ਪ੍ਰਚਾਰਕ ਸ਼੍ਰੇਣੀ ਦੀ ਸੋਚ ਤੇ ਭਾਸ਼ਾ
ਕਹੇ ਕਾਂਵਾਂ ਦੇ ਢੋਰ ਨਾ ਕਦੇ ਮੋਏ, ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀ (ਫੂਈਆਂ = ਬਹਾਰੇ ਆਈ ਗਿੱਦੜੀਆਂ)
-: ਸੰਪਾਦਕ ਖ਼ਾਲਸਾ ਨਿਊਜ਼ 01.03.2020
ਅੱਜ ਦੇ ਜ਼ਮਾਨੇ ਵਿੱਚ ਕਮਿਯੂਨੀਕੇਸ਼ਨ Communication ਬਹੁਤ ਵੱਡਾ ਸਾਧਨ ਹੈ, ਭਾਂਵੇਂ ਉਹ ਕੋਈ ਵੀ ਕਾਰਜ ਖੇਤਰ ਹੋਵੇ। ਤੁਹਾਡੀ ਬੋਲਚਾਲ ਉੱਤੇ ਤੁਹਾਡਾ ਵਰਤਮਾਨ ਤੇ ਭਵਿੱਖ ਨਿਰਭਰ ਕਰਦਾ ਹੈ। ਤੇ ਸਿੱਖਾਂ ਦਾ ਤਾਂ ਖਾਸਕਰ, ਕਿਉਂ ਜੁ ਉਨ੍ਹਾਂ ਦਾ ਗੁਰੂ ਗੁਰਬਾਣੀ ਗਿਆਨ ਰੂਪ ਦੇ ਵਿੱਚ ਹਾਜ਼ਰ ਹੈ, ਜਿਸ 'ਤੇ ਸਿੱਖ ਕੌਮ ਦੀ ਬੁਨਿਯਾਦ ਖੜੀ ਹੈ।
ਪਰ ਕੁੱਝ ਕੁ ਪ੍ਰਚਾਰਕ ਅਖਵਾਉਣ ਵਾਲੇ ਪ੍ਰਚਾਰ ਦੇ ਨਾਮ ਤੇ ਨਿੱਤ ਕਲੇਸ਼ ਕਰਨ ਵਿੱਚ ਹੀ ਮਸਰੂਫ ਹਨ। ਇਨ੍ਹਾਂ ਨੂੰ ਜਦੋਂ ਕੁੱਝ ਨਹੀਂ ਲੱਭਦਾ ਤਾਂ ਇਹ ਪ੍ਰੋ. ਦਰਸ਼ਨ ਸਿੰਘ ਦੇ ਦੁਆਲ਼ੇ ਹੁੰਦੇ ਹਨ। ਭਾਵੇਂ ਅਖੌਤੀ ਦਸਮ ਗ੍ਰੰਥ ਦੀ ਗੱਲ ਕਰ ਲਵੋ ਤਾਂ ਇਸ ਗ੍ਰੰਥ ਦੇ ਸਮਰਥਕ ਵਿਸ਼ਾ ਛੱਡ ਕੇ ਪ੍ਰੋ. ਦਰਸ਼ਨ ਸਿੰਘ ਦੁਆਲ਼ੇ ਹੋ ਜਾਂਦੇ, ਰੱਬ ਦੇ ਵਿਸ਼ੇ ਦੀ ਗੱਲ ਕਰ ਲਵੋ ਤਾਂ ਸਾਧ ਢੱਡਰੀਆਂਵਾਲੇ ਦੇ ਸਮਰਥਕ ਪ੍ਰੋ. ਦਰਸ਼ਨ ਸਿੰਘ ਦੁਆਲ਼ੇ, ਕਿਸੇ ਹੋਰ ਕਰਮਕਾਂਡ, ਪਖੰਡ ਦੀ ਗੱਲ ਲਵੋ ਤਾਂ ਸੰਪਰਦਾਈ ਪ੍ਰੋ. ਦਰਸ਼ਨ ਸਿੰਘ ਦੁਆਲ਼ੇ... ਗੱਲ ਕਿ ਵਿਸ਼ਾ ਕੋਈ ਵੀ ਹੋਵੇ, ਜਦੋਂ ਕਿਸੇ ਨੂੰ ਗੱਲ ਨਾ ਸੁੱਝੇ ਤਾਂ ਪ੍ਰੋ. ਦਰਸ਼ਨ ਸਿੰਘ ਦੁਆਲ਼ੇ ਹੋ ਜਾਉ। ਇਸ ਤੋਂ ਪਤਾ ਚਲਦਾ ਕਿ ਪ੍ਰੋ. ਦਰਸ਼ਨ ਸਿੰਘ ਕੈਸੀ ਸ਼ਖਸੀਅਤ ਹੈ, ਜਿਸ ਤੋਂ ਸਰਕਾਰ, ਆਰ.ਐਸ.ਐਸ, ਸ਼੍ਰੋਮਣੀ ਕਮੇਟੀ, ਅਖੌਤੀ ਜਥੇਦਾਰ, ਟਕਸਾਲੀ, ਸੰਪਰਦਾਈ, ਖੱਪਗ੍ਰੇਡ ਆਦਿ ਸਭ ਨੂੰ ਖ਼ਤਰਾ ਹੈ, ਇਸ ਲਈ ਇਹ ਸਾਰੇ ਕਿਸੇ ਵੀ ਸਹਾਰੇ, ਕਿਸੀ ਵੀ ਹੱਦ ਤੱਕ ਡਿੱਗ ਕੇ ਉਨ੍ਹਾਂ ਦੀ ਜ਼ੁਬਾਨ ਬੰਦ ਕਰਨੀ ਚਾਹੁੰਦੇ ਹਨ।
ਪ੍ਰੋ. ਦਰਸ਼ਨ ਸਿੰਘ ਕੋਈ ਸਾਡੇ ਗੁਰੂ ਨਹੀਂ, ਤੇ ਨਾ ਹੀ ਅਸੀਂ ਉਨ੍ਹਾਂ ਦੇ ਅੰਨ੍ਹੇ ਸਮਰਥਕ ਹਾਂ। ਉਹ ਇੱਕ ਐਸੇ ਪ੍ਰਚਾਰਕ ਹਨ ਜਿਨ੍ਹਾਂ ਨੇ ਹਰ ਬਿਖੜੇ ਸਮੇਂ ਵਿੱਚ ਕੌਮ ਨਾਲ ਹੋ ਰਹੇ ਧ੍ਰੋਹ ਦਾ ਡੱਟ ਕੇ ਵਿਰੋਧ ਕੀਤਾ ਤੇ ਗੁਰਬਾਣੀ ਆਸ਼ੇ ਅਨੁਸਾਰ ਅਗਵਾਈ ਕੀਤੀ। ਖ਼ਾਲਸਾ ਨਿਊਜ਼ ਨੇ ਹਰ ਉਸ ਪ੍ਰਚਾਰਕ, ਸਿੱਖ / ਸਿੱਖ ਜਥੇਬੰਦੀ ਦਾ ਸਾਥ ਦਿੱਤਾ ਦੇ ਦੇ ਰਹੀ ਹੈ, ਜੋ ਸਮੇਂ ਉੱਤੇ ਸੱਚ ਬੋਲ ਸਕੇ ਤੇ ਬਾਬਰ ਨੂੰ ਜਾਬਰ ਕਹਿ ਸਕੇ। ਇਸੀ ਕਾਰਣ ਖ਼ਾਲਸਾ ਨਿਊਜ਼ ਪ੍ਰੋ. ਦਰਸ਼ਨ ਸਿੰਘ ਸਮੇਤ ਕੁੱਝ ਕੁ ਹੋਰ ਪ੍ਰਚਾਰਕਾਂ, ਲੇਖਕਾਂ ਨਾਲ ਖੜ੍ਹਦੀ ਹੈ ਜਿਨ੍ਹਾਂ ਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਉੱਤੇ ਹੈ। ਅਸੀਂ ਕਿਸੇ ਐਸੇ ਸਾਧ / ਬਾਬੇ ਨਾਲ ਸੰਬੰਧਿਤ ਨਹੀਂ ਜੋ ਗੁਰਬਾਣੀ ਤੋਂ ਉਲਟ ਆਪਣੀ ਦੁਕਾਨ ਚਲਾਉਂਦਾ ਹੋਵੇ, ਚਾਹੇ ਉਹ ਰਵਾਇਤੀ ਸਾਧ ਹੋਣ ਜਾਂ ਅੱਪਗ੍ਰੇਡ ਸਾਧ।
ਪਿਛਲੇ ਕੁੱਝ ਸਾਲਾਂ ਵਿੱਚ ਜਿੱਥੇ ਕਥਿਤ ਟਕਸਾਲ ਨਾਲ ਸੰਬੰਧਿਤ ਲੋਕ ਗਾਹਲ਼ਾਂ ਨੂੰ ਗੱਲ ਨਾਲੋਂ ਵੱਧ ਤਰਜੀਹ ਦਿੰਦੇ ਸੀ, ਉਸੇ ਲੀਹ 'ਤੇ ਤੁਰਦਿਆਂ ਹੁਣ ਆਪਣੇ ਆਪ ਨੂੰ ਅਪੱਗ੍ਰੇਡ ਅਖਵਾਉਣ ਵਾਲੇ ਲੋਕ ਵੀ ਉਸੀ ਪੈਂਡੇ 'ਤੇ ਤੁਰ ਪਏ ਹਨ। ਇਨ੍ਹਾਂ ਨੂੰ ਕਿਸੇ ਦੀ ਲਾਜ ਸ਼ਰਮ ਨਹੀਂ, ਸਿਰਫ ਆਪਣੇ ਧੜਾ ਪਿਆਰਾ ਹੈ, ਤੇ ਜੋ ਉਨ੍ਹਾਂ ਦੇ ਧੜੇ ਦੇ ਮੁੱਖੀ ਨੇ ਕਹਿ ਦਿੱਤਾ ਉਹੀ ਸਤਿ ਬਚਨ ਹੈ।
ਇਸੀ ਸ਼੍ਰੇਣੀ ਵਿੱਚ ਕੁੱਝ ਕੁ ਨਵੇਂ ਪੁੰਗਰੇ ਪ੍ਰਚਾਰਕ ਵੀ ਹਨ ਜੋ ਬਹਿਤੀ ਗੰਗਾ ਵਿੱਚ ਹੱਤ ਧੋਂਦੇ ਹਨ, ਜਿੱਧਰ ਦੀ ਹਵਾ ਹੋਵੇ ਉਹ ਉੱਧਰ ਹੀ ਤੁਰ ਪੈਂਦੇ ਹਨ, ਉਨ੍ਹਾਂ ਨੂੰ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਸ ਵੀਜ਼ਿਆਂ, ਗ੍ਰੀਨ ਕਾਰਡ ਹਾਸਲ ਕਰਣ ਦੀ ਹੋੜ ਹੁੰਦੀ ਹੈ, ਤੇ ਜਦੋਂ ਉਸ ਆਸ ਪੂਰੀ ਹੋ ਜਾਂਦੀ ਹੈ ਤਾਂ ਫਿਰ ਉਹ ਲੋਕ ਆਪਣਾ ਅਸਲੀ ਚਿਹਰਾ ਦਰਸਾਉਂਦੇ ਹਨ। ਜਦੋਂ ਇਨ੍ਹਾਂ ਨੂੰ ਲੋੜ ਹੁੰਦੀ ਹੈ ਤੇ ਇਹੀ ਉਨ੍ਹਾਂ ਨਾਲ ਸਮਾਗਮਾਂ 'ਤੇ ਜਾਂਦੇ ਹਨ, ਪਰ ਜਦੋਂ ਆਪਣਾ ਮੁਫਾਦ ਨਿਕਲ ਜਾਂਦੇ ਹਨ ਤਾਂ ਥਾਲ਼ੀ 'ਚ ਛੇਕ ਕਰਣ ਨੂੰ ਵੀ ਚਿਰ ਨਹੀਂ ਲਾਉਂਦੇ।
ਇਸ ਪੋਸਟ ਵਿੱਚ ਵੀ ਦੋ ਐਸੇ ਕਥਿਤ ਪ੍ਰਚਾਰਕ ਦੇਖੋਗੇ ਜੋ ਕਿ ਮਿਸ਼ਨਰੀ ਕਾਲਜ ਤੋਂ ਪੜ੍ਹੇ ਤਾਂ ਜ਼ਰੂਰ ਹਨ, ਪਰ ਉਨ੍ਹਾਂ ਦੀ ਨੀਅਤ ਕੁੱਝ ਹੋਰ ਰਹੀ। ਬੇਅੰਤ ਸਿੰਘ ਪਟਿਆਲਾ ਜੋ ਕਿ ਪਹਿਲਾਂ ਆਪਣੇ ਨਾਮ ਨਾਲ ਖਾਨੇਵਾਲ ਲਿਖਦੇ ਸੀ, ਆਪਣੇ ਮੁਫਾਦ ਲਈ ਸਥਾਪਤ ਪ੍ਰਚਾਰਕਾਂ ਨਾਲ ਸਾਂਝ ਪਾਕੇ ਆਪਣਾ ਮੁਫਾਦ ਪੂਰਾ ਕਰਦੇ ਰਹੇ, ਤੇ ਹੁਣ ਉਹ ਪਿਛਲੇ ਕੁੱਝ ਕੁ ਦਿਨਾਂ ਤੋਂ ਉਨ੍ਹਾਂ ਨੂੰ ਕੋਈ ਬਦਹਜ਼ਮੀ ਹੋਈ ਹੈ ਤੇ ਇੱਕ ਦਿਨ ਵਿੱਚ ਹੀ ਉਠਦੇ ਸਾਰ ਹੀ ਫੇਸਬੁੱਕ 'ਤੇ ਉਲਟੀਆਂ ਸ਼ੁਰੂ ਕਰ ਦਿੱਤੀਆਂ, ਤੇ ਉਨ੍ਹਾਂ ਦਾ ਸਾਥ ਦਿੱਤਾ ਇੱਕ ਹੋਰ ਕਥਿਤ ਪ੍ਰਚਾਰਕ ਨੇ ਜਿਨ੍ਹਾਂ ਦਾ ਨਾਮ ਹੈ ਪ੍ਰਕਾਸ਼ ਸਿੰਘ ਫਿਰੋਜ਼ਪੁਰੀ। ਇਹ ਉਹ ਹਨ ਜਿਹੜੇ ਅੱਜ ਇੰਡੀਆਨਾਪੋਲਿਸ ਗੁਰਦੁਆਰੇ ਵਿੱਚ ਮੁੱਖ ਗ੍ਰੰਥੀ ਲੱਗੇ ਹਨ ਤੇ ਹਾਲ ਵਿੱਚ ਹੀ ਗ੍ਰੀਨ ਕਾਰਡ ਦੇ ਧਾਰਣੀ ਹੋਏ ਹਨ। ਇਸੀ ਗੁਰਦੁਆਰੇ ਦੇ ਰੇਸ਼ਮ ਸਿੰਘ ਇੰਡੀਆਨਾ ਜੋ ਕਿ ਵਗਦੇ ਵਹਿਣ ਵਿੱਚ ਵੱਗ ਕੇ ਹੁਣ "ਅਪਗ੍ਰੇਡ" ਹੋ ਗਏ ਹਨ, ਉਨ੍ਹਾਂ ਦੇ ਸਾਥ ਨਾਲ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਨੂੰ ਵੀ ਇਹ ਅਪਗ੍ਰੇਡ ਵਾਇਰਸ ਨੇ ਗ੍ਰਸਤ ਕਰ ਲਿਆ ਹੈ।
ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਪੋਸਟ ਪਾਈ ਸੀ ਕਿ ਇਸ "ਅਪਗ੍ਰੇਡ ਵਾਇਰਸ" ਦੀ ਮੁੱਖ ਲੱਛਣ ਹੈ ਕਿ ਸਭ ਤੋਂ ਪਹਿਲਾਂ ਹੈ ਇਹ "ਮਤਿ" ਮਾਰਦਾ ਹੈ ਜਿਸ ਨਾਲ ਚੰਗਾ ਭਲਾ ਬੰਦਾ ਭੇਡ ਬਣ ਕੇ ਗਾਹਲ਼ਾਂ ਕੱਢਣ ਲੱਗ ਪੈਂਦਾ ਹੈ। ਤੁਸੀਂ ਪੋਸਟਰ ਵਿੱਚ ਦੇਖ ਸਕਦੇ ਹੋ ਇਨ੍ਹਾਂ ਦੋਹਾਂ ਕਥਿਤ ਪ੍ਰਚਾਰਕਾਂ ਦੀ ਭਾਸ਼ਾ ਜੋ ਕਿ ਸਾਨੂੰ ਸਕਰੀਨਸ਼ਾਟ ਭੇਜੇ ਗਏ ਉਨ੍ਹਾਂ ਵਿੱਚੋਂ ਲਏ ਗਏ ਹਨ। ਹਾਲੇ ਇਹ ਉਨ੍ਹਾਂ ਸਾਰੇ ਵਿੱਚੋਂ ਕੁੱਝ ਚੋਣਵੇਂ ਦਰਸਾਏ ਗਏ ਹ, ਹਾਲੇ ਹੋਰ ਵੀ ਬਹੁਤ ਕੁੱਝ ਪਏ ਹਨ, ਜਿਨ੍ਹਾਂ ਵਿੱਚ ਹੋਰ ਵੀ ਗਿਰੀ ਹੋਈ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ।
ਐਸੇ ਬਹਿਰੂਪੀਆਂ ਦਾ ਪਰਦਾਫਾਸ਼ ਕਰਨਾ ਖ਼ਾਲਸਾ ਨਿਊਜ਼ ਦਾ ਮੁੱਢਲਾ ਕੰਮ ਰਿਹਾ ਹੈ। ਐਸੇ ਅਨਸਰ ਸੋਚਦੇ ਹਨ ਕਿ ਐਸੀ ਸ਼ਬਦਾਵਲੀ ਨਾਲ ਇਹ ਪ੍ਰੋ. ਦਰਸ਼ਨ ਸਿੰਘ ਜਾਂ ਹੋਰ ਗੁਰਮਤਿ ਨਾਲ ਪ੍ਰਣਾਏ ਹੋਏ ਸਿੱਖਾਂ ਦਾ ਮੂੰਹ ਬੰਦ ਕਰ ਲੈਣਗੇ... ਤਾਂ ਇਹ ਇਨ੍ਹਾਂ ਦਾ ਬਹੁਤ ਵੱਡਾ ਭੁਲੇਖਾ ਹੈ।
ਇਨ੍ਹਾਂ ਦੋਹਾਂ ਨੂੰ ਅਤੇ ਹੋਰ ਵੀ ਕੋਈ ਜਿਨ੍ਹਾਂ ਦੀ ਇਹ ਮਨਸ਼ਾ ਹੈ, ਤਾਂ ਉਹ ਲੋਕ ਕੰਨ ਖੋਲ ਕੇ ਤੇ ਅੱਖਾਂ ਖੋਲਕੇ ਪੜ ਲੈਣ ਕਿ ਜਿੰਨਾਂ ਗੰਦ ਪਿਛਲੇ ਸਾਲਾਂ ਤੋਂ ਟਕਸਾਲੀਆਂ, ਸਾਧ ਢੱਡਰੀਆਂਵਾਲਾ, ਹਰਨੇਕ ਜੁੰਡਲੀ, ਗੁਰਪਾਲ ਸਿੰਘ ਹੰਸਰਾ ਅਤੇ ਹੋਰਨਾਂ ਨੇ ਪਾਇਆ... ਤੇ ਜੇ ਉਨ੍ਹਾਂ ਦੇ ਇਸ ਪਾਏ ਖਲਾਰੇ ਨਾਲ ਉਹ ਕੁੱਝ ਨਾ ਵਿਗਾੜ ਸਕੇ ਤਾਂ ਇਹ ਵਿਚਾਰੇ ਕੀ ਕਰ ਸਕਣਗੇ। ਇਨ੍ਹਾਂ ਨੂੰ ਖੁੱਲਾ ਸਮਾਂ ਹੈ ਜਿਨ੍ਹਾਂ ਗੰਦ ਪਾ ਸਕਦੇ ਹੋ ਜ਼ਰੂਰ ਪਾਉ, ਪਰ ਲੱਭਣਾ ਕੁੱਝ ਨਹੀਂ ਜੇ। "ਕਹੇ ਕਾਂਵਾਂ ਦੇ ਢੋਰ ਨਾ ਕਦੇ ਮੋਏ, ਸ਼ੇਰ ਫੂਈਆਂ ਤੋਂ ਨਾਹੀਂ ਹਾਰਦੇ ਨੀ ।" ਵਾਰਿਸ ਸ਼ਾਹ ਦੀ ਇਹ ਸਤਰ ਇਨ੍ਹਾਂ ਨੂੰ ਯਾਦ ਰੱਖਣੀ ਚਾਹੀਦੀ ਹੈ। (ਫੂਈਆਂ = ਬਹਾਰੇ ਆਈ ਗਿੱਦੜੀਆਂ)
ਇਹ ਉਹ ਅਖੌਤੀ ਪ੍ਰਚਾਰਕ ਹਨ ਜਦੋਂ ਇਨ੍ਹਾਂ ਨੂੰ ਲੋੜ ਹੁੰਦੀ ਹੈ ਤਾਂ ਇਹ ਪਿੱਛੇ ਪਿੱਛੇ ਤੁਰਦੇ ਹਨ, ਤੇ ਜਦੋਂ ਇਨ੍ਹਾਂ ਦਾ ਕੰਮ ਸਰ ਜਾਂਦਾ ਹੈ ਤਾਂ ਇਹ ਆਪਣੀ ਅਸਲੀ ਜ਼ਹਿਨੀਅਤ ਦਾ ਪ੍ਰਗਟਾਵਾ ਕਰਦੇ ਹਨ। ਵੈਸੇ ਐਸੀ ਸੋਚ ਤੇ ਭਾਸ਼ਾ ਇਨ੍ਹਾਂ ਦੇ ਅੰਦਰ ਮੌਜੂਦ ਹੁੰਦੀ ਹੈ, ਪਰ ਸਟੇਜ ਉੱਤੇ ਇਹ ਸਿਰਫ ਦਿਖਾਵਾ ਕਰਦੇ ਹਨ। ਗੁਰਬਾਣੀ ਕਥਨ ਅਨੁਸਾਰ
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ॥
ਜੇ ਇਹ ਹੈ ਇਨ੍ਹਾਂ ਦੀ ਸੋਚ ਦਾ ਪੱਧਰ ਤਾਂ ਸਟੇਜਾਂ ‘ਤੇ ਬੈਠ ਕੇ ਕਿਵੇਂ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਣਗੇ? ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਨੂੰ ਇਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਧੰਨਵਾਦ।
With Thanks from, "Khalsa News"
Amar Jit Singh Chandi
ਖ਼ਾਲਸਾ ਨਿਊਜ਼
ਪ੍ਰਚਾਰਕ ਸ਼੍ਰੇਣੀ ਦੀ ਸੋਚ ਤੇ ਭਾਸ਼ਾ
Page Visitors: 2445