ਦਿੱਲੀ ਯੂਨੀਵਰਸਿਟੀ ਬਨਾਮ ਪੰਜਾਬੀ ਭਾਸ਼ਾ ਵਿਵਾਦ
ਇਸ ਵਰ੍ਹੇ ਤੋਂ ਦਿੱਲੀ ਯੂਨੀਵਰਸਿਟੀ ਵਿੱਚ ਬੀ. ਏ. ਦੇ ਅਰੰਭ ਕੀਤੇ ਗਏ ਚਾਰ-ਸਾਲਾ ਕੋਰਸ ਵਿੱਚ ਲਾਗੂ ਡੀਸੀ-ਟੂ ਪ੍ਰਣਾਲੀ ਦੇ ਤਹਿਤ ਪੰਜਾਬੀ ਭਾਸ਼ਾ ਦੀ ਪੜ੍ਹਾਈ ਦੂਜੇ ਵਰ੍ਹੇ ਤੋਂ ਸ਼ੁਰੂ ਕੀਤੇ ਜਾਣ ਦਾ ਜੋ ਪ੍ਰਾਵਧਾਨ ਕੀਤਾ ਗਿਆ ਹੈ, ਉਸਨੂੰ ਲੈ ਕੇ ਰਾਜਧਾਨੀ ਦੇ ਪੰਜਾਬੀ ਭਾਸ਼ਾਈ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਚ ਜਮਾਤਾਂ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਇਗੀ, ਜੋ ਕਿ ਦਿੱਲੀ ਵਿੱਚ ਪੰਜਾਬੀ ਭਾਸ਼ਾ ਦੇ ਲਈ ਬਹੁਤ ਹੀ ਘਾਤਕ ਸਾਬਤ ਹੋਵੇਗੀ। ਇਸਲਈ ਉਹ ਦਿੱਲੀ ਯੂਨੀਵਰਸਿਟੀ ਦੀ ਇਸ ਨੀਤੀ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਕਰਨ ਲਈ ਤਿਆਰ ਨਹੀਂ। ਵੱਡੇ ਪੈਮਾਨੇ ਤੇ ਉਸਦਾ ਵਿਰੋਧ ਕਰਨ ਲਈ ਰਣਨੀਤੀ ਬਣਾਉਣ ਵਿੱਚ ਰੁਝ ਗਏ ਹੋਏ ਹਨ।
ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਨਾਲ ਕੀਤੇ ਗਏ ਇਸ ਅਨਿਆਇ ਦੇ ਵਿਰੁਧ ਅਰੰਭੇ ਗਏ ਸੰਘਰਸ਼ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਅਕਾਲੀ ਦਲਾਂ ਆਦਿ ਵਲੋਂ ਆਪਣੇ ਸਿਰ ਸੇਹਰਾ ਬੰਨ੍ਹਣ ਦੀ ਜੋ ਨੀਤੀ ਅਪਨਾਈ ਜਾ ਰਹੀ ਹੈ, ਉਸਦੇ ਸਫਲ ਹੋਣ ਪ੍ਰਤੀ ਹੁਣ ਤੋਂ ਹੀ ਸ਼ੰਕਾਵਾਂ ਪ੍ਰਗਟ ਕੀਤੀਆਂ ਜਾਣ ਲਗੀਆਂ ਹਨ। ਭਾਸ਼ਾਈ ਮਾਹਿਰਾਂ ਦਾ ਕਹਿਣਾ ਹੈ ਕਿ, ਇਸ ਨੀਤੀ ਦੇ ਚਲਦਿਆਂ ਪੰਜਾਬੀ ਭਾਸ਼ਾ ਦੇ ਸਿੱਖ ਭਾਸ਼ਾ ਹੋਣ ਦਾ ਜੋ ਭਰਮ ਪੈਦਾ ਕੀਤਾ ਗਿਆ ਹੋਇਆ ਹੈ ਉਸਨੂੰ ਬਲ ਮਿਲੇਗਾ, ਜਿਸਦੇ ਚਲਦਿਆਂ ਗੈਰ-ਸਿੱਖ ਪੰਜਾਬੀ ਇਸ ਸੰਘਰਸ਼ ਨਾਲੋਂ ਦੂਰ ਛਿਟਕ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੰਘਰਸ਼ ਨੂੰ ਸਫਲਤਾ ਦੀ ਮੰਜ਼ਿਲ ਤਕ ਪਹੁੰਚਾਣ ਲਈ ਸਿੱਖ ਲੀਡਰਾਂ ਨੂੰ ਆਪਣੇ ਸਿਰ ਸੇਹਰਾ ਬੰਨ੍ਹਣ ਦੀ ਲਾਲਸਾ ਨੂੰ ਤਿਆਗਣਾ ਅਤੇ ਇਸਦੀ ਅਗਵਾਈ ਗ਼ੈਰ-ਸਿੱਖਾਂ ਨੂੰ ਸੌਂਪਣੀ ਹੋਵੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਿੱਖ ਆਗੂਆਂ ਨੂੰ ਇਹ ਗਲ ਯਾਦ ਰਖਣੀ ਚਾਹੀਦੀ ਹੈ ਕਿ ਜਦੋ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨੂੰ ਸਨਮਾਨ ਦੁਆਣ ਲਈ ਸਿੱਖ ਆਗੂਆਂ ਵਲੋਂ ਸੰਘਰਸ਼ ਛੇੜਿਆ ਗਿਆ ਹੋਇਆ ਸੀ, ਉਹ ਸਫਲਤਾ ਨਾ ਮਿਲ ਪਾਣ ਦੇ ਕਾਰਣ ਲਗਾਤਾਰ ਲੰਬਾ ਖਿੱਚਦਾ ਚਲਿਆ ਜਾ ਰਿਹਾ ਸੀ, ਆਖਿਰ ਉਸਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ‘ਪੰਜਾਬ ਕੇਸਰੀ’ ਦਿੱਲੀ ਦੇ ਸੰਪਾਦਕ ਸ਼੍ਰੀ ਅਸ਼ਵਿਨੀ ਕੁਮਾਰ ਨੇ ਅੱਗੇ ਆ ਉਸਦੀ ਅਗਵਾਈ ਸੰਭਾਲੀ। ਉਨ੍ਹਾਂ ਆਪਣੀ ਲੇਖਨ-ਸ਼ਕਤੀ ਦੀ ਵਰਤੋਂ ਕਰ ਹਰਿਆਣਾ ਦੇ ਸਮੁਚੇ ਪੰਜਾਬੀਆਂ ਨੂੰ ਝਿਂਝੋੜਿਆ ਤੇ ਉਨ੍ਹਾਂ ਦੇ ਦਿਲ ਵਿੱਚ ਦਬੇ ਆਪਣੀ ਮਾਤ-ਭਾਸ਼ਾ ਪੰਜਾਬੀ ਪ੍ਰਤੀ ਪਿਆਰ ਨੂੰ ਉਭਾਰਿਆ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਮਂੇਦਾਰੀ ਦਾ ਅਹਿਸਾਸ ਕਰਵਾਇਆ। ਜਿਸਦਾ ਨਤੀਜਾ ਇਹ ਹੋਇਆ ਕਿ ਉਥੋਂ ਦੇ ਸਾਰੇ ਪੰਜਾਬੀ ਇੱਕ ਜੁਟ ਹੋ ਪੰਜਾਬੀ ਭਾਸ਼ਾ ਨੂੰ ਸਨਮਾਨ ਦੁਆਣ ਦੇ ਆਪਣੇ ਸੰਘਰਸ਼ ਨੂੰ ਸਫਲਤਾ ਦੀ ਮੰਜ਼ਿਲ ਤੱਕ ਪਹੁੰਚਾਣ ਲਈ ਸਰਗਰਮ ਹੋ ਗਏ।
ਦਸਿਆ ਗਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਨੇ ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਸਹਿਤ ਹੋਰ ਇਲਾਕਾਈ ਭਾਸ਼ਾਵਾਂ ਨਾਲ ਕੀਤੇ ਜਾ ਰਹੇ ਇਸ ਅਨਿਆਇ ਦੇ ਵਿਰੁਧ ਸੰਘਰਸ਼ ਤੇਜ਼ ਕਰਨ ਲਈ, ਇਲਾਕਾਈ ਭਾਸ਼ਾਈ ਮੁਖੀਆਂ ਨਾਲ ਮਿਲ ਕੇ ਇੱਕ ਸਾਂਝਾ ਮੁਹਾਜ਼ ਬਣਾਇਆ ਹੈ, ਜੋ ਸੁਆਗਤਯੋਗ ਹੈ ਪਰ ਇਸ ਮੁਹਾਜ਼ ਵਿੱਚ ਗ਼ੈਰ-ਸਿੱਖ ਪੰਜਾਬੀਆਂ ਨੂੰ ਪ੍ਰਤੀਨਿਧਤਾ ਦੇ ਕੇ ਪੰਜਾਬੀ ਭਾਸ਼ਾ ਦੀ ਲੜਾਈ ਦੀ ਜ਼ਿਮੇਂਦਾਰੀ ਨਾ ਸੌਂਪਿਆਂ ਜਾਣਾ ਇਸਦੀ ਸਫਲਤਾ ਪ੍ਰਤੀ ਸ਼ੰਕਾਵਾਂ ਨੂੰ ਬਣਾਈ ਰਖ ਰਿਹਾ ਹੈ।
ਸ. ਸ਼ੰਟੀ ਨੇ ਉਠਾਇਆ ਇੱਕ ਸੁਆਲ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕਤੱਰ ਅਤੇ ਗੁਰਦੁਆਰਾ ਕਮੇਟੀ ਦੇ ਵਰਤਮਾਨ ਮੈਂਬਰ ਸ. ਗੁਰਮੀਤ ਸਿੰਘ ਸ਼ੰਟੀ ਨੇ ਸ੍ਰੀ ਅੰਮ੍ਰਿਤਸਰ ਪੁਜ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਇੱਕ ਪਤ੍ਰ ਸੌਂਪਿਆ ਹੈ, ਦਸਿਆ ਗਿਆ ਹੈ ਕਿ ਉਸ ਪਤ੍ਰ ਵਿੱਚ ਸ. ਸ਼ੰਟੀ ਵਲੋਂ ਮੰਗ ਕੀਤੀ ਗਈ ਹੈ ਕਿ ਸ੍ਰੀ ਅਕਾਲ ਤਖਤ ਤੋਂ ਨਵੰਬਰ-84 ਦੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਨੂੰ ‘ਸ਼ਹੀਦ’ ਐਲਾਨ ਕੇ ਉਨ੍ਹਾਂ ਨੂੰ ਸ਼ਹੀਦ ਵਜੋਂ ਮਾਨਤਾ ਦੇ ਕੇ ਸਨਮਾਨਿਆ ਜਾਏ। ਸ. ਗੁਰਮੀਤ ਸਿੰਘ ਸ਼ੰਟੀ ਨੇ ਆਪਣੇ ਇਸ ਪਤ੍ਰ ਵਿੱਚ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਨੂੰ ਇਹ ਵੀ ਯਾਦ ਕਰਾਇਆ ਹੈ ਕਿ ਅਕਾਲ ਤਖਤ ਤੋਂ ਨਵੰਬਰ-84 ਦੇ ਕਤਲੇਆਮ ਨੂੰ ‘ਸਿਖ ਨਸਲਕੁਸ਼ੀ’ ਤਾਂ ਐਲਾਨ ਦਿੱਤਾ ਗਿਆ ਹੈ, ਪ੍ਰੰਤੂ ਇਸ ਕਾਂਡ ਵਿੱਚ ਆਪਣੀਆਂ ਜਾਨਾਂ ਗੰਵਾਣ ਵਾਲੇ ਸਿੱਖਾਂ ਨੂੰ ਸ਼ਹੀਦ ਨਹੀਂ ਐਲਾਨਿਆ ਗਿਆ। ਸ. ਸ਼ੰਟੀ ਦਾ ਮੰਨਣਾ ਹੈ ਕਿ ਨਵੰਬਰ-84 ਦੇ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਦੇ ‘ਸ਼ਹੀਦ’ ਹੋਣ ਜਾਂ ਨਾ ਹੋਣ ਦੇ ਸਬੰਧ ਵਿੱਚ ਉਠ ਰਹੇ ਸੁਆਲ ਕਾਰਣ ਸਿੱਖਾਂ ਵਿੱਚ ਦੁਬਿਧਾ ਬਣੀ ਹੋਈ ਹੈ ਅਤੇ ਇਹੀ ਦੁਬਿਧਾ ਨਵੰਬਰ-84 ਦੇ ਕਤਲੇਆਮ ਦੀ ਯਾਦਗਾਰ ਬਣਾਏ ਜਾਣ ਦੇ ਮੁੱਦੇ ’ਤੇ ਵਿਵਾਦ ਪੈਦਾ ਕਰਨ ਦਾ ਕਾਰਣ ਬਣ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਕਾਲ ਤਖਤ ਤੋਂ ਇਸ ‘ਨਸਲਕੁਸ਼ੀ’ ਦਾ ਸ਼ਿਕਾਰ ਹੋਏ ਸਿੱਖਾਂ ਨੂੰ ‘ਸ਼ਹੀਦ’ ਵਜੋਂ ਮਾਨਤਾ ਦੇ ਦਿੱਤੀ ਜਾਂਦੀ ਹੈ ਤਾਂ ਇਸ ਸਬੰਧੀ ਯਾਦਗਾਰ ਸਥਾਪਤ ਕੀਤੇ ਜਾਣ ਦੇ ਸਬੰਧ ਵਿੱਚ ਪੈਦਾ ਹੋਇਆ ਵਿਵਾਦ ਆਪਣੇ ਆਪ ਖਤਮ ਹੋ ਜਾਇਗਾ।
ਇਸ ਸਬੰਧ ਵਿੱਚ ਧਿਆਨ ਦੇਣ ਵਾਲੀ ਗਲ ਇਹ ਹੈ ਕਿ ਨਵੰਬਰ-84 ਦੇ ਕਾਂਡ ਦੇ ਇਸ ਪਹਿਲੂ ਨੂੰ ਅਜੇ ਤਕ ਨਾ ਤਾਂ ਕਿਸੇ ਨੇ ਛੋਹਾ ਅਤੇ ਨਾ ਹੀ ਕਦੀ ਇਸਦੇ ਸਬੰਧ ਵਿੱਚ ਕੋਈ ਸੁਆਲ ਉਠਾਇਆ। ਸ. ਗੁਰਮੀਤ ਸਿੰਘ ਸ਼ੰਟੀ ਨੇ ਇਸ ਮੁੱਦੇ ਨੂੰ ਪਹਿਲੀ ਵਾਰ ਛੋਹ ਅਤੇ ਉਠਾ ਕੇ ਨਾ ਕੇਵਲ ਅਕਾਲ ਤਖਤ ਦੇ ਜੱਥੇਦਾਰ ਨੂੰ, ਸਗੋਂ ਸਾਰੇ ਸਿੱਖ ਜਗਤ ਨੂੰ ਇਸ ਸਬੰਧ ਵਿੱਚ ਗੰਭੀਰਤਾ ਨਾਲ ਵਿਚਾਰਨ ਲਈ ਮਜਬੂਰ ਕਰ ਦਿੱਤਾ ਹੈ। ਧਾਰਮਕ ਮਾਨਤਾਵਾਂ ਪ੍ਰਤੀ ਸਮਰਪਤ ਸ਼ਖਸੀਅਤਾਂ ਦਾ ਮੰਨਣਾ ਹੈ ਕਿ ਧਾਰਮਕ ਮਾਨਤਾਵਾਂ ਅਨੁਸਾਰ ਇਸ ਮੁੱਦੇ ਪੁਰ ਕੋਈ ਫੈਸਲਾ ਲੈਣਾ ਅਕਾਲ ਤਖਤ ਦੇ ਜੱਥੇਦਾਰ ਲਈ ਸਹਿਜ ਨਹੀਂ ਹੋਵੇਗਾ, ਕਿਉਂਕਿ ਧਾਰਮਕ ਮਾਨਤਾਵਾਂ ਅਨੁਸਾਰ ‘ਸ਼ਹੀਦ’ ਉਹੀ ਮੰਨਿਆ ਜਾ ਸਕਦਾ ਹੈ, ਜਿਸਨੇ ਕਿਸੇ ਮਹਾਨ ਮਾਨਵੀ ਉਦੇਸ਼ ਲਈ ਮੌਤ ਨੂੰ ਕਬੂਲਿਆ ਅਤੇ ਸਾਹਮਣੇ ਬਚਾਅ ਦਾ ਰਸਤਾ ਹੁੰਦਿਆਂ ਹੋਇਆਂ ਵੀ ਉਸਨੇ ਆਪਣੇ ਉਦੇਸ਼ ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਮੌਤ ਨੂੰ ਹੀ ਪਹਿਲ ਦੇ ਆਧਾਰ ਤੇ ਸਵੀਕਾਰਿਆ ਹੋਵੇ। ਇਸਦੇ ਨਾਲ ਹੀ ਇਸ ਸਬੰਧੀ ਫੈਸਲਾ ਕਰਦਿਆਂ ਪੰਜਾਂ ਸਿੰਘ ਸਾਹਿਬਾਨ ਦੇ ਸਾਹਮਣੇ ਇਹ ਸੁਆਲ ਵੀ ਵਿਚਾਰ-ਅਧੀਨ ਹੋਵੇਗਾ ਕਿ ਕੀ ਜਿਸ ਮੌਤ ਦਾ ਮੁਅਵਜ਼ਾ ਲੈ ਲਿਆ ਗਿਆ ਹੋਵੇ ਕੀ ਉਸ ਮੌਤ ਨੂੰ ਸਿੱਖ ਮਾਨਤਾਵਾਂ ਅਨੁਸਾਰ ‘ਸ਼ਹੀਦ ਦੀ ਮੌਤ’ ਵਜੋਂ ਸਵਕਾਰਿਆ ਜਾ ਸਕਦਾ ਹੈ ਜਾਂ ਮਾਨਤਾ ਦਿੱਤੀ ਜਾ ਸਕਦੀ ਹੈ?
ਦਿੱਲੀ ਵਿਧਾਨ ਸਭਾ ਦੀਆਂ ਚੋਣਾਂ : ਟਿਕਟਾਂ ਲਈ ਲਾਬੀ : ਦਸਿਆ ਗਿਆ ਹੈ ਕਿ ਨੇੜ ਭਵਿਖ ਵਿੱਚ ਹੋ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਅਕਾਲੀ-ਭਾਜਪਾ ਗਠਜੋੜ ਦੇ ਤਹਤ ਬਾਦਲ ਅਕਾਲੀ ਦਲ ਦੇ ਉਮੀਦਵਾਰਾਂ ਨੇ ਆਪੋ-ਆਪਣੇ ਟਿਕਟ ਲਈ ਹੁਣ ਤੋਂ ਹੀ ਗੋਟੀਆਂ ਬਿਠਾਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਰਾਜੌਰੀ ਗਾਰਡਨ ਹਲਕੇ ਤੋਂ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਦੋ ਧੁਰੰਧਰ ਆਹਮੋ-ਸਾਹਮਣੇ ਹੋ ਰਹੇ ਹਨ। ਉਥੋਂ ਆਪਣੇ ਟਿਕਟ ਦਾ ਜੁਗਾੜ ਕਰਨ ਲਈ ਜਿਥੇ ਦਲ ਦੇ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਡਿੰਪਲ ਚੱਡਾ ਸਰਗਰਮੀ ਨਾਲ ਜੁਟੇ ਹੋਏ ਹਨ, ਉਥੇ ਹੀ ਦਿੱਲੀ ਪ੍ਰਦੇਸ਼ ਯੂਥ ਵਿੰਗ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸੇ ਸੀਟ ਲਈ ਆਪਣੀ ਪੂਰੀ ਤਾਕਤ ਝੌਂਕੀ ਹੋਈ ਹੈ। ਦਸਿਆ ਗਿਆ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਨੇਤਾ ਸ. ਹਰਮਨਜੀਤ ਸਿੰਘ ਦੇ ਰਾਜੌਰੀ ਗਾਰਡਨ ਸਥਿਤ ਨਿਵਾਸ ’ਤੇ ਇਲਾਕੇ ਦੇ ਸਿੱਖ ਮੁੱਖੀਆਂ ਦੀ ਇੱਕ ਬੈਠਕ ਹੋਈ, ਜਿਸ ਵਿੱਚ ਇਨ੍ਹਾਂ ਦੋਹਾਂ ਦੇ ਦਾਅਵਿਆਂ ਪੁਰ ਚਰਚਾ ਕੀਤੀ ਗਈ। ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕਿਉਂਕਿ ਸ. ਮਨਜਿੰਦਰ ਸਿੰਘ ਸਿਰਸਾ ਪੁਰ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕਤੱਰ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਦੇ ਬਹੁਤ ਜ਼ਿਆਦਾ ਰੁਝੇਵੇਂ ਹਨ, ਇਸਲਈ ਸਰਬ ਸੰਮਤੀ ਨਾਲ ਇਸ ਵਿਧਾਨ ਸਭਾ ਹਲਕੇ ਤੋਂ ਸ਼੍ਰੀ ਡਿੰਪਲ ਚੱਡਾ ਨੂੰ ਪਾਰਟੀ ਦਾ ਉਮੀਦਵਾਰ ਬਣਾਏ ਜਾਣ ਦੀ ਸਿਫਾਰਿਸ਼ ਅਕਾਲੀ ਹਾਈ ਕਮਾਨ ਨੂੰ ਕੀਤੀ ਜਾਏ।
...ਅਤੇ ਅੰਤ ਵਿੱਚ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸਥਾਨਕ ਮੁੱਖੀ ਨਾਲ ਜਦੋਂ ਗਲ ਹੋਈ ਤਾਂ ਉਸ ਨੇ ਕਿਹਾ ਕਿ ਜੇ ਅਕਾਲੀ ਹਾਈ ਕਮਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪਾਰਟੀ ਨਿਗਮ ਪਾਰਸ਼ਦਾਂ ਵਿਚੋਂ ਹੀ ਦਿੱਲੀ ਵਿਧਾਨ ਸਭਾ ਲਈ ਆਪਣੇ ਉਮੀਦਵਾਰ ਚੁਣਦੀ ਹੈ ਤਾਂ ਆਮ ਲੋਕਾਂ ਵਿੱਚ ਇਹੀ ਸੰਦੇਸ਼ ਚਲਾ ਜਾਇਗਾ ਕਿ ਦਲ ਦੇ ਪਾਸ ਘੁੰਮ-ਫਿਰ ਕੇ ਇਹੀ ਚਾਰ-ਛੇ ਮੁੱਖੀ ਹਨ ਜਿਨ੍ਹਾਂ ਨੂੰ ਹਰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ।
-ਜਸਵੰਤ ਸਿੰਘ ‘ਅਜੀਤ’