“ਗੁਰਮਤਿ ਵਿੱਚ ਕਰਾਮਾਤ ਦਾ ਸੰਕਲਪ”
ਗੁਰਮਤਿ ਕਰਾਮਾਤ ਨੂੰ ਮੰਨਦੀ ਹੈ ਜਾਂ ਨਹੀਂ ਇਸ ਸੰਬੰਧੀ ਕੁਝ ਲੋਕ ਸਵਾਲ ਕਰਦੇ ਹਨ ਕਿ “…ਵਲੀ ਕੰਧਾਰੀ ਵੱਲੋਂ ਪਹਾੜੀ ਤੋਂ ਇੱਕ ਵੱਡਾ ਪੱਥਰ ਗੁਰੂ ਜੀ ਵੱਲ ਰੇੜ੍ਹਨ ਵਾਲੀ ਸਾਖੀ ਅਨੁਸਾਰ, ਕੀ ਗੁਰੂ ਜੀ ਨੇ ਆਪਣੇ ਵੱਲ ਆਉਂਦਾ ਉਹ ਵੱਡਾ ਪੱਥਰ ਕਿਸੇ ਕਰਾਮਾਤ ਨਾਲ ਰੋਕਿਆ ਹੋਵੇਗਾ? ਜਾਂ ਕਿ ਅਕਾਲ ਪੁਰਖ ਨੇ ਆਪਣੀ ਕਲਾ ਵਿਖਾ ਕੇ ਗੁਰੂ ਜੀ ਦੀ ਜਾਨ ਬਚਾਈ ਹੋਵੇਗੀ”? ਅਤੇ ਕੀ ਰੱਬ ਨੇ ਕੁਦਰਤੀ ਨਿਯਮ ਤੋੜਕੇ ਨਾਮਦੇਵ ਲਈ ਮਰੀ ਗਊ ਜਿੰਦੀ ਕਰ ਦਿੱਤੀ ਸੀ? ਇਸ ਦੇ ਨਾਲ ਸਵਾਲ ਕੀਤਾ ਜਾਂਦਾ ਹੈ-“ਜੇ ਇਹ ਮੰਨ ਲਿਆ ਜਾਵੇ ਕਿ ਨਾਮਦੇਵ ਦੀ ਖਾਤਰ ਪਰਮਾਤਮਾ ਨੇ ਆਪਣੇ ਹੀ ਬਣਾਏ ਕੁਦਰਤੀ ਨਿਯਮ ਤੋੜ ਦਿੱਤੇ ਸੀ ਤਾਂ ਇਹ ਗੱਲ ਵੀ ਸਵਿਕਾਰ ਕਰਨੀ ਪਏਗੀ ਕਿ ਭੂਤ ਪ੍ਰੇਤ ਕਢ੍ਹਣ ਵਾਲੇ ਅਤੇ ਹੋਰ ਸੰਤ ਬਾਬੇ ਜਿਹੜੇ ਕਰਾਮਾਤਾਂ ਦੇ ਜਰੀਏ ਕੁਦਰਤੀ ਨਿਯਮਾਂ ਦੇ ਖਿਲਾਫ ਵਰਤਾਰੇ ਕਰਨ ਦੇ ਦਾਅਵੇ ਕਰਦੇ ਹਨ ਉਹ ਵੀ ਸੱਚ ਹੈ।
ਵਿਚਾਰ- ਇਹੋ ਜਿਹੀਆਂ ਗੱਲਾਂ ਓਹੀ ਲੋਕ ਕਰਦੇ ਹਨ ਜਿਹੜੇ ਰੱਬ ਦੀ ਹੋਂਦ ਤੋਂ ਮੁਨਕਰ ਹਨ ਅਤੇ ਜਿਨ੍ਹਾਂ ਦੀ ਸੋਚ ਉੱਤੇ ਪਦਾਰਥਵਾਦ ਦਾ ਪੜਦਾ ਪਿਆ ਹੋਣ ਕਰਕੇ ਕੁਦਰਤੀ ਨਿਯਮਾ ਨੂੰ ਹੀ ਰੱਬ ਨਾਮ ਦੇ ਰੱਖਿਆ ਹੈ।ਆਪਣੇ ਆਪ ਨੂੰ ਵਿਗਿਆਨਕ ਸੋਚ ਦੇ ਧਾਰਣੀ ਹੋਣ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਨਾ ਤਾਂ ਗੁਰਮਤਿ ਨੂੰ ਹੀ ਪੜ੍ਹਿਆ ਹੈ ਨਾ ਵਿਗਿਆਨ ਨੂੰ।ਜਦੋਂ ਇਨ੍ਹਾਂ ਲੋਕਾਂ ਨਾਲ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਗੱਲ ਕੀਤੀ
ਜਾਂਦੀ ਹੈ ਤਾਂ ਵੀ ਇਹ ਲੋਕ ਮੋਕ ਮਾਰ ਜਾਂਦੇ ਹਨ (ਵਿਚਾਰ ਵਟਾਂਦਰੇ’ਚੋਂ ਖਿਸਕ ਜਾਂਦੇ ਹਨ) ਅਤੇ ਜਦੋਂ ਇਨ੍ਹਾਂ ਨੂੰ ਗੁਰਬਾਣੀ ਉਦਾਹਰਣਾਂ ਦੇ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਤਾਂ ਵੀ ਵਿਚਾਰ ਨੂੰ ਹੋਰ ਦਾ ਹੋਰ ਰੁਖ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।ਅਸਲ ਵਿੱਚ ਇਹ ਲੋਕ ਅਧਿਆਤਮ ਦੀਆਂ ਗੱਲਾਂ ਨੂੰ ਵੀ ਵਿਗਿਆਨਕ ਉਪਕਰਣਾਂ ਦੁਆਰਾ ਸਿੱਧ ਕੀਤਾ ਮੰਗਦੇ ਹਨ।ਇਹ ਦੂਸਰਿਆਂ ਉੱਪਰ ਸਵਾਲ ਤੇ ਸਵਾਲ ਕਰੀ ਜਾਣਗੇ।ਇਨ੍ਹਾਂ ਤੋਂ ਜਿਹੜੇ ਸਵਾਲ ਪੁੱਛੇ ਜਾਂਦੇ ਹਨ ਤਾਂ ਇਹ ਜਵਾਬ ਦੇਣ ਤੋਂ ਟਾਲਮਟੋਲ ਕਰ ਜਾਂਦੇ ਹਨ।
ਗਲ ਚੱਲ ਰਹੀ ਹੈ, ਕਰਾਮਾਤ ਬਾਰੇਗੁਰਮਤਿ ਦੀ ਤਾਂ ਸ਼ੁਰੂਆਤ ਹੀ ‘ਕਰਾਮਾਤ’ ਤੋਂ ਹੁੰਦੀ ਹੈ।ਸਿੱਧਾਂ ਨੇ ਗੁਰੂ ਸਾਹਿਬ ਤੇ ਸਵਾਲ ਕੀਤਾ ਕਿ ‘ਸ੍ਰਿਸ਼ਟੀ ਉਤਪਤੀ’ ਬਾਰੇ ਤੁਹਾਡਾ ਕੀ ਵਿਚਾਰ ਹੈ? ਤਾਂ ਗੁਰੂ ਸਾਹਿਬ ਦਾ ਜਵਾਬ ਸੀ- ਸ੍ਰਿਸ਼ਟੀ ਦੀ ਉਤਪਤੀ ਦੀ ਵਿਚਾਰ ਤਾਂ ਹੈਰਾਨੀ ਹੀ ਹੈਰਾਨੀ ਪੈਦਾ ਕਰਦੀ ਹੈ।ਨਿਰਾਕਾਰ ਤੋਂ ਸਾਕਾਰ ਰੂਪ ਉਤਪੰਨ ਹੋ ਜਾਣਾ ਤਾਂ ਅਤਿਅੰਤ ਵਿਸਮਾਦ ਦੀ ਅਰਥਾਤ ਕਰਾਮਾਤ ਦੀ ਹੀ ਗੱਲ ਹੈ।
ਨਾਮਦੇਵ ਦੁਆਰਾ ਮਰੀ ਗਊ ਜਿੰਦੀ ਕਰਨ ਬਾਰੇ; ਅਜੋਕੇ ਸੰਤਾਂ ਬਾਬਿਆਂ ਦੀ ਤੁਲਨਾ ਭਗਤ ਨਾਮਦੇਵ ਨਾਲ ਕਰਨ ਤੋਂ ਪਹਿਲਾਂ ਭਗਤ ਜੀ ਦਾ ਸੰਬੰਧਤ ਸ਼ਬਦ ਠੀਕ ਤਰ੍ਹਾਂ ਵਿਚਾਰਨ ਦੀ ਜਰੂਰਤ ਹੈ।ਸ਼ਬਦ ਅਨੁਸਾਰ; ਵਕਤ ਦਾ ਬਾਦਸ਼ਾਹ ਨਾਮਦੇਵ ਨੂੰ ਆਪਣਾ ਧਰਮ ਛੱਡਕੇ ਉਸ ਦਾ ਧਰਮ ਅਪਨਾਣ ਲਈ ਮਜਬੂਰ ਕਰਦਾ ਹੈ।ਐਸਾ ਨਾ ਕਰਨ ਦੀ ਹਾਲਤ ਵਿੱਚ ਦੋ ਸ਼ਰਤਾਂ ਰੱਖਦਾ ਹੈ; ਮੈਂ ਤੇਰੇ ਰਾਮ ਦੇ ਕਾਰਨਾਮੇ/ ਕਰਾਮਾਤ ਦੇਖਣੀ ਚਾਹੁੰਦਾ ਹਾਂ।ਜੇ ਤੈਨੂੰ ਆਪਣੇ ਰਾਮ ਤੇ ਏਨਾ ਭਰੋਸਾ ਹੈ ਤਾਂ, ਇਹ ਮਰੀ ਗਊ ਜਿੰਦੀ ਕਰ ਦੇਹ, ਨਹੀਂ ਤਾਂ ਤੇਰੀ ਗਰਦਨ ਧੜ ਤੋਂ ਵੱਖ ਕਰ ਦਿੱਤੀ ਜਾਵੇਗੀ।
ਇਸ ਦੇ ਜਵਾਬ ਵਿੱਚ ਜੋ ਨਾਮਦੇਵ ਜੀ ਕਹਿੰਦੇ ਹਨ ਉਸ ਨੂੰ ਜ਼ਰਾ ਧਿਆਨ ਨਾਲ ਵਿਚਾਰਿਆ ਜਾਵੇ ਫੇਰ ਅੱਜ ਕਲ੍ਹ ਦੇ ਸੰਤਾਂ ਬਾਬਿਆਂ ਦੀ ਤੁੱਲਣਾ ਨਾਮਦੇਵ ਨਾਲ ਕੀਤੀ ਜਾਵੇ।
ਨਾਮਦੇਵ ਜੀ ਕਹਿੰਦੇ ਹਨ- ਮਰੀ ਗਊ ਮੈਂ ਕਿਵੇਂ ਜਿੰਦੀ ਕਰ ਸਕਦਾ ਹਾਂ? ਕਿਸੇ ਮਰੇ ਹੋਏ ਨੂੰ ਜ਼ਿੰਦਾ ਨਹੀਂ ਕੀਤਾ ਜਾ ਸਕਦਾ।ਅਤੇ ਮੇਰਾ ਕੀਤਾ ਕੁਝ ਨਹੀਂ ਹੋ ਸਕਦਾ, ਜੋ ਰਾਮ (ਪਰਮਾਤਮਾ) ਕਰਦਾ ਹੈ ਉਹੀ ਹੁੰਦਾ ਹੈ (ਅਰਥਾਤ ਜੇ ਪਰਮਾਤਮਾ ਚਾਹੇ ਤਾਂ ਉਹ ਇਹ ਕਰ ਸਕਦਾ ਹੈ)।
ਧਿਆਨ ਦਿਉ ਕਿ ਨਾਮਦੇਵ ਨੂੰ ਜੰਜੀਰਾਂ ਨਾਲ ਬੰਨ੍ਹਕੇ ਜ਼ਬਰਦਸਤੀ ਕਰਾਮਾਤ ਦਿਖਾਣ ਲਈ ਹੁਕਮ ਦਿੱਤਾ ਗਿਆ ਹੈ ਜਿਸ ਤੋਂ ਉਹ ਸਾਫ ਇਨਕਾਰ ਕਰ ਰਹੇ ਹਨ, ਕਿ ਕੁਦਰਤ ਦੇ ਨਿਯਮਾਂ ਦੇ ਖਿਲਾਫ ਮੈਂ ਕੁਝ ਨਹੀਂ ਕਰ ਸਕਦਾ।ਜਦਕਿ ਅੱਜ ਕਲ੍ਹ ਦੇ ਸੰਤ ਬਾਬਿਆਂ ਨੇ ਆਪਣੇ ਛੱਡੇ ਏਜੰਟਾਂ ਦੇ ਜਰੀਏ ਇਹੋ ਜਿਹੀਆਂ ਗੱਲਾਂ ਫੈਲਾਈਆਂ ਹੁੰਦੀਆਂ ਹਨ ਕਿ ਬਾਬਾ ਜੀ ਬੜੇ ਪਹੁੰਚੇ ਹੋਏ ਹਨ।ਉਹ ਇਹ ਕਰ ਸਕਦੇ ਹਨ, ਓਹ ਕਰ ਸਕਦੇ ਹਨ।
ਆਪਣੀ ਮਾਤਾ ਦੇ ਸਮਝਾਣ ਤੇ ਕਿ ਤੂੰ ਰਾਮ ਰਾਮ ਕਹਿਣਾ ਛੱਡ ਦੇਹ ਖੁਦਾ ਖੁਦਾ ਕਹਿ ਕੇ ਆਪਣੀ ਜਾਨ ਬਚਾ ਲੈ।ਪਰ ਨਾਮਦੇਵ ਜੀ ਅੱਗੋਂ ਜਵਾਬ ਦਿੰਦੇ ਹਨ ਕਿ ਮੇਰੀ ਚਾਹੇ ਜਾਨ ਚਲੀ ਜਾਵੇ ਪਰ ਕਿਸੇ ਦਬਾਵ ਥੱਲੇ ਆ ਕੇ ਇਵੇਂ ਨਹੀਂ ਕਰਾਂਗਾ।ਇੱਥੇ ਵੀ ਧਿਆਨ ਦਿੱਤਾ ਜਾਵੇ, ਨਾਮਦੇਵ ਨੇ ਨਾਂ ਤਾਂ ਕਿਸੇ ਡਰਾਵੇ ਹੇਠਾਂ ਆ ਕੇ ਜਾਨ ਬਚਾਣ ਲਈ ਕੋਈ ਉਪਰਾਲਾ ਕੀਤਾ ਅਤੇ ਨਾ ਹੀ ਕਰਾਮਾਤ ਕਰਨ ਦਾ ਕੋਈ ਦਾਅਵਾ ਕੀਤਾ ਹੈ।ਹਾਂ ਸੱਤ ਘੜੀਆਂ ਬੀਤ
ਜਾਣ ਤੱਕ ਵੀ ਉਨ੍ਹਾਂ ਨੂੰ ਅੰਦਰੋਂ ਆਸ ਜਰੂਰ ਹੈ ਕਿ ਉਹ ਤਿੰਨਾਂ ਭਵਨਾ ਦਾ ਮਾਲਕ ਆਪਣੇ ਸੇਵਕ ਦੀ ਪੈਜ ਰੱਖਣ ਲਈ ਜਰੂਰ ਬਹੁੜੇਗਾ।
ਸੋ ਨਾਮਦੇਵ ਨੇ ਸਭ ਕੁਝ ਪ੍ਰਭੂ ਦੇ ਭਾਣੇ ਉੱਪਰ ਛੱਡਿਆ ਹੋਇਆ ਹੈ, ਕਿਤੇ ਖੁਦ ਕੋਈ ਕਰਾਮਾਤ ਕਰਨ ਦਾ ਦਾਅਵਾ ਨਹੀਂ ਕੀਤਾ।ਇਹੀ ਫਰਕ ਹੈ ਅੱਜ ਕਲ੍ਹ ਦੇ ਸੰਤਾਂ ਬਾਬਿਆਂ ਦਾ ਅਤੇ ਨਾਮਦੇਵ ਦਾ।ਬਾਬੇ ਕਰਾਮਾਤਾਂ ਦੇ ਦਾਅਵੇ ਕਰਦੇ ਹਨ ਪਰ ਨਾਮਦੇਵ ਜੀ ਕਹਿੰਦੇ ਹਨ ਮੈਂ ਕੁਝ ਨਹੀਂ ਕਰ ਸਕਦਾ, ਕਰਨ ਕਰਾਣ ਵਾਲਾ ਪ੍ਰਭੂ ਆਪ ਹੀ ਹੈ।
ਹੁਣ ਰਹੀ ਕੁਦਰਤ ਦੇ ਨਿਯਮ ਤੋੜਕੇ ਮਰੀ ਗਊ ਜਿੰਦਾ ਕਰਨ ਦੀ ਗੱਲ।ਗੁਰਮਤਿ ਅਨੁਸਾਰ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ।ਸੰਸਾਰ ਤੇ ਜੋ ਕੁਝ ਵੀ ਵਪਰਦਾ ਹੈ, ਉਸ ਦੇ ਭਾਣੇ ਉਸ ਦੀ ਇੱਛਾ, ਉਸਦੇ ਹੁਕਮ ਅਨੁਸਾਰ ਵਾਪਰਦਾ ਹੈ।ਪਰਮਾਤਮਾ ਨੇ ਕੁਦਰਤ ਸਾਜੀ ਹੈ, ਉਹ ਖੁਦ ਕੁਦਰਤ ਦੇ ਨਿਯਮਾਂ ਵਿੱਚ ਨਹੀਂ ਬੱਝਾ ਹੋਇਆ।ਸੰਸਾਰ ਤੇ ਬਹੁਤ ਕੁਝ ਐਸਾ ਵਾਪਰਦਾ ਰਹਿੰਦਾ ਹੈ ਜਿਸ ਨੂੰ ਦੇਖਕੇ ਬੰਦਾ ਦੰਗ ਅਤੇ ਚਕਿਤ ਰਹਿ ਜਾਂਦਾ ਹੈ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ।ਕਈ ਐਸੀਆਂ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਹਨ ਕਿ ਡਾਕਟਰਾਂ ਦੁਆਰਾ ਮਰਿਆ ਘੋਸ਼ਿਤ ਕੀਤਾ ਗਿਆ ਬੰਦਾ ਕੁੱਝ ਸਮੇਂ ਬਾਅਦ ਜਿੰਦਾ ਹੋ ਗਿਆ।ਮਿਸਾਲ ਦੇ ਤੌਰ ਤੇ ਹੇਠਾਂ ਦਿੱਤੇ ਦੋ ਲਿੰਕ ਦੇਖੋ-
http:// news.yahoo.com/blogs/sideshow/newborn-baby-found-alive-morgue-12-hours-being-175501352.html
http://www.dailymail.co.uk/health/article-1306283/Miracle-premature-babydeclared-dead-doctors-revived-mothers-touch.html
ਇੱਥੇ ਪਹਿਲੇ ਲਿੰਕ ਵਿੱਚ ਡਾਕਟਰਾਂ ਦੁਆਰਾ ਮ੍ਰਿਤ ਕਰਾਰ ਦਿੱਤੇ ਨਵ-ਜੰਮੇ ਬੱਚੇ ਨੂੰ ਜਦੋਂ 12 ਘੰਟੇ ਬਾਅਦ ਬਕਸੇ ਵਿੱਚੋਂ ਕਢਿਆ ਗਿਆ ਤਾਂ ਬੱਚਾ ਜਿੰਦਾ ਪਾਇਆ ਗਿਆ।ਯਾਦ ਰਹੇ ਕਿ ਨਵ-ਜੰਮੇ ‘ਜੀਂਦੇ’ ਬੱਚੇ ਨੂੰ ਵੀ ਜੇ 12 ਘੰਟੇ ਤੱਕ ਬਕਸੇ ਵਿੱਚ ਬੰਦ ਰੱਖਿਆ ਜਾਵੇ ਤਾਂ ਉਹ ਵੀ ਮਰ ਸਕਦਾ ਹੈ।
ਦੂਸਰੇ ਲਿੰਕ ਵਿੱਚ ਜੰਮਦਿਆਂ ਹੀ ਡਾਕਟਰਾਂ ਦੁਆਰਾ ਮ੍ਰਿਤ ਘੋਸ਼ਿਤ ਬੱਚੇ ਨੂੰ ਮਾਂ ਆਪਣੀ ਸ਼ਾਤੀ ਨਾਲ ਲਗਾਕੇ ਚੁੰਮਦੀ ਚੱਟਦੀ ਰਹੀ ਤਾਂ 20 ਮਿੰਟਾਂ ਬਾਦ ਬੱਚਾ ਜਿੰਦਾ ਹੋ ਗਿਆ।
ਵਲੀ ਕੰਧਾਰੀ ਦੁਆਰਾ ਵੱਡਾ ਪੱਥਰ ਗੁਰੂ ਸਾਹਿਬ ਵੱਲ ਰੋੜ੍ਹੇ ਜਾਣ ਬਾਰੇ:- ਗੁਰ ਇਤਿਹਾਸ ਵਿੱਚ ਸ਼ਰਧਾਵਾਨਾਂ ਵੱਲੋਂ ਬਹੁਤ ਕੁਝ ਮਿਲਾਵਟ ਕਰ ਦਿੱਤੀ ਗਈ ਹੈ।ਇਸ ਲਈ ਰਿੜ੍ਹਦੇ ਆਉਂਦੇ ਵੱਡੇ ਪੱਥਰ ਨੂੰ ਹੱਥ ਨਾਲ ਰੋਕਣਾ ਅਤੇ ਇਸ ਵਿੱਚ ਹੱਥ (ਪੰਜੇ) ਦਾ ਨਿਸ਼ਾਨ ਉਕਰਿਆ ਜਾਣਾ, ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਸਾਰੀ ਘਟਨਾ ਕਿਵੇਂ ਵਾਪਰੀ ਹੋਵੇਗੀ।ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਪ੍ਰਭੂ ਆਪਣੇ ਸੇਵਕ ਦੀ ਪੈਜ ਰੱਖਣ ਲਈ ਬਹੁੜਦਾ ਨਹੀਂ ਅਤੇ ਕੁਝ ਖਾਸ ਪ੍ਰਸਥਿਤੀਆਂ ਉਤਪੰਨ ਕਰਕੇ ਕੋਈ ਵਿਧੀ ਨਹੀਂ ਰਚਦਾ।ਫੁਰਮਾਨ ਹੈ- “ਜਿਉ ਸੰਪੈ ਤਿਉ ਬਿਪਤਿ ਹੈ **ਬਿਧ ਨੇ ਰਚਿਆ ਸੋ ਹੋਇ॥**”(337)
“ਆਪੇ ਕਰਤਾ ਕਰੈ ਸੁ ਹੋਵੈ॥”(411)
ਸਵਾਲ ਕੀਤਾ ਜਾਂਦਾ ਹੈ ਕਿ “ਵਲੀ ਕੰਧਾਰੀ ਵਾਲੀ ਸਾਖੀ ਅਨੁਸਾਰ, ਕੀ ਅਕਾਲ ਪੁਰਖ ਨੇ ਆਪਣੀ ਕਲਾ ਵਿਖਾ ਕੇ ਗੁਰੂ ਜੀ ਦੀ ਜਾਨ ਬਚਾਈ ਹੋਵੇਗੀ”?
ਇਨ੍ਹਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਥੇ ਜਾਨ ਬਚਾਣ ਵਾਲੀ ਕੋਈ ਗੱਲ ਨਹੀਂ, ਬਲਕਿ ਵਲੀ ਕੰਧਾਰੀ ਦੁਆਰਾ ਇਲਾਕੇ ਵਿੱਚ ਪੈਦਾ ਕੀਤੀ ਗਈ ਪਾਣੀ ਦੀ ਦਿੱਕਤ ਅਤੇ ਵਲੀ ਦੇ ਅਹੰਕਾਰ ਦੀ ਗੱਲ ਹੈ।ਜੇ ਗੁਰੂ ਸਾਹਿਬ ਦੀ ਜਾਨ ਬਚਾਣ ਦੀ ਗੱਲ ਹੁੰਦੀ, ਉਹ ਤਾਂ ਜੇ ਗੁਰੂ ਸਾਹਿਬ ਘਰ ਬੈਠੇ ਰਹਿੰਦੇ ਤਾਂ ਵੀ ਜਾਨ ਨੂੰ ਏਹੋ ਜਿਹਾ ਕੋਈ ਖਤਰਾ ਨਹੀਂ ਸੀ।ਜੇ ਜਾਨ ਬਚਾਣ ਦੀ ਗੱਲ ਹੁੰਦੀ ਤਾਂ ਗੁਰੂ ਸਾਹਿਬ ਵਿਰੋਧੀ ਵਿਚਾਰਾਂ ਵਾਲਿਆਂ ਦੇ ਇਲਾਕਿਆਂ ਵਿੱਚ ਓਹ ਵੀ ਖਾਸ ਇਕੱਠਾਂ ਦੇ ਮੌਕਿਆਂ ਤੇ ਉਨ੍ਹਾਂ ਦੇ ਗੜ੍ਹ ਵਿੱਚ ਜਾ ਜਾ ਕੇ ਉਨ੍ਹਾਂ ਦੇ ਕਰਮ-ਕਾਂਡੀ ਵਰਤਾਰਿਆਂ ਦੇ ਖਿਲਾਫ ਕਿਉਂ ਬੋਲਦੇ।ਆਪਣੀ ਜਾਨ ਬਚਾ ਕੇ ਘਰ ਬੈਠੇ ਰਹਿੰਦੇ।ਪਰ ਨਹੀਂ, ਇੱਥੇ ਵਲੀ ਦੇ ਅਹੰਕਾਰ ਤੋੜਨ ਦੀ ਗੱਲ ਸੀ।ਸੋ ਪ੍ਰਭੂ ਦੇ ਭਾਣੇ ਵਿੱਚ ਕੁਦਰਤ ਦਾ ਕੋਈ ਐਸਾ ਕਰਿਸ਼ਮਾ ਜਰੂਰ ਵਾਪਰਿਆ ਹੋਵੇਗਾ ਕਿ ਵਲੀ ਕੰਧਾਰੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਢੈਹ ਪਿਆ।
ਇਨ੍ਹਾਂ ਲੋਕਾਂ ਦੀ ਕਿਸੇ ਵੀ ਦਲੀਲ ਨਾਲ ਤਸੱਲੀ ਨਹੀਂ ਹੁੰਦੀ।ਉਸ ਦਾ ਮੁਖ ਕਾਰਣ ਇਹ ਹੈ ਕਿ ਇਹ ਲੋਕ ਰੱਬ ਦੀ ਹੋਂਦ ਤੋਂ ਮੁਨਕਰ ਹਨ।ਇਹ ਲੋਕ ਕਿਸੇ ਤਸੱਲੀ ਲਈ ਸਵਾਲ ਨਹੀਂ ਕਰਦੇ, ਬਲਕਿ ਕਿਸੇ ਖਾਸ ਸੋਚੀ ਸਮਝੀ ਸਾਜਿਸ਼ ਅਧੀਨ ਭੁਲੇਖੇ ਖੜ੍ਹੇ ਕਰੀ ਰੱਖਣੇ ਜਿਵੇਂ ਇਨ੍ਹਾਂ ਦਾ ਮਕਸਦ ਹੋਵੇ।ਜੇ ਕੁਦਰਤੀ ਨਿਯਮਾਂ ਦੇ ਉਲਟ ਪਰਮਾਤਮਾ ਕੋਈ ਕਰਾਮਾਤ ਨਹੀਂ ਕਰਦਾ ਤਾਂ ਇਹ ਲੋਕ ਤਰਕ ਕਰਦੇ ਹਨ ਕਿ ਸਭ ਕੁਝ ਤਾਂ ਬਝਵੇਂ ਕੁਦਰਤੀ ਨਿਯਮਾਂ ਅਧੀਨ ਹੋਈ ਜਾਂਦਾ ਹੈ, ਇਸ ਵਿੱਚ ਰੱਬ ਕਿੱਥੋਂ ਆ ਗਿਆ, ਜਾਂ ਰੱਬ ਦਾ ਕੀ ਕੰਮ? ਜੇ ਇਹ ਸਾਬਤ ਹੋ ਜਾਵੇ ਕਿ ਉਹ ਆਪਣੀ ਇੱਛਾ ਅਨੁਸਾਰ ਜਾਂ ਆਪਣੇ ਸੇਵਕ ਦੀ ਪੈਜ ਰੱਖਣ ਲਈ ਕਰਾਮਾਤ ਵੀ ਕਰਦਾ ਹੈ, ਜਿਸ ਨੂੰ ਅਸੀਂ ਕੁਦਰਤ ਦੇ ਨਿਯਮ ਤੋੜਨੇ ਕਹਿ ਦਿੰਦੇ ਹਾਂ, ਤਾਂ ਇਨ੍ਹਾਂ ਦਾ ਤਰਕ ਹੈ ਕਿ ਪਰਮਾਤਮਾ ਆਪਣੀ ਬਣਾਈ ਕਦਰਤੀ ਨਿਯਮਾਵਲੀ ਨੂੰ ਹੀ ਤੋੜ ਦਿੰਦਾ ਹੈ।ਸੋ ਇਨ੍ਹਾਂ ਲੋਕਾਂ ਨੇ ਗੁਰਮਤਿ ਨੂੰ ਗੰਧਲਾ ਕਰਨ ਲਈ ਕੋਈ ਨਾ ਕੋਈ ਢੁੱਚਰਾਂ ਅਤੇ ਵਿਵਾਦ ਖੜ੍ਹੇ ਕਰੀ ਹੀ ਰੱਖਣੇ ਹਨ।ਯਾਦ ਰਹੇ ਕਿ ਪਰਮਾਤਮਾ ਨੇ ਇਨ੍ਹਾਂ ਲੋਕਾਂ ਨੂੰ ਕੁਦਰਤੀ ਨਿਯਮਾਂ ਦੀ ਕੋਈ ਲਿਸਟ ਨਹੀਂ ਬਣਾ ਕੇ ਦੇ ਰੱਖੀ ਕਿ ਇਨ੍ਹਾਂ ਨਿਯਮਾਂ ਦੇ ਉਲਟ ਉਹ ਕੁਝ ਨਹੀਂ ਕਰੇਗਾ।ਮਨੁੱਖ ਕੁਦਰਤ ਨੂੰ ਆਪਣੀ ਅਕਲ ਮੁਤਾਬਕ ਜਿੰਨਾਂ ਸਮਝ ਸਕਿਆ ਹੈ ਉਸੇ ਨੂੰ ਕੁਦਰਤੀ ਨਿਯਮਾਂ ਦੀ ਹੱਦ ਮਿਥ ਬੈਠਾ ਹੈ।ਕੁਦਰਤੀ ਨਿਯਮਾਂ ਦੀ ਹੱਦ ਉਹ ਨਹੀਂ ਜੋ ਹੁਣ ਤੱਕ ਮਨੁੱਖ ਸਮਝ ਸਕਿਆ ਹੈ ਬਲਕਿ ਉਸ ਦੀ ‘ਕੁਦਰਤਿ ਕਵਣ ਕਹਾ ਵੀਚਾਰੁ’ ਹੈ।ਅਰਥਾਤ ਉਸ ਦੀ ਕੁਦਰਤ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਜਸਬੀਰ ਸਿੰਘ ਵਿਰਦੀ