ਬਾਬਾ ਬੁੱਢਾ ਜੀ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ 'ਚ ਹਵਾ ਭਰ ਗਈ
ਪ੍ਰੋ. ਕਸ਼ਮੀਰਾ ਸਿੰਘ USA
ਰਾਸ਼ੀ ਤੀਜੀ ਅੰਸ਼ੂ 1 ਤੋਂ 17
ਅੰਸ਼ੂ ਇੱਕ ਦੇ ਸ਼ੁਰੂ ਵਿੱਚ ਕਵੀ ਨੇ ਹਿੰਦੂ ਮੱਤ ਦੀ ਦੇਵੀ ਸਰਸਵਤੀ ਦੀ ਸਿਫ਼ਤਿ ਕੀਤੀ ਹੈ ਅਤੇ ਬਾਅਦ ਵਿੱਚ ਗੁਰੂ ਪਾਤਿਸ਼ਾਹਾਂ ਨੂੰ ਯਾਦ ਕੀਤਾ ਹੈ । {ਸਿੱਖਾਂ ਲਈ ਸ਼੍ਰੋ. ਕਮੇਟੀ ਵਲੋਂ ਬਣਾਈ ਅਰਦਾਸਿ ਵਿੱਚ ਵੀ ਪਹਿਲਾਂ ਦੁਰਗਾ ਦੀ ਉਸਤਤਿ ਵਿੱਚ ਇੱਕ ਪਉੜੀ ਪੜ੍ਹੀ ਜਾਂਦੀ ਹੈ}। ਕਵੀ ਸੰਤੋਖ ਸਿੰਘ ਦੀਆਂ ਨਜ਼ਰਾਂ ਵਿੱਚ ਦੇਵੀ ਗੁਰੂ ਪਾਤਿਸ਼ਾਹਾਂ ਨਾਲ਼ੋਂ ਵੱਡੀ ਹੈ ਤਾਂ ਹੀ ਉਸ ਨੇ ਦੇਵੀ ਦੀ ਸਿਫ਼ਤਿ ਲਿਖਣ ਵਿੱਚ ਪਹਿਲ ਕੀਤੀ ਹੈ ।
ਸਾਰਸੁਤੀ ਸਰਿਤਾ ਵਹੇ ਬਾਕ ਤਰੰਗ ਵਿਚਾਰ ।
ਚਾਰ ਸੁ ਮਮ ਮਾਨਸ ਬਿਖੈ ਜਾਨੋ ਸਾਰ ਅਸਾਰ ।1।
ਅਰਥ ਵਿਚਾਰ: ਕਵੀ ਭਾਵੇਂ ਸਰਸਵਤੀ ਦੇਵੀ ਤੋਂ ਮੰਗ ਕਰ ਰਿਹਾ ਹੈ ਕਿ ਉਹ ਉਸ ਦੇ ਮਨ ਵਿੱਚ ਕਦੀ ਬਣ ਕੇ ਵਹਿ ਤੁਰੇ ਤਾਂ ਜੁ ਉਹ ਸੱਚ ਅਤੇ ਝੂਠ ਦੀ ਵਿਚਾਰ ਕਰ ਸਕੇ । ਹੈਰਾਨੀ ਇਹ ਹੈ ਕਿ ਸਿੱਖੀ ਵਿਚਾਰਧਾਰਾ ਨੂੰ ਗੰਧਲ਼ਾ ਕਰਨ ਲਈ ਉਸ ਕੋਲ਼ੋਂ ਝੂਠ ਮੁੱਕਦਾ ਹੀ ਨਹੀਂ ਅਤੇ ਸੱਚ ਨੇੜੇ ਢੁੱਕਦਾ ਨਹੀਂ ।
ਬਾਲਕ ਹਰਿਗੋਬਿੰਦ ਦੇ ਜਨਮ ਸੰਬੰਧੀ ਗੱਪਾਂ ਦਾ ਵੇਰਵਾ:
1. ਮਾਤਾ ਗੰਗਾ ਜੀ ਵਲੋਂ ਪੁੱਤਰ ਦਾ ਵਰ ਲੈਣ ਜਾਣਾ-
ਅੰਸ਼ੂ ਨੰਬਰ 2 ਅਤੇ 3 ਵਿੱਚ ਮਾਤਾ ਗੰਗਾ ਜੀ ਵਲੋਂ ਭਾਈ ਬੁੱਢਾ ਜੀ ਤੋਂ ਪੁੱਤਰ ਹੋਣ ਵਰ ਲੈਣ ਜਾਣ ਦਾ ਬਿਆਨ-
ਇਹ ਸਾਖੀ ਇੱਕ ਗੱਪ ਕਹਾਣੀ ਹੈ । ਕਈ ਸ਼ੰਕੇ ਪੈਦਾ ਹੁੰਦੇ ਹਨ । ਗੁਰੂ ਜੀ ਤੋਂ ਸੱਭ ਸਿੱਖਾਂ ਦੀਆਂ ਮੁਰਾਦਾਂ ਪੂਰੀਆਂ ਹੋਣ ਤੇ ਮਾਤਾ ਜੀ ਭਾਈ ਬੁੱਢੇ ਤੋਂ ਵਰ ਲੈਣ ਜਾਣ! ਭਾਈ ਬੁੱਢੇ ਨੇ ਸਰਾਪ ਦੇ ਦਿੱਤਾ ਕਿ ਗੁਰੂ ਕਿਆਂ ਨੂੰ ਕਿੱਥੋਂ ਭਾਜੜ ਪੈ ਗਈ ਹੈ?
ਮਾਤਾ ਗੰਗਾ ਜੀ ਦੇ ਮੂਹੋਂ ਸਰਾਪ ਦੀ ਇਹ ਗੱਲ ਗੁਰੂ ਜੀ ਨੂੰ ਦੱਸੀ ਗਈ ਸੀ । ਫਿਰ ਕਵੀ ਕਹਿੰਦਾ ਹੈ ਕਿ ਗੁਰੂ ਜੀ ਨੇ ਜਾਣ ਦਾ ਢੰਗ ਤਰੀਕਾ ਦੱਸਿਆ ।
ਸਵਾਲ ਪੈਦਾ ਹੁੰਦਾ ਹੈ ਕਿ ਪਹਿਲਾਂ ਜਾਣ ਸਮੇਂ ਮਾਤਾ ਗੰਗਾ ਜੀ ਗੁਰੂ (ਪਤੀ) ਜੀ ਨੂੰ ਦੱਸੇ ਬਿਨਾਂ ਅਤੇ ਪਤੀ ਦੀ ਸਲਾਹ ਤੋਂ ਬਿਨਾਂ ਹੀ ਚਲੇ ਗਏ ਤਾਂ ਜੁ ਗੁਰੂ ਜੀ ਨੂੰ ਦੁਬਾਰਾ ਢੰਗ ਦੱਸਣਾ ਪਿਆ?
ਕੀ ਇਹ ਹੋ ਸਕਦਾ ਹੈ ਕਿ ਮਾਤਾ ਗੰਗਾ ਜੀ ਗੁਰੂ ਜੀ ਤੋਂ ਚੋਰੀ ਹੀ ਚਲੇ ਗਏ ਅਤੇ ਸਿੱਖੀ ਦੇ ਸਾਦਗੀ ਦੇ ਸਿਧਾਂਤ ਦੀ ਪਰਵਾਹ ਵੀ ਨਹੀਂ ਕੀਤੀ?
( ‘ਗੁਰੂ ਕਿਆਂ ਨੂੰ ਭਾਜੜ ਪੈਣੀ’ ਆਖਣਾ ਤਾਂ ਗੁਰੂ ਜੀ ਦੀ ਵੀ ਨਿਰਾਦਰੀ ਸੀ ਅਤੇ ਭਾਈ ਬੁੱਢੇ ਵਲੋਂ ਵੀ ਅਹੰਕਾਰ ਦਾ ਪ੍ਰਗਟਾਵਾ ਸੀ।)
ਕਵੀ ਅਨੁਸਾਰ ਦੂਜੀ ਵਾਰੀ ਮਾਤਾ ਗੰਗਾ ਜੀ ਭਾਈ ਬੁੱਢੇ ਕੋਲ਼ ਗਏ ਤੇ ਭਾਈ ਬੁੱਢੇ ਨੇ ਪੁੱਤਰ ਦਾ ਵਰ ਦੇ ਦਿੱਤਾ ।
ਸਿੱਖੀ ਵਿੱਚ ਵਰ ਅਤੇ ਸਰਾਪ ਵਾੜਨੇ ਹਿੰਦੂ ਮੱਤ ਦੇ ਰਿਸ਼ੀਆਂ ਮੁਨੀਆਂ ਦੀ ਨਕਲ ਨਹੀਂ?
ਗੁਰਬਾਣੀ ਤਾਂ ਕਹਿੰਦੀ ਹੈ-
ੳ). ਜੋ ਮਾਗਹਿ ਠਾਕੁਰ ਅਪਨੇ ਤੇ ਸੋਈ ਸੋਈ ਦੇਵੈ॥
ਅ). ਇਛਾ ਪੂਰਕੁ ਸਰਬ ਸੁਖ ਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ॥
ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ॥1॥
ੲ). ਪਉੜੀ॥ ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ॥
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ॥
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ॥
ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ॥
ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ॥10॥
ਸ). ਗੁਰੂ ਅਰਜਨ ਸਾਹਿਬ ਆਪ ਫੁਰਮਾ ਰਹੇ ਹਨ ਕਿ
"ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥"
... ਕੀ ਉਹ ਐਸੇ ਕਰਮਕਾਂਡਾਂ ਨੂੰ ਸ਼ਹਿ ਦੇ ਸਕਦੇ ਹਨ?
ਪੂਰਾ ਸ਼ਬਦ ਇਉਂ ਹੈ:
ਆਸਾ ਮਹਲਾ ੫ ॥ ਸਤਿਗੁਰ ਸਾਚੈ ਦੀਆ ਭੇਜਿ ॥ ਚਿਰੁ ਜੀਵਨੁ ਉਪਜਿਆ ਸੰਜੋਗਿ ॥
ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ ਮਿਟਿਆ ਸੋਗੁ ਮਹਾ ਅਨੰਦੁ ਥੀਆ ॥
ਗੁਰਬਾਣੀ ਸਖੀ ਅਨੰਦੁ ਗਾਵੈ ॥ ਸਾਚੇ ਸਾਹਿਬ ਕੈ ਮਨਿ ਭਾਵੈ ॥੨॥
ਵਧੀ ਵੇਲਿ ਬਹੁ ਪੀੜੀ ਚਾਲੀ ॥ ਧਰਮ ਕਲਾ ਹਰਿ ਬੰਧਿ ਬਹਾਲੀ ॥
ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਭਏ ਅਚਿੰਤ ਏਕ ਲਿਵ ਲਾਇਆ ॥੩॥
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ ਬੁਲਾਇਆ ਬੋਲੈ ਗੁਰ ਕੈ ਭਾਣਿ ॥
ਗੁਝੀ ਛੰਨੀ ਨਾਹੀ ਬਾਤ ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥ {ਪੰਨਾ 396}
ਜਾਪਦਾ ਹੈ ਕਵੀ ਸੰਤੋਖ ਸਿੰਘ ਨੇ ਇਸ ਕਹਾਣੀ ਦੀ ਨਕਲ ‘ਗੁਰਬਿਲਾਸ ਪਾਤਿਸ਼ਾਹੀ ਛੇਵੀਂ’ ਗ੍ਰੰਥ ਵਿੱਚੋਂ ਕੀਤੀ ਹੈ ਜਿੱਥੇ ਇਹ ਵੀ ਲਿਖਿਆ ਹੋਇਆ ਹੈ ਕਿ ਭਾਈ ਬੁੱਢੇ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ ਵਿੱਚ ਉਸੇ ਸਮੇਂ ਹੀ ਹਵਾ ਭਰ ਗਈ ਸੀ ।
ਅੰਸ਼ੂ ਨੰਬਰ 4 ਅਤੇ 5 ਵਿੱਚ ਬਾਲ ਹਰਿਗੋਬਿੰਦ ਦੇ ਜਨਮ ਅਤੇ ਭਾਈ ਬੁੱਢੇ ਵਲੋਂ ਬਾਲਕ ਦੇ ਦਰਸ਼ਨਾ ਦਾ ਜ਼ਿਕਰ ਹੈ ।
..........................................................
ਟਿੱਪਣੀ:- ਸ਼ਾਇਦ ਸਿੱਖਾਂ ਦੇ ਮਹਾਨਕੋਸ਼ ਵਿਚੋਂ ਲਫਜ਼ “ਬੇਇਜ਼ਤੀ” ਗਵਾਚ ਗਈ ਹੈ, ਸ਼ਰਮ ਨਾਂ ਦੀ ਕੋਈ ਚੀਜ਼ ਇਨ੍ਹਾਂ ਦੇ ਨੇੜੇ ਹੀ ਨਹੀਂ ਰਹੀ, ਟਕੇ-ਟਕੇ ਦੇ ਕਵੀ, ਇਨ੍ਹਾਂ ਦੀ ਮਾਂ ਦੀ ਹੀ ਬੇਇਜ਼ਤੀ ਨਹੀਂ ਕਰ ਰਹੇ, ਬਲਕਿ ਇਨ੍ਹਾਂ ਦੇ ਗੁਰੂ ਨੂੰ ਕੀ ਬਣਾ ਰਹੇ ਹਨ ?
ਛੋਟੇ ਹੁੰਦਿਆਂ ਘਰ ‘ਚ ਮੁਰਗੇ ਮੁਰਗੀਆਂ ਰੱਖੀਆਂ ਹੋਈਆਂ ਸਨ, ਕਈ ਵਾਰ ਮੁਰਗੇ ਦੇ ਸੰਜੋਗ ਤੋਂ ਬਗੈਰ ਮੁਰਗੀ ਵਲੋਂ ਦਿੱਤੇ ਆਂਡੇ ਵਿਚ ਜ਼ਰਦੀ ਨਹੀਂ ਹੁੰਦੀ ਸੀ, ਉਸ ਨੂੰ ਵਾ-ਆਂਡਾ ਕਿਹਾ ਜਾਂਦਾ ਸੀ।
ਸੰਤੋਖ ਸਿੰਹ ਦੇ ਪੋਥੇ ਨੂੰ ਮੰਨਣ ਅਤੇ ਉਸ ਦੀ ਕਥਾ ਕਰਨ ਵਾਲੇ ਅਤੇ ਉਸ ਕਥਾ ਨੂੰ ਸੁਣਨ ਵਾਲਿਆਂ ਨੂੰ ਤਾਂ ਸ਼ਰਮ ਨਾਲ ਮਰ ਹੀ ਜਾਣਾ ਚਾਹੀਦਾ ਹੈ। ਅਮਰ ਜੀਤ ਸਿੰਘ ਚੰਦੀ
ਕਸ਼ਮੀਰਾ ਸਿੰਘ (ਪ੍ਰੋ.) U.S.A.
ਬਾਬਾ ਬੁੱਢਾ ਜੀ ਦੇ ਵਰ ਨਾਲ ਮਾਤਾ ਗੰਗਾ ਜੀ ਦੇ ਪੇਟ ‘ਚ ਹਵਾ ਭਰ ਗਈ
Page Visitors: 2456