-: ਪੁਰਬਾਂ ਦੀਆਂ ਤਰੀਕਾਂ ਬਦਲਣ ਵਾਲੇ ਝਮੇਲੇ :-
ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਦੇ ਸਮਰਥਕ ਜਿਹੜੇ ਗੁਰ ਪੁਰਬਾਂ ਦੀਆਂ ਤਰੀਕਾਂ ਹਰ ਸਾਲ ਬਦਲ ਜਾਣ ਦੀ ਗੱਲ ਕਰਦੇ ਹਨ, ਪਤਾ ਨਹੀਂ ਤਾਂ ਅਸਲੀਅਤ ਤੋਂ ਅਨਜਾਣ ਹਨ ਜਾਂ ਜਾਣਦੇ ਹੋਏ ਵੀ ਅਸਲੀਅਤ ਨੂੰ ਨਜ਼ਰ ਅੰਦਾਜ ਕਰ ਰਹੇ ਹਨ ਜਾਂ ਫੇਰ ਅਸਲੀਅਤ ਨੂੰ ਜਾਣਨਾ ਹੀ ਨਹੀਂ ਚਾਹੁੰਦੇ। ਇਹ ਲੋਕ ਏਨੇ ਵੀ ਅਨਜਾਣ ਨਹੀਂ ਹੋ ਸਕਦੇ ਕਿ ਨਾ ਸਮਝ ਸਕਣ ਕਿ ਬਿਕਰਮੀ ਅਤੇ ਗ੍ਰੈਗੋਰੀਅਨ ਦੋ ਵੱਖਰੇ ਵੱਖਰੇ ਕੈਲੰਡਰ ਹਨ ਅਤੇ ਦੋ ਕੈਲੰਡਰਾਂ ਨੂੰ ਰਲਗੱਡ ਕਰਨ ਨਾਲ ਤਰੀਕਾਂ ਬਦਲਣ ਵਾਲਾ ਝਮੇਲਾ ਪੈਦਾ ਹੋ ਰਿਹਾ ਹੈ।
ਪੁਰਾਤਨ ਗੁਰ-ਇਤਿਹਾਸ ਤੇ ਸਿੱਖ-ਇਤਿਹਾਸ ਦੀਆਂ ਤਰੀਕਾਂ ਬਿਕਰਮੀ ਕੈਲੰਡਰ ਮੁਤਾਬਕ ਦਰਜ ਹਨ। ਬਿਕਰਮੀ ਕੈਲੰਡਰ ਮੁਤਾਬਕ ਹੀ ਗੁਰਪੁਰਬ ਮਨਾਏ ਜਾਣ ਤੇ, ਅਤੇ ਇਸੇ ਕੈਲੰਡਰ ਮੁਤਾਬਕ ਪਰਖ ਕਰਨ ਤੇ ਕਦੇ ਵੀ ਤਰੀਕ ਬਦਲਣ ਜਾਂ ਕਿਸੇ ਸਾਲ ਇੱਕ ਵਾਰੀਂ ਵੀ ਨਹੀਂ ਅਤੇ ਕਿਸੇ ਸਾਲ ਦੋ ਵਾਰੀਂ ਗੁਰਪੁਰਬ ਆਉਣ ਵਾਲੀ ਘਟਨਾ ਨਹੀਂ ਵਾਪਰਦੀ। ਮਿਸਾਲ ਦੇ ਤੌਰ ਤੇ, ਪੋਹ ਸੁਦੀ ਸੱਤ ਬਿਕਰਮੀ ਕੈਲੰਡਰ ਮੁਤਾਬਕ ਸਾਲ ਵਿੱਚ ਹਮੇਸ਼ਾਂ ਇੱਕ ਵਾਰੀਂ ਹੀ ਆਉਂਦੀ ਹੈ।
ਪਰ ਪੁਰੇਵਾਲ ਦੇ ਬਣਾਏ ਕੈਲੰਡਰ ਨੂੰ ਪ੍ਰਚੱਲਤ ਕਰਨ ਵਾਲੇ ਚਲਾਕੀ ਨਾਲ ਬਿਕਰਮੀ ਕੈਲੰਡਰ ਅਨੁਸਾਰ ਮਨਾਏ ਜਾਂਦੇ ਪੁਰਬ ਨੂੰ ਗ੍ਰੈਗੋਰੀਅਨ ਦੀਆਂ ਤਰੀਕਾਂ ਅਨੁਸਾਰ ਦਰਸਾ ਕੇ ਤਰੀਕਾਂ ਬਦਲਣ ਵਾਲਾ ਭੁਲੇਖਾ ਸਿੱਖ ਜਗਤ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਤਰੀਕਾਂ ਸੌਖੀਆਂ ਫਿਕਸ ਕਰਨ ਵਾਲੀ ਦਲੀਲ__
ਤਰੀਕਾਂ ਸੌਖੀਆਂ ਫਿਕਸ ਕਰਨ ਵੇਲੇ ਦੋ ਪਹਿਲੂਆਂ ਨੂੰ ਜ਼ਹਨ ਵਿੱਚ ਰੱਖਣਾ ਜਰੂਰੀ ਹੈ।
ਕਿਉਂਕਿ ਬਿਕਰਮੀ ਕੈਲੰਡਰ ਅਤੇ ਪੁਰੇਵਾਲ ਦਾ ਕੈਲੰਡਰ (ਜਾਂ ਗ੍ਰੈਗੋਰੀਅਨ) ਵੱਖ ਵੱਖ ਕੈਲੰਡਰ ਹਨ, ਇਸ ਲਈ ਬਿਕਰਮੀ ਕੈਲੰਡਰ ਵਾਲੀਆਂ ਇਤਿਹਾਸਕ ਤਰੀਕਾਂ ਪੁਰੇਵਾਲ ਦੇ ਕੈਲੰਡਰ ਮੁਤਾਬਕ ਕਦੇ ਵੀ ਹਰ ਸਾਲ ਇੱਕ ਨਹੀਂ ਰਹਿ ਸਕਦੀਆਂ। ਹਰ ਸਾਲ ਬਦਲ ਜਾਣਗੀਆਂ। ਮਿਸਾਲ ਦੇ ਤੌਰ ਤੇ ਬਿਕਰਮੀ ਕੈਲੰਡਰ ਦੀ ਪੋਹ ਸੁਦੀ ਸੱਤ ਪੁਰੇਵਾਲ ਦੇ ਕੈਲੰਡਰ ਵਿੱਚ ਇਕ ਵਾਰੀਂ ਫਿਕਸ ਕਰ ਲੈਣ ਤੇ, ਅਗਲੇ ਹੀ ਸਾਲ ਅਤੇ ਹਰ ਸਾਲ ਜਰੂਰ ਬਦਲ ਜਾਏਗੀ। ਉਸ ਹਾਲਤ ਵਿੱਚ ਦੋ ਵਿੱਚੋਂ ਸਿਰਫ ਇਕ ਹੀ ਕੰਮ ਕੀਤਾ ਜਾ ਸਕਦਾ ਹੈ__
ਜਾਂ ਤੇ ਤਰੀਕਾਂ ਸੌਖੀਆਂ ਫਿਕਸ ਕਰ ਲਵੋ, ਜਾਂ ਫੇਰ ਇਤਿਹਾਸ ਮੁਤਾਬਕ ਤਰੀਕਾਂ ਸਹੀ ਰੱਖ ਸਕਦੇ ਹਾਂ।
ਜੇ ਤਰੀਕਾਂ ਸੌਖੀਆਂ ਫਿਕਸ ਕਰਦੇ ਹਾਂ ਤਾਂ ਇਤਿਹਾਸਕ ਤਰੀਕਾਂ ਵਿੱਚ ਫਰਕ ਜਰੂਰ ਆ ਜਾਏਗਾ। ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਇਹ ਵਿਵਾਦ ਹਮੇਸ਼ਾਂ ਬਣਿਆ ਰਹੇਗਾ ਕਿ ਇਤਿਹਾਸ ਕੋਈ ਹੋਰ ਤਰੀਕ ਦੱਸਦਾ ਹੈ ਅਤੇ ਪੁਰੇਵਾਲ ਦਾ ਕੈਲੰਡਰ ਕੁਝ ਹੋਰ ਕਹਿੰਦਾ ਹੈ।
ਇਹ ਫੈਸਲਾ ਸਿੱਖ ਜਗਤ ਨੇ ਕਰਨਾ ਹੈ ਕਿ ਇਤਿਹਾਸ ਨੂੰ ਸਹੀ ਰੱਖਣਾ ਹੈ, ਜਾਂ ਤਰੀਕਾਂ ਸੌਖੀਆਂ ਫਿਕਸ ਕਰਨੀਆਂ ਹਨ?
ਜਿਹੜੇ ਸੱਜਣ ਦਲੀਲ ਦਿੰਦੇ ਹਨ ਕਿ ਅਸੀਂ ਆਪਣਾ ਜਨਮ ਦਿਨ ਹਰ ਸਾਲ ਇਕੋ ਹੀ ਤਰੀਕ ਤੇ ਮਨਾਉਂਦੇ ਹਾਂ ਤਾਂ ਗੁਰਪੁਰਬ ਹਰ ਸਾਲ ਕਿਉਂ ਬਦਲ ਜਾਂਦਾ ਹੈ। ਉਹਨਾ ਵੀਰਾਂ ਅੱਗੇ ਬੇਨਤੀ ਹੈ ਕਿ ਬਿਕਰਮੀ ਕੈਲੰਡਰ ਮੁਤਾਬਕ ਮਨਾਇਆ ਗਿਆ ਕੋਈ ਵੀ ਦਿਨ ਬਿਕਰਮੀ ਕੈਲੰਡਰ ਮੁਤਾਬਕ ਹੀ ਚੈੱਕ ਕਰਨ ਤੇ ਕਦੇ ਵੀ ਇਕ ਦਿਨ ਦਾ ਵੀ ਫਰਕ ਨਹੀਂ ਆਏਗਾ। ਹਾਂ, ਬਿਕਰਮੀ ਕੈਲੰਡਰ ਦੀ ਕਿਸੇ ਵੀ ਤਰੀਕ ਨੂੰ ਪੁਰੇਵਾਲ ਦੇ ਕੈਲੰਡਰ ਮੁਤਾਬਕ ਫਿਕਸ ਕਰਨ ਤੇ ਪੁਰੇਵਾਲ ਦੇ ਕੈਲੰਡਰ ਜਾਂ ਗ੍ਰੈਗੋਰੀਅਨ ਮੁਤਾਬਕ ਤਾਂ ਹਾਰ ਸਾਲ ਇੱਕੋ ਹੀ ਤਰੀਕ ਪ੍ਰਤੀਤ ਹੋਵੇਗੀ। ਪਰ ਅਸਲ ਵਿੱਚ ਉਹ ਤਰੀਕ ਮਿਥੀ ਹੋਈ ਤਰੀਕ ਹੀ ਹੋਵੇਗੀ ਅਤੇ ਅਸਲੀ ਇਤਿਹਾਸਕ ਤਰੀਕ ਨਾਲੋਂ ਜਰੂਰ ਬਰ ਜਰੂਰ ਬਦਲ ਜਾਏਗੀ।
ਬਿਕਰਮੀ ਕੈਲੰਡਰ ਨੂੰ ਗ਼ਲਤ ਸਾਬਤ ਕਰਨ ਲਈ, ਇਕ ਭੁਲੇਖਾ ਹੋਰ ਪਾਇਆ ਜਾ ਰਿਹਾ ਹੈ ਕਿ ਬਿਕਰਮੀ ਕੈਲੰਡਰ ਨੂੰ ਮੰਨਦੇ ਰਹਿਣ ਨਾਲ ਗੁਰਪੁਰਬਾਂ ਦੀਆਂ ਤਰੀਕਾਂ ਪੁੱਛਣ ਲਈ ਪੰਡੀਏ ਕੋਲ ਜਾਣਾ ਪੈਂਦਾ ਹੈ__
ਬੜੀ ਫੋਕੀ ਜਿਹੀ ਦਲੀਲ ਹੈ।ਬਿਕਰਮੀ ਕੈਲੰਡਰ ਕੋਈ ਪੰਡੀਏ ਦੀ ਜੰਤਰੀ ਵਿੱਚੋਂ ਨਹੀਂ ਨਿਕਲਿਆ ਬਲਕਿ ਸੂਰਜ, ਧਰਤੀ, ਚੰਦ ਦੀ ਗਤੀ ਮੁਤਾਬਕ ਬਣਿਆ ਹੈ। ਪੰਡੀਏ ਦੀ ਜੰਤਰੀ ਜਾਂ ਬਿਕਰਮੀ ਕੈਲੰਡਰ ਸੂਰਜ, ਚੰਦ, ਧਰਤੀ ਦੀਆਂ ਗਤੀ ਵਿਧੀਆਂ ਮੁਤਾਬਕ ਬਣੇ ਹਨ। ਬਿਕਰਮੀ ਕੈਲੰਡਰ ਪੰਡੀਏ ਨੇ ਆਪਣੀ ਮਨ ਮਰਜੀ ਨਾਲ ਨਹੀਂ ਘੜ ਰੱਖਿਆ। ਬਾਕਾਇਦਾ ਸੂਰਜ, ਚੰਦ ਅਤੇ ਧਰਤੀ ਦੇ ਚੱਕਰਾਂ ਮੁਤਾਬਕ ਬਣਾਇਆ ਗਿਆ।ਸੂਰਜ, ਚੰਦ ਅਤੇ ਧਰਤੀ ਦੇ ਚੱਕਰ ਕਿਸੇ ਪੰਡੀਏ ਨੇ ਫਿਕਸ ਨਹੀਂ ਕੀਤੇ। ਮਿਸਾਲ ਦੇ ਤੌਰ ਤੇ ਪੰਡੀਏ ਦੀ ਜੰਤਰੀ ਦੱਸ ਦਿੰਦੀ ਹੈ ਕਿ ਕਿਸ ਦਿਨ ਸੂਰਜ ਗ੍ਰਹਣ ਜਾਂ ਚੰਦ ਗ੍ਰਹਣ ਲੱਗੇਗਾ। ਪੰਡੀਏ ਦੁਅਰਾ ਦੱਸੇ ਦਿਨ ਤੇ ਹੀ ਸੂਰਜ ਜਾਂ ਚੰਦ ਗ੍ਰਹਣ ਲੱਗ ਵੀ ਜਾਂਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸੂਰਜ ਤੇ ਚੰਦ ਗ੍ਰਹਣ ਪੰਡੀਏ ਦੀ ਜੰਤਰੀ ਵਿੱਚ ਕੈਦ ਹਨ। ਬਲਕਿ ਇਹ ਉਸ ਦੀ ਕੈਲਕੁਲੇਸ਼ਨ ਹੈ, ਜੋ ਕਿ ਕੋਈ ਵੀ ਕਰ ਸਕਦਾ ਹੈ, ਇਹ ਜਾਨਣ ਦੇ ਲਈ ਪੰਡੀਏ ਦੀਆਂ ਮਿੰਨਤਾਂ ਨਹੀਂ ਕਰਨੀਆਂ ਪੈਂਦੀਆਂ। ਇਹ ਕੈਲਕੁਲੇਸ਼ਨ ਤਾਂ ਪੱਛਮੀਂ ਕੈਲੰਡਰਾਂ ਵਾਲੇ ਵੀ ਕਰ ਲੈਂਦੇ ਹਨ। ਉਹ ਕੋਈ ਪੰਡੀਏ ਨੂੰ ਪੁੱਛਣ ਨਹੀਂ ਜਾਂਦੇ।
ਪੁਰੇਵਾਲ ਦੇ ਕੈਲੰਡਰ ਦੇ ਪ੍ਰਸ਼ੰਸਕ ਇਕ ਹੋਰ ਬੇ ਬੁਨਿਆਦ ਤਰਕ ਖੜ੍ਹਾ ਕਰਦੇ ਹਨ ਕਿ-
ਤੁਸੀਂ ਸੋਚ ਸਕਦੇਂ ਉਹ ਅਕਾਲ ਪੁਰਖ ਕੀ ਫੌਜ ਕਿਸ ਤਰ੍ਹਾਂ ਦੀ ਹੋਵੇਗੀ ਜਿਹੜੀ ਖੁਦ ਅਪਣੇ ਇਤਿਹਾਸਕ ਦਿਨਾ ਦੇ ਫੈਸਲੇ ਕਰ ਸਕਣ ਦੀ ਵੀ ਸਮਰਥਾ ਨਹੀਂ ਰੱਖਦੀ ਤੇ ਜਮਾਤ ਵਿਚ ਬੈਠੇ ਮਾੜੇ ਤੇ ਕਮਜੋਰ ਜੁਆਕ ਤਰ੍ਹਾਂ ਨਕਲ ਮਾਰਨ ਲਈ ਹਰ ਵਾਰੀ ਪੰਡੀਏ ਵੰਨੀ ਝਾਕਦੀ ਕਿ ਉਹ ਸਾਨੂੰ ਕਲੰਡਰ ਬਣਾ ਕੇ ਦੇਵੇ ਤੇ ਫੈਸਲਾ ਕਰੇ ਕਿ ਅਸੀਂ ਅਪਣੇ ਪੁਰਬ ਕਦ ਮਨਾਉਂਣੇ ਹਨ?
ਪੁਰੇਵਾਲ ਦੇ ਕੈਲੰਡਰ ਦੇ ਸਮਰਥਕ ਪਤਾ ਨਹੀਂ ਸਿੱਖਾਂ ਨੂੰ ਅਨਪੜ੍ਹ ਗਵਾਰ ਹੀ ਸਮਝੀ ਬੈਠੇ ਹਨ, ਜਾਂ ਫੇਰ ਜਾਣ ਬੁੱਝਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚੰਦ, ਸੂਰਜ, ਧਰਤੀ ਦੇ ਚੱਕਰਾਂ ਨੂੰ ਜੇ ਪੰਡੀਆ ਸਟਡੀ ਕਰ ਸਕਦਾ ਹੈ ਤਾਂ ਸਿੱਖਾਂ ਵਿੱਚ ਐਸਾ ਕਿਹੜਾ ਪੁਰਜਾ ਘੱਟ ਹੈ ਕਿ ਉਹ ਚੰਦ ਸੂਰਜ ਅਤੇ ਧਰਤੀ ਦੇ ਚੱਕਰਾਂ ਦੀ ਸਟਡੀ ਨਹੀਂ ਕਰ ਸਕਦੇ? ਜਾਂ ਕੀ ਚੰਦ,ਸੂਰਜ, ਧਰਤੀ ਦੇ ਚੱਕਰਾਂ ਦੀ ਸਟਡੀ ਨੂੰ ਪੰਡੀਏ ਨੇ ਆਪਣੇ ਨਾਮ ਰਜਿਸਟਰ ਕਰਵਾ ਰੱਖਿਆ ਹੈ?
ਬਿਕਰਮੀ ਕੈਲੰਡਰ ਵਿੱਚ ਸਿੱਖ ਖੁਦ ਗੁਰਪੁਰਬਾਂ ਦੀਆਂ ਤਰੀਕਾਂ ਕਿਉਂ ਨਹੀਂ ਦਰਜ ਕਰ ਸਕਦੇ?
ਕੀ ਮਜਬੂਰੀ ਹੈ ਕਿ ਬਿਕਰਮੀ ਕੈਲੰਡਰ ਮੁਤਾਬਕ ਤਰੀਕਾਂ ਦੇ ਫੈਸਲੇ ਕਰਨ ਲਈ ਪੰਡੀਏ ਕੋਲ ਹੀ ਜਾਣਾ ਪੈਣਾ ਹੈ?
ਥਿੱਤਾਂ, ਵਾਰ, ਰੁੱਤਾਂ ਦੀਆਂ ਗੱਲਾਂ ਕਰਕੇ ਵੀ ਸਿੱਖਾਂ ਵਿੱਚ ਇੱਕ ਹੋਰ ਭੁਲੇਖਾ ਪਾਇਆ ਜਾ ਰਿਹਾ ਹੈ, ਜਿਵੇਂ ਇਹ ਪੰਡੀਏ ਦੀ ਨਿਜੀ ਜਾਇਦਾਤ ਹੋਣ।
ਗੁਰਬਾਣੀ ਫੁਰਮਾਨ-
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ॥
ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥ {ਪੰਨਾ 357}
ਵਿਸੁਏ, ਚਸੇ,ਘੜੀਆਂ, ਪਹਰ, ਥਿਤਾਂ, ਵਾਰ, ਮਾਹੁ ਇਹ ਸਭ ਕਰਤੇ ਦੀ ਕ੍ਰਿਤ ਹਨ ਨਾ ਕਿ ਕਿਸੇ ਪੰਡੀਏ ਦੀ ਕ੍ਰਿਤ। ਵਾਰ ਅਤੇ ਮਾਹ ਤਾਂ ਪੁਰੇਵਾਲ ਦੇ ਕੈਲੰਡਰ ਵਿੱਚ ਵੀ ਹਨ ਤਾਂ ਕੀ ਮੰਨ ਲਿਆ ਜਾਏ ਕਿ ਪੁਰੇਵਾਲ ਨੇ ਪੰਡੀਏ ਤੋਂ ਵਾਰ ਅਤੇ ਮਾਹ ਚੋਰੀ ਕਰ ਲਏ ਹਨ?
ਹਾਂ ਇਹ ਗੱਲ ਵੱਖਰੀ ਹੈ ਕਿ ਪੰਡੀਏ ਨੇ ਕਮਾਈ ਕਰਨ ਲਈ ਦਿਨਾਂ ਦੇ ਨਾਲ ਖਾਸ ਰੀਤਾਂ ਰਵਾਜ ਜੋੜ ਰੱਖੇ ਹਨ। ਪਰ ਇਹ ਤਾਂ ਉਸ ਦੀ ਆਪਣੀ ਮਰਜੀ ਹੈ ਅਤੇ ਉਹਨਾ ਰੀਤੀ ਰਿਵਾਜਾਂ ਨੂੰ ਮੰਨਣ ਵਾਲਿਆਂ ਦੀ ਮਰਜੀ ਹੈ। ਇਹ ਤਾਂ ਕੋਈ ਜਰੂਰੀ ਜਾਂ ਮਜਬੂਰੀ ਨਹੀਂ ਕਿ ਜੇ ਬਿਕਰਮੀ ਕੈਲੰਡਰ ਦਾ ਇਸਤੇਮਾਲ ਕਰਨਾ ਹੈ ਤਾਂ ਪੰਡੀਏ ਵਾਲੇ ਰੀਤਾਂ ਰਿਵਾਜ ਵੀ ਮਨਾਉਣੇ ਪੈਣਗੇ।
ਬਲਕਿ ਦਿਨਾਂ ਦੇ ਨਾਲ ਪੰਡੀਏ ਦੁਆਰਾ ਜੋੜੇ ਗਏ ਰੀਤਾਂ ਰਿਵਾਜਾਂ ਵਾਲੇ ਪਾਸਿਓ ਹਟਾਉਣ ਲਈ ਹੀ ਗੁਰੂ ਸਾਹਿਬਾਂ ਨੇ ਬਾਰਹ ਮਾਹ ਆਦਿ ਬਾਣੀਆਂ ਵਿੱਚ ਦਿਨਾਂ ਮਹੀਨਿਆਂ ਦਾ ਜ਼ਿਕਰ ਕਰਕੇ ਇਹਨਾ ਨਾਲ ਨਿਰੋਲ ਗੁਰਮਤਿ ਸਿਧਾਂਤ ਜੋੜ ਦਿੱਤੇ ਹਨ। ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਦੇ ਪਿੱਛੇ ਕੋਈ ਜਾਤੀ ਕਾਰਣ ਨਹੀਂ ਬਲਕਿ *ਇਤਿਹਾਸਕ ਤਰੀਕਾਂ* ਬਦਲ ਜਾਣਾ ਮੁੱਖ ਕਾਰਣ ਹੈ।
(ਵਿਰੋਧ ਪਿੱਛੇ ਕਾਰਣ ਹੋਰ ਵੀ ਹਨ)
ਜਸਬੀਰ ਸਿੰਘ ਵਿਰਦੀ 04-01-2020
ਜਸਬੀਰ ਸਿੰਘ ਵਿਰਦੀ
-: ਪੁਰਬਾਂ ਦੀਆਂ ਤਰੀਕਾਂ ਬਦਲਣ ਵਾਲੇ ਝਮੇਲੇ :-
Page Visitors: 2560