ਰਹਿਤ ਮਰਯਾਦਾ ਵਾਲ਼ੇ ਨਿੱਤਨੇਮ ਵਿੱਚ ਕੀ ਕੀ ਪੜ੍ਹਿਆ ਜਾ ਰਿਹਾ ਹੈ ?
ਪ੍ਰੋ. ਕਸ਼ਮੀਰਾ ਸਿੰਘ USA
ਇਸ ਨਿੱਤਨੇਮ ਵਿੱਚ ਹੇਠ ਲਿਖੀਆਂ ਦੋ ਪ੍ਰਕਾਰ ਦੀਆਂ ਰਚਨਾਵਾਂ ਪੜ੍ਹੀਆਂ ਜਾ ਰਹੀਆਂ ਹਨ ।
1. ਦਸਵੇਂ ਪਾਤਿਸ਼ਾਹ ਜੀ ਵਲੋਂ ਪ੍ਰਵਾਨਤ ਰਚਨਾਵਾਂ:
ਪਹਿਲੀ ਪ੍ਰਕਾਰ ਦੀਆਂ ਇਹ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਜਪੁ, ਸੋ ਦਰੁ, ਸੋ ਪੁਰਖੁ ਅਤੇ ਸੋਹਿਲਾ ਹਨ ਜਿਨ੍ਹਾਂ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੈ ਕਿਉਂਕਿ ਇਹ ਬਾਣੀਆਂ ਦਸਵੇਂ ਗੁਰੂ ਜੀ ਨੇ ਆਪਿ ਆਦਿ ਬੀੜ ਤੋਂ ਦਮਦਮੀ ਬੀੜ ਤਿਆਰ ਕਰਨ ਸਮੇਂ ਉਸ ਵਿੱਚ ਦਰਜ ਕਰਵਾਈਆਂ ਸਨ ਅਤੇ ਇਨ੍ਹਾਂ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ।
ਇਨ੍ਹਾਂ ਰਚਨਾਵਾਂ ਦਾ ਉਪਦੇਸ਼ ਕੀ ਹੈ?
ਇਨ੍ਹਾਂ ਰਚਨਾਵਾਂ ਤੋਂ ਸਿੱਖੀ ਵਿਚਾਰਧਾਰਾ ਬਾਰੇ ਸੋਝੀ ਮਿਲ਼ਦੀ ਹੈ । ਇਨ੍ਹਾਂ ਰਚਨਾਵਾਂ ਵਿੱਚ ਗੁਰੂ ਪਰਮੇਸ਼ਰ ਦੀਆਂ ਹੀ ਸਿਫ਼ਤਾਂ ਹਨ ਜਿਨ੍ਹਾਂ ਤੋਂ ਸੰਸਾਰ ਵਿੱਚ ਵਰਤ ਰਹੇ ਰੱਬੀ ਵਰਤਾਰੇ ਬਾਰੇ ਵਿਸ਼ਾਲ ਜਾਣਕਾਰੀ ਮਿਲ਼ਦੀ ਹੈ । ਇਹ ਰਚਨਾਵਾਂ ਅਧਿਆਤਮਕ ਜੀਵਨ ਨੂੰ ਪ੍ਰਫੁੱਲਤ ਕਰਦੀਆਂ ਹੋਈਆਂ ਸਿੱਖੀ ਜੀਵਨ ਜਾਚ ਸਿਖਾਉਂਦੀਆਂ ਹਨ ।
2. ਦਸਵੇਂ ਪਾਤਿਸ਼ਾਹ ਜੀ ਵਲੋਂ ਜੋ ਰਚਨਾਵਾਂ ਪ੍ਰਵਾਨਤ ਨਹੀਂ:
ਦੂਜੀ ਪ੍ਰਕਾਰ ਦੀਆਂ ਰਚਨਾਵਾਂ ਹਨ- ਜਾਪੁ, ਸਵੱਯੇ, ਬੇਨਤੀ ਚੌਪਈ, ਪਾਇਂ ਗਹੇ ਜਬ ਤੇ ਤੁਮਰੇ, ਸਗਲ ਦੁਆਰ ਕਉ ਛਾਡਿ ਕੈ, ਪ੍ਰਿਥਮ ਭਗਉਤੀ ਸਿਮਰ ਕੈ ਵਾਲ਼ੀ ਅਰਦਾਸਿ ਦੇ ਸ਼ੁਰੂ ਵਿੱਚ ਲਿਖੀ ਇੱਕ ਪਉੜੀ ।
ੳ). ਦੂਜੀ ਪ੍ਰਕਾਰ ਦੀਆਂ ਰਚਨਾਵਾਂ ਗੁਰੂ-ਪ੍ਰਵਾਨਤ ਕਿਉਂ ਨਹੀਂ?
ਦਸਵੇਂ ਪਾਤਿਸ਼ਾਹ ਜੀ ਨੇ ‘ਆਦਿ ਬੀੜ’ ਵਿੱਚ ਪਿਤਾ ਗੁਰੂ ਤੇਗ਼ ਬਹਾਦੁਰ ਜੀ ਦੀ ਬਾਣੀ ਦਰਜ ਕਰਵਾਉਣ ਲਈ ਇਸ ਬੀੜ ਨੂੰ ਦੁਬਾਰਾ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਇਆ । ਇਸ ਬੀੜ ਦਾ ਨਾਂ ਦਮਦਮੀ ਬੀੜ ਪੈ ਗਿਆ ਕਿਉਂਕਿ ਇਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ‘ਦਮਦਮਾ’ ਨਾਂ ਦੇ ਅਸਥਾਨ 'ਤੇ ਤਿਆਰ ਕੀਤਾ ਗਿਆ ਸੀ । ਕਿਉਂਕਿ ਇਹ ਰਚਨਾਵਾਂ ਦਮਦਮੀ ਬੀੜ ਵਿੱਚ ਦਰਜ ਨਹੀਂ ਹਨ ਇਸ ਲਈ ਇਨ੍ਹਾਂ ਨੂੰ ਦਸਵੇਂ ਗੁਰੂ ਜੀ ਦੀ ਕੋਈ ਪ੍ਰਵਾਨਗੀ ਨਹੀਂ ਹੈ ਅਤੇ ਨਾ ਹੀ ਮੌਜੂਦਾ ਰਹਤ ਮਰਯਾਦਾ ਵਾਲ਼ਾ ਨਿੱਤਨੇਮ ਦਸਵੇਂ ਗੁਰੂ ਦਾ ਬਣਾਇਆ ਹੋਇਆ ਹੈ ।
ਦਸਵੇਂ ਗੁਰੂ ਜੀ ਨੇ ਤਾਂ ਉਹੀ ਨਿੱਤਨੇਮ ਪ੍ਰਵਾਨ ਕਰ ਕੇ ਦਮਦਮੀ ਬੀੜ ਵਿੱਚ ਦਰਜ ਕਰਵਾੲਆ ਸੀ ਜਿਸ ਦੀ ਰਚਨਾ ਪਹਿਲੇ ਅਤੇ ਪੰਜਵੇਂ ਗੁਰੂ ਜੀ ਨੇ ਕੀਤੀ ਸੀ ਅਤੇ ਇਹ ਹੁਣ ਛਾਪੇ ਵਾਲ਼ੀ ਬੀੜ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ ਅਤੇ ਇਸ ਨਿੱਤਨੇਮ ਵਿੱਚ ਦਸਵੇਂ ਗੁਰੂ ਜੀ ਵਲੋਂ ਕੋਈ ਵੀ ਵਾਧ-ਘਾਟ ਨਹੀਂ ਕੀਤੀ ਗਈ ਸੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਸਵੇਂ ਗੁਰੂ ਜੀ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਨਿੱਤਨੇਮ ਪ੍ਰਵਾਨਤ ਹੈ ।
ਅ). ਇਨ੍ਹਾਂ ਰਚਨਾਵਾਂ ਨੂੰ ਗੁਰੂ ਦਾ ਦਰਜਾ ਕਿਉਂ ਪ੍ਰਾਪਤ ਨਹੀਂ ?
ਕਿਉਂਕਿ ਇਹ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹਨ ਇਸ ਲਈ ਇਨ੍ਹਾਂ ਨੂੰ ਗੁਰੂ ਦਾ ਦਰਜਾ ਹੀ ਪ੍ਰਾਪਤ ਨਹੀਂ ਹੈ, ਭਾਵ, ਇਹ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁੱਲ ਨਹੀਂ ਹਨ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 35 ਬਾਣੀਕਾਰਾਂ ਅਤੇ ਬਾਕੀ ਗੁਰੂ ਪਾਤਿਸ਼ਾਹਾਂ (ਛੇਵੇਂ, ਸੱਤਵੇਂ, ਅੱਠਵੇਂ ਅਤੇ ਦਸਵੇਂ) ਦੇ ਨਾਂ ਨਾਲ਼ ਲਿਖੀ ਕੋਈ ਵੀ ਰਚਨਾ ਜਾਂ ਪੁਸਤਕ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹੈ ਉਹ ਕਿਸੇ ਵੀ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁੱਲ ਮੰਨਣ ਯੋਗ ਨਹੀਂ ਹੈ ਅਤੇ ਨਾ ਹੀ ਉਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਕਿਉਂਕਿ ਦਸਵੇਂ ਗੁਰੂ ਜੀ ਵਲੋਂ ਲਿਖਾਈ ਦਮਦਮੀ ਬੀੜ ਵਿੱਚ ਅਜਿਹੀਆਂ ਰਚਨਾਵਾਂ ਦਾ ਕੋਈ ਵਜੂਦ ਨਹੀਂ ਹੈ ।
ਅਜਿਹੀਆਂ ਰਚਨਾਵਾਂ ਅੱਜ ਵੱਡੀ ਗਿਣਤੀ ਵਿੱਚ ਹੋਂਦ ਵਿੱਚ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ ‘ਨਾਨਕ’ ਛਾਪ ਵੀ ਲੱਗੀ ਮਿਲ਼ਦੀ ਹੈ । ‘ਨਾਨਕ’ ਛਾਪ ਗੁਰੂ ਕ੍ਰਿਤ ਬਾਣੀ ਹੋਣ ਦਾ ਸਬੂਤ ਹੁੰਦਾ ਹੈ ਪਰ ਉਹ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੋਣੀ ਜ਼ਰੂਰੀ ਹੈ ਨਹੀਂ ਤਾਂ ਉਹ ਨਕਲੀ ਅਤੇ ਕੱਚੀ ਬਾਣੀ ਹੁੰਦੀ ਹੈ । ਭਗਤ ਕਬੀਰ ਦੇ ਨਾਂ ਤੇ ਲਿਖੇ ‘ਬੀਚਕ’ ਗ੍ਰੰਥ ਅਤੇ ਭਗਤ ਨਾਮ ਦੇਵ ਜੀ ਦੇ ਨਾਂ ਤੇ ਪ੍ਰਚੱਲਤ ਪੁਸਤਕ ‘ਗੀਤ ਗੋਬਿੰਦ’ ਗੁਰਬਾਣੀ ਪੱਖ ਤੋਂ ਸਿੱਖੀ ਦੇ ਦਾਇਰੇ ਤੋਂ ਬਾਹਰ ਹਨ ਕਿਉਂਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਗ ਨਹੀਂ ਹਨ । ਇਸੇ ਤਰ੍ਹਾਂ ਹੋਰ ਉਹ ਸਾਰੇ ਗ੍ਰੰਥ ਜੋ ਬਾਣੀ ਬਣ ਕੇ ਸਿੱਖੀ ਵਿੱਚ ਘੁਸਪੈਠ ਕਰ ਚੁੱਕੇ ਹਨ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਰਾਬਰ ਨਹੀਂ ਰੱਖੇ ਜਾ ਸਕਦੇ ।
ੲ). ਇਹ ਰਚਨਾਵਾਂ ਕਿੱਥੋਂ ਕਿੱਥੋਂ ਹਨ ?
* ਇਨ੍ਹਾਂ ਦਾ ਸ੍ਰੋਤ ਸੰਨ 1897 ਵਿੱਚ ਛਪ ਕੇ ਬਣਿਆਂ ਅਖੌਤੀ ਦਸਮ ਗ੍ਰੰਥ ਹੈ ।
* ਜਾਪੁ ਵਿੱਚ ਕਿੱਸ ਦੀਆਂ ਸਿਫ਼ਤਾਂ ਹਨ?
ਜਾਪੁ ਵਿੱਚ ਦੁਰਗਾ ਦੀਆਂ ਉਹੀ ਸਿਫ਼ਤਾਂ ਹਨ ਜੋ ਅਖੌਤੀ ਦਸਮ ਗ੍ਰੰਥ ਦੀਆਂ ਬਾਕੀ ਰਚਨਾਵਾਂ ਕ੍ਰਿਸ਼ਨਾਵਤਾਰ {ਪੰਨਾਂ ਅਖੌਤੀ ਦਸਮ ਗ੍ਰੰਥ 255, ਅਥ ਦੇਵੀ ਜੂ ਕੀ ਉਸਤਤ ਕਥਨੰ ਦੇ 4 ਬੰਦ (5 ਤੋਂ 8) ਅਤੇ ਪੰਨਾਂ 309 ਉੱਤੇ ਅਥ ਦੇਵੀ ਜੂ ਕੀ ਉਸਤਤ ਕਥਨੰ ।ਭੁਯੰਗ ਪ੍ਰਯਾਤ ਛੰਦ। ਦੇ 422 ਤੋਂ 440 ਬੰਦ ਨੰਬਰ ਪੜ੍ਹ ਕੇ ਫਿਰ ਜਾਪੁ ਪੜ੍ਹੋ ਤਾਂ ਗੱਲ ਪਕੜ ਵਿੱਚ ਆ ਜਾਵੇਗੀ ਕਿ ਜਾਪੁ ਵਿੱਚ ਦੇਵੀ ਦੁਰਗਾ ਦੀਆਂ ਕ੍ਰਿਸ਼ਨਾਵਾਰ ਵਿੱਚ ਲਿਖੀਆਂ ਸਿਫ਼ਤਾਂ ਵੀ ਹਨ} ਚੰਡੀ ਚਰਿਤ੍ਰ {ਅਖੌਤੀ ਦਸਮ ਗ੍ਰੰਥ ਪੰਨਾਂ 115, ਦੇਵੀ ਜੀ ਕੀ ਉਸਤਤ।ਭੁਯੰਗ ਪ੍ਰਯਾਤ ਛੰਦ। ਨੰਬਰ 223 ਤੋਂ 256 ਪੜ੍ਹ ਕੇ ਉਸੇ ਸਮੇਂ ਜਾਪੁ ਰਚਨਾ ਪੜ੍ਹੋ ਤਾਂ ਗੱਲ ਪਕੜ ਵਿੱਚ ਆ ਜਾਵੇਗੀ ਕਿ ਜਾਪੁ ਵਿੱਚ ਦੇਵੀ ਜੂ ਦੀਆਂ ਸਿਫ਼ਤਾਂ ਹਨ। ਬੰਦ ਨੰਬਰ 256 ਤੋਂ ਪਿੱਛੋਂ ਲਿਖਿਆ ਵੀ ਜ਼ਰੂਰ ਪੜ੍ਹਨਾ ਅਤੇ ਉਹ ਹੈ- ਇਤਿ ਸ਼੍ਰੀ ਬਚਿੱਤ੍ਰ ਨਾਟਕੇ ਚੰਡੀ ਚਰਿੱਤ੍ਰੇ ਦੇਵੀ ਜੂ ਕੀ ਉਸਤਤ ਬਰਨੰਨ ਨਾਮ ਸਪਤਮੋ ਧਿਆਯੇ ਸੰਪੂਰਣਮ ਸਤੁ ਸੁਭਮ ਸਤੁ।7। ਅਫਜੂ। } ਆਦਿਕ ਵਿੱਚ ਹਨ । ਜਾਪੁ ਵਿੱਚ ਰੁਦ੍ਰ ਅਵਤਾਰ ਦੀਆਂ ਉਹੀ ਸਿਫ਼ਤਾਂ ਹਨ ਜੋ ਰੁਦ੍ਰ ਅਵਤਾਰ {ਅਖੌਤੀ ਦਸਮ ਗ੍ਰੰਥ ਪੰਨਾਂ 635, ਬੰਦ ਨੰਬਰ 1 ਤੋਂ 116 ਪੜ੍ਹ ਕੇ ਫਿਰ ਉਸੇ ਸਮੇਂ ਜਾਪੁ ਰਚਨਾ ਪੜ੍ਹੋ ਤਾਂ ਗੱਲ ਪਕੜ ਵਿੱਚ ਆ ਜਾਵੇਗੀ ਕਿ ਜਾਪੁ ਵਿੱਚ ਰੁਦ੍ਰ ਅਵਤਾਰ ਦੀਆਂ ਸਿਫ਼ਤਾਂ ਪੜ੍ਹੀਆਂ ਜਾ ਰਹੀਆਂ ਹਨ} ਦੇ ਵਰਣਨ ਵਿੱਚ ਦਰਜ ਹਨ । ਰੁਦ੍ਰ ਅਵਤਾਰ ਸ਼ਿਵ ਜੀ ਦੇ 12 ਰੂਪਾਂ ਵਿੱਚੋਂ ਇੱਕ ਰੂਪ ਹੈ ।ਬਹੁਤ ਸਾਰੇ ਹੋਰ ਬੰਦ ਸਿੱਖੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹਨ ਪਰ ਇਨ੍ਹਾਂ ਸੱਭ ਦੇਵੀ ਦੇਵਤਿਆਂ ਦੇ ਗੁਣਾਂ ਨੂੰ ਸਿੱਖ ਅਕਾਲ ਪੁਰਖ ਦੇ ਗੁਣ ਸਮਝ ਕੇ ਹੀ ਪੜ੍ਹੀ ਜਾਂਦੇ ਹਨ ।
* ਸ਼ਾਮ ਦੇ ਪਾਠ ਵਿੱਚ ਕੀ ਰਾਮਾਇਣ ਦਾ ਪਾਠ ਵੀ ਪੜ੍ਹਿਆ ਜਾ ਰਿਹਾ ਹੈ?
ਸ਼ਾਮ ਦੇ ਪਾਠ ਵਿੱਚ ਰਾਮਾਇਣ ਦਾ ਪਾਠ ਵੀ ਨਾਲ਼ ਹੀ ਹੋ ਰਿਹਾ ਹੈ । ਰਾਮਾਇਣ ਦਾ ਇਹ ਪਾਠ ‘ਰਾਮਾਵਤਾਰ’ ਭਾਵ ਰਾਮ ਲੀਲ੍ਹਾ ਵਿੱਚੋਂ ਪਾਇਆ ਗਿਆ ਹੈ । ਇਸ ਪਾਠ ਵਾਲ਼ੇ ਦੋ ਬੰਦ ਹਨ- ‘ਪਾਇਂ ਗਹੇ ਜਬ ਤੇ ਤੁਮਰੇ’ {ਬੰਦ ਨੰਬਰ 863 ਪੰਨਾਂ 254 ਅਖੌਤੀ ਦਸਮ ਗ੍ਰੰਥ} ਅਤੇ ‘ਸਗਲ ਦੁਆਰ ਕਉ ਛਾਡਿ ਕੈ’ ਵਾਲ਼ਾ ਦੋਹਰਾ {ਬੰਦ ਨੰਬਰ 864 ਪੰਨਾਂ ਅਖੌਤੀ ਦਸਮ ਗ੍ਰੰਥ 254} । ਰਾਮਾਇਣ ਦੀਆਂ ਇਨ੍ਹਾਂ ਦੋ ਰਚਨਾਵਾਂ ਦੇ ਰਾਮਾਇਣ ਦੀਆਂ ਹੋਣ ਦੇ ਹੋਰ ਸਬੂਤ ਵਜੋਂ ਬੰਦ ਨੰਬਰ 864 ਤੋਂ ਪਿੱਛੋਂ ਇਹ ਲਿਖਿਆ ਵੀ ਪੜ੍ਹੋ-
‘ਇਤਿ ਸ਼੍ਰੀ ਰਾਮਾਇਣ ਸਮਾਪਤਮ ਸਤ ਸੁਭਮ ਸਤ’ ।
* ਕੀ ਸ਼ਾਮ ਦੇ ਪਾਠ ਵਿੱਚ ਮਹਾਂਕਾਲ਼ ਦੇਵਤੇ ਦੀਆਂ ਸਿਫ਼ਤਾਂ ਵੀ ਹਨ:
ਸ਼ਿਵ ਜੀ ਦੇ 12 ਰੂਪਾਂ ਵਿੱਚੋਂ ਇੱਕ ਰੂਪ ਮਹਾਂਕਾਲ਼ ਦੇਵਤੇ ਦਾ ਵੀ ਹੈ ਜਿਸ ਦਾ ਮੰਦਰ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਬਣਿਆਂ ਹੋਇਆ ਹੈ । ਭੋਲ਼ੇ ਸਿੱਖ ਇਸ ਮਹਾਂਕਾਲ਼ ਨੂੰ ਹੀ ਆਪਣਾ ਰੱਬ ਮੰਨੀਂ ਬੈਠੇ ਹਨ ਜਦੋਂ ਕਿ ਇਹ ਹਿੰਦੂਆਂ ਦਾ ਦੇਵਤਾ ਹੈ ਅਤੇ ਹਿੰਦੂ ਇਸ ਦੀ ਮੰਦਰ ਵਿੱਚ ਪੂਜਾ ਵੀ ਕਰਦੇ ਹਨ । ਜਿਹੜੇ ਸਿੱਖ ਇਸ ਦੇਵਤੇ ਨੂੰ ਅਕਾਲ ਪੁਰਖ ਮੰਨ ਰਹੇ ਹਨ ਉਨ੍ਹਾਂ ਨੂੰ ਉਜੈਨ ਜਾ ਕੇ ਮਹਾਂਕਾਲ਼ ਦੇ ਮੰਦਰ ਵਿੱਚ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ ਨਹੀਂ ਤਾਂ ਪੂਜਾ ਤੋਂ ਬਿਨਾਂ ਮਹਾਂਕਾਲ਼ ਕਰੋਪ ਹੋ ਸਕਦਾ ਹੈ । ਮਹਾਂਕਾਲ਼ ਦੀਆਂ ਇਹ ਸਿਫ਼ਤਾਂ ਬੇਨਤੀ ਚੌਪਈ ਵਿੱਚ ਹਨ । ਸਾਰੀ ਚੌਪਈ ਹੀ ਇਸੇ ਮਹਾਂਕਾਲ਼ ਅੱਗੇ ਇਸ ਦੇ ਪੁਜਾਰੀ ਵਲੋਂ ਕੀਤੀ ਗਈ ਲਿਲਕੜੀਆਂ ਭਰੀ ਬੇਨਤੀ ਹੈ । ਇਸ ਗੱਲ ਨੂੰ ਪਕੜ ਵਿੱਚ ਲਿਆਉਣ ਲਈ ਤ੍ਰਿਅ ਚਰਿੱਤ੍ਰ ਨੰਦ 404 ਸਾਰਾ ਹੀ ਪੜ੍ਹਨ ਦੀ ਲੋੜ ਹੈ ਜੋ ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੰਬਰ 1359 ਤੋਂ 1388 ਉੱਪਰ ਦਰਜ ਹੈ । ਸਾਰੇ 405 ਬੰਦ ਪੜ੍ਹੋ ਅਤੇ ਮਹਾਂਕਾਲ਼ ਦੇਵਤੇ ਬਾਰੇ ਗਿਆਨ ਪ੍ਰਾਪਤ ਕਰੋ । ਚੌਪਈ ਇਸੇ ਚਰਿੱਤ੍ਰ ਦਾ ਇੱਕ ਭਾਗ {ਬੰਦ ਨੰਬਰ 377 ਤੋਂ 403} ਹੈ । ਚੌਪਈ ਆਜ਼ਾਦ ਰਚਨਾ ਨਹੀਂ ਹੈ ।
ਸ). ਕੀ ਮਾਰਕੰਡੇ ਪੁਰਾਣ ਦੇ ਅੰਸ਼ ਵੀ ਨਿੱਤਨੇਮ ਵਿੱਚ ਪੜ੍ਹੇ ਜਾ ਰਹੇ ਹਨ ?
ਹਾਂ । ਮਾਰਕੰਡੇ ਪੁਰਾਣ ਵਿੱਚ ਦੁਰਗਾ ਦੇਵੀ ਦੇ 700 ਸ਼ਲੋਕਾਂ ਵਾਲ਼ੀ ‘ਦੁਰਗਾ ਸਪਤਸ਼ਤੀ’ ਨਾਂ ਦੀ ਇੱਕ ਰਚਨਾ ਹੈ। ਇਸ ਰਚਨਾ ਦੇ ਅੰਸ਼ ਨੂੰ ‘ਵਾਰ ਦੁਰਗਾ ਕੀ’ {ਬਦਲਿਆ ਨਾਂ ‘ਵਾਰ ਸ੍ਰੀ ਭਗਉਤੀ ਜੀ ਕੀ’} ਰਾਹੀਂ, ਅਰਦਾਸਿ ਵਿੱਚ ਇਸ ਦੀ ਪਹਿਲੀ ਪਉੜੀ ਸ਼ਾਮਲ ਕਰ ਕੇ, ਸਿੱਖਾਂ ਦੇ ਮਨਾਂ ਵਿੱਚ ਪਾਇਆ ਗਿਆ ਹੈ ਤਾਂ ਜੁ ਸਿੱਖਾਂ ਨੂੰ ਹਿੰਦੂ ਮੱਤ ਦਾ ਗ੍ਰੰਥ ‘ਮਾਰਕੰਡੇ ਪੁਰਾਣ’ {ਮਾਰਕੰਡੇ ਰਿਸ਼ੀ ਦੀ ਲਿਖਤ} ਵੀ ਪੜਾਇਆ ਜਾ ਸਕੇ ।
ਅਖੌਤੀ ਦਸਮ ਗ੍ਰੰਥ ਵਿੱਚ ਇੱਕ ਰਚਨਾ ਹੈ- ਵਾਰ ਦੁਰਗਾ ਕੀ ਜਿਸ ਵਿੱਚ ਹਿੰਦੂ ਮੱਤ ਦੇ ਗ੍ਰੰਥ ਮਾਰਕੰਡੇ ਪੁਰਾਣ ਦੀ ਦੁਰਗਾ ਦੀ ਸਿਫ਼ਤਿ ਦੀ ਕਹਾਣੀ ਹੈ । ਇਸ ਵਾਰ ਦੀਆਂ 55 ਪਉੜੀਆਂ ਹਨ । ਸੰਨ 1897 ਵਿੱਚ ਪਹਿਲੀ ਵਾਰੀ ਅਖੌਤੀ ਦਸਮ ਗ੍ਰੰਥ ਬਣਾਉਣ ਵਾਲ਼ਿਆਂ ਨੇ ਇਸ ਵਾਰ ਦਾ ਨਾਂ ‘ਦੁਰਗਾ ਕੀ ਵਾਰ’ ਤੋਂ ਬਦਲ ਕੇ ‘ਵਾਰ ਸ਼੍ਰੀ ਭਗਉਤੀ ਜੀ ਕੀ ਪਾ:10’ ਰੱਖ ਕੇ ਇਸ ਬਦਲੇ ਹੋਏ ਨਾਂ ਨੂੰ ਅਖੌਤੀ ਦਸਮ ਗ੍ਰੰਥ ਵਿੱਚ ਦਰਜ ਕਰਵਾ ਦਿੱਤਾ ਸੀ ਜਿਸ ਦਾ ਮਤਲਬ ਸੀ, ਸਿੱਧਾ ‘ਦੁਰਗਾ’ ਦੇਵੀ ਨਾਂ ਵਾਲ਼ੇ ਸ਼ਬਦ ਨੂੰ ਸਿੱਖਾਂ ਦੀਆਂ ਅੱਖਾਂ ਤੋਂ ਓਹਲੇ ਕਰਨਾ ਕਿਉਂਕਿ ਹਿੰਦੀ ਮੱਤ ਵਿੱਚ ਪਾਰਬਤੀ ਦੇ ਅਨੇਕਾਂ ਸਰੂਪਾਂ ਵਿੱਚੋਂ ਇਕ ਸਰੂਪ ਦੁਰਗਾ ਦੇਵੀ ਵੀ ਹੈ । ਸਿਰਲੇਖ ਵਿੱਚੋਂ ਤਾਂ ‘ਦੁਰਗਾ’ ਸ਼ਬਦ ਓਹਲੇ ਕਰ ਦਿੱਤਾ ਗਿਆ ਪਰ ਵਾਰ ਵਿੱਚੋਂ ‘ਦੁਰਗਾ’ ਸ਼ਬਦ ਨੂੰ ਨਹੀਂ ਕੱਢਿਆ ਜਾ ਸਕਿਆ । ‘ਪ੍ਰਿਥਮ ਭਗਉਤੀ’ ਵਾਲ਼ੀ ਪਉੜੀ ਇਸੇ ‘ਵਾਰ ਦੁਰਗਾ ਕੀ’ ਦੀ ਪਹਿਲੀ ਪਉੜੀ ਹੈ ।
ਕੀ ਦੁਰਗਾ ਕੀ ਵਾਰ ਦੀ ਕਿਸੇ ਪਉੜੀ ਵਿੱਚ ਅਕਾਲ ਪੁਰਖ ਦੀ ਸਿਫ਼ਤਿ ਹੈ?
ਇਸ ਪ੍ਰਸ਼ਨ ਦਾ ਉੱਤਰ ਨਾਂਹ ਵਿੱਚ ਹੈ । ਨਾਂਹ ਦਾ ਕਾਰਣ ਵਾਰ ਨੂੰ ਲਿਖਣ ਵਾਲ਼ਾ ਕਵੀ ਆਪ ਹੀ ਬਿਆਨ ਕਰਦਾ ਕਹਿੰਦਾ ਹੈ ਕਿ ਉਸ ਨੇ ‘ਵਾਰ ਦੁਰਗਾ ਕੀ’ ਦੀਆਂ ਸਾਰੀਆਂ 55 ਪਉੜੀਆਂ ਵਿੱਚ ਦੁਰਗਾ ਦੇਵੀ ਪਾਰਬਤੀ ਦਾ ਪਾਠ ਤਿਆਰ ਕੀਤਾ ਹੈ । ਸਬੂਤ ਵਜੋਂ ਕਵੀ ਦੀ ਲਿਖੀ ਵਾਰ ਦੀ 55ਵੀਂ ਪਉੜੀ ਪੜ੍ਹੋ-
ਪਉੜੀ॥ ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ॥ ਇੰਦ੍ਰ ਸੱਦ ਬੁਲਾਇਆ ਰਾਜ ਅਭਿਖੇਖ ਨੋ॥ ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ॥
ਚੳਦੁਹ ਲੋਕਾਂ ਛਾਇਆ ਜਸ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥ 55॥
‘ਵਾਰ ਦੁਰਗਾ ਕੀ’ ਵਿੱਚ ਦੁਰਗਾ ਸ਼ਬਦ ਦੀ ਵਰਤੋਂ ਕਿੰਨੀ ਵਾਰੀ ਹੋਈ ਹੈ?
‘ਵਾਰ ਦੁਰਗਾ ਕੀ’, ਜਿਸ ਵਿੱਚੋਂ ‘ਪ੍ਰਿਥਮ ਭਗਉਤੀ’ ਵਾਲ਼ੀ ਪਉੜੀ ਅਰਦਾਸਿ ਵਿੱਚ ਪਾਈ ਗਈ ਹੈ, ਦੀ ਨਾਇਕਾ ਦੁਰਗਾ ਦੇਵੀ ਹੈ । ਦੁਰਗਾ ਦੇਵੀ ਵੀ ਪਾਰਬਤੀ ਦਾ ਇੱਕ ਸਰੂਪ ਹੈ । ਦੁਰਗਾ ਦੇਵੀ ਦਾ ਨਾਂ 50 ਵਾਰੀ ‘ਵਾਰ ਦੁਰਗਾ ਕੀ’ ਵਿੱਚ ਵੱਖ-ਵੱਖ ਰੂਪਾਂ ਵਿੱਚ ਵਰਤਿਆ ਗਿਆ ਹੈ ਕਿਉਂਕਿ ਹਰ ਪਉੜੀ ਦੁਰਗਾ ਦੇਵੀ ਦੀ ਹੀ ਸਿਫ਼ਤਿ ਵਿੱਚ ਲਿਖੀ ਗਈ ਹੈ । ਦੁਰਗਾ ਦੇਵੀ ਹੀ ਦੈਂਤਾਂ ਨਾਲ਼ ਯੁੱਧ ਕਰਦੀ ਹੈ ਤਾਂ ਜੁ ਇੰਦ੍ਰ ਤੋਂ ਖੁੱਸਿਆ ਰਾਜ ਉਸ ਨੂੰ ਵਾਪਸ ਮਿਲ਼ ਸਕੇ, ਇਸੇ ਲਈ ਹੀ ਦੁਰਗਾ ਦਾ ਨਾਂ ਵਾਰ ਵਾਰ ਵਰਤਿਆ ਗਿਆ ਹੈ । ਦੁਰਗਾ ਦੇ ਨਾਵਾਂ ਦਾ ਵੇਰਵਾ ਇਉਂ ਹੈ-
ਦੁਰਗਾ-----30 ਵਾਰੀ
ਦੁਰਗਸ਼ਾਹ----7 ਵਾਰੀ
ਦੇਵੀ ਦੁਰਗਸ਼ਾਹ----1 ਵਾਰੀ
ਚੰਡ ਪ੍ਰਚੰਡ----1 ਵਾਰੀ
ਚੰਡ-----1 ਵਾਰੀ
ਚੰਡਿ----1 ਵਾਰੀ
ਭਵਾਨੀ-----2 ਵਾਰੀ
ਦੇਵੀ------2 ਵਾਰੀ
ਕਾਲਕਾ-----2 ਵਾਰੀ
ਕਾਲ਼ੀ------2 ਵਾਰੀ
ਜਗਮਾਤ------1 ਵਾਰੀ
ਨੋਟ: ਮਾਰਕੰਡੇ ਪੁਰਾਣ ਦੀ ਕਹਾਣੀ ਅਨੁਸਾਰ ਦੁਰਗਾ ਆਪਣਾ ਮੱਥਾ ਫੋੜ ਕੇ ਕਾਲ਼ੀ ਦੇਵੀ ਨੂੰ ਪੈਦਾ ਕਰਦੀ ਹੈ ਅਤੇ ਮੁੜ ਅਪਣੇ ਵਿੱਚ ਹੀ ਲੀਨ ਕਰ ਲੈਂਦੀ ਹੈ ।
ਸਿੱਖ ਕੌਮ ਦਾ ਇੱਕੋ ਇੱਕ ਗੁਰੂ- ਗੁਰੂ ਗ੍ਰੰਥ ਸਾਹਿਬ ਜੀ ਜਿਸ ਦਾ ਕੋਈ ਸ਼ਰੀਕ ਨਹੀਂ ਬਣਾਇਆ ਜਾ ਸਕਦਾ ।
ਕਸ਼ਮੀਰਾ ਸਿੰਘ (ਪ੍ਰੋ.) U.S.A.
ਰਹਿਤ ਮਰਯਾਦਾ ਵਾਲ਼ੇ ਨਿੱਤਨੇਮ ਵਿੱਚ ਕੀ ਕੀ ਪੜ੍ਹਿਆ ਜਾ ਰਿਹਾ ਹੈ ?
Page Visitors: 2495