-: ਕਹਾਂ ਤੇ ਆਇਆ ਕਹਾਂ ਏਹੁ ਜਾਣੁ॥:-
ਰੂਹ ਕਿੱਥੋਂ ਆਉਂਦੀ ਹੈ ਅਤੇ ਕਿੱਥੇ ਜਾਂਦੀ ਹੈ ਬਾਰੇ, ਇੰਦਰ ਸਿੰਘ ਘੱਗਾ ਦੀ ਇਕ ਵੀਡੀਓ ਤੋਂ ਕੁਝ ਅੰਸ਼ ਅਤੇ ਉਹਨਾ ਤੇ ਵਿਚਾਰ__
ਇੰਦਰ ਸਿੰਘ ਘੱਗਾ__ ਕੋਈ ਵੀ ਦਾਅਵੇ ਨਾਲ ਨਹੀਂ ਦੱਸ ਸਕਦਾ ਕਿ ਇਨਸਾਨ ਤੇ ਬਾਕੀ ਜੀਵ ਜੰਤ ਕਿੱਥੋਂ ਆਉਂਦੇ ਨੇ ਤੇ ਕਿੱਥੇ ਚਲੇ ਜਾਂਦੇ ਨੇ।ਗੁਰਬਾਣੀ ਕਹਿੰਦੀ ਹੈ__ ਕਹਾਂ ਤੇ ਆਇਆ ਕਹਾਂ ਇਹੁ ਜਾਣੁ॥ਜੀਵਤ ਮਰਤ ਰਹੇ ਪਰਵਾਣ॥
ਪੰਚ ਤਤ ਮਿਲਿ ਦੇਹੀ ਕਾ ਆਕਾਰਾ॥
ਇਹ ਤਾਂ ਭਾਈ ਤੱਤ ਤੱਤਾਂ ਨਾਲ ਮਿਲਕੇ ਸਰੀਰ ਹੋਂਦ ਵਿੱਚ ਆਇਆ ਹੈ।ਆਕਾਸ਼ ਤੋਂ ਉਤਰ ਕੇ ਨਾ ਬੱਚਾ ਕਦੇ ਆਉਂਦਾ ਹੈ, ਨਾ ਕਿਤੇ ਜਾਂਦਾ ਹੈ।ਉਪਰ ਏਹੋ ਜਿਹੀਆਂ ਰੇਲਾਂ ਨਹੀਂ ਲੱਗੀਆਂ, ਹਵਾਈ ਜਹਾਜ ਨਹੀਂ ਲੱਗੇ, ਬੱਸਾਂ ਨਹੀਂ ਲੱਗੀਆਂ, ਕੋਈ ਰੇਲਵੇ ਲਾਇਨਾਂ ਨਹੀਂ ਲੱਗੀਆਂ ਜਿੱਥੋਂ ਧਰਮਰਾਜ ਜਾਂ ਜਮਰਾਜ ਜਾਂ ਪਰਮਾਤਮਾ ਨੇ ਸੱਚਖੰਡ ਵਿੱਚ ਬੱਚਿਆਂ ਦੇ ਕਾਰਖਾਨੇ ਲਾਏ ਹੋਏ ਨੇ, ਉਹ ਹੇਠਾਂ ਨੂੰ ਭੇਜੀ ਜਾਂਦਾ ਹੈ।ਜਦੋਂ ਜੀ ਕਰਦਾ ਹੈ, ਉਪਰ ਨੂੰ ਬੁਲਾ ਲੈਂਦੇ ਆ।
ਇਹ ਸਾਨੂੰ ਉਲਝਾਉਣ ਵਾਸਤੇ ਪੁਜਾਰੀਵਾਦ ਨੇ ਬਹੁਤ ਸਾਰੀਆਂ ਗੱਲਾਂ ਪਾ ਦਿੱਤੀਆਂ ਸਾਡੇ ਦਿਮਾਗ਼ ਵਿੱਚ ਤੁੰਨ ਦਿੱਤੀਆਂ।
ਜਿਹੜੀ ਰੂਹ ਦੀ ਗੱਲ ਹੈ; ਵਿਗਿਆਨਕ ਸੱਚ ਨੂੰ ਸਵਿਕਾਰ ਕਰੀਏ ਕਿ ਨਾ ਕਿਤੋਂ ਕੋਈ ਆਉਂਦਾ ਹੈ ਨਾ ਕਿਤੇ ਜਾਂਦਾ ਹੈ-
ਮਾ ਕੀ ਰਕਤੁ ਪਿਤਾ ਬਿਦੁ ਧਾਰਾ॥
ਮੂਰਤਿ ਸੂਰਤਿ ਕਰਿ ਆਪਾਰਾ॥
ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ॥
ਮਾਤਾ ਪਿਤਾ ਦੇ ਸਬੰਧ ਤੋਂ ਬੱਚਾ ਬਣਦਾ ਹੈ, ਵਿਕਾਸ ਕਰਦਾ ਹੈ, ਆਪਣੀ ਉਮਰ ਭੋਗਕੇ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ।ਭਾਵ ਕਿ ਤੱਤ ਖਿੱਲਰ ਜਾਂਦੇ ਨੇ।ਭਾਵ ਕਿ ਉਸ ਦਾ ਕੁਝ ਵੀ ਕਿਤੋਂ ਆਉਂਦਾ ਨਹੀਂ, ਕਿਤੇ ਜਾਂਦਾ ਨਹੀਂ।ਏਥੇ ਹੀ ਧਰਤੀ ਦੇ ਉਤੇ ਨਿਯਮ ਮੁਤਾਬਕ ਬਣਦਾ ਹੈ, ਬਿਖਰ ਜਾਂਦਾ ਹੈ।
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ {ਪੰਨਾ 648}
ਕੋਈ ਵੀ ਨਹੀਂ ਦੱਸ ਸਕਦਾ ਕਿ ਮਨੁੱਖ ਮਰਕੇ ਕਿੱਥੇ ਚਲਾ ਜਾਂਦਾ ਹੈ।ਆਪੋ ਆਪਣੀਆਂ ਮਨੌਤਾਂ ਅਨੁਸਾਰ, ਕੋਈ ਅੱਗ'ਚ ਫੂਕ ਦਿੰਦਾ ਹੈ, ਕੋਈ ਦਰਿਆ ਵਿੱਚ ਸੁੱਟ ਦਿੰਦਾ ਹੈ, ਕੋਈ ਖੂਹ ਦੀ ਮੌਣ ਦੇ ਉਤੇ ਰੱਖ ਦਿੰਦਾ ਹੈ ਤੇ ਕੋਈ ਧਰਤੀ ਵਿੱਚ ਦੱਬ ਦਿੰਦਾ ਹੈ।ਏਸ ਤਰ੍ਹਾਂ ਆਪੋ ਆਪਣੀਆਂ ਮਨੌਤਾਂ ਨੇ ਪਰਮਾਤਮਾ ਕੋਲੇ ਕੁਝ ਵੀ ਨਹੀਂ ਪਹੁੰਚਦਾ।
ਵਿਚਾਰ__
ਇਹ ਤਾਂ ਘੱਗਾ ਜੀ ਖੁਦ ਹੀ ਕਹਿ ਰਹੇ ਹਨ ਕਿ-
" ਕੋਈ ਵੀ ਦਾਅਵੇ ਨਾਲ ਨਹੀਂ ਦੱਸ ਸਕਦਾ ਕਿ ਇਨਸਾਨ ਤੇ ਬਾਕੀ ਜੀਵ ਜੰਤ ਕਿੱਥੋਂ ਆਉਂਦੇ ਨੇ ਤੇ ਕਿੱਥੇ ਚਲੇ ਜਾਂਦੇ ਨੇ।" ਅਤੇ-
"ਕੋਈ ਵੀ ਨਹੀਂ ਦੱਸ ਸਕਦਾ ਕਿ ਮਨੁੱਖ ਮਰਕੇ ਕਿੱਥੇ ਚਲਾ ਜਾਂਦਾ ਹੈ।"
ਇਨਸਾਨ ਤੇ ਹੋਰ ਜੀਵ ਜੰਤ ਕਿੱਥੋਂ ਆਉਂਦੇ ਨੇ ਤੇ ਮਰਕੇ ਕਿੱਥੇ ਜਾਂਦੇ ਨੇ ਨਹੀਂ ਪਤਾ ਦਾ ਸਾਫ ਮਤਲਬ ਹੈ ਕਿ ਕਿਤੋਂ ਆਉਂਦਾ ਤੇ ਜਾਂਦਾ ਤਾਂ ਹੈ ਪਰ ਕਿੱਥੋਂ? ਇਹ ਕੋਈ ਨਹੀਂ ਦੱਸ ਸਕਦਾ।
ਇਹ ਗੱਲ ਸਮਝਣ ਵਾਲੀ ਹੈ ਕਿ ਜੀਵ ਕਿੱਥੋਂ ਆਉਂਦਾ ਅਤੇ ਕਿੱਥੇ ਜਾਂਦਾ ਹੈ ਦਾ-
(1) ਪਤਾ ਨਾ ਹੋਣ ਅਤੇ
(2) ਕਿਤੋਂ ਵੀ ਆਉਂਦਾ ਤੇ ਕਿਤੇ ਵੀ ਜਾਂਦਾ ਨਹੀਂ,
ਇਹਨਾ ਦੋ ਵੱਖ ਵੱਖ ਗੱਲਾਂ ਦਾ ਆਪਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।
ਗੁਰੂ ਸਾਹਿਬ ਦੁਆਰਾ ਇਹ ਕਿਹਾ ਜਾਣਾ ਕਿ ਪਤਾ ਨਹੀਂ ਕਿੱਥੇ ਜਾਂਦਾ ਹੈ, ਇਸ ਗੱਲ ਦੀ ਤਸਦੀਕ ਕਰਦਾ ਹੈ ਕਿ ਜੀਵ ਕਿਤੇ ਜਾਂਦਾ ਜਰੂਰ ਹੈ ਪਰ ਕਿੱਥੇ ਜਾਂਦਾ ਹੈ ਇਸ ਬਾਰੇ ਕਿਹਾ ਨਹੀਂ ਜਾ ਸਕਦਾ (ਕਿਉਂ ਕਿ ਇਹ ਗੱਲ ਪ੍ਰਭੂ ਦੇ ਹੁਕਮ ਤੇ ਨਿਰਭਰ ਹੈ)
ਇਹ ਗੱਲ ਵੀ ਸਮਝਣ ਦੀ ਜਰੂਰਤ ਹੈ ਕਿ ਮਾਤਾ ਪਿਤਾ ਦੇ ਮੇਲ ਤੋਂ ਤਾਂ ਮਨੁੱਖ ਦਾ ਸਰੀਰ ਹੀ ਬਣਦਾ ਹੈ ਅਤੇ ਸਿਰਫ ਸਰੀਰ ਹੀ ਮਨੁੱਖ ਨਹੀਂ ਹੈ।ਸਰੀਰ ਤਾਂ ਜੀਵ/ਮਨੁੱਖ ਦੇ ਲਈ, ਇਸ ਭੌਤਿਕ ਸੰਸਾਰ ਵਿੱਚ ਵਿਚਰਨ ਦਾ ਇੱਕ ਸਾਧਨ ਮਾਤਰ ਹੈ।ਇਸ ਸਰੀਰ ਤੋਂ ਇਲਾਵਾ ਵੀ ਕੁਝ ਹੈ ਜਿਸ ਕਰਕੇ ਮਨੁੱਖ, ਮਨੁੱਖ ਹੈ।
ਗੁਰਬਾਣੀ ਫੁਰਮਾਨ ਹੈ__
"ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ (ਪੰਨਾ 921)"
ਇਸ ਪੰਗਤੀ ਤੋਂ ਜਾਹਰ ਹੈ ਕਿ ਇਕੱਲਾ ਸਰੀਰ ਹੀ ਮਨੁੱਖ ਨਹੀਂ ਹੈ।ਇਸ ਤੁਕ ਵਿੱਚ ਜੀਵ, ਸਰੀਰ ਨੂੰ ਸੰਬੋਧਨ ਕਰਕੇ ਕਹਿ ਰਿਹਾ ਹੈ ਕਿ ਪਰਮਾਤਮਾ ਨੇ ਇਸ (ਸਰੀਰ) ਵਿੱਚ (ਜੀਵਨ-)ਜੋਤਿ ਰੱਖੀ ਹੈ ਤਾਂ ਇਹ ਜੱਗ ਵਿੱਚ ਵਿਚਰਨ ਲੱਗਾ ਹੈ।ਸੋ ਜੀਵ, ਜੋਤਿ ਅਤੇ ਸਰੀਰ ਇਹਨਾ ਤਿੰਨ ਚੀਜਾਂ ਦਾ ਮੇਲ ਹੈ ਇਹ ਮਨੁੱਖ।ਮਨੁੱਖ ਸਿਰਫ ਸਰੀਰ ਹੀ ਨਹੀਂ, ਇਸ ਸਬੰਧੀ ਕੁਝ ਗੁਰਬਾਣੀ ਫੁਰਮਾਨ ਹਾਜਰ ਹਨ__
ਕਾਇਆ ਹੰਸ ਧੁਰਿ ਮੇਲੁ ਕਰਤੈ ਲਿਖਿ ਪਾਇਆ ॥{ਪੰਨਾ 954} ਕਾਇਆ(ਸਰੀਰ) + ਹੰਸ (ਜੀਵ ਜਾਂ ਜੀਵਾਤਮਾ) ਦਾ ਮੇਲ।
ਹੋਰ ਦੇਖੋ_
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ॥
ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ॥ (ਪੰਨਾ 47) ਮਨ + ਤਨ(ਸਰੀਰ) + ਜੋਤਿ(ਜੀਵਨ ਜੋਤਿ ਤੇ ਚੇਤਨ ਸੱਤਾ)
ਹੋਰ ਦੇਖੋ__
" ਜਿਸ ਦਾ *ਜੀਉ* *ਪਰਾਣੁ* ਹੈ, ਅੰਤਰਿ *ਜੋਤਿ* ਅਪਾਰਾ॥ਸਚਾ ਸਾਹੁ ਇਕੁ ਤੂੰ ਹੋਰੁ ਜਗਤੁ ਵਣਜਾਰਾ॥ {ਪੰਨਾ 140}"
ਹੋਰ ਦੇਖੋ__ " *ਜੀਉ ਪਾਇ ਤਨੁ ਸਾਜਿਆ* ਰਖਿਆ ਬਣਤ ਬਣਾਇ ॥ {ਪੰਨਾ 138}
ਹੋਰ ਦੇਖੋ__ " *ਜੀਉ* *ਪਿੰਡੁ* ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ *ਜਿੰਦੁ*॥ਗੁਰ ਸਬਦੀ ਆਰਾਧਿਐ ਜਪੀਐ ਨਿਰਮਲ ਮੰਤੁ॥" {ਪੰਨਾ 137} ਪਿੰਡ(ਸਰੀਰ) + ਖੁਦ ਜੀਵ ਅਤੇ ਇਸ ਪਿੰਡ(ਸਰੀਰ) ਨੂੰ ਚੱਲਦਾ ਰੱਖਣ ਵਾਲੀ ਜਿੰਦ ਜਾਨ।"
ਇਹ ਹਨ ਕੁੱਝ ਗੁਰਬਾਣੀ ਉਦਾਹਰਣਾਂ ਕਿ ਸਰੀਰ ਵਿੱਚ ਕਿਤੋਂ ਕੁਝ ਆਉਂਦਾ ਹੈ ਤਾਂ ਹੀ ਇਹ ਸਰੀਰ ਸੰਸਾਰ ਤੇ ਵਿਚਰਦਾ ਹੈ।
ਹੁਣ ਪੇਸ਼ ਹਨ ਕੁਝ ਗੁਰਬਾਣੀ ਉਦਾਹਰਣਾਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੁਝ ਐਸਾ ਵੀ ਹੈ ਜਿਹੜਾ ਮਰਨ ਤੇ ਸਰੀਰ ਵਿੱਚੋਂ ਨਿਕਲ ਜਾਂਦਾ ਹੈ__
" ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥ {ਪੰਨਾ 794}" ਜਦੋਂ ਸਹੁ/ਪਰਮਾਤਮਾ ਦਾ ਬੁਲਾਵਾ ਆ ਗਿਆ ਤਾਂ ਇਹ ਤਨ ਮਿੱਟੀ ਦੀ ਢੇਰੀ ਬਣ ਜਾਏਗਾ ਅਤੇ ਇਸ ਵਿੱਚੋਂ ਹੰਸ(ਜੀਵ ਆਤਮਾ) ਜਿੱਥੋਂ ਆਇਆ ਓਥੇ ਹੀ ਚਲਾ ਜਾਏਗਾ।
ਹੋਰ ਦੇਖੋ__ " ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ॥ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ॥1॥
ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ॥ਤੂੰ ਰਾਮ ਨਾਮੁ ਜਪਿ ਸੋਈ ॥1॥ਰਹਾਉ ॥
ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ॥ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ॥2॥
ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ॥ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ॥3॥
ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥ ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥ {ਪੰਨਾ 478}
ਜਦੋਂ ਜੀਵਨ-ਲੀਲ੍ਹਾ ਖਤਮ ਹੋ ਜਾਂਦੀ ਹੈ ਤਾਂ ਇਸ (ਦੇ ਸਰੀਰ) ਨੂੰ ਕੋਈ ਇਕ ਘੜੀ ਵੀ ਘਰੇ ਨਹੀਂ ਰੱਖਦਾ।ਸਾਕ ਸਬੰਧੀ ਪਿੱਛੇ ਰੋਂਦੇ ਰਹਿ ਜਾਂਦੇ ਹਨ। *ਹੰਸੁ(ਜੀਵ ਜਾਂ ਜੀਵਾਤਮਾ) ਇਕੱਲਾ ਹੀ ਅੱਗੇ ਜਾਂਦਾ ਹੈ।
ਹੋਰ ਦੇਖੋ__
" .... ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ॥2॥
ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ॥
ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥3॥
" ਮਰਨ ਤੋਂ ਬਾਅਦ ਸਰੀਰ ਨੂੰ ਸਾਰੇ ਭੂਤ ਭੁਤ ਕਹਿਣ ਲੱਗ ਜਾਂਦੇ ਹਨ ਅਤੇ *ਹੰਸ(ਜੀਵ ਜਾਂ ਜੀਵਾਤਮਾ)* ਇਕੱਲਾ ਹੀ ਅੱਗੇ ਜਾਂਦਾ ਹੈ।"
ਹੋਰ ਦੇਖੋ__
" ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ॥
ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ॥
ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ॥ "
ਹੋਰ ਦੇਖੋ__ " ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ॥ (ਪੰਨਾ 579)"
ਹੋਰ ਦੇਖੋ__ " ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ॥
ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ॥ {ਪੰਨਾ 441}
" ਸਰੀਰ ਤੋਂ ਇਲਾਵਾ ਵੀ ਕੁਝ ਐਸਾ ਹੈ ਜੋ ਅੰਤਿ ਗਇਆ ਪਛੁਤਾਹਿ
ਹੋਰ ਦੇਖੋ__ " ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥
ਏਕੁ ਸਬਦੁ ਤੂੰ ਚੀਨੑਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ॥ {ਪੰਨਾ 434}
ਕੁਝ/ਕੋਈ ਐਸਾ ਹੈ ਜੋ ਅੰਤ ਨੂੰ ਜਾਣ ਤੋਂ ਬਾਅਦ ਪਛੁਤਾਵਹਿਗਾ।
ਹੋਰ ਬਹੁਤ ਸਾਰੀਆਂ ਗੁਰਬਾਣੀ ਉਦਾਹਰਣਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ।
ਦੇਖੋ ਘੱਗਾ ਜੀ ਕਹਿ ਰਹੇ ਹਨ__ " ਮਾਤਾ ਪਿਤਾ ਦੇ ਸਬੰਧ ਤੋਂ ਬੱਚਾ ਬਣਦਾ ਹੈ, ਵਿਕਾਸ ਕਰਦਾ ਹੈ, ਆਪਣੀ ਉਮਰ ਭੋਗਕੇ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ।**ਭਾਵ ਕਿ ਤੱਤ ਖਿੱਲਰ ਜਾਂਦੇ ਨੇ।**"
ਪਰ ਸੋਚੋ-- ਕੀ ਸੱਚ ਮੁਚ ਉਮਰ ਪੂਰੀ ਹੋਣ ਤੇ ਤੱਤ ਬਿਖਰ ਜਾਂਦੇ ਹਨ? ਜੀ ਨਹੀਂ
ਤੱਤ ਤਾਂ ਓਸੇ ਤਰ੍ਹਾਂ ਰਹਿੰਦੇ ਹਨ।ਤੱਤਾਂ ਤੋਂ ਬਣਿਆ ਸਰੀਰ ਓਵੇਂ ਦਾ ਓਵੇਂ ਹੀ ਰਹਿੰਦਾ ਹੈ।ਸਰੀਰ ਵਿੱਚੋਂ ਜਿੰਦ ਜਾਨ ਨਿਕਲ ਜਾਣ ਤੋਂ ਬਾਅਦ ਸਰੀਰ ਨੂੰ ਅਗਨੀ, ਪਾਣੀ ਜਾਂ ਮਿੱਟੀ ਆਦਿ ਦੇ ਸਪੁਰਦ ਕੀਤਾ ਜਾਂਦਾ ਹੈ ਤਾਂ ਕਿ ਸਰੀਰ ਦੇ ਤੱਤ ਤੱਤਾਂ ਵਿੱਚ ਮਿਲ ਜਾਣ ਅਰਥਾਤ ਬਿਖਰ ਜਾਣ।
ਵਿਗਿਆਨਕ ਪੱਖ__
ਗੂਗਲ ਤੋਂ__
Almost 99% of the mass of the human body is made up of six elements: oxygen, carbon, hydrogen, nitrogen, calcium, and phosphorus. Only about 0.85% is composed of another five elements: potassium, sulphur, sodium, chlorine, and magnesium. All 11 are necessary for life.
ਇਹ ਸਾਰੇ ਤੱਤ ਨਿਰਜੀਵ ਹਨ।ਇਹਨਾ ਸਾਰੇ ਨਿਰਜੀਵ ਤੱਤਾਂ ਤੋਂ ਬਣੇ ਸਰੀਰ ਵਿੱਚ ਜੀਵਨ ਅਤੇ ਚੇਤਨਾ ਕਿੱਥੋਂ ਅਤੇ ਕਿਵੇਂ ਪੈਦਾ ਹੋ ਜਾਂਦੀ ਹੈ?
ਦੂਸਰੀ ਗੱਲ- ਮਿਸਾਲ ਦੇ ਤੌਰ ਤੇ, ਕਿਸੇ ਤੰਦਰੁਸਤ ਵਿਅਕਤੀ ਦੀ ਸਾਹ ਦੀ ਨਾਲੀ ਵਿੱਚ ਬਲਗਮ ਅਟਕ ਜਾਣ ਕਰਕੇ ਮੌਤ ਹੋ ਜਾਂਦੀ ਹੈ। ਸਰੀਰ ਦੇ ਸਾਰੇ ਤੱਤ ਤਾਂ ਜਿਉਂ ਦੇ ਤਿਉਂ ਮੌਜੂਦ ਹੁੰਦੇ ਹਨ, ਪਰ ਉਹ ਕੀ ਚੀਜ ਹੈ ਜਿਹੜੀ ਇਕ ਵਾਰੀਂ ਸਰੀਰ ਵਿੱਚੋਂ ਨਿਕਲ ਜਾਣ ਤੇ ਸਰੀਰ ਓਸੇ ਤਰ੍ਹਾਂ ਮੌਜੂਦ ਰਹਿਣ ਦੇ ਬਾਵਜੂਦ, ਫੇਰ ਜੀਵ ਦੁਬਾਰਾ ਉਸੇ ਤਰ੍ਹਾਂ ਜਿਉਂਦਾ ਜਾਗਦਾ ਨਹੀਂ ਹੋ ਸਕਦਾ?
ਘੱਗਾ ਜੀ ਅਤੇ ਇਸ ਵਰਗੇ ਹੋਰ ਕਈ ਸੱਜਣ ਆਪਣੀ ਹੀ, ਗੁਰਮਤਿ ਤੋਂ ਵੱਖਰੀ ਬਣੀ ਕਿਸੇ ਸੋਚ ਨੂੰ, ਗੁਰਬਾਣੀ ਨਾਮ ਦੇ ਕੇ ਪ੍ਰਚਾਰ ਰਹੇ ਹਨ, ਜੋ ਕਿ ਉਚਿਤ ਨਹੀਂ ਹੈ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ਕਹਾਂ ਤੇ ਆਇਆ ਕਹਾਂ ਏਹੁ ਜਾਣੁ॥:-
Page Visitors: 2561