-: ਪੁਜਾਰੀ ਵਾਲਾ ਰੱਬ ਤੇ ਕੁਦਰਤ ਵਾਲਾ ਰੱਬ :-
ਰਣਜੀਤ ਸਿੰਘ ਢਡਰੀਆਂ ਵਾਲੇ ਦਾ ਮੈਂ ਹਮੇਸ਼ਾਂ ਵਿਰੋਧੀ ਰਿਹਾ ਹਾਂ। ਸ਼ੁਰੂ ਸ਼ੁਰੂ ਵਿੱਚ ਮੈਂ ਇਸ ਨੂੰ ਕਦੇ ਨਹੀਂ ਸੀ ਸੁਣਿਆ ਕਿਉਂਕਿ ਮੈਂ ਸਮਝਦਾ ਸੀ ਕਿ ਹੋਰ ਬਾਬਿਆਂ ਦੀ ਤਰ੍ਹਾਂ ਇਹ ਵੀ ਇੱਕ ਨਵਾਂ ਬਾਬਾ ਜੰਮ ਪਿਆ ਹੈ। ਬਰਗਾੜੀ ਮੋਰਚੇ ਵੇਲੇ ਇਸ ਦੀਆਂ ਕੁਝ ਕੁ ਗੱਲਾਂ ਪੰਥ ਨੂੰ ਇਕੱਠਾ ਕਰਨ ਵਾਲੀਆਂ ਸੁਣਨ ਵਿੱਚ ਆਈਆਂ, ਤਾਂ ਮੈਂ ਇਸ ਦੇ ਹੱਕ ਵਿੱਚ ਕਮੈਂਟ ਕਰਨ ਲੱਗਾ ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ਦੇ ਖਿਲਾਫ ਭੁਗਤਣ ਲੱਗਾ। ਫੇਰ ਟਕਸਾਲੀਆਂ ਨਾਲ ਇਸ ਦਾ ਨਿਜੀ ਵਿਰੋਧ ਹੋਣ ਕਰਕੇ ਇਸ ਨੇ ਗੁਰਮਤਿ ਫਲੌਸਫੀ ਬਾਰੇ ਆਪਣਾ ਗੁਰਮਤਿ-ਨਜ਼ਰੀਆ ਹੀ ਬਦਲ ਲਿਆ। ਜੇ ਤਾਂ ਗਿਆਨ ਹਾਸਲ ਕਰਕੇ ਇਸ ਦੀ ਸੋਚ ਵਿੱਚ ਤਬਦੀਲੀ ਆਈ ਹੁੰਦੀ ਤਾਂ ਗੱਲ ਸਮਝ ਆਉਂਦੀ ਹੈ, ਪਰ ਇਸ ਦੀ ਗੁਰਮਤਿ ਬਾਰੇ ਸੋਚ ਦਾ ਨਜ਼ਰੀਆ ਤਾਂ ਇਕ ਹਾਦਸਾ ਵਾਪਰਨ ਤੋਂ ਬਾਅਦ ਨਿਜੀ ਰੰਜਸ਼ਾਂ ਕਰਕੇ, ਰਾਤੋ ਰਾਤ ਹੀ ਬਦਲ ਗਿਆ।
ਖੈਰ ਗੁਰਬਾਣੀ ਪ੍ਰਚਾਰ ਦਾ ਇਸ ਨੇ ਜੋ ਨਵਾਂ ਤਰਕ, ਲੌਜਿਕ ਅਤੇ ਵਿਗਿਆਨ ਆਧਾਰਿਤ ਨਜ਼ਰੀਆ ਅਪਣਾਇਆ ਹੈ, ਓਪਰੀ ਨਜ਼ਰੇ ਤਾਂ ਬਹੁ-ਗਿਣਤੀ ਲੋਕਾਂ ਨੂੰ (ਖਾਸ ਕਰਕੇ ਕਾਮਰੇਡ ਸੋਚ ਰੱਖਣ ਵਾਲਿਆਂ ਨੂੰ) ਪ੍ਰਭਾਵਿਤ ਕਰਨ ਵਾਲਾ ਅਤੇ ਸਹੀ ਵੀ ਲੱਗਦਾ ਹੈ, ਪਰ ਅਸਲ ਵਿੱਚ ਇਸਦਾ ਇਹ ਪ੍ਰਚਾਰ ਗੁਰਮਤਿ ਦੇ ਉਲਟ, ਨਾਸਤਕ (ਰੱਬ ਦੀ ਹੋਂਦ ਮੰਨਣ ਤੋਂ ਮੁਨਕਰ) ਕਰਨ ਵਾਲਾ ਹੈ।
ਸਾਫ ਲਫਜ਼ਾਂ ਵਿੱਚ ਇਹ ਰੱਬ ਦੀ ਹੋਂਦ ਮੰਨਣ ਤੋਂ ਮੁਨਕਰ ਨਹੀਂ ਹੁੰਦਾ, ਪਰ ਪੁਜਾਰੀ ਵਾਲੇ ਰੱਬ ਨੂੰ ਨਹੀਂ ਮੰਨਦਾ ਕਹਿਕੇ ਅਸਲ ਵਿੱਚ ਇਹ ਗੁਰਬਾਣੀ/ਗੁਰਮਤਿ ਵਾਲੇ ਰੱਬ ਦੀ ਹੋਂਦ ਤੋਂ ਵੀ ਮੁਨਕਰ ਹੈ।
ਜਿਹੜੀਆਂ ਤਰਕ ਅਤੇ ਲੌਜਿਕ ਦੀਆਂ ਗੱਲਾਂ ਇਹ ਕਰਦਾ ਹੈ, ਉਹਨਾ ਦਾ ਗੁਰਮਤਿ ਸਿਧਾਂਤਾਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਇਹ ਆਪਣੇ ਉਹਨਾ ਤਰਕਾਂ ਬਾਰੇ ਗੁਰਬਾਣੀ ਉਦਾਹਰਣਾਂ ਦੇ ਸਕਦਾ ਹੈ। ਇਸ ਨੇ ਗੁਰਮਤਿ ਪ੍ਰਚਾਰ ਦਾ ਜੋ ਨਵਾਂ ਨਜ਼ਰੀਆ ਅਪਣਾਇਆ ਹੈ, ਉਹ ਪ੍ਰੈਕਟੀਕਲ ਨਜ਼ਰ ਤਾਂ ਆਉਂਦਾ ਹੈ, ਪਰ ਅਸਲ ਵਿੱਚ ਪਰੈਕਟੀਕਲੀ ਕਦੇ ਵੀ ਲਾਗੂ ਹੋਣ ਵਾਲਾ ਨਹੀਂ।
ਮਿਸਾਲ ਦੇ ਤੌਰ ਤੇ ਇਹ ਕੁਦਰਤ ਨੂੰ ਹੀ ਰੱਬ ਦਸਦਾ ਹੈ। ਇਸ ਦੇ ਮੁਤਾਬਕ ਕੁਦਰਤ ਦੀ ਦੇਖ-ਭਾਲ ਕਰਨਾ ਵਾਤਾਵਰਣ ਸਾਫ ਸੁਥਰਾ ਰੱਖਣਾ ਹੀ ਰੱਬ ਨੂੰ ਪਾਉਣਾ ਹੈ। ਇਹ ਮਿਸਾਲ ਦਿੰਦਾ ਹੈ ਕਿ ਜਿਵੇਂ ਪਿਤਾ ਕਿਤੇ ਦੂਰ ਚਲਾ ਜਾਏ ਤਾਂ ਘਰ ਦੀ ਦੇਖ ਭਾਲ ਘਰ ਦੇ ਬਾਕੀ ਮੈਂਬਰਾਂ ਨੂੰ ਕਰਨੀ ਚਾਹੀਦੀ ਹੈ, ਉਸੇ ਤਰ੍ਹਾਂ ਮੰਨ ਲਵੋ ਕਿ ਰੱਬ ਗ਼ੈਰ ਹਾਜਰ ਹੈ(ਅਰਥਾਤ ਹੈ ਹੀ ਨਹੀਂ) ਇਸ ਲਈ ਹੁਣ ਕੁਦਰਤ ਦੀ ਦੇਖ ਭਾਲ ਸਾਨੂੰ ਹੀ ਕਰਨੀ ਪੈਣੀ ਹੈ ਜਾਂ ਕਰਨੀ ਚਾਹੀਦੀ ਹੈ।
ਓਪਰੀ ਨਜ਼ਰੇ ਤਾਂ ਇਸ ਦੀ ਦਲੀਲ ਸਹੀ ਅਤੇ ਲੌਜਿਕ ਭਰਪੂਰ ਨਜ਼ਰ ਆਉਂਦੀ ਹੈ। ਪਰ ਹੈ ਇਹ ਗੁਰਮਤਿ ਦੇ ਬਿਲਕੁਲ ਉਲਟ ਅਤੇ ਪਰੈਕਟੀਕਲੀ ਲਾਗੂ ਹੋਣੀ ਵੀ ਮੁਸ਼ਕਿਲ ਹੈ। ਕਾਰਣ ਇਹ ਕਿ, ਵਿਗਿਆਨਕ ਤਰੱਕੀ ਕਦੇ ਵੀ ਰੁਕ ਨਹੀਂ ਸਕਦੀ ਅਤੇ ਜਿਉਂ ਜਿਉਂ ਵਿਗਿਆਨ ਤਰੱਕੀ ਦੇ ਰਾਹ ਚੱਲ ਰਿਹਾ ਹੈ, ਇਹ ਨਵੀਆਂ ਖੋਜਾਂ ਹੀ ਕੁਦਰਤੀ ਵਾਤਾਵਰਣ ਨੂੰ ਗੰਧਲਾ ਕਰੀ ਜਾ ਰਹੀਆਂ ਹਨ। ਮਿਸਾਲ ਦੇ ਤੌਰ ਤੇ ਸੜਕਾਂ ਤੇ ਵਧਦੀਆਂ ਮੋਟਰਾਂ ਗੱਡੀਆਂ ਦੇ ਧੂਏਂ ਦੇ ਜ਼ਰੀਏ ਵਾਤਾਵਰਣ/ *ਕੁਦਰਤ ਵਾਲਾ ਰੱਬ* ਗੰਧਲਾ ਹੋ ਰਿਹਾ ਹੈ (ਤੇਲ ਦੀ ਬਜਾਏ ਹੁਣ ਬਿਜਲੀ ਵਾਲੀਆਂ ਗੱਡੀਆਂ ਵੱਲ ਕੰਮ ਚੱਲ ਰਿਹਾ ਹੈ। ਪਰ ਇਸ ਨਾਲ ਮਿਆਦ ਖਤਮ ਹੋ ਚੁੱਕੀਆਂ ਬੈਟਰੀਆਂ ਨੂੰ ਡੰਪ ਕਰਨ ਦੀ ਸਮੱਸਿਆ ਪੈਦਾ ਹੋ ਜਾਣੀ ਹੈ)ਇਲੈਕਟ੍ਰੌਨਿਕਸ ਦੇ ਖੇਤਰ ਵਿੱਚ ਤਰੱਕੀ ਹੋ ਰਹੀ ਹੈ ਜੋ ਕਿ ਕਦੇ ਵੀ ਘਟ ਨਹੀਂ ਸਕਦੀ ਬਲਕਿ ਨਿਤ ਦਿਨ ਵਧਣੀ ਹੀ ਹੈ, ਤਾਂ ਇਸ ਦੇ ਨਾਲ ਰੇਡੀਏਸ਼ਨ ਦੀ ਸਮੱਸਿਆ ਵਧ ਰਹੀ ਹੈ।
*ਕੁਦਰਤ ਵਾਲਾ ਰੱਬ* ਗੰਧਲਾ ਹੋਣ ਕਰਕੇ ਦੁਨੀਆਂ ਭਰ ਵਿੱਚ ਕੈਂਸਰ ਦੀ ਸਮੱਸਿਆ ਵਧ ਰਹੀ ਹੈ। ਕਹਿਣ ਤੋਂ ਭਾਵ ਹੈ ਕਿ ਜਿਉਂ ਜਿਉਂ ਧਰਤੀ ਤੇ ਆਬਾਦੀ ਵਧਣੀ ਹੈ, ਢਡਰੀਆਂ ਵਾਲੇ ਦੁਆਰਾ ਘੜਿਆ *ਕੁਦਰਤ ਵਾਲਾ ਰੱਬ* ਕਦੇ ਵੀ ਸਾਫ ਸੁਥਰਾ ਰਹਿ ਨਹੀਂ ਸਕਦਾ। ਢਡਰੀਆਂ ਵਾਲਾ ਪੁਜਾਰੀ ਵਾਲੇ ਰੱਬ ਨੂੰ ਨਹੀਂ ਮੰਨਦਾ ਕਹਿਕੇ-**ਹਰਿ ਆਪਿ ਬਹਿ ਕਰੇ ਨਿਆਉ** ਕੂੜਿਆਰ ਸਭ ਮਾਰਿ ਕਢੋਇ॥ ਵਾਲੇ ਗੁਰਮਤਿ ਦੇ ਰੱਬ ਤੋਂ ਵੀ ਮੁਨਕਰ ਹੈ। ਇਸ ਦੇ ਮੁਤਾਬਕ **ਹਰਿ ਆਪਿ ਬਹਿ ਕਰੇ ਨਿਆਉਂ**, ਪੁਜਾਰੀ ਵਾਲਾ
ਰੱਬ ਹੈ।
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥
ਵਾਲੇ ਗੁਰਮਤਿ ਦੇ ਰੱਬ ਤੋਂ ਵੀ ਮੁਨਕਰ ਹੈ। ਇਸ ਦੇ ਮੁਤਾਬਕ **ਬੈਠਾ ਵੇਖੈ ਵਖਿ ਇਕੇਲਾ**, ਪੁਜਾਰੀ ਵਾਲਾ ਰੱਬ ਹੈ।
ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥
ਵਾਲੇ ਗੁਰਮਤਿ ਦੇ ਰੱਬ ਤੋਂ ਵੀ ਮੁਨਕਰ ਹੈ। ਕਿਉਂ ਕਿ ਇਹ ਕੁਦਰਤ ਨੂੰ ਹੀ ਰੱਬ ਦੱਸਦਾ ਹੈ। ਅਤੇ ਕੁਦਰਤ ਦੇ ਕਿਸੇ ਨਿਯਮ ਵਿੱਚ
ਬਖਸ਼ਣ ਦੀ ਸਮਰੱਥਾ ਨਹੀਂ ਹੈ। ਇਸ ਲਈ ਇਸ ਦੇ ਮੁਤਾਬਕ **ਹਰਿ ਬਖਸ਼ੰਦਾ* ਪੁਜਾਰੀ ਵਾਲਾ ਰੱਬ ਹੈ।
ਦੂਸਰਾ ਪਹਿਲੂ__
ਢਡਰੀਆਂ ਵਾਲਾ, ਸੂਰਜ ਪ੍ਰਕਾਸ਼ ਆਦਿ ਗ੍ਰੰਥ ਵਿਚਲੀਆਂ ਕਹਾਣੀਆਂ ਦੇ ਹਵਾਲੇ ਦੇ ਕੇ ਵਿਵਾਦ ਵਿੱਚ ਚੱਲ ਰਿਹਾ ਹੈ।
ਪਿੱਛੇ ਜਿਹੇ ਇਕ ਵਿਦਵਾਨ ਸੱਜਣ ਨੇ ਬੜੀ ਚੰਗੀ ਗੱਲ ਕੀਤੀ ਸੀ ਕਿ, ਜਿੰਨੀ ਦੇਰ ਖੂਹ ਵਿੱਚੋਂ ਮਰੀ ਬਿੱਲੀ ਨਹੀਂ ਕਢਦੇ, ਖੂਹ ਵਿੱਚ ਜਿੰਨਾ ਮਰਜੀ ਸਾਫ ਪਾਣੀ ਪਾਈ ਜਾਵੋ, ਬਦਬੂ ਨਹੀਂ ਹਟ ਸਕਦੀ।
ਸੋ ਜਿੰਨੀ ਦੇਰ ਪੰਥ ਦੇ ਵਿਦਵਾਨ ਮਿਲ ਬੈਠਕੇ ਵਿਚਾਰਾਂ ਕਰਕੇ ਸਿੱਖ ਜਗਤ ਵਿੱਚ ਵੜ ਚੁੱਕੀਆਂ ਗ਼ਲਤ ਲਿਖਤਾਂ ਨੂੰ ਰੱਦ ਨਹੀਂ ਕਰਦੇ ਇਹ ਵਿਵਾਦ ਏਸੇ ਤਰ੍ਹਾਂ ਭਖਦੇ ਹੀ ਰਹਿਣਗੇ ਅਤੇ ਰਣਜੀਤ ਸਿੰਘ ਢਡਰੀਆਂ ਵਾਲੇ ਵਰਗੇ ਨਾਸਤਕ ਪ੍ਰਚਾਰਕ ਇਸ ਗੱਲ ਦਾ ਫਾਇਦਾ ਚੁੱਕਕੇ ਸਿੱਖਾਂ ਵਿੱਚ ਵੰਡੀਆਂ ਪਾਉਂਦੇ ਰਹਿਣਗੇ।
ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼: ਗੁ: ਪ੍ਰ: ਕ: ਅਤੇ ਅਕਾਲ ਤਖਤ ਤੇ ਸਿਆਸੀ ਦਬਾਵ ਰਿਹਾ ਹੈ ਅਤੇ ਹੁਣ ਵੀ ਹੈ। ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਤੋਂ ਕੁਝ ਥੋੜ੍ਹੀ ਆਸ ਬੱਝਦੀ ਨਜ਼ਰ ਆ ਰਹੀ ਹੈ ਕਿ ਸ਼ਾਇਦ ਇਹ ਕੁਝ ਸੁਧਾਰ ਲਿਆ ਸਕਣ।
ਹੁਣ ਇਹਨਾ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਕਿਸੇ ਵੀ ਕਿਸਮ ਦੇ ਦਬਾਵ ਤੋਂ ਬਾਹਰ ਨਿਕਲਕੇ,ਇਹ ਖੂਹ ਚੋਂ ਮਰੀ ਬਿਲੀ ਕੱਢਣ ਦੀ ਤਰ੍ਹਾਂ ਜੇ ਸਿੱਖਾਂ ਵਿੱਚ ਵਾੜੀਆਂ ਜਾ ਚੁੱਕੀਆਂ ਗ਼ਲਤ ਲਿਖਤਾਂ ਨੂੰ ਕਢਣ ਦੇ ਉਪਰਾਲੇ ਕਰਨ ਦੀ ਦਲੇਰੀ ਕਰ ਸਕਦੇ ਹਨ ਤਾਂ ਉਮੀਦ ਹੈ, ਪੰਥ ਦੀ ਵਿਗੜੀ ਜਾਂਦੀ ਦਸ਼ਾ ਵਿੱਚ ਕੁਝ ਸੁਧਾਰ ਆ ਜਾਏ।
ਇਹ ਤਾਂ ਵਕਤ ਹੀ ਦੱਸੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਸਹੀ ਮਹਿਨਿਆਂ ਵਿੱਚ ਅਕਾਲ ਤਖਤ ਦੇ ਜੱਥੇਦਾਰ ਵਾਲਾ ਫਰਜ ਨਭਉਂਦੇ ਹਨ ਜਾਂ ਪਹਿਲਾਂ ਵਾਲਿਆਂ ਵਾਙੂੰ ਸਿਆਸੀ ਲਿਫਾਫ ਚੋਂ ਨਿਕਲੇ ਸਾਬਤ ਹੁੰਦੇ ਹਨ।
ਜਸਬੀਰ ਸਿੰਘ ਵਿਰਦੀ 01-01-2020
ਜਸਬੀਰ ਸਿੰਘ ਵਿਰਦੀ
-: ਪੁਜਾਰੀ ਵਾਲਾ ਰੱਬ ਤੇ ਕੁਦਰਤ ਵਾਲਾ ਰੱਬ :-
Page Visitors: 2640