‘ਲਿਖਣ ਦਾ ਹੱਕ ਅਤੇ ਜਿੰਮੇਵਾਰੀ ਦਾ ਅਹਿਸਾਸ’
ਡਾ. ਢਿੱਲੋਂ ਜੀ ਦੇ ਬਰਖਿਲਾਫ਼ ਧਾਰਾ 295 ਏ, ਆਈ.ਪੀ.ਸੀ. (ਇੰਡੀਅਨ ਪੀਨਲ ਕੋਡ) ਦੇ ਤਹਿਤ ਪਰਚਾ ਦਰਜ ਹੋਂਣ ਦੀ ਸੂਚਨਾ ਹੈ।ਸ਼੍ਰੋਮਣੀ ਕਮੇਟੀ ਵਲੋਂ ਪਰਚਾ ਦਰਜ ਕਰਵਾਏ ਜਾਣ ਦੇ ਇਸ ਕਦਮ ਤੇ ਬਿਨਾਂਹ ਕੋਈ ਟਿੱਪਣੀ ਕੀਤੇ, ਇਸ ਪ੍ਰਸ਼ਨ ਰਾਹੀਂ, ਇਹ ਵਿਚਾਰਨ ਦਾ ਯਤਨ ਕਰਦੇ ਹਾਂ ਕਿ, ਕੀ ਸਚਮੁੱਚ ਡਾ. ਢਿੱਲੋਂ ਵਲੋਂ ਲਿਖੀ ਪੁਸਤਕ ਕੇਵਲ ਸੁਹਿਰਦ ਵਿਚਾਰਾਂ ਦੀ ਅਭਿਵਿਯੱਕਤੀ ਹੈ ਜਾਂ ਫਿਰ ਧਾਰਾ 295 ਏ ਦਾ ਉਲੰਘਣ?
ਵਿਚਾਰਾਂ ਦੀ ਅਭਿਵਿਯੱਕਤੀ ਮਨੁੱਖੀ ਅਧਿਕਾਰ ਹੈ, ਪਰ ਇਸ ਅਧਿਕਾਰ ਦਾ ਆਨੰਦ ਜਿੰਮੇਵਾਰੀ ਤੋਂ ਮੁਕਤ ਹੋ ਕੇ ਨਹੀਂ ਮਾਣਿਆ ਜਾ ਸਕਦਾ।ਗੁਰੂ ਸਾਹਿਬਾਨ ਵਲੋਂ ਵਿਚਾਰਾਂ ਦੀ ਅਭਿਵਿਯੱਕਤੀ ਪੈਗੰਬਰੀ ਹੈ, ਜਿਸ ਦੀ ਤੁਲਨਾ ਡਾ. ਢਿੱਲੋਂ ਜੀ ਵਰਗੇ ਮਨੁੱਖ ਨਾਲ ਕਰਨਾ ਇਸ ਪੱਖੋਂ ਚਿੰਤਨ ਦਾ ਬਚਕਾਨਾਪਨ ਹੀ ਕਿਹਾ ਜਾ ਸਕਦਾ ਹੈ।ਖੈਰ, ਵਿਚਾਰਾਧੀਨ ਪ੍ਰਸ਼ਨ ਅਨੁਸਾਰ, ਚਰਚਾ ਨੂੰ ਪ੍ਰਸ਼ਨ ਤਕ ਸੀਮਿਤ ਰੱਖਦੇ ਉਸ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ।
ਪਹਿਲੀ ਨਜ਼ਰੇ ਸਪਸ਼ਟ ਪ੍ਰਤੀਤ ਹੁੰਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਤਖ਼ਤ ਬਾਰੇ ਢਿੱਲੋਂ ਜੀ ਦੇ ਵਿਚਾਰ ਅਤੇ ਸੰਬੋਧਨ ਜਾਣਬੂਝ ਕੇ ਕੀਤੀ ਗਈਆਂ ਉਕਸਾਹਟ ਭਰੀਆਂ ਟਿੱਪਣਿਆਂ ਹਨ ਜਦ ਕਿ ਕਈਂ ਸੱਜਣ ਉਨਾਂਹ ਨੂੰ ਐਸਾ ਨਾ ਕਰਨ ਬਾਰੇ ਬੇਨਤੀ ਕਰ ਚੁੱਕੇ ਸੀ।ਇਸ ਸਬੰਧ ਵਿਚ ‘ਬਾਬਾ ਖ਼ਲੀਲ ਅਹਿਮਦ ਬਨਾਮ ਸਰਕਾਰ’ ਮਾਮਲੇ ਵਿਚ ਇਹਲਾਬਾਦ ਹਾਈ ਕੋਰਟ ਵਿਚ ਹੋਏ ਇਕ ਫੈਸਲੇ ਦਾ ਉਦਾਹਰਨ ਵਿਚਾਰਨ ਦੀ ਲੋੜ ਹੈ।
ਇਹ ਮਹੱਤਵਪੁਰਣ ਫ਼ੈਸਲਾ ਤਿੰਨ ਜੱਜਾਂ ਦੇ ਬੈਂਚ ਨੇ, ਦੋਵੇਂ ਪੱਖਾਂ ਦੀ ਵਿਸਤ੍ਰਿਤ ਜਿਰਹ ਸੁਣਨ ਉਪਰੰਤ 20 ਅਪ੍ਰੇਲ ਸਨ 1960 ਵਿਚ ਸੁਣਾਇਆ ਸੀ।
ਸੰਖੇਪ ਰੂਪ ਮਾਮਲਾ ਇਸ ਪ੍ਰਕਾਰ ਸੀ:-
‘ਬਾਬਾ ਖ਼ਲੀਲ ਅਹਿਮਦ’ ਨੇ 6 ਕਿਤਾਬਾਂ ਲਿਖਿਆਂ ਸਨ ਜਿਨ੍ਹਾਂ ਵਿਚ ਅਬੂ ਸੁਫੈਨ ਦੇ ਪੁੱਤਰ ਮੁਆਵਿਆ ਦੇ ਬਰਖਿਲਾਫ਼ ਟਿੱਪਣਿਆਂ ਸਨ। ‘ਮੁਆਵਿਆ’ ਨੂੰ ਕਰਬਲਾ ਦਾ ਮੁੱਖ ਅਪਰਾਧੀ ਸਮਝਿਆ ਜਾਂਦਾ ਸੀ। ਪਰ ਮੁਹਾਵਿਆ ਦੇ ਪ੍ਰਤੀ ਸਨਮਾਨ ਦੀ ਭਾਵਨਾ ਰੱਖਣ ਵਾਲੇ ਹੋਰ ਮੁਸਲਮਾਨਾਂ ਦੇ ਇਤਰਾਜ ਨੂੰ ਵੇਖਦੇ ਸਰਕਾਰ ਨੇ ਉਨਾਂਹ 6 ਪੁਸਤਕਾਂ ਤੇ ਪਾਬੰਦੀ ਆਯਤ ਕਰ ਦੀਤੀ ਸੀ।
ਬਾਬਾ ਖ਼ਲੀਲ਼ ਅਹਿਮਦ ਨੇ, ਧਾਰਾ 99-ਬ ਆਈ.ਪੀ.ਸੀ. ਦੇ ਤਹਿਤ ਪਾਬੰਦੀ ਦੇ ਸਰਕਾਰੀ ਫੈਸਲੇ ਨੂੰ ਰੱਧ ਕਰਵਾਉਂਣ ਲਈ ਉੱਚ ਅਦਾਲਤ ਵਿਚ ਦਰਖ਼ਾਸਤ ਪਾਈ ਸੀ। ਖ਼ਲੀਲ ਅਹਿਮਦ ਵਲੋ ਆਪਣੀ ਇਸ ਪਟੀਸ਼ਨ ਦੇ ਸਮਰਥਨ ਵਿਚ ਦਿੱਤੇ ਹਲਫ਼ਿਆ ਬਿਆਨਾਂ ਵਿਚ, ਉਲਾਮਾਂ ਦੇ ਇਕ ਧੜੇ ਦੀ, ਇਕ ਸਰਵਸੰਮਤੀ ਵੀ ਪੇਸ਼ ਕੀਤੀ ਗਈ ਜਿਸ ਅਨੁਸਾਰ ‘ਮੁਆਵਿਆ’ ਕਰਬਲਾ ਦਾ ਮੁੱਖ ਅਪਰਾਧੀ ਸੀ। ਯਾਚਿਕਾ ਪਾਉਂਣ ਵਾਲਾ ਖ਼ਲੀਲ ਅਹਿਮਦ ਹਨੀਫ਼ੀ ਸਕੂਲ ਦਾ ਸੁੰਨੀ ਮੁਸਲਮਾਨ ਸੀ ਜੋ ਕਿ ਮੁਸਲਮਾਨ ਇਤਹਾਸ ਵਿਚ ਮੁਆਵਿਆ ਦੇ ਸਥਾਨ ਨੂੰ ਦਰਸਾਉਂਣਾ ਆਪਣਾ ਫ਼ਰਜ਼ ਸਮਝਦਾ ਸੀ।ਉਸਦੀ ਨਜ਼ਰੇ ਮੁਆਵਿਆ ਬੁਰਾ ਕਿਰਦਾਰ ਸੀ।
ਦੁਜੇ ਪਾਸੇ ਸਰਕਾਰ ਦਾ ਪੱਖ ਸੀ ਕਿ ਵਿਵਾਦਤ ਪੁਸਤਕਾਂ ਜਨਹਿਤ ਦੇ ਵਿਰੂਧ ਸਨ ਅਤੇ ਇਸ ਨਾਲ ਧਾਰਮਕ ਭਾਵਨਾਵਾਂ ਆਹਤ ਹੋਇਆਂ ਸਨ।ਨਾਲ ਹੀ ‘ਅਬਦੁਲ ਮਲਿਕ’ ਨਾਮਕ ਇਕ ਵਿਯਤਕੀ ਨੇ, ਜਵਾਬੀ ਹਲਫਨਾਮਿਆਂ ਰਾਹੀਂ, ਸਰਕਾਰੀ ਕਦਮ ਦਾ ਸਮਰਥਨ ਕਰਦੇ ਅਦਾਲਤ ਨੂੰ ਦੱਸਿਆ ਕਿ ਮੁਆਵਿਆ ਅਤੇ ਉਸਦਾ ਬਾਪ ਸੁੰਨੀ ਮੁਸਲਮਾਨਾਂ ਵਲੋਂ ਅਤਿ ਸਤਿਕਾਰਤ ਧਾਰਮਕ ਸ਼ਖਸ ਸਮਝੇ ਜਾਂਦੇ ਹਨ, ਅਤੇ ਖ਼ਲੀਲ ਨੇ ਪੁਸਤਕਾਂ ਅਤੇ ਸਪੀਚਾਂ ਰਾਹੀਂ ਸੁੰਨੀ ਮੁਸਲਮਾਨਾਂ ਦੀ ਧਾਰਮਕ ਭਾਵਨਾਵਾਂ ਨੂੰ ਦੂਖੀ ਕੀਤਾ ਹੈ।
ਧਿਆਨ ਰਹੇ ਕਿ ਮੁਆਵਿਆ, ‘ਮੁਹੱਮਦ ਸਾਹਿਬ’ ਦਾ ਸਮਕਾਲੀ ਸੀ ਅਤੇ ਮੁਹਮਦ ਸਾਹਿਬ ਦੇ ਅਕਾਲ ਚਲਾਣੇ ਉਪਰੰਤ ਸੀਰਿਆ ਦਾ ਗਵਰਨਰ ਸੀ, ਜਿਸਦਾ ਪਹਿਲੇ ਖ਼ਲੀਫ਼ਾ ਅਲੀ ਨਾਲ ਜੰਗੀ ਟਾਕਰਾ ਹੋਇਆ ਸੀ।ਇਤਹਾਸ ਵਿਚ ਮੁਆਵਿਆ ਦੇ ਚਰਿਤ੍ਰ ਨੂੰ ਲੈ ਕੇ ਗੰਭੀਰ ਤਨਾਜ਼ਾ ਰਿਹਾ ਸੀ। ਅਬਦੂਲ ਮਲਿਕ ਦੇ ਪੱਖ ਮੁਤਾਬਕ ਮੁਆਵਿਆ ਇਤਹਾਸ ਦੀ ਇਕ ਪਾਕ ਸ਼ਖਸਿਅਤ ਸੀ, ਅਤੇ ਖ਼ਲੀਲ਼ ਅਹਿਮਦ ਮੁਤਾਬਕ ਮੁਆਵਿਆ ਇਕ ਸਵਾਰਥੀ ਕਿਰਦਾਰ ਸੀ।
ਅਦਾਲਤ ਨੇ 6 ਪੁਸਤਕਾਂ ਦੀ ਜਾਂਚ ਉਪਰੰਤ ਇਹ ਵੇਖਿਆ ਕਿ ਪੁਸਤਕਾਂ ਵਿਚ ਮੁਆਵਿਆ ਵਿਰੂਧ ਟਿੱਪਣਿਆਂ ਸਨ।ਹੁਣ ਸਵਾਲ ਕੇਵਲ ਇਤਨਾ ਸੀ ਕਿ ਖ਼ਲੀਲ ਅਹਿਮਦ ਦੀ ਭਾਵਨਾ ਕੇਵਲ ਇਤਹਾਸਕ ਪੱਖ ਨੂੰ ਉਜਾਗਰ ਕਰਨਾ ਸੀ ਜਾਂ ਜਾਣਬੁਝ ਕੇ ਲਿਖਤਾਂ ਰਾਹੀਂ ਦੁਜੇ ਪੱਖ ਦੀਆਂ ਭਾਵਨਾਵਾਂ ਨੂੰ ਸੱਟ ਮਾਰਨਾ?
ਪ੍ਰਤਿਉੱਤਰ ਹਲਫਿਆ ਬਿਆਨਾਂ ਵਿਚ, ਖ਼ਲੀਲ ਅਹਿਮਦ ਨੇ ਆਪਣੇ ਪੱਖ ਨੂੰ ਅੱਗੇ ਤੋਰਦੇ ਅਦਾਲਤ ਨੂੰ ਦਲੀਲ ਦਿੱਤੀ ਕਿ ਕੋਈ ਵੀ ਸਹੀ ਸੁੰਨੀ ਮੁਆਵਿਆ ਦੇ ਸਤਿਕਾਰ ਦੀ ਪਰਵਾਹ ਨਹੀਂ ਕਰਦਾ ਬਲਕਿ ਉਸਦਾ ਸਤਿਕਾਰ ਕਰਨਾ ਇਸਲਾਮ ਦੇ ਦੁਸ਼ਮਣਾਂ ਦਾ ਕੰਮ ਹੈ ਅਤੇ ਅਬਦੁਲ ਮਲਿਕ ਵਰਗੇ ਬੰਦੇ ਸੁੰਨੀ ਮੁਸਲਮਾਨਾਂ ਨੂੰ ਗੁਮਰਾਹ ਕਰਨ ਵਾਲੇ ਹਨ।
ਅਦਾਲਤ ਨੇ ਸਪਸ਼ਟ ਰੂਪ ਵਿਚ ਵੇਖਿਆ ਕਿ ਮੁਸਲਾਮਾਨਾਂ ਦਾ ਇਕ ਤਬਕਾ ਮੁਹਾਵਿਆ ਨੂੰ ਇਕ ਇਤਹਾਸਕ ਧਾਰਮਕ ਆਗੂ ਮੰਨਦਾ ਹੈ ਜਦਕਿ ਇਕ ਤਬਕਾ ਉਸ ਨੂੰ ਇਕ ਸਵਾਰਥੀ ਕਿਰਦਾਰ ਮੰਨਦਾ ਹੈ। ਅਦਾਲਤ ਅਨੁਸਾਰ ਖ਼ਲੀਲ ਅਹਿਮਦ ਨੇ ਇਸ ਗਲ ਨੂੰ ਜਾਣਦੇ ਹੋਏ ਵੀ ਮੁਹਾਵਿਆ ਦੇ ਬਾਰੇ ਆਪੱਤਿਜਨਕ ਟਿੱਪਣਿਆਂ ਭਰਪੂਰ 6 ਪੁਸਤਕਾਂ ਲਿਖਿਆਂ ਇਸ ਲਈ ਖ਼ਲੀਲ ਦਾ ਇਹ ਕਾਰਜ ਸਪਸ਼ਟ ਰੂਪ ਵਿਚ ਐਸਾ ਕ੍ਰਿਤ ਸੀ ਜਿਸ ਰਾਹੀਂ ਉਸਨੇ ਜਾਣਬੁਝ ਕੇ ਮੁਸਲਮਾਨਾਂ ਦੇ ਇਕ ਤਬਕੇ ਦਿਆਂ ਧਾਰਮਕ ਭਾਵਨਾਵਾਂ ਨੂੰ ਸੱਟ ਮਾਰੀ ਸੀ ਜੋ ਕਿ ਧਾਰਾ 295 ਏ ਦੀ ਉਲੰਘਣਾ ਸੀ।
ਖ਼ਲੀਲ ਅਹਿਮਦ ਦੀ ਦਲੀਲ ਸੀ ਕਿ ਉਸਦੀ ਮੰਸ਼ਾ, ਕਿਸੇ ਦੀ ਧਾਰਮਕ ਭਾਵਨਾ ਨੂੰ ਸੱਟ ਮਾਰਨਾ ਨਹੀਂ ਸੀ, ਬਲਕਿ ਉਸਦਾ ਮਕਸਦ ਕੇਵਲ ਭੱਟਕੇ ਹੋਏ ਮੁਸਲਮਾਨਾਂ ਨੂੰ ਸਹੀ ਰਸਤੇ ਤੇ ਲਿਆਉਂਣਾ ਸੀ।ਪਰ ਜਜਾਂ ਦਾ ਕਹਿਣਾ ਸੀ ਕਿ ਪੁਸਤਕ ਦੀ ਭਾਸ਼ਾ ਅਤੇ ਉਸਦੀ ਸ਼ੈਲੀ ਤੋਂ ਲੇਖਕ ਦੀ ਮੰਸ਼ਾ ਝਲੱਕ ਆਉਂਦੀ ਹੈ।
ਜਜਾਂ ਨੇ ਇਸ ਤਰਕ ਤੇ ਟਿੱਪਣੀ ਕਰਦੇ ਲਿਖਿਆ:-
“ਅਸੀਂ ਵੇਖਿਆ ਹੈ ਕਿ ਯਾਚਿਕਾ ਕਰਤਾ ਦੀ ਲਿਖਤ ਇਸ ਸੁਭਾਅ ਦੀ ਹੈ ਕਿ ਮੁਆਵਿਆ ਦੀ ਸੱਤੁਤੀ ਕਰਨ ਵਾਲੇ ਰੋਸ਼ ਵਿਚ ਆਉਂਣੇ ਲਾਜ਼ਮੀ ਹਨ” ਜਿਵੇਂ ਕਿ ਵਿਚਾਰ ਆਏ ਹਾਂ, ਖਲੀਲ ਅਹਿਮਦ ਵਲੋਂ ਆਪਣਿਆਂ ਪੁਸਤਕਾਂ ਨੂੰ ਉਚਿਤ ਠਹਰਾਉਂਣ ਲਈ ਦੋ ਤਰਕ ਦਿਤੇ ਗਏ ਸੀ
ਪਹਿਲਾ:- ਮੁਆਵਿਆ ਦੇ ਵਿਰੂਧ ਲਗਾਏ ਗਏ ਇਲਜਾਮ ਸਹੀ ਹਨ!
ਦੂਜਾ:- ਇਸ ਗਲ ਨੂੰ ਉਲੇਮਾ ਦੇ ਤਬਕੇ ਦਾ ਸਮਰਥਨ ਵੀ ਪ੍ਰਪਾਤ ਹੈ।
ਇਸ ਤਰਕ ਨੂੰ ਮਜ਼ਬੂਤੀ ਦੇਂਣ ਲਈ ਅਮੀਰ ਅਲੀ ਦੀ ਲਿਖਤ ‘ਸਪਿਰਟ ਆਫ਼ ਇਸਲਾਮ’ ਅਤੇ ਗਿੱਬਨ ਦੀ ਪੁਸਤਕ ‘ਦਾ ਡਿਕਲਾਈਨ ਐਂਡ ਫ਼ਾਲ ਆਫ਼ ਰੋਮਨ ਅੰਪਾਅਰ’ ਦੇ ਹਵਾਲੇ ਵੀ ਦਿਤੇ ਗਏ ਜਿਨਾਂਹ ਵਿਚ ਮੁਆਵਿਆ ਵਿਰੂਧ ਵਿਚਾਰ ਪ੍ਰਗਟ ਕੀਤੇ ਗਏ ਸਨ।ਪਰ ਅਦਾਲਤ ਨੇ ਕਿਹਾ ਕਿ ਐਸੀਆਂ ਪੁਸਤਕਾਂ ਵੀ ਹਨ ਜਿਨਾਂਹ ਵਿਚ ਮੁਆਵਿਆ ਦੀ ਉਸਤਤ ਕੀਤੀ ਗਈ ਹੈ ਕਿ ਉਹ ਇਕ ਪਾਕ ਕਿਸਮ ਦਾ ਇਤਹਾਸਕ ਧਾਰਮਕ ਆਗੂ ਸੀ।ਐਸੀ ਸਥਿਤੀ ਵਿਚ ਅਦਾਲਤ ਨੇ ਇਕ ਮਹੱਤਵ ਪੁਰਣ ਟਿੱਪਣੀ ਕਰਦੇ ਕਿਹਾ ਕਿ:-
“ਅਦਾਲਤ ਇਸ ਸਵਾਲ ਨੂੰ ਨਜਿੱਠਣ ਤੋਂ ਇਨਕਾਰ ਕਰਦੀ ਹੈ ਕਿ ਮੁਆਵਿਆ, ਜਿਵੇਂ ਕਿ ਯਾਚਿਕਾ ਕਰਤਾ ਦਾ ਕਹਿਣਾ ਹੈ, ਇਕ ਬੁਰੇ ਕਿਰਦਾਰ ਦਾ ਇਨਸਾਨ ਸੀ, ਜਾਂ ਇਕ ਧਾਕ ਇਨਸਾਨ, ਜਿਵੇਂ ਕਿ ਅਬਦੁਲ ਮਲਿਕ ਦੇ ਪੱਖ ਦਾ ਕਹਿਣਾ ਹੈ”
ਐ .ਆਈ. ਆਰ 1927 ਆਲ 649 (ਐਫ ਬੀ) ਦੇ ਹਵਾਲੇ ਨਾਲ ਅਦਾਲਤ ਦਾ ਕਹਿਣਾ ਸੀ ਕਿ “ਐਸੇ ਮਾਮਲਿਆਂ ਵਿਚ ਭਾਸ਼ਾ ਦੀ ਸੱਚਾਈ ਦੀ ਨਾ ਤਾਂ ਵਕਾਲਤ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਉਸ ਨੂੰ ਸਾਬਤ ਕੀਤਾ ਜਾ ਸਕਦਾ ਹੈ”ਇਸ ਕਰਕੇ ਮੋਜੂਦਾ ਕੇਸ ਕੇਵਲ ਧਾਰਮਕ ਭਾਵਨਾਵਾਂ ਨੂੰ ਸੱਟ ਮਾਰਨ ਦੀ ਦੁਰਭਾਵਨਾ ਤਕ ਹੀ ਮਹਦੂਦ ਹੈ ਨਾ ਕਿ ਮੁਆਵਿਆ ਦੇ ਅਸਲ ਕਿਰਦਾਰ ਬਾਰੇ ਫ਼ੈਸਲਾ ਦੇਂਣ ਤਕ।
ਖ਼ਲੀਲ ਅਹਿਮਦ ਦੇ ਵਕੀਲ ਸਾਦਿਕ ਅਲੀ ਦਾ ਇਹ ਵੀ ਕਹਿਣਾ ਸੀ ਕਿ ਚੁੰਕਿ ਮੁਆਵਿਆ ਇਕ ਇਤਹਾਸਕ ਕਿਰਦਾਰ ਹੈ ਇਸ ਲਈ ਉਸਦੇ ਗੁਣ-ਦੋਸ਼ਾਂ ਦੀ ਵਿਚਾਰ ਕਰਨਾ 295 ਏ ਦੀ ਉਲੰਘਣਾ ਦਾ ਮਾਮਲਾ ਨਹੀਂ ਬਣਦਾ।ਪਰ ਜੱਜਾਂ ਨ ਇਕਮਤ ਇਸ ਤਰਕ ਨੂੰ ਦਰਕਿਨਾਰ ਕਰਦੇ ਕਿਹਾ ਕਿ:-
“ਇਹ ਸੱਚ ਹੈ ਕਿ ਮੁਆਵਿਆ ਇਕ ਇਤਹਾਸਕ ਕਿਰਦਾਰ ਸੀ ਪਰ ਅਸੀਂ ਇਸ ਤੱਥ ਦੀ ਅਣਦੇਖੀ ਨਹੀਂ ਕਰ ਸਕਦੇ ਕਿ ਇਸ ਨਾਮ ਨਾਲ ਧਾਰਮਕ ਭਾਵਨਾਵਾਂ ਜੁੜਿਆਂ ਹਨ।ਇਸ ਲਈ ਇਹ 6 ਪੁਸਤਕਾ ਇਕ ਆਮ ਇਤਹਾਸ ਤੇ ਆਮ ਕਾਰਜ ਕਰਕੇ ਦਰਕਿਨਾਰ ਨਹੀਂ ਕੀਤੀਆਂ ਜਾ ਸਕਦੀਆਂ।ਇਹ ਪੁਸਤਕਾਂ ਲਾਜ਼ਮੀ ਤੋਰ ਤੇ ਧਾਰਮਕ ਸੁਭਾਅ ਦੀਆਂ ਹਨ।ਇਹ ਪੁਸਤਕਾਂ ਮੁਆਵਿਆ ਦੇ ਕਿਰਦਾਰ ਤੇ ਹਮਲਾ ਹਨ”
ਅਦਾਲਤ ਨੇ ਪਾਇਆ ਕਿ ਕੇਸ ਦੇ ਸਾਰੇ ਲੱਛਣ 295 ਏ , ਆਈ. ਪੀ.ਸੀ. ਦੇ ਤਹਿਤ ਇਲਜ਼ਾਮ ਨੂੰ ਸਾਬਤ ਕਰਦੇ ਹਨ ਅਤੇ ਇਨਾਂਹ ਪੁਸਤਕਾਂ ਵਿਚ ਐਸੀ ਮਮਗਰੀ ਹੈ ਜਿਸਦਾ ਪ੍ਰਕਾਸ਼ਨ ਧਾਰਾ 295 ਏ ਦੇ ਤਹਿਤ ਸਜ਼ਾ ਯੋਗ ਹੈ।
ਸਿੱਖ ਪੰਥ ਦੀ ਅਤਿ ਸਤਿਕਾਰ ਸ਼ਖਸੀਅਤ ਭਾਈ ਗੁਰਦਾਸ ਬਾਰੇ ਕੀਤੀਆਂ ਗਇਆਂ ਟਿੱਪਣਿਆਂ ਦੇ ਸੰਧਰਭ ਵਿਚ ਵੀ ਡਾ. ਢਿੱਲੋਂ ਜੀ ਦਿਆਂ ਟਿੱਪਣਿਆਂ ਉਪਰੋਕਤ ਕਾਨੂਨੀ ਸਥਿਤੀ ਵਿਚ ਮੁਨਾਸਬ ਨਜ਼ਰ ਨਹੀਂ ਆਉਂਦੀਆਂ।ਮੁਆਵਿਆ ਦੇ ਮਾਮਲੇ ਵਿਚ ਇਕ ਪੱਥ ਉਸਨੂੰ ਬੁਰਾ ਮੰਨਦਾ ਸੀ ਅਤੇ ਦੁਜਾ ਚੰਗਾ। ਖ਼ਲੀਲ਼ ਅਹਿਮਦ ਬੁਰਾ ਮੰਨਣ ਵਾਲੇ
ਤਬਕੇ ਦਾ ਪ੍ਰਤਿਨਿਧੀ ਸੀ। ਪਰ ਭਾਈ ਗੁਰਦਾਸ ਨੂੰ ਤਾਂ ਸਾਰੇ ਸਿੱਖ ਸਤਿਕਾਰਤ ਮੰਨਦੇ ਆਏ ਹਨ।ਇੱਥੋਂ ਤਕ ਕਿ ਉਨਾਂਹ ਦੀਆਂ ਰਚਨਾਵਾਂ ਗੁਰਬਾਣੀ ਨਾਲ ਪੜੀਆਂ ਜਾ ਸਕਦੀਆਂ ਹਨ।ਇਸ ਲਈ ਅਭਿਵਿਯਕਤੀ ਦੇ ਅਧਿਕਾਰ ਦੀ ਵਰਤੋਂ ਜਿੰਮੇਵਾਰੀ ਦੇ ਅਹਿਸਾਸ ਨਾਲ ਹੀ ਕਰਨੀ ਚਾਹੀਦੀ ਹੈ।
ਹਰਦੇਵ ਸਿੰਘ,ਜੰਮੂ-17.7.13