣ।
ਹੁਣ ਤੁਸੀਂ ਇਹ ਸੋਚੋ ਕਿ ਗੁਰੂ ਜੀ ਨੇ ਤੁਹਾਡੇ ਲਈ ਕੀ ਕੀਤਾ ?
ਅਤੇ ਤੁਸੀਂ ਗੁਰੂ ਜੀ ਨਾਲ ਕੀ ਕੀਤਾ ?
ਜੇ ਤੁਸੀਂ ਇਮਾਨਦਾਰੀ ਨਾਲ ਆਪਣਾ ਦਿਲ ਖੋਜੋਂ ਤਾਂ ਤੁਹਾਨੂੰ ਸ਼ਾਇਦ ਅਜਿਹਾ ਕੋਈ ਕਾਰਨ ਨਾ ਲੱਭੇ ਜਿਸ ਲਈ ਤੁਸੀਂ ਜੀ ਰਹੇ ਹੋ। ਅਜੇ ਵੀ ਜੇ ਇਕੱਠੇ ਹੋ ਕੇ ਗੁਰੂ ਜੀ ਦੀ ਇਹ ਗੱਲ ਮੰਨ ਲਵੋਂ ਕਿ,
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ (1185)
ਤਾਂ ਗੁਰੂ ਬਖਸ਼ ਦੇਵੇਗਾ, ਨਹੀਂ ਤਾਂ ਕੋਈ ਰਾਹ ਨਹੀਂ ਹੈ।
ਅਮਰ ਜੀਤ ਸਿੰਘ ਚੰਦੀ