ਕੀ ਸਿੱਖ ਤਸਵੀਰਾਂ ਦਾ ਪੁਜਾਰੀ ਹੈ ?
-: ਸੰਪਾਦਕ ਖ਼ਾਲਸਾ ਨਿਊਜ਼
ਆਏ ਦਿਨ ਵਾਪਰ ਰਹੀਆਂ ਘਟਨਾਵਾਂ ਜਿਨ੍ਹਾਂ ਵਿੱਚ ਗੁਰੂ ਸਾਹਿਬ ਦੀਆਂ ਕਹੀਆਂ ਜਾਂਦੀਆਂ ਤਸਵੀਰਾਂ ਨਾਲ ਛੇੜਛਾੜ ਹੋ ਰਹੀ ਹੈ। ਇਹ ਸੋਚਣ ਵਾਲੀ ਗੱਲ ਹੈ, ਕਿ ਕੀ ਸਿੱਖ ਤਸਵੀਰਾਂ ਦਾ ਪੁਜਾਰੀ ਹੈ?
ਇੱਕ ਤਰਫ ਸਿੱਖ ਅਖਵਾਉਣ ਵਾਲੇ ਆਪਣੇ ਆਪ ਨੂੰ ਅਕਾਲਪੁਰਖ ਦਾ ਪੁਜਾਰੀ ਕਹਿੰਦੇ ਹਨ, ਦੂਜੇ ਪਾਸੇ ਤਸਵੀਰਾਂ ਨੂੰ ਵੀ ਮਾਨਤਾ ਦੇਈ ਜਾਂਦੇ ਨੇ।
ਗੁਰਬਾਣੀ ਤਾਂ ਕਹਿੰਦੀ ਹੈ ਕਿ : "ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥"
ਤੇ ਗੁਰ ਮੂਰਤਿ ਕੀ ਹੈ
"ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥"
* ਸਤਿਗੁਰ ਕੀ ਮੂਰਤਿ - ਗੁਰੂ ਦਾ ਸਰੂਪ, ਗੁਰੂ ਦਾ ਆਤਮਕ ਸਰੂਪ, ਗੁਰੂ ਦੀ ਬਾਣੀ।
ਭਾਈ ਗੁਰਦਾਸ ਜੀ ਵੀ ਕਹਿੰਦੇ ਹਨ : "ਗੁਰ ਮੂਰਤਿ ਗੁਰੁ ਸਬਦੁ ਹੈ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ॥"
ਗੁਰੂ ਦੀ ਮੂਰਤਿ ਹੈ, ਗੁਰੂ ਦੀ ਬਾਣੀ ਹੈ, ਨਾ ਕਿ ਇਹ ਤਸਵੀਰਾਂ। ਇਨ੍ਹਾਂ ਤਸਵੀਰਾਂ ਨੇ ਹੀ ਸੌਦਾ ਸਾਧ ਨੂੰ ਉਭਾਰਿਆ। ਕੀ ਔਕਾਤ ਸੀ ਸੌਦਾ ਸਾਧ ਦੀ, ਕਿੰਨੇ ਕੁ ਲੋਕ ਜਾਣਦੇ ਸਨ ਉਸ ਬਾਰੇ। ਉਸਨੂੰ ਪਤਾ ਸੀ ਕਿ ਸਿੱਖ ਤਸਵੀਰਾਂ ਦੇ ਪੁਜਾਰੀ ਹਨ, ਕਿਉਂ ਨਾ ਇੱਕ ਤਸਵੀਰ ਦੀ ਬੇਅਦਬੀ ਕਰਕੇ ਇਨ੍ਹਾਂ ਨੂੰ ਪਰਖਿਆ ਜਾਵੇ। ਜੋ ਉਸਨੇ ਚਾਹਿਆ ਉਹੀ ਹੋਇਆ, ਕਿਉਂਕਿ ਅਖੌਤੀ ਪੰਥਕ ਸਰਕਾਰ ਉਸ ਨਾਲ ਸੀ, ਪੁਲਿਸ ਨਾਲ ਸੀ। ਤਸਵੀਰਾਂ ਦੇ ਪੁਜਾਰੀ ਸਿੱਖਾਂ ਕਰਕੇ ਅੱਜ ਸੌਦਾ ਸਾਧ ਬਹੁਤ ਵੱਡੀ ਮੁਸੀਬਤ ਬਣ ਚੁਕਾ ਹੈ, ਕਾਰਣ .... ਕਾਰਣ ਹੈ ਸਿੱਖਾਂ ਦਾ ਬੁੱਤਪੂਜ ਬਣਨਾ।
ਜੇ ਗੁਰੂ ਦਾ ਕਿਹਾ ਮੰਨਿਆ ਹੁੰਦਾ, ਤਾਂ ਇਹ ਮੁਸੀਬਤ ਨਾ ਬਣਦੇ। ਹੁਣ ਪਿੱਛੇ ਜਿਹੇ ਇੱਕ ਮਲੇਸ਼ੀਆ 'ਚ ਰਹਿੰਦੇ ਸਰਬਜੀਤ ਗਾਲੀ ਨੇ ਫਿਰ ਇੱਕ ਤਸਵੀਰ ਨਾਲ ਛੇੜਛਾੜ ਕੀਤੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੱਕੜ ਤੱਕ ਨੇ ਕਹਿ ਦਿੱਤਾ ਕਿ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਇਹ ਸਾਬਿਤ ਕਰ ਰਹੇ ਨੇ ਕਿ ਸਿੱਖ ਬੁੱਤਪੂਜਕ ਹਨ।
ਹੁਣ ਇਹ ਕੱਲ ਹੀ ਇੱਕ ਇੰਗਲੈਂਡ 'ਚ ਕੁੜੀ ਨੇ ਗੁਰੂ ਨਾਨਕ ਸਾਹਿਬ ਦੀ ਕਹੀ ਜਾਂਦੀ ਤਸਵੀਰ ਨਾਲ ਛੇੜਖਾਨੀ ਕੀਤੀ, ਹੁਣ ਫੇਰ ਉਹੀ ਕੰਮ ਹੋਏਗਾ।
ਇਸ ਤਰ੍ਹਾਂ ਦੇ ਲੋਕ ਮਾਨਸਿਕ ਤੌਰ 'ਤੇ ਬਿਮਾਰ ਹਨ, ਚੰਨ 'ਤੇ ਥੁੱਕਣ ਨਾਲ ਥੁੱਕ ਮੂੰਹ 'ਤੇ ਹੀ ਪੈਂਦਾ ਹੈ। ਇਨ੍ਹਾਂ ਤਸਵੀਰਾਂ ਨਾਲ ਛੇੜਖਾਨੀ ਕਰਨ ਨਾਲ ਇਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਸਾਡੀ ਬਦਨਾਮੀ ਹੋਣੀ ਹੈ, "ਬਦਨਾਮ ਹੋਂਗੇ ਤੋ ਕਿਆ ਨਾਮ ਨਾ ਹੋਗਾ" ਦੇ ਫਾਰਮੂਲੇ 'ਤੇ ਚਲਦੇ ਹੋਏ ਸਸਤੀ ਸ਼ੋਹਰਤ (ਬਦਨਾਮੀ) ਖੱਟਣਾ ਚਾਹੁੰਦੇ ਹਨ, ਜਿਸ ਤਰ੍ਹਾਂ ਬਾਲੀਵੁੱਡ ਦੀਆਂ ਹੀਰੋਇਨਾਂ ਅੰਗ ਪ੍ਰਦਰਸ਼ਨ ਕਰਕੇ ਕੁੱਝ ਦਿਨਾਂ ਲਈ ਮਸ਼ਹੂਰ ਹੋਣਾ ਚਾਹੁੰਦੇ ਨੇ, ਉਹੀ ਕੰਮ ਇਹ ਲੋਕ ਕਰ ਰਹੇ ਨੇ। ਤੇ ਬੁੱਤਪੂਜਕ ਸਿੱਖ ਇਨ੍ਹਾਂ ਲੋਕਾਂ ਦਾ ਕੰਮ ਆਸਾਨ ਕਰ ਰਹੇ ਨੇ। ਦੋ ਚਾਰ ਦਿਨ ਰੌਲ਼ਾ ਪਾ ਕੇ ਫਿਰ ਚੁੱਪ ਕਰਕੇ ਬੈਠ ਜਾਂਦੇ ਨੇ। ਜੇ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਵਿਰੁੱਧ ਇੱਕ ਵਾਰੀ ਵੀ ਕੋਈ ਅੰਜਾਮੀ ਕਾਰਵਾਈ ਹੁੰਦੀ, ਤਾਂ ਅੱਗੇ ਤੋਂ ਇਨ੍ਹਾਂ ਲੋਕਾਂ ਦੀ ਹਿੰਮਤ ਨਾ ਹੁੰਦੀ। ਪਰ ਗੁਰਬਾਣੀ ਤੋਂ ਸੱਖਣੇ, ਬੁੱਤਪੂਜਕਾਂ ਕੋਲੋਂ ਕੀ ਆਸ ਕੀਤੀ ਜਾ ਸਕਦੀ ਹੈ।
ਫੋਟੋਆਂ ਤਸਵੀਰਾਂ ਨੂੰ ਪੂਜਣ ਵਾਲੇ ਕਦੀ ਕੋਈ ਕ੍ਰਾਂਤੀ ਨਹੀਂ ਲਿਆ ਸਕਦੇ। ਜਦੋਂ ਤੱਕ ਸਿੱਖ ਇਨ੍ਹਾਂ ਤਸਵੀਰਾਂ ਨੂੰ ਸਿੱਖੀ ਦੇ ਵਿਹੜੇ ਚੋਂ ਬਾਹਰ ਨਹੀਂ ਕੱਢਦੇ, ਇਹ ਕੰਮ ਹੁੰਦੇ ਰਹਿਣਗੇ। ਸਿਗਰਟ ਪੀਣਾ ਸਿੱਖ ਲਈ ਤਾਂ ਕੀ, ਹਰ ਮਨੁੱਖ ਲਈ ਹਾਨੀਕਾਰਕ ਹਨ, ਸਿੱਖ ਲਈ ਤਾਂ ਬੱਜਰ ਕੁਰਹਿਤ ਹੈ। ਪਾਠਕ ਇਹ ਨਾ ਸਮਝ ਲੈਣ ਕਿ ਅਸੀਂ ਇਸ ਤਰ੍ਹਾਂ ਦੀਆਂ ਤਸਵੀਰਾਂ ਦੇ ਹੱਕ 'ਚ ਹਾਂ, ਬਿਲਕੁਲ ਨਹੀਂ, ਪਰ ਸਵਾਲ ਇਹ ਹੈ ਕਿ ਕੀ ਇਹ ਤਸਵੀਰਾਂ ਗੁਰੂ ਸਾਹਿਬ ਦੀਆਂ ਹਨ?
ਹੱਲ ਇਕੋ ਹੈ, ਕਿ ਸਿੱਖ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਹੇ ਅਨੁਸਾਰ ਚੱਲਣ, ਤਾਂ ਕ੍ਰਾਂਤੀ ਵੀ ਆ ਸਕਦੀ ਹੈ ਤੇ ਅਖੌਤੀ ਪੰਥਕ ਸਰਕਾਰ ਤੇ ਉਨ੍ਹਾਂ ਦੇ ਪਾਲਤੂ ਪੱਪੂਆਂ ਦੇ ਤਖ਼ਤੇ ਵੀ ਪਲਟ ਸਕਦੇ ਹਨ।
ਗੁਰੂ ਦੀ ਬਾਣੀ ਲਾਗੇ ਅਸ਼ਲੀਲਤਾ ਭਰੇ ਗ੍ਰੰਥ ਦਾ ਪ੍ਰਕਾਸ਼ (ਹਨੇਰਾ) ਕਰਨ 'ਤੇ ਤਾਂ ਸਿੱਖ ਅਖਵਾਉਣ ਵਾਲਿਆਂ ਦੇ ਹਿਰਦੇ ਵਲੂੰਧਰੇ ਨਹੀਂ ਜਾਂਦੇ, ਤਸਵੀਰਾਂ ਨਾਲ ਹਿਰਦੇ ਫਟਾਫਟ ਹੀ ਵਲੂੰਧਰੇ ਜਾਂਦੇ ਹਨ, ਜਿਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਸਿੱਖ ਬੁੱਤਪੂਜਕ ਹਨ? ਕਿ ਨਹੀਂ???
With thanks from KHALSA NEWS