ਹੁਣ ਮੁਸਲਮਾਨ ਵੀਰਾਂ-ਭੈਣਾਂ ਦੇ ਸੰਭਲਣ ਦੀ ਵਾਰੀ ਹੈ
ਇਹ ਲਿਖਣਾ ਮੈਨੂੰ ਚੰਗਾ ਨਹੀਂ ਲੱਗ ਰਿਹਾ। ਸਿੱਖਾਂ ਨੇ ਹੁਣ ਤੱਕ ਭਾਰਤ ਨੂੰ ਆਜ਼ਾਦ ਰੱਖਣ , ਅਤੇ ਭਾਰਤੀਆਂ ਨੂੰ ਇਕੱਠਾ ਰੱਖਣ ਲਈ, ਹਿੰਦੂਆਂ ਅਤੇ ਮੁਸਲਮਾਨਾਂ ਨਾਲ ਰਲ ਕੇ ਬਹੁਤ ਘਾਲਣਾ ਘਾਲੀਆਂ ਹਨ। ਪਹਿਲਾਂ ਮੁਸਲਮਾਨ ਹਾਕਮ ਸਨ,ਜੋ ਪਰਜਾ ਤੇ ਜ਼ੁਲਮ ਕਰਦੇ ਸੀ, ਭਾਵੇਂ ਪਰਜਾ ਵਿਚਲੇ ਹਿੰਦੂ ਸਨ ਮੁਸਲਮਾਨ ਜਾਂ ਸਿੱਖ। 7/8 ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਿੱਖ-ਰਾਜ ਵੇਲੇ ਅਤੇ 50 ਸਾਲ ਕਰੀਬ ਮਹਾਰਾਜਾ ਰਨਜੀਤ ਸਿੰਘ ਦੇ ਰਾਜ ਵੇਲੇ ਅਜਿਹਾ ਸਮਾ ਰਿਹਾ ਜਦ ਪਰਜਾ ਤੇ ਜ਼ੁਲਮ ਨਹੀਂ ਹੋਇਆ। ਬਾਕੀ ਦਾ ਸਮਾ ਭਾਵੇਂ ਮੁਗਲਾਂ ਦਾ ਰਾਜ ਸੀ, ਭਾਵੇਂ ਅੰਗਰੇਜ਼ਾਂ ਦਾ ਰਾਜ ਸੀ, ਜਾਂ ਹੁਣ ਦੇ ਲੋਕ-ਤੰਤ੍ਰੀ ਪਰਦੇ ਪਿੱਛੇ ਬ੍ਰਾਹਮਣ ਦਾ ਰਾਜ ਹੈ, ਪਰਜਾ ਨੂੰ ਜ਼ੁਲਮ ਦੀ ਚੱਕੀ ਵਿਚ ਪਿਸਣਾ ਹੀ ਪਿਆ ਹੈ। ਗੁਰੂ ਨਾਨਕ ਜੀ ਨੇ ਸਿੱਖਾਂ ਨੂੰ ਗੁੜ੍ਹਤੀ ਹੀ ਇਹ ਦਿੱਤੀ ਸੀ ਕਿ,
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥1॥ (1349)
ਅਰਥ:-ਹੇ ਭਾਈ ਸਭ ਤੋਂ ਪਹਿਲਾਂ ਖੁਦਾ, ਅਲਹਾ, ਰੱਬ, ਵਾਹਿਗੁਰੂ ਦਾ ਨੂਰ ਹੀ ਹੈ, ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ, ਇਹ ਸਾਰੇ ਜੀਵ ਉਸ ਦੀ ਕੁਦਰਤ ਦਾ ਹੀ ਹਿੱਸਾ ਹਨ। ਪ੍ਰਭੂ ਦੇ ਨੂਰ, ਉਸ ਦੀ ਜੋਤ ਤੋਂ ਹੀ ਸਾਰਾ ਜਗਤ ਬਣਿਆ ਹੈ। ਦੁਨਿਆਵੀ ਮਾਇਆ ਕਾਰਨ ਪਈਆਂ ਵੰਡੀਆਂ ਦੇ ਅਧਾਰ ਤੇ ਕਿਸੇ ਨੂੰ ਚੰਗਾ ਜਾਂ ਮਾੜਾ ਨਹੀਂ ਸਮਝਣਾ ਚਾਹੀਦਾ।
ਇਸ ਤੇ ਅਮਲ ਕਰਦਿਆਂ, ਸਿੱਖਾਂ ਦੀ ਕਦੇ ਵੀ ਆਮ ਜੰਤਾ ਨਾਲ ਨਹੀਂ ਵਿਗੜੀ, ਹਾਕਮਾਂ ਦੇ ਜ਼ੁਲਮ ਕਾਰਨ, ਉਨ੍ਹਾਂ ਨਾਲ ਕਦੀ ਬਣੀ ਨਹੀਂ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਇਹ ਤਾਕੀਦ ਵੀ ਕੀਤੀ ਹੈ ਕਿ,
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥੧੬॥ (1427)
ਅਰਥ:- ਹੇ ਨਾਨਕ ਆਖ, ਹੇ ਮਨ ਸੁਣ, ਜਿਹੜਾ ਬੰਦਾ ਕਿਸੇ ਨੂੰ ਡਰਾਵੇ ਨਹੀਂ ਦਿੰਦਾ ਅਤੇ ਕਿਸੇ ਦੇ ਡਰਾਵੇ ਨਹੀਂ ਮੰਨਦਾ, ਡਰਾਵਿਆਂ ਤੋਂ ਘਬਰਾਉਂਦਾ ਨਹੀਂ, ਉਸ ਨੂੰ ਆਤਮਕ ਸੂਝ ਵਾਲਾ ਸਮਝ।
ਕਿਸੇ ਵੇਲੇ ਸਿੱਖ, ਆਤਮਕ ਸੂਝ ਵਾਲੇ ਵੀ ਸਨ ਅਤੇ ਸਰੀਰ ਪੱਖੋਂ ਵੀ ਬਲਵਾਨ ਸਨ, ਜਿਸ ਆਸਰੇ ਉਹ ਨਾ ਤਾਂ ਕਿਸੇ ਨੂੰ ਡਰਾਵੇ ਦਿੰਦੇ ਸਨ ਅਤੇ ਨਾ ਕਿਸੇ ਦੇ ਡਰਾਵੇ ਤੋਂ ਘਬਰਾਉਂਦੇ ਹੀ ਸਨ, ਅਤੇ ਹਰ ਲੋੜ-ਵੰਦ ਦੀ ਤੁਰੰਤ ਮਦਦ ਕਰਦੇ ਸਨ। (ਅੱਜ ਵੀ ਦਿੱਲੀ ਵਿਚ ਸਿੱਖਾਂ ਦੀ ਏਨੀ ਗਿਣਤੀ ਹੈ ਕਿ ਉਨ੍ਹਾਂ ਦੇ ਹੁੰਦਿਆਂ ਦਿੱਲੀ ਦੇ ਕਿਸੇ ਮਜਬੂਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸੀ।) ਪਰ ਅੱਜ ਅਜਿਹਾ ਨਹੀਂ ਹੈ, ਗੁਰਬਾਣੀ ਨਾਲੋਂ ਟੁੱਟੇ ਹੋਣ ਕਾਰਨ ਉਹ ਆਤਮਕ ਤੌਰ ਤੇ ਸੂਝਵਾਨ ਨਹੀਂ ਹਨ ਅਤੇ ਆਪਸ ਵਿਚ ਏਕਾ ਨਾ ਹੋਣ ਕਾਰਨ ਸਰੀਰਕ ਤੌਰ ਤੇ ਵੀ ਬਲਵਾਨ ਨਹੀਂ ਹਨ। ਆਪਸੀ ਧੜੇ-ਬੰਦੀਆਂ ਵਿਚ ਵੰਡੇ ਹੋਏ ਹੋਣ ਕਾਰਨ ਦੂਸਰਿਆਂ ਦੇ ਡਰਾਵਿਆਂ ਤੋਂ ਡਰਦੇ ਵੀ ਹਨ, ਇਹੀ ਕਾਰਨ ਹੈ ਕਿ ਮੈਨੂੰ ਇਹ ਸੁਨੇਹਾ ਲਿਖਣਾ ਪੈ ਰਿਹਾ ਹੈ।
ਆਪ ਬੀਤੀ; 1984 ਵੇਲੇ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਹੀ ਉਤ੍ਰੀ ਭਾਰਤ ਦੇ ਇਲਾਕਿਆਂ ਵਿਚ ਸਿੱਖਾਂ ਬਾਰੇ ਮਰਦਮ-ਸ਼ੁਮਾਰੀ ਆਸਰੇ ਬਹੁਤ ਜਾਣਕਾਰੀ ਇਕੱਠੀ ਕਰ ਕੇ ਉਨ੍ਹਾਂ ਦੀਆਂ ਲਿਸਟਾਂ ਬਣੀਆਂ ਹੋਈਆਂ ਸਨ, ਅਤੇ ਕਈ ਇਲਾਕਿਆਂ ਵਿਚ ਤਾਂ ਘਰਾਂ ਦੇ ਬਾਹਰ ਗੁਪਤ ਨਿਸ਼ਾਨੀਆਂ ਵੀ ਲਾਈਆਂ ਗਈਆਂ ਸਨ, ਜੋ ਨਵੰਬਰ 1984 ਵੇਲੇ ਧਾੜਵੀਆਂ ਦੇ ਕੰਮ ਆਈਆਂ, ਅੱਜ ਦਿੱਲੀ ਦੇ ਕੁਝ ਇਲਾਕਿਆਂ ਵਿਚ ਤੁਹਾਡੇ ਨਾਲ ਵੀ ਇਹੀ ਕੁਝ ਹੋਇਆ ਹੈ। ਧਾੜਵੀ ਦਿੱਲੀ ਵਿਚਲੇ ਨਹੀਂ ਹਨ, ਉਹ ਹਰਿਆਣਾ ਅਤੇ ਯੂ.ਪੀ. ਵਿਚ ਵਸਦੇ ਹਨ, ਜੋ ਬ੍ਰਾਹਮਣ ਨੇਤਿਆਂ ਦੇ ਸੰਪਰਕ ਵਿਚ ਹਨ ਅਤੇ ਇਹ ਨੇਤੇ ਲੋੜ ਪੈਣ ਤੇ ਉਨ੍ਹਾਂ ਨੂੰ ਟਰੱਕਾਂ ਰਾਹੀਂ ਸਾਰੇ ਹਥਿਆਰਾਂ ਸਮੇਤ ਲੋੜੀਂਦੀ ਥਾਂ ਤੇ ਪਹੁੰਚਾ dਦੇ ਹਨ। ਅੱਜ ਤੁਹਾਡੇ ਬਾਰੇ ਵੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਪਟਰੋਲ-ਪੰਪਾਂ ਦੇ ਮਾਲਕਾਂ ਨੂੰ ਸਰਕਾਰ ਵਲੋਂ ਨੋਟਸ ਆਏ ਹਨ ਜਿਨ੍ਹਾਂ ਵਿਚ ਪਟਰੋਲ-ਪੰਪਾਂ ‘ਚ ਕੰਮ ਕਰ ਰਹੇ ਕਾਮਿਆਂ ਦਾ ਨਾਮ , ਪਿਤਾ ਦਾ ਨਾਮ, ਸ਼ਹਰ, ਮੁਹੱਲਾ, ਮਕਾਨ ਨੰਬਰ ਅਤੇ ਘਰ ਦੇ ਜੀਆਂ ਦਾ ਵੇਰਵਾ ਮੰਗਿਆ ਗਿਆ ਹੈ, ਅਤੇ ਅਜਿਹਾ ਹੋਰ ਵੀ ਕਈ-ਕੁਝ ਹੋਵੇਗਾ। ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਝਗੜਾ ਛੇਤੀ ਨਿਬੜਨ ਵਾਲਾ ਨਹੀਂ।
ਫਿਲਹਾਲ ਏਨਾ ਹੀ ਕਹਿਣਾ ਹੈ ਕਿ ਤੁਸੀਂ ਸਾਰੇ ਸੋਸ਼ਲ-ਮੀਡੀਆ ਰਾਹੀਂ ਆਪਸ ਵਿਚ ਜੁੜੇ ਰਹੋ, ਖਤਰੇ ਵਾਲੀ ਕਿਸੇ ਜਗ੍ਹਾ ਜਾਣ ਤੋਂ ਵੀ ਬਚੋ। ਵੈਸੈ ਚੰਗੇ ਸਿੱਖ ਅਤੇ ਚੰਗੇ ਹਿੰਦੂ ਵੀ ਤੁਹਾਡੀ ਮਦਦ ਜ਼ਰੂਰ ਕਰਨਗੇ। ਜੋ ਗੁਰਦਵਾਰਿਆਂ ਦੇ ਕੋਲ ਰਹਿੰਦੇ ਹਨ, ਉਨ੍ਹਾਂ ਨੂੰ ਗੁਰਦਵਾਰੇ ਦੇ ਲੰਗਰ ਦਾ ਲਾਹਾ ਲੈਣਾ ਚਾਹੀਦਾ ਹੈ, ਗੁਰਦਵਾਰੇ ਵਿਚ ਆਇਆ ਮਾਲ ਵੀ ਸਭ ਦਾ ਸਾਂਝਾ ਹੁੰਦਾ ਹੈ ਅਤੇ ਉਸ ਨੂੰ ਸਾਂਝੇ ਤੌਰ ਤੇ ਵਰਤਣ ਦਾ ਵੀ ਵਿਧਾਨ ਹੈ।
ਤੁਹਾਡਾ ਆਪਣਾ
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਹੁਣ ਮੁਸਲਮਾਨ ਵੀਰਾਂ-ਭੈਣਾਂ ਦੇ ਸੰਭਲਣ ਦੀ ਵਾਰੀ ਹੈ
Page Visitors: 2449