ਮਿਸ਼ਰੀ ਕਿ ਪ੍ਰਸ਼ਾਦ
ਜਿਸ ਤਰਾਂ ਜਦੋਂ ਅਸੀਂ ਗੱਲ ਕਰਦੇ ਹਾਂ ਨਾਨਕਸਰੀਏ ਸੰਪਰਦਾ ਵਾਲਿਆਂ ਦੀ ਤਾਂ ਇਹਨਾਂ ਨੂੰ ਮਨਣ ਵਾਲਿਆਂ ਕੋਲ ਸਭ ਤੋਂ ਪਹਿਲਾਂ ਇਹੋ ਜਵਾਬ ਹੁੰਦਾ ਹੈ ਕਿ ਓਥੇ ਮਾਇਆ ਨਹੀਂ ਚੜਦੀ। ਨਾਨਕਸਰ ਪੈਸਿਆਂ ਦਾ ਚੜ੍ਹਾਵਾ ਨਹੀਂ ਚੜ੍ਹਦਾ। ਹੁਣ ਇਸ ਬਾਰੇ ਥੋੜੀ ਜਿਹੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨ ਲਗਿਆਂ ਹਾਂ।
ਤੁਸੀਂ ਸਾਰੇ ਸੋਚੋ ਕੋਈ ਵੀ ਅਦਾਰਾ ਕੋਈ ਸੰਸਥਾ ਇਥੋਂ ਤੱਕ ਆਪਣਾ ਘਰ ਵੀ ਪੈਸੇ ਤੋਂ ਬਿਨਾ ਨਹੀਂ ਚਲਦਾ, ਇਨਸਾਨ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਪੈਸੇ ਦੀ ਹਰ ਸਮੇਂ ਲੋੜ ਰਹਿੰਦੀ ਹੈ। ਜੇਕਰ ਇਨ੍ਹਾਂ ਦੇ ਡੇਰਿਆਂ ਵਿਚ ਪੈਸੇ ਨਹੀਂ ਚੜਦੇ, ਫੇਰ ਇਹ ਸਾਧ ਕਰੋੜ ਕਰੋੜ ਦੀਆਂ ਗੱਡੀਆਂ 'ਤੇ ਕਿਵੇਂ ਚੜੇ ਫਿਰਦੇ ਹਨ। ਇਨ੍ਹਾਂ ਗੱਡੀਆਂ ਵਿਚ ਪਟਰੋਲ ਪੈਂਦਾ ਹੈ, ਫੇਰ ਇਹ ਪੈਸਾ ਕਿਥੋਂ ਆਉਂਦਾ ਹੈ। ਇਨ੍ਹਾਂ ਦੇ ਮਖਮਲੀ ਚੋਲੇ ਅਤੇ ਇਨ੍ਹਾਂ ਦੇ ਠਾਠਾਂ ਵਿੱਚ ਲਗਿਆ ਸੋਨਾ ਕਿਥੋ ਆਇਆ ਹੈ?
ਸਵਾਲ ਹੈ ਇਸ ਬਾਰੇ ਜਿਹੜਾ ਨੁਕਤਾ ਮੈਂ ਸਾਂਝਾ ਕਰਨਾ ਹੈ, ਓਹ ਮਿਸ਼ਰੀ ਵਾਲਾ। ਜਦੋਂ ਮੇਰੀ ਉਮਰ ਤਕਰੀਬਨ 14 ਕੁ ਸਾਲ ਦੀ ਸੀ ਅਤੇ ਮੈਨੂੰ ਸਾਡੇ ਕਿਸੇ ਰਿਸ਼ਤੇਦਾਰ ਨਾਲ ਇਨ੍ਹਾਂ ਦੇ ਡੇਰੇ ਜਾਦ ਦਾ ਮੌਕਾ ਮਿਲਿਆ। ਮੇਰਾ ਰਿਸ਼ਤੇਦਾਰ ਬਾਹਰੋਂ ਦੁਕਾਨ ਤੋਂ ਮਿਸ਼ਰੀ ਖਰੀਦਣ ਲਗਿਆ, ਮੈਂ ਹੈਰਾਨ ਹੋਕੇ ਪੁਛਿਆ ਇਹ ਕੀ, ਕਹਿੰਦਾ ਇਥੇ ਸਿਰਫ ਮਿਸ਼ਰੀ ਦਾ ਮੱਥਾ ਹੀ ਟੇਕਣਾ ਹੈ। ਮੈਂ ਮਨ ਹੀ ਮਨ ਵਿਚ ਖੁਸ਼ ਹੋਇਆ, ਮੇਰੀ ਜੇਬ੍ਹ ਵਿਚ ਦਸ ਰੁਪਈਏ ਸਨ, ਮੈ ਪੰਜ ਰੁਪਏ ਦੀ ਮਿਸ਼ਰੀ ਖਰੀਦ ਲਈ ਅਤੇ ਮਨ ਹੀ ਮਨ ਵਿਚ ਖੁਸ਼ ਹੋਇਆ ਕਿ ਨਾਲੇ ਮਥਾ ਟੇਕਿਆ ਜਾਵੇਗਾ ਨਾਲੇ ਮਿਸ਼ਰੀ ਖਾਵਾਂਗੇ। ਸੋਚਿਆ ਕੀ ਓਨ੍ਹਾਂ ਥੋੜੀ ਜਿਹੀ ਰਖ ਲੈਣੀ ਹੈ, ਬਾਕੀ ਬਚਦੀ ਆਪ ਖਾਵਾਂਗੇ । ਹੋਇਆ ਉਲਟ ਜਦੋਂ ਮੈਂ ਮਿਸ਼ਰੀ ਦੇ ਪੈਕਟ ਓਥੇ ਬੈਠੇ ਭਾਈ ਨੂੰ ਫੜਾਇਆ, ਤਾਂ ਓਸ ਨੇ ਸਾਰੀ ਮਿਸ਼ਰੀ ਢੇਰੀ ਕਰ ਲਈ ਮੈਨੂੰ ਥੋੜੀ ਜਿਹੀ ਵਾਪਿਸ ਦੇ ਦਿਤੀ। ਮਨ ਹੀ ਮਨ ਵਿੱਚ ਬੜਾ ਉਦਾਸ ਹੋਇਆ, ਕਿਓਂੁਕਿ ਮਿਸ਼ਰੀ ਖਾਣ ਦਾ ਚਾਅ ਮਨ ਵਿੱਚ ਰਹ ਗਿਆ। ਫੇਰ ਮੇਰੇ ਸੁਭਾਅ ਪਹਿਲੇਂ ਦਿਨ ਤੋਂ ਹੀ ਤਰਕਵਾਦੀ ਰਿਹਾ ਹੈ, ਤਾਂ ਮੇਰੇ ਦਿਮਾਗ ਵਿਚ ਇਕ ਦਮ ਖਿਆਲ ਆਇਆ ਕਿ ਇਹ ਸਾਧ ਬੜੇ ਸਕੀਮੀ ਨੇ।
ਉਧਾਰਨ ਵਜੋਂ ਜੇਕਰ ਮੈਂ ਪੈਸਿਆਂ ਦਾ ਮੱਥਾ ਟੇਕਦਾ ਤਾਂ ਮੈਂ ਇਕ ਰੁਪਿਆ ਟੇਕਣਾ ਸੀ, ਮਿਸ਼ਰੀ ਦੇ ਜਰੀਏ ਮੈਂ ਪੰਜ ਟੇਕੇ, ਇਕ ਰੂਪਏ ਦੀ ਮਿਸ਼ਰੀ ਓਨ੍ਹਾਂ ਮੈਨੂੰ ਮੋੜ ਦਿਤੀ ਅਤੇ ਚਾਰ ਰੁਪਏ ਦੀ ਕਮਾਈ ਓਨ੍ਹਾਂ ਮੈਂਥੋ ਕੀਤੀ। ਫੇਰ ਇਸ ਦਾ ਮਤਲਬ ਇਹ ਗੁਰਦਵਾਰਿਆਂ ਨਾਲੋਂ ਚਾਰ ਗੁਣਾ ਜਿਆਦਾ ਕਮਾਈ ਕਰ ਰਹੇ ਹਨ। ਕਿਓਂੁਕਿ ਓਹੀ ਮਿਸ਼ਰੀ ਦੁਬਾਰਾ ਪੈਕ ਹੋਕੇ, ਵਿਕਣ ਵਾਸਤੇ ਓਹਨਾ ਦੁਕਾਨਾ 'ਤੇ ਵਾਪਿਸ ਆ ਜਾਂਦੀ ਹੈ। ਓਨ੍ਹਾਂ ਬਹੁਤੀਆਂ ਦੁਕਾਨਾਂ ਵਿਚ ਇਨ੍ਹਾਂ ਦਾ ਹਿੱਸਾ ਹੈ। ਇਹ ਮੈਂ ਇਕ ਤੁਹਾਨੂੰ ਸਿੱਧਾ ਅਤੇ ਸਰਲ ਤਰੀਕਾ ਦਸਿਆ ਹੈ ਕਿ ਇਹ ਨਾਨਕਸਰੀਏ ਪੈਸਾ ਕਮਾਉਂਦੇ ਹਨ। ਫੇਰ ਇਨ੍ਹਾਂ ਦਾ ਲੰਗਰ ਦਾ ਕੋਈ ਖਰਚਾ ਨਹੀਂ। ਪਰ ਗੁਰਮਤਿ ਵਿੱਚ ਸਿਰਫ ਕੜਾਹ ਪ੍ਰਸ਼ਾਦ ਦੀ ਦੇਗ ਹੀ ਪ੍ਰਵਾਨਿਤ ਹੈ, ਕੋਈ ਮਿਸ਼ਰੀ ਪ੍ਰਸ਼ਾਦ ਨਹੀਂ ਹੈ। ਇਸ ਤਰਾਂ ਦੀ ਸ਼੍ਰੋਮਣੀ ਕਮੇਟੀ ਵਲੋਂ ਰੁਮਾਲੇ ਵੀ ਦੁਬਾਰਾ ਪੈਕ ਕਰਕੇ ਵੇਚੇ ਜਾਂਦੇ ਹਨ। ਕਈ ਡੇਰਿਆਂ ਵਿਚ ਲੂੰਣ ਝਾੜੂ ਚੜ੍ਹਦੇ ਹਨ, ਓਹ ਵੀ ਇਕ ਇਨ੍ਹਾਂ ਡੇਰਿਆਂ ਵਲੋਂ ਕਮਾਈ ਦਾ ਇੱਕ ਜ਼ਰੀਆ ਹੈ। ਇਨ੍ਹਾਂ ਨੂੰ ਪਤਾ ਹੈ ਕਿ ਸ਼ਰਧਾ ਦੇ ਨਾਮ 'ਤੇ ਲੋਕਾਂ ਦੀਆਂ ਜੇਬ੍ਹਾਂ ਵਿਚੋਂ ਪੈਸੇ ਕਿਵੇਂ ਕਢਵਾਉਣੇ ਹਨ।
ਸੋ ਜਾਗਣ ਦੀ ਲੋੜ ਹੈ, ਇਨ੍ਹਾਂ ਡੇਰਿਆਂ, ਠਾਠਾਂ, ਗੁਰਦਵਾਰਿਆਂ ਵਿਚ ਤੁਹਾਡੇ ਵਲੋਂ ਦਿਤੇ ਪੈਸੇ ਨਾਲ ਕੁਝ ਪੰਥ ਵਾਸਤੇ ਨਹੀਂ ਹੋ ਰਿਹਾ, ਕਿਸੇ ਗਰੀਬ ਦੀ ਕਿਸੇ ਲੋੜਬੰਧ ਦੀ ਮਦਦ ਨਹੀਂ ਰਹੀ, ਤੁਹਾਡੇ ਦਿਤੇ ਪੈਸੇ ਨਾਲ ਇਹ ਚਲਾਕ ਲੋਕ ਐਸ਼ ਕਰ ਰਹੇ ਹਨ। ਅਸੀਂ ਕਿਸੇ ਵੀ ਡੇਰੇ ਅਤੇ ਗੁਰਦਵਾਰੇ ਵਿੱਚ ਪੈਸੇ ਅਤੇ ਹੋਰ ਸਮਾਨ ਦਾ ਚੜ੍ਹਾਵਾ ਦਿੰਦੇ ਇਹ ਸੋਚਦੇ ਹਾਂ ਕਿ ਰੱਬ ਪਤਾ ਨਹੀਂ ਇਨ੍ਹਾਂ ਗੱਲਾਂ ਨਾਲ ਖੁਸ਼ ਹੋ ਜਾਵੇਗਾ, ਨਹੀਂ ਜੀ। ਅਸੀਂ ਤਾਂ ਆਪ ਓਸ ਦਾ ਦਿਤਾ ਖਾਂਦੇ ਹਾ, ਅਸੀਂ ਕੌਣ ਹਾਂ ਪ੍ਰਮਾਤਮਾ ਵਾਹਿਗੁਰੂ ਨੂੰ ਦੇਣ ਵਾਲੇ। ਸੋ ਬਚੋ ਇਹੋ ਜਿਹੇ ਕਰਮਕਾਂਡ ਤੋਂ।
ਦਲਜੀਤ ਸਿੰਘ ਇੰਡਿਆਨਾ 317 590 7448