ਕੈਟੇਗਰੀ

ਤੁਹਾਡੀ ਰਾਇ



ਕਸ਼ਮੀਰਾ ਸਿੰਘ (ਪ੍ਰੋ.) U.S.A.
ਨਿੱਤਨੇਮ ਵਿੱਚ ਵਾਧੂ ਜੋੜੀ ‘ਜਾਪੁ’ ਰਚਨਾ ਵਿੱਚ ‘ਕਰੂਰ’ ਸ਼ਬਦ ਦੀ ਵਰਤੋਂ ਅਤੇ ਅਰਥ
ਨਿੱਤਨੇਮ ਵਿੱਚ ਵਾਧੂ ਜੋੜੀ ‘ਜਾਪੁ’ ਰਚਨਾ ਵਿੱਚ ‘ਕਰੂਰ’ ਸ਼ਬਦ ਦੀ ਵਰਤੋਂ ਅਤੇ ਅਰਥ
Page Visitors: 2453

ਨਿੱਤਨੇਮ ਵਿੱਚ ਵਾਧੂ ਜੋੜੀ ‘ਜਾਪੁ’ ਰਚਨਾ ਵਿੱਚ ‘ਕਰੂਰ’ ਸ਼ਬਦ ਦੀ ਵਰਤੋਂ ਅਤੇ ਅਰਥ
 ਪ੍ਰੋ. ਕਸ਼ਮੀਰਾ ਸਿੰਘ USA
    ਸ਼੍ਰੋ. ਕਮੇਟੀ ਨੇ ਸਿੱਖ ਰਹਤ ਮਰਯਾਦਾ ਰਾਹੀਂ ਪਹਿਲੇ ਅਤੇ ਪੰਜਵੇਂ ਗੁਰੂ ਜੀ ਵਲੋਂ ਬਣਾਏ ਅਤੇ ਦਸਵੇਂ ਗੁਰੂ ਜੀ ਵਲੋਂ ਦਮਦਮੀ ਬੀੜ ਰਾਹੀਂ ਪ੍ਰਵਾਨ ਕੀਤੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨਿੱਤਨੇਮ ਵਿੱਚ ਆਪਣੀ ਮਰਜ਼ੀ ਨਾਲ਼ ਵਾਧੂ ਜੋੜੀਆਂ ਰਚਨਾਵਾਂ ਵਿੱਚ ‘ਜਾਪੁ’ ਵੀ ਇੱਕ ਰਚਨਾ ਹੈ । ਇਹ ਵਾਧਾ ਸੰਨ 1931 ਤੋਂ 45 ਵਿਚਕਾਰ ਕੀਤਾ ਗਿਆ ਸੀ ।
    ਪਹਿਲਾਂ ਜਾਪੁ ਰਚਨਾ ਵਿੱਚ ‘ਕਰੂਰ’ ਸ਼ਬਦ ਦੀ ਵਰਤੋਂ ਦੇਖੋ-
    ਨਮੋ ਨਿਤ ਨਾਰਾਇਣੇ ਕ੍ਰੂਰ (ਕਰੂਰ) ਕਰਮੇ ।54।
    ਅਰਥ: - ਉਸ ਨਾਰਾਇਣ ਨੂੰ ਨਮਸਕਾਰ ਹੈ ਜੋ ਕਰੂਰਕਰਮਾ ਹੈ ਜਾਂ ਜਿਸ ਦੇ ਕੰਮ ‘ਕਰੂਰ’ ਵਾਲ਼ੇ ਹਨ ਜਾਂ ਕਰੂਰਤਾ ਭਰੇ ਹਨ ।
    ਮਹਾਨ ਕੋਸ਼ ਵਿੱਚ ‘ਕਰੂਰ’ ਅਤੇ ‘ਕਰੂਰਕਰਮਾ’ ਸ਼ਬਦਾਂ ਦੇ ਹੇਠ ਲਿਖੇ ਅਰਥ ਦਿੱਤੇ ਗਏ ਹਨ-
    (ਕ੍ਰੂਰ) ਕਰੂਰ. ਸੰ. ਵਿ-ਨਿਰਦਈ. ਜ਼ਾਲਿਮ । 2. ਤੱਤਾ. ਗਰਮ । 3. ਤਿੱਖਾ. ਤੇਜ਼ । ਕ੍ਰੂਰਕਰਮਾ. ਵਿ-ਦਇਆ ਰਹਿਤ ਕੰਮ ਕਰਨ ਵਾਲ਼ਾ । 2. ਇੱਕ ਸੂਰਜਵੰਸ਼ੀ ਰਾਜਾ ।
    ਮਹਾਨ ਕੋਸ਼ ਅਨੁਸਾਰ ‘ਨਮੋ ਨਿੱਤ ਨਾਰਾਇਣੇ ਕ੍ਰੂਰਕਰਮੇ’ ਦਾ ਅਰਥ:
    ਜਾਪੁ ਰਚਨਾ ਵਿੱਚ ਕਵੀ ਉਸ ਨਾਰਾਇਣ ਨੂੰ ਨਮਸਕਾਰ ਕਰ ਰਿਹਾ ਹੈ ਜੋ ਅਕਾਲ ਪੁਰਖ ਨਹੀ, ਸਗੋਂ-
    1. ਨਿਰਦਈ ਹੈ ।
    2. ਜ਼ਾਲਮ ਹੈ ।
    3. ਤੱਤਾ ਅਤੇ ਗਰਮ ਹੈ ।
    4. ਤਿੱਖਾ ਅਤੇ ਤੇਜ਼ ਹੈ ।
    5. ਦਇਆ ਰਹਿਤ ਕੰਮ ਕਰਨ ਵਾਲ਼ਾ ਹੈ ।
    6. ਇੱਕ ਮਿਥਿਹਾਸਕ ਸੂਰਜਵੰਸ਼ੀ ਰਾਜਾ ਹੈ ।
    ਗੁਰੂ ਗ੍ਰੰਥ ਸਾਹਿਬ ਵਿੱਚ ‘ਕਰੂਰ’ ਸ਼ਬਦ ਦੀ ਵਰਤੋਂ ਅਤੇ ਅਰਥ ਦੇਖੋ-
    ੳ). ਆਸਾ ਮਹਲਾ 5॥
    ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ॥ ਬੋਲੈ ਕਉੜਾ ਜਿਹਬਾ ਕੀ ਫੂੜਿ॥ ਸਦਾ ਭੂਖੀ ਪਿਰੁ ਜਾਨੈ ਦੂਰਿ ॥1॥
    ਪਦਅਰਥ: - ਮਾਥੈ-ਮੱਥੇ ਉਤੇ । ਤ੍ਰਿਕੁਟੀ-ਤ੍ਰਿਊੜੀ । ਕਰੂਰਿ-ਗੁੱਸੇ-ਭਰੀ । ਫੂੜਿ-ਖਰ੍ਹਵੀ ।1।
    ਅਰਥ: - (ਹੇ ਭਾਈ! ਉਸ ਮਾਇਆ-ਇਸਤ੍ਰੀ ਦੇ) ਮੱਥੇ ਉਤੇ ਤ੍ਰਿਊੜੀ (ਪਈ ਰਹਿੰਦੀ) ਹੈ ਉਸ ਦੀ ਨਿਗਾਹ ਗੁੱਸੇ ਨਾਲ ਭਰੀ ਰਹਿੰਦੀ ਹੈ ਉਹ (ਸਦਾ) ਕੌੜਾ ਬੋਲਦੀ ਹੈ, ਜੀਭ ਦੀ ਖਰ੍ਹਵੀ ਹੈ (ਸਾਰੇ ਜਗਤ ਦੇ ਆਤਮਕ ਜੀਵਨ ਨੂੰ ਹੜੱਪ ਕਰ ਕੇ ਭੀ) ਉਹ ਭੁੱਖੀ ਟਿਕੀ ਰਹਿੰਦੀ ਹੈ (ਜਗਤ ਵਿਚ ਆ ਰਹੇ ਸਭ ਜੀਵਾਂ ਨੂੰ ਹੜੱਪ ਕਰਨ ਲਈ ਤਿਆਰ ਰਹਿੰਦੀ ਹੈ) ਉਹ (ਮਾਇਆ-ਇਸਤ੍ਰੀ) ਪ੍ਰਭੂ-ਪਤੀ ਨੂੰ ਕਿਤੇ ਦੂਰ-ਵੱਸਦਾ ਸਮਝਦੀ ਹੈ (ਪ੍ਰਭੂ-ਪਤੀ ਦੀ ਪਰਵਾਹ ਨਹੀਂ ਕਰਦੀ) ।1।
    ਅ). ਕਲਿ ਭਗਵਤ ਬੰਦ ਚਿਰਾਂਮੰ॥ ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥1॥ ਰਹਾਉ॥- ਗਗਸ ਪੰਨਾਂ 1351
    ਪਦ ਅਰਥ: - ਕਲਿ-ਕਲਜੁਗ ਵਿਚ । ਚਿਰਾਮੰ-ਚਿਰ ਤੱਕ । ਕ੍ਰੂਰ-ਟੇਢੀ । ਰਤਾ-ਮਸਤ । ਨਿਸ-(ਭਾਵ) ਨਿਸਿ ਦਿਨ, ਰਾਤ ਦਿਨੇ, ਹਰ ਵੇਲੇ । ਬਾਦੰ-ਝਗੜਾ, ਮਾਇਆ ਲਈ ਝਗੜਾ, ਮਾਇਆ ਲਈ ਦੌੜ-ਭੱਜ ।1।ਰਹਾਉ।
    ਅਰਥ:- (ਹੇ ਵਿਸ਼ਈ ਮਨੁੱਖ! ਤੂੰ ਉਂਞ ਤਾਂ) ਕਲਜੁਗੀ ਸੁਭਾਵ ਵਿਚ ਪ੍ਰਵਿਰਤ ਹੈਂ, ਪਰ ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈਂ, ਤੇਰੀ ਨਜ਼ਰ ਟੇਢੀ ਹੈ (ਤੇਰੀ ਨਿਗਾਹ ਵਿਚ ਖੋਟ ਹੈ), ਦਿਨ ਰਾਤ ਤੂੰ ਮਾਇਆ ਦੇ ਧੰਧਿਆਂ ਵਿਚ ਰੱਤਾ ਹੋਇਆ ਹੈਂ (ਤੇਰੀ ਇਹ ਮੂਰਤੀ ਨੂੰ ਬੰਦਨਾਂ ਕਿਸ ਅਰਥ?) ।1।ਰਹਾਉ । {ਗੁਰੂ ਗ੍ਰੰਥ ਸਾਹਿਬ ਦਰਪਣ}
    ਗੁਰਬਾਣੀ ਵਿੱਚ ‘ਕ੍ਰੂਰ’ ਸ਼ਬਦ ਵੀ ਵਰਤੋਂ ਇੱਕ ਵਾਰੀ ‘ਦ੍ਰਿਸਟਿ’ ਅਤੇ ਦੂਜੀ ਵਾਰੀ ‘ਦਿਸਟਿ’ ਸ਼ਬਦ ਨਾਲ਼ ਕੀਤੀ ਗਈ ਹੈ । ਦ੍ਰਿਸ਼ਟੀ ਦਾ ਅਰਥ ਨਜ਼ਰ ਜਾਂ ਨਿਗਾਹ ਹੈ । ਦ੍ਰਿਸਟਿ ਕ੍ਰੂਰ ਦਾ ਅਰਥ- ਗੁੱਸੇ ਨਾਲ਼ ਭਰੀ ਨਿਗਾਹ । ਕ੍ਰੂਰ ਦਿਸਟਿ ਦਾ ਅਰਥ ਹੈ- ਟੇਢੀ ਜਾਂ ਖੋਟ ਭਰੀ ਨਿਗਾਹ ।
    ਗੁਰਬਾਣੀ ਦੀ ਅਗਵਾਈ ਅਨੁਸਾਰ ‘ਨਮੋ ਨਿੱਤ ਨਾਰਾਇਣੇ ਕ੍ਰੂਰਕਰਮੇ’ ਦਾ ਅਰਥ ਇਉਂ ਬਣਦਾ ਹੈ-
    ਕਵੀ ਉਸ ਨਾਰਾਇਣ ਨੂੰ ਨਮਸਕਾਰ ਕਰਦਾ ਹੈ ਜੋ ਅਕਾਲ ਪੁਰਖ ਨਹੀਂ, ਸਗੋਂ ਜਿਸ ਦੀ ਨਿਗਾਹ-
    1. ਗੁੱਸੇ ਭਰੀ ਹੁੰਦੀ ਹੈ ।
    2. ਖੋਟ ਭਰੀ ਹੁੰਦੀ ਹੈ ।
    ਉੱਪਰੋਕਤ ਵਿਚਾਰ ਵਿੱਚ ‘ਜਾਪੁ’ ਰਚਨਾ ਦੇ ਕਵੀ ਦੇ ਨਾਰਾਇਣ ਦੀ ਅਵੱਸਥਾ ਦਾ ਗਿਆਨ ਮਿਲ਼ ਗਿਆ ਹੈ ਕਿ ਉਹ ਕਿਹੋ ਜਿਹਾ ਹੈ । ਆਓ ਹੁਣ ਦਸਵੇਂ ਪਾਤਿਸ਼ਾਹ ਜੀ ਵਲੋਂ ਗੁਰਿਆਇ ਪ੍ਰਾਪਤ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੇ ਨਾਰਾਇਣ ਬਾਰੇ ਜਾਣਕਾਰੀ ਲੈਂਦੇ ਹਾਂ-
    ਗੁਰੂ ਗ੍ਰੰਥ ਸਾਹਿਬ ਵਿੱਚ ‘ਨਾਰਾਇਣ’ ਸ਼ਬਦ ਦੀ ਬਹੁ ਭਾਂਤੀ ਵਰਤੋਂ 93 ਵਾਰੀ ਕੀਤੀ ਮਿਲ਼ਦੀ ਹੈ {Index of a words} । ਇਸ ਨਾਰਾਇਣ ਦੇ ਸਰੂਪ ਦੀ ਜਾਣਕਾਰੀ ਲਈ ਕੁੱਝ ਪਾਵਨ ਪੰਕਤੀਆਂ ਗੁਰਬਾਣੀ ਵਿੱਚੋਂ ਇਉਂ ਹਨ-
    1. ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ॥-ਗਗਸ ਪੰਨਾਂ 218
    2. ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥
       ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ
॥5॥2॥-ਗਗਸ ਪੰਨਾਂ 526
    3. ਰਸਨਾ ਰਵਹੁ ਏਕੁ ਨਾਰਾਇਣੁ ਸਾਚੀ ਦਰਗਹ ਪਾਵਹੁ ਮਾਨੁ ॥1॥-ਗਗਸ ਪੰਨਾਂ 827
    4. ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥1॥-ਗਗਸ ਪੰਨਾਂ 999
    5. ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ॥- ਗਗਸ ਪੰਨਾਂ 1258
    6. ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥24॥- ਗਗਸ ਪੰਨਾਂ 1427
    7. ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ॥
       ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ
॥2॥- ਗਗਸ ਪੰਨਾਂ 902
    8. ਨਾਰਾਇਨ ਨਰਪਤਿ ਨਮਸਕਾਰੈ॥
       ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ
॥1॥ ਰਹਾਉ॥- ਗਗਸ ਪੰਨਾਂ 1301
    9. ਸਭਿ ਧਿਆਵਹੁ ਨਰ ਨਾਰਾਇਣੋ ਨਾਰਾਇਣੋ ਜਿਤੁ ਚੂਕਾ ਜਮ ਝਗੜੁ ਝਗੋਲੁ ॥12॥- ਗਗਸ ਪੰਨਾਂ 1317
    10. ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰਜਾਮੀ ਰਾਮ॥
          ਸਿਮਰਿ ਸਿਮਰਿ ਨਾਰਾਇਣੈ ਭਏ ਪਾਰਗਰਾਮੀ ਰਾਮ
॥- ਗਗਸ ਪਨਾਂ 848
    11. ਗੋਂਡ ਮਹਲਾ 5 ॥ ਨਾਮੁ ਨਿਰੰਜਨੁ ਨੀਰਿ ਨਰਾਇਣ ॥
          ਰਸਨਾ ਸਿਮਰਤ ਪਾਪ ਬਿਲਾਇਣ
॥1॥ ਰਹਾਉ ॥
ਨਾਰਾਇਣ ਸਭ ਮਾਹਿ ਨਿਵਾਸ ॥ ਨਾਰਾਇਣ ਘਟਿ ਘਟਿ ਪਰਗਾਸ ॥
ਨਾਰਾਇਣ ਕਹਤੇ ਨਰਕਿ ਨ ਜਾਹਿ ॥ ਨਾਰਾਇਣ ਸੇਵਿ ਸਗਲ ਫਲ ਪਾਹਿ
॥1॥
ਨਾਰਾਇਣ ਮਨ ਮਾਹਿ ਅਧਾਰ ॥ ਨਾਰਾਇਣ ਬੋਹਿਥ ਸੰਸਾਰ ॥
ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥ ਨਾਰਾਇਣ ਦੰਤ ਭਾਨੇ ਡਾਇਣ
॥2॥
ਨਾਰਾਇਣ ਸਦ ਸਦ ਬਖਸਿੰਦ ॥ ਨਾਰਾਇਣ ਕੀਨੇ ਸੂਖ ਅਨੰਦ ॥
ਨਾਰਾਇਣ ਪ੍ਰਗਟ ਕੀਨੋ ਪਰਤਾਪ ॥ ਨਾਰਾਇਣ ਸੰਤ ਕੋ ਮਾਈ ਬਾਪ
॥3॥
ਨਾਰਾਇਣ ਸਾਧਸੰਗਿ ਨਰਾਇਣ ॥ ਬਾਰੰ ਬਾਰ ਨਰਾਇਣ ਗਾਇਣ ॥
ਬਸਤੁ ਅਗੋਚਰ ਗੁਰ ਮਿਲਿ ਲਹੀ ॥ ਨਾਰਾਇਣ ਓਟ ਨਾਨਕ ਦਾਸ ਗਹੀ
॥4॥17॥19॥- ਗਗਸ ਪੰਨਾਂ 867-68
    ਗੁਰੂ ਦੇ ਸਿੱਖ ਨੇ ਕਿਹੜੇ ਨਾਰਾਇਣ ਨੂੰ ਨਮਸਕਾਰ ਕਰਨੀ ਹੈ, ਜਾਪੁ ਵਿੱਚ ਲਿਖੇ ਮਹਾਂਕਾਲ਼ ਦੇਵਤੇ ਦੇ ਸਰੂਪ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨਾਰਾਇਣ ਨੂੰ?
ਉੱਪਰ ਲਿਖੀ ਸਾਰੀ ਵਿਚਾਰ ਨੂੰ ਪੜ੍ਹ ਕੇ ਸਿੱਟਾ ਕੱਢਣਾ ਕੋਈ ਔਖਾ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਜਿਸ ਨਾਰਾਇਣ ਨੂੰ ਨਮਸਕਾਰ ਕਰਦੇ ਹਨ, ਸਿੱਖ ਨੇ ਵੀ ਉਸੇ ਹੀ ਨਾਰਾਇਣ ਨੂੰ ਨਮਸਕਾਰ ਕਰਨੀ ਹੈ, ਕ੍ਰੂਰਕਰਮੇ ਨੂੰ ਨਹੀਂ।
    ਇੱਕੋ ਗੁਰੂ ਗੁਰੂ ਗ੍ਰੰਥ ਸਾਹਿਬ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.