“ਹਸਤ ਖੇਲਤ ਤੇਰੇ ਦੇਹੁਰੇ ਆਇਆ”
ਰਾਗ ਭੈਰਉ ਵਿੱਚ ਨਾਮਦੇਉ ਜੀ ਦਾ ਇਕ ਸ਼ਬਦ ਹੈ-
“ਹਸਤ ਖੇਲਤ ਤੇਰੇ ਦੇਹੁਰੇ ਆਇਆ॥
ਭਗਤਿ ਕਰਤ ਨਾਮਾ ਪਕਰਿ ਉਠਾਇਆ॥1॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥
ਛੀਪੇ ਕੇ ਜਨਮਿ ਕਾਹੇ ਕਉ ਆਇਆ॥1॥ਰਹਾਉ॥
ਲੈ ਕਮਲੀ ਚਲਿਓ ਪਲਟਾਇ॥ਦੇਹੁਰੈ ਪਾਛੈ ਬੈਠਾ ਜਾਇ॥2॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ॥ਭਗਤ ਜਨਾਂ ਕਉ ਦੇਹੁਰਾ ਫਿਰੈ॥3॥” (ਪ-1164)
ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਸ਼ਬਦ ਦੇ ਅਰਥ ਕੀਤੇ ਹਨ-
“ਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? ਲੋਕ ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ)॥1॥ਰਹਾਉ॥ਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ, ਪਰ (ਚੂੰਕਿ ਇਹ ਲੋਕ ‘ਮੇਰੀ ਜਾਤਿ ਹੀਨੜੀ’ ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿੱਚੋਂ) ਉਠਾਲ ਦਿੱਤਾ॥1॥ਮੈਂ ਆਪਣੀ ਕੰਬਲੀ ਲੈ ਕੇ (ਉਥੋਂ) ਮੁੜ ਕੇ ਤੁਰ ਪਿਆ ਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ॥2॥
(ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ, (ਉਸ ਦਾ) ਮੰਦਰ (ਉਸ ਦੇ) ਭਗਤ ਦੀ ਖਾਤਰ, (ਉਸ ਦੇ) ਸੇਵਕਾਂ ਦੀ ਖਾਤਰ ਫਿਰਦਾ ਜਾ ਰਿਹਾ ਹੈ”।
ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਸੰਬੰਧੀ ਅਜੋਕੇ ਇਕ ਵਿਆਖਿਆਕਾਰ ਜੀ ਲਿਖਦੇ ਹਨ- “ਇਸ ਸ਼ਬਦ ਨਾਲ ਮਿਥ ਜੋੜ ਕੇ ਇਹ ਕਿਹਾ ਜਾਂਦਾ ਹੈ ਕਿ ਭਗਤ ਨਾਮਦੇਉ ਜੀ ਇੱਕ ਦਿਨ ਗ਼ਲਤੀ ਨਾਲ ਮੰਦਰ ਚਲੇ ਗਏ ਪਰ ਮੰਦਰ ਦੇ ਪੁਜਾਰੀਆਂ ਨੇ ਉਨ੍ਹਾਂਨੂੰ ਬਾਂਹ ਤੋਂ ਪਕੜ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ।
ਨਾਮਦੇਉ ਜੀ ਨੇ ਪ੍ਰਭੂ ਨੂੰ ਮੇਹਣਾ ਮਾਰਿਆ ਕਿ ਮੈਨੂੰ ਛੀਂਬੇ ਦੀ ਜ਼ਾਤਿ ਵਿੱਚ ਜਨਮ ਕਿਉਂ ਦਿੱਤਾ? ਇਹ ਗੱਲ ਭਗਤ ਨਾਮਦੇਉ ਜੀ ਦੀ ਬਾਣੀ ਦੇ ਨਾਲ ਮੇਲ ਨਹੀਂ ਖਾਂਦੀ।ਇਸ ਦੇ ਉਲਟ ਪਹਿਲੀ ਤਾਂ ਗੱਲ ਇਹ ਹੈ ਕਿ ਨਾਮਦੇਉ ਜੀ ਤਾਂ ਸਮੁਚੀ ਮਨੁੱਖਤਾ ਨੂੰ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਲਈ ਪ੍ਰੇਰਣਾ ਕਰਦੇ ਹਨ”।
ਨੋਟ-‘ਰਜ਼ਾ ਵਿੱਚ ਰਹਿਣ ਲਈ ਪ੍ਰੇਰਣਾ ਕਰਦੇ ਹਨ’ ਤੋਂ ਜਾਹਰ ਹੁੰਦਾ ਹੈ ਕਿ ਵਿਆਖਿਆਕਾਰ ਜੀ ਮੁਤਾਬਕ ‘ਛੀਂਬੇ ਦੀ ਜਾਤ’ ਸੱਚ ਮੁਚ ਨੀਵੀਂ ਜਾਤ ਹੈ ਅਤੇ ਪ੍ਰਭੂ ਨੇ ਜਿਸ ਵੀ ਜਾਤ ਵਿੱਚ ਕਿਸੇ ਨੂੰ ਪੈਦਾ ਕੀਤਾ ਹੈ, ਮਨੁੱਖ ਨੂੰ ਉਸੇ ਨੂੰ ਸਵਿਕਾਰ ਕਰਕੇ ਅਤੇ ਭਾਣਾ ਮੰਨਕੇ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਪਰ ਵਿਆਖਿਆਕਾਰ ਜੀ ਨੂੰ ਇਹ ਨਹੀਂ ਪਤਾ ਕਿ ਗੁਰਮਤਿ ਅਨੁਸਾਰ ਛੀਂਬਾ ਕੋਈ ਜਾਤ ਨਹੀਂ, ਅਤੇ ਨਾ ਹੀ ਕੋਈ ਵੀ ਕੰਮ ਛੋਟਾ ਜਾਂ ਵੱਡਾ ਹੈ।ਭਗਤ ਜੀ ਨੇ ਜੋ ਕਿਹਾ ਹੈ “ਛੀਪੇ ਕੇ ਜਨਮਿ ਕਾਹੇ ਕਉ ਆਇਆ” ਇਹ ਆਪਣੇ ਆਪ ਨੂੰ ਉੱਚੀ ਜਾਤ ਦੇ ਸਮਝਦੇ ਲੋਕਾਂ ਵੱਲੋਂ ਨੀਵੀਂ ਜਾਤ ਦੇ ਸਮਝੇ ਜਾਂਦੇ ਲੋਕਾਂ ਤੇ ਕੀਤੇ ਜਾਂਦੇ ਜ਼ੁਲਮ ਦੀ ਆਵਾਜ਼ ਪ੍ਰਗਟਾਈ ਗਈ ਹੈ ਅਤੇ ਇਹੀ ਸ਼ਬਦ ਦਾ ਮੁਖ ਵਿਸ਼ਾ ਹੈ। ਇਸੇ ਲਈ ਇਸ ਨੂੰ ਰਹਾਉ ਦੀ ਤੁਕ ਬਣਾਇਆ ਗਿਆ ਹੈ।ਪਰ ਅੱਗੇ ਸਾਰੇ ਸ਼ਬਦ ਵਿੱਚ ਇਹ ਦਰਸਾਇਆ ਗਿਆ ਹੈ ਕਿ ਪ੍ਰਭੂ ਦੀ ਬਣਾਈ ਕੋਈ ਉੱਚੀ ਨੀਵੀਂ ਜਾਤ ਨਹੀਂ।ਉਹ ਤਾਂ ਅਖੌਤੀ ਉੱਚੀ ਜਾਤ ਵਾਲਿਆਂ ਦਾ ਅਹੰਕਾਰ ਤੋੜਨ ਵਾਲਾ ਹੈ।
ਵਿਆਖਿਆਕਾਰ ਜੀ ਅੱਗੇ ਲਿਖਦੇ ਹਨ-“ਕਰਮਕਾਂਡੀ ਕਹਾਣੀ, ਕਰਮਕਾਂਡੀਆਂ ਵੱਲੋਂ ਭਗਤ ਜੀ ਨਾਲ ਜੋੜੀ ਜਾਂਦੀ ਹੈ, ਕਿ ਨਾਮਦੇਉ ਜੀ ਨੂੰ ਬ੍ਰਹਮਣਾਂ ਨੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਨਾਮਦੇਉ ਜੀ ਮੰਦਰ ਦੇ ਪਿਛਲੇ ਪਾਸੇ ਬੈਠ ਗਏ। ਉਨ੍ਹਾਂਨੇ ਪਰਮਾਤਮਾ ਨੂੰ ਮਿਹਣਾ ਮਾਰਿਆ ਤਾਂ ਮੰਦਰ ਦਾ ਮੂੰਹ ਘੁੰਮ ਗਿਆ।ਅਤੇ ਪੱਥਰ ਦੀ ਮੂਰਤੀ ਵਿੱਚੋਂ ਉਨ੍ਹਾਂ ਨੂੰ ਪ੍ਰਭੂ ਦੇ ਦਰਸ਼ਨ ਹੋਏ”।
ਨੋਟ- ਪੱਥਰ ਦੀ ਮੂਰਤੀ ਵਿੱਚੋਂ ਪ੍ਰਭੂ ਦੇ ਦਰਸ਼ਨ ਹੋਣ ਵਾਲੀ ਗੱਲ ਵਿਆਖਿਆਕਾਰ ਨੇ ਪ੍ਰੋ: ਸਾਹਿਬ ਨੂੰ ਬਦਨਾਮ ਕਰਨ ਲਈ ਆਪਣੇ ਕੋਲੋਂ ਹੀ ਜੋੜ ਦਿੱਤੀ ਹੈ। ਵਿਆਖਿਆਕਾਰ ਜੀ ਪ੍ਰੋ: ਸਾਹਿਬ ਸਿੰਘ ਜੀ ਦੀ ਵਿਆਖਿਆ ਸੰਬੰਧੀ ਟਿੱਪਣੀਆਂ ਕਰਕੇ ਅਸਿੱਧੇ ਤੌਰ ਤੇ ਐਸੇ ਮਹਾਨ ਵਿਅਕਤੀ ਨੂੰ ਕਰਮਕਾਂਡੀ ਦੱਸ ਰਹੇ ਹਨ, ਜਿਹੜੇ ਖੁਦ ਅਖੌਤੀ ਉੱਚੀ ਜਾਤ ਵਿੱਚ ਜਨਮੇ ਅਤੇ ਨੀਵੀਂ ਜਾਤ ਦੇ ਸਮਝੇ ਜਾਂਦੇ ਵਿਅਕਤੀ ਨੂੰ ਆਪਣੇ ਬਰਾਬਰ ਬਿਠਾ ਕੇ ਭੋਜਨ ਛਕਾਂਦੇ ਸਨ। ਜਿਸ ਨੇ ਕਦੇ ਸ਼ਾਮ ਦੇ ਵਕਤ ਜਪੁ ਜੀ ਸਾਹਿਬ ਅਤੇ ਸਵੇਰ ਦੇ ਵਕਤ ਰਹਿਰਾਸ ਦਾ ਪਾਠ ਕਰਨ ਵਿੱਚ ਕੋਈ ਭੇਦ ਨਹੀਂ ਸਮਝਿਆ। ਉਸ ਵਿਅਕਤੀ ਨੂੰ ਕਰਮਕਾਂਡੀ ਦੱਸ ਰਹੇ ਹਨ ਜਿਸ ਦੇ ਸਾਰੇ ਜੀਵਨ ਵਿੱਚੋਂ ਖੋਜੇ ਤੋਂ ਨਾਮ ਮਾਤਰ ਵੀ ਕੋਈ ਕਰਮਕਾਂਡ ਦੀ ਝਲਕ ਨਹੀਂ ਲਭੀ ਜਾ ਸਕਦੀ। ਬਲਕਿ ਜਿਸ ਨੇ ਵੀ ਉਨ੍ਹਾਂ ਦੀਆਂ ਵਿਆਖਿਆਵਾਂ ਪੜ੍ਹੀਆਂ ਉਹ ਸਾਰੇ ਕਰਮਕਾਂਡ ਛੱਡ ਗਏ।
ਵਿਆਖਿਆਕਾਰ ਜੀ ਅੱਗੇ ਲਿਖਦੇ ਹਨ- “ …ਸੋਚਣ ਵੀਚਾਰਨ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਜੀ ਦਾ ਮੱਕੇ ਜਾਣ ਦਾ ਮਨੋਰਥ ਤਾਂ ਇਹ ਭਰਮ ਦੂਰ ਕਰਨ ਦਾ ਸੀ ਕਿ ਖ਼ੁਦਾ ਇੱਕ ਨਿਸਚਿਤ ਸੀਮਾਂ ਤੱਕ ਹੀ ਸੀਮਿਤ ਨਹੀਂ ਹੈ। ਇਧਰ ਦੂਸਰੇ ਪਾਸੇ ਜੋ ਕਰਮਕਾਂਡੀ ਲੋਕਾਂ ਵੱਲੋਂ ਨਾਮਦੇਉ ਜੀ ਨਾਲ ਕਹਾਣੀ ਜੋੜੀ ਜਾਂਦੀ ਹੈ, ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਹੈ, ਕਿ ਪੰਡਰਪੁਰ ਦਾ ਮੰਦਰ ਹੀ ਹਰੀ ਦਾ ਦਵਾਰਾ ਹੈ (ਨੋਟ-ਪੰਡਰਪੁਰ ਬਾਰੇ ਪ੍ਰੋ: ਸਾਹਿਬ ਸਿੰਘ ਜੀ ਦੇ ਵਿਚਾਰ ਅੱਗੇ ਪੜ੍ਹੇ ਜਾ ਸਕਦੇ ਹਨ)।
ਨਾਮਦੇਉ ਜੀ ਦੀ ਪ੍ਰਭੂ ਪਰਾਪਤੀ ਵੀ ਉੱਥੋਂ ਹੀ ਦਰਸਾਈ ਜਾਂਦੀ ਹੈ। ਭਗਤ ਜੀ ਭਰਮ ਦੂਰ ਕਰਨ ਤਾਂ ਜਾ ਸਕਦੇ ਸਨ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਭਰਮ ਦੂਰ ਕਰਨ ਗਏ ਸਨ, ਪਰ ਇਹ ਕਰਮਕਾਂਡੀ ਕਹਾਣੀ ਤਾਂ ਭਰਮ ਖੜੇ ਕਰਦੀ ਹੈ।ਹੁਣ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਗੁਰੂ ਨਾਨਕ ਜੀ ਮੱਕਾ ਘੁਮਾ ਸਕਦੇ ਸਨ ਤਾਂ ਨਾਮਦੇਉ ਮੰਦਰ ਕਿਉਂ ਨਹੀਂ ਘੁਮਾ ਸਕਦੇ? ਬੱਸ ਇਹੀ ਸੱਚ ਜਾਨਣ ਦੀ ਲੋੜ ਹੈ, ਕਿ ਗੁਰੂ ਨਾਨਕ ਜੀ ਨੇ ਮੱਕਾ ਕਿਹੜਾ ਘੁਮਾਇਆ?ਮੱਕਾ ਇਕ ਸ਼ਹਿਰ ਦਾ ਨਾਮ ਹੈ। ਮੁਸਲਮਾਨ ਵੀਚਾਰਧਾਰਾ ਅਨੁਸਾਰ ਮੱਕੇ ਸ਼ਹਿਰ ਅੰਦਰ ਕਾਅਬੇ ਵਿੱਚ ਖ਼ੁਦਾ ਦਾ ਵਾਸਾ ਹੈ, ਪਰ ਗੁਰਮਤਿ ਮਨ ਨੂੰ ਮੱਕਾ ਅਤੇ ਦੇਹੀ ਨੂੰ ਕਿਬਲਾ (ਮਸੀਤ) ਬਣਾਉਣ ਲਈ ਪ੍ਰੇਰਣਾ ਕਰਦੀ ਹੈ”।
ਵਿਚਾਰ- ਅਜੋਕੇ ਵਿਆਖਿਆਕਾਰਾਂ ਨੂੰ ਪ੍ਰੋ: ਸਾਹਿਬ ਸਿੰਘ ਜੀ ਦੀਆਂ ਵਿਆਖਿਆਵਾਂ ਵਿੱਚ ਭਰਮ ਇਸ ਲਈ ਨਜ਼ਰ ਆ ਰਹੇ ਹਨ, ਕਿਉਂਕਿ ਇਹ ਲੋਕ ਸ਼ਬਦ ਦੀ ਗਹਿਰਾਈ ਅਤੇ ਪ੍ਰੋ: ਸਾਹਿਬ ਜੀ ਦੁਆਰਾ ਕੀਤੀਆਂ ਵਿਆਖਿਆਵਾਂ ਨੂੰ ਸਮਝਣ ਤੋਂ ਅਸਮਰਥ ਹਨ।
ਅਜੋਕੇ ਵਿਆਖਿਆਕਾਰ ਜੀ ਦੁਆਰਾ ਕੀਤੇ ਗਏ ਸ਼ਬਦ ਦੇ ਅਰਥ- “ਹੇ ਵਾਹਿਗੁਰੂ ਜਦੋਂ ਮੈਂ ਨਾਮਦੇਉ ਤੇਰੇ ਦੇਹੁਰੇ ਆਇਆ ਤਾਂ ਮੇਰੀ ਪ੍ਰਸੰਨਤਾ ਦੀ ਕੋਈ ਹੱਦ ਨਹੀਂ ਰਹੀ। ਮੇਰੀ ਜ਼ਾਤ ਹੀਨੜੀ ਹੈ ਅਤੇ ਤੂੰ ਜਾਦਮ ਰਾਇਆ, ਪਾਰਬ੍ਰਹਮ ਕਰਤਾਰ ਹੈਂ। ਤੂੰ ਇਹ ਪੁੱਛਿਆ ਹੀ ਨਹੀਂ ਕਿ ਤੇਰਾ ਛੀਬੇ ਦੇ ਘਰ ਦਾ ਜਨਮ ਹੈ ਤੇ ਤੂੰ ਮੇਰੇ ਦਰ ਤੇ ਕਿਉਂ ਅਤੇ ਕੀ ਲੈਣ ਆਇਆ ਹੈ।
*ਜਦੋਂ ਮੈਂ ਤੇਰੀ ਬੰਦਗੀ ਕੀਤੀ* *ਤਾਂ* ਤੂੰ ਮੈਨੂੰ ਜ਼ਾਤ ਪਾਤ ਦੀ ਗਰਤ (ਖੱਡ) ਵਿੱਚੋਂ ਬਾਂਹ ਪਕਰਿ ਉਠਾ ਲਿਆ। ਜੋ ਵੀ ਕੋਈ ਤੇਰੇ ਤੇ ਦ੍ਰਿੜ ਵਿਸ਼ਵਾਸ਼ ਕਰਕੇ ਚੱਲਦਾ ਹੈ, ਉਸ ਦੇ ਜੀਵਨ ਅੰਦਰ ਅਜਿਹਾ ਪਲਟਾ ਭਾਵ ਬਦਲਾਉ ਆ ਜਾਂਦਾ ਹੈ, ਅਤੇ ਉਹ ਕਰਮਕਾਂਡੀ ਮੰਦਰਾਂ ਵੱਲ ਪਿੱਠ ਕਰ ਬੈਠਦਾ ਹੈ (ਉਹ ਕਰਮਕਾਂਡੀ ਮੰਦਰ ਹੀ ਹਨ ਜਿੱਥੇ ਜ਼ਾਤ-ਪਾਤ ਵੇਖੀ ਜਾਂਦੀ ਹੈ)।
ਨਾਮਦੇਉ ਜੀ ਦਾ ਇਹ ਦ੍ਰਿੜ ਵਿਸ਼ਵਾਸ਼ ਹੈ ਕਿ ਜਿਉਂ ਜਿਉਂ ਬੰਦਗ਼ੀ ਕਰਨ ਵਾਲੇ ਪੁਰਖ ਹਰੀ ਦਾ ਨਾਮ ਸਿਮਰਨ ਕਰਦੇ ਹਨ, ਉਨ੍ਹਾਂ ਦੀ ਮਨ ਰੂਪੀ ਵੀਚਾਰਧਾਰਾ ‘ਫਿਰੈ’ ਭਾਵ ਬਦਲ ਜਾਂਦੀ ਹੈ। ਵਾਹਿਗੁਰੂ ਦੇ ਸਿਮਰਨ ਦੀ ਬਖਸ਼ਿਸ਼ ਨਾਲ ਉਹ ਆਪਣੇ ਆਪ ਨੂੰ ਕਰਮਕਾਂਡਾਂ ਵੱਲੋਂ ਮੋੜ, ਤੇਰੇ ਦਰ ਨਾਲ ਜੁੜ ਜਾਂਦੇ ਹਨ”।
ਵਿਚਾਰ- ਤੁਕ ਵਿੱਚ ਲਫਜ਼ ਆਏ ਹਨ- “ਹਸਤ ਖੇਲਤ ਤੇਰੇ ਦੇਹੁਰੇ ਆਇਆ॥..” ਬੜੇ ਸੌਖੇ ਜਿਹੇ ਅਰਥ ਹਨ; ਹਸਤ- ਹਸਦਾ। ਖੇਲਤ- ਖੇਡਦਾ। ਜਾਣੀ ਕਿ ਖੁਸ਼ੀ ਖੁਸ਼ੀ ਤੇਰੇ ਦੇਹੁਰੇ ਆਇਆ।
ਪਰ ਵਿਆਖਿਆਕਾਰ ਜੀ ਅਰਥ ਕਰ ਰਹੇ ਹਨ- “..ਜਦੋਂ ਮੈਂ ਨਾਮਦੇਉ ਤੇਰੇ ਦੇਹੁਰੇ ਆਇਆ ਤਾਂ ਮੇਰੀ ਪ੍ਰਸੰਨਤਾ ਦੀ ਕੋਈ ਹੱਦ ਨਹੀਂ ਰਹੀ”।ਸਵਾਲ- ਹਸਦਾ ਖੇਡਦਾ ਤੇਰੇ ਦੇਹੁਰੇ ਆਇਆ, ਜਾਂ ਤੇਰੇ ਦੇਹੁਰੇ ਆਣ ਨਾਲ ਖੁਸ਼ੀ ਦੀ ਹੱਦ ਨਾ ਰਹੀ?
ਅੱਗੇ ਵਿਆਖਿਆਕਾਰ ਜੀ ਲਿਖਦੇ ਹਨ- “ *ਜਦੋਂ ਮੈਂ ਤੇਰੀ ਬੰਦਗੀ ਕੀਤੀ* *ਤਾਂ* ਤੂੰ ਮੈਨੂੰ ਜ਼ਾਤ ਪਾਤ ਦੀ ਗਰਤ (ਖੱਡ) ਵਿੱਚੋਂ ਬਾਂਹ ਪਕਰਿ ਉਠਾ ਲਿਆ”।
ਵਿਚਾਰ- ਜਾਣੀ ਕਿ ਵਿਆਖਿਆਕਾਰ ਜੀ ਮੁਤਾਬਕ ਨਾਮਦੇਉ ਜੀ ਸਮਝਦੇ/ ਮੰਨਦੇ ਹਨ ਕਿ ‘ਛੀਂਬੇ’ ਦੇ ਘਰ ਜਨਮ ਹੋਣਾ ਨੀਵੀਂ ਜਾਤ ਹੁੰਦੀ ਹੈ, ਅਤੇ ਬੰਦਗ਼ੀ ਕਰਨ ਨਾਲ ਵਾਹਿਗੁਰੂ ਨੇ ਨਾਮਦੇਉ ਜੀ ਨੂੰ ਜਾਤ-ਪਾਤ ਦੀ ਖੱਡ ਵਿੱਚੋਂ ਬਾਹਰ ਕੱਢ ਲਿਆ।
ਵਿਆਖਿਆਕਾਰ ਜੀ “ਭਗਤਿ” ਦੇ ਅਰਥ ਲਿਖਦੇ ਹਨ- ਪ੍ਰਭੂ ਦੀ ਬੰਦਗ਼ੀ ਕਰਨ ਵਾਲਾ (ਭਗਤਿ ਦੇ ‘ਤ’ ਨੂੰ ਸਿਹਾਰੀ ਹੈ)”। ‘ਤ’ ਨੂੰ ਸਿਹਾਰੀ ਦੱਸਣ ਤੋਂ ਜਾਹਰ ਹੁੰਦਾ ਹੈ ਕਿ ਵਿਆਖਿਆਕਾਰ ਜੀ ਨੇ ਵਿਆਕਰਣ ਦਾ ਪੂਰਾ ਪੂਰਾ ਧਿਆਨ ਰੱਖਿਆ ਹੈ।
ਪਰ ਤੁਕ ਵਿੱਚ ਲਫਜ ਆਏ ਹਨ- “ਦੇਹੁਰੈ ਪਾਛੈ ਬੈਠਾ ਜਾਇ”, ਜਾਣੀ ਕਿ ਭੂਤ ਕਾਲ ਪਰ ਵਿਆਖਿਆਕਾਰ ਜੀ ਅਰਥ ਕਰ ਰਹੇ ਹਨ- “ਪਿੱਠ ਕਰ *ਬੈਠਦਾ ਹੈ*” ਜਾਣੀ ਕਿ ਵਰਤਮਾਨ ਕਾਲ। ਵਿਆਖਿਆਕਾਰ ਜੀ ਆਪਣੇ ਇਸ ਤਰ੍ਹਾਂ ਦੇ ਵਿਆਕਰਣ ਗਿਆਨ ਦੇ ਆਧਾਰ ਤੇ ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਨੂੰ ਰੱਦ ਕਰ ਰਹੇ ਹਨ। “ਬੈਠਾ ਜਾਇ” ਦਾ ਅਰਥ “ਬੈਠਦਾ ਹੈ” ਇਹ ਕਿਹੜੀ ਵਿਆਕਰਣ ਹੈ?
“ਛੀਪੇ ਕੇ ਜਨਮਿ ਕਾਹੇ ਕਉ ਆਇਆ” ਦੇ ਅਰਥ ਕੀਤੇ ਗਏ ਹਨ- “ਤੂੰ ਇਹ ਪੁੱਛਿਆ ਹੀ ਨਹੀਂ ਕਿ ਤੇਰਾ ਛੀਬੇ ਦੇ ਘਰ ਦਾ ਜਨਮ ਹੈ ਤੇ ਤੂੰ ਮੇਰੇ ਦਰ ਤੇ ਕਿਉਂ ਅਤੇ ਕੀ ਲੈਣ ਆਇਆ ਹੈ”।
ਸਵਾਲ- ਕੀ ਕਿਸੇ ਤਰ੍ਹਾਂ ਵੀ ਇਹ ਉੱਪਰ ਦਿੱਤੇ ਅਰਥ ਸਹੀ ਕਹੇ ਜਾ ਸਕਦੇ ਹਨ? ‘…ਜਨਮ ਕਾਹੇ ਕਉ ਆਇਆ’ ਨੂੰ ‘ਮੇਰੇ ਦਰ ਤੇ ਕੀ ਲੈਣ ਆਇਆ ਹੈ? ਬਣਾ ਦਿੱਤਾ ਗਿਆ ਹੈ।‘ਚਲਿਓ’ ਦਾ ਅਰਥ- ‘ਚੱਲਦਾ ਹੈ’।ਇਹ ਕਿਹੜੀ ਵਿਆਕਰਣ ਹੈ?
“ਜਿਉ ਜਿਉੁ” ਦਾ ਅਰਥ ਕੀਤਾ ਗਿਆ ਹੈ- “ਜੋ ਵੀ ਕੋਈ”(??)
“ਕਮਲੀ” ਦਾ ਅਰਥ ਦੱਸਿਆ ਗਿਆ ਹੈ= ਦ੍ਰਿੜ ਵਿਸ਼ਵਾਸ਼ (??)
“ਜਿਉ ਜਿਉ ਨਾਮਾ ਹਰਿ ਗੁਣ ਉਚਰੈ” ਦੇ ਅਰਥ- “ਜੋ ਵੀ ਕੋਈ ਤੇਰੇ ਤੇ ਦ੍ਰਿੜ ਵਿਸ਼ਵਾਸ਼ ਕਰਕੇ ਚੱਲਦਾ ਹੈ।
ਨੋਟ ਕਰੋ- ‘ਕਮਲੀ’ (ਦ੍ਰਿੜ ਵਿਸ਼ਵਾਸ਼ ??) ਇਸ ਤੋਂ ਪਹਿਲੀ ਤੁਕ ਵਿੱਚ ਆਇਆ ਹੈ ਉਸ ਨੂੰ ਇਸ ਤੁਕ ਵਿੱਚ ਰਲ-ਗੱਡ ਕਰਕੇ ਅਰਥ ਘੜ ਦਿੱਤੇ ਗਏ ਹਨ।
“ਜਿਉ ਜਿਉੁ” ਦਾ ਅਰਥ “ਜੋ ਵੀ ਕੋਈ” ਹੈ ਤਾਂ, ਇਸ ਦਾ ਮਤਲਬ “ਨਾਮਾ ਹਰਿ ਗੁਣ ਉਚਰੈ” ਦਾ ਅਰਥ ਬਣਿਆ- “ਚੱਲਦਾ ਹੈ” (ਪੂਰੀ ਲਾਇਨ ਦਾ ਅਰਥ ਇਕ ਵਾਰੀਂ ਫੇਰ ਦੇਖੋ-
“ਜਿਉ ਜਿਉ ਨਾਮਾ ਹਰਿ ਗੁਣ ਉਚਰੈ”=
‘ਜੋ ਵੀ ਕੋਈ’ ਤੇਰੇ ਤੇ ‘ਦ੍ਰਿੜ ਵਿਸ਼ਵਾਸ਼ ਕਰਕੇ’ ‘ਚੱਲਦਾ ਹੈ’।
‘ਕਰਤ’ ਦਾ ਅਰਥ- ‘ਗਰਤ’, ਖਾਈ (ਕਰਤ’ ਤੋਂ ‘ਗਰਤ’ ਕਿਹੜੇ ਹਿਸਾਬ ਨਾਲ ਬਣ ਗਿਆ?)
ਪ੍ਰੋ: ਸਾਹਿਬ ਸਿੰਘ ਜੀ ਦਾ ਪੱਖ-
“ਸਟੀਕ ਭਗਤ-ਬਾਣੀ ਹਿੱਸਾ ਤੀਜਾ” ਪੁਸਤਕ ਦੇ ਸ਼ੁਰੂ ਦੇ ਪੰਨਿਆਂ ਤੇ ਪ੍ਰੋ: ਸਾਹਿਬ ਸਿੰਘ ਜੀ ਨੇ ਆਮ ਪ੍ਰਚੱਲਤ ਸ਼ੰਕਿਆਂ ਬਾਰੇ ਆਪਣੇ ਵਿਚਾਰ ਦਿੱਤੇ ਹਨ-
“ਨਾਮਦੇਉ ਦਾ ਬੀਠਲ ਨਾ ਕਿਸੇ ਖ਼ਾਸ ਮੰਦਰ ਵਿੱਚ ਹੈ ਨਾ ਮਸਜਿਦ ਵਿੱਚ”।
ਨਾਮਦੇਉ ਦਾ ‘ਕੇਸਵ, ਗੋਬਿੰਦ ਅਤੇ ਬੀਠੁਲ ਇਕੋ ਹੀ ਹੈ।
ਨਾਮਦੇਉ ਜੀ ਦਾ ‘ਬੀਠੁਲ’ ਹਰੇਕ ਜੀਵ ਅੰਦਰ ਵੱਸਦਾ ਹੋਇਆ ਭੀ ਮਾਇਆ ਦੇ ਬੰਧਨਾਂ ਵਿੱਚ ਕਦੇ ਨਹੀਂ ਫ਼ਸਿਆ।
ਭਗਤ ਨਾਮਦੇਉ ਦਾ ਬੀਠਲ ਪ੍ਰਭੂ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ।
ਦੱਖਣ ਵਿੱਚ ਲੋਕ ਕਿਸੇ ਮੰਦਰ ਵਿੱਚ ਟਿਕਾਏ ‘ਬੀਠੁਲ’ ਨੂੰ ਪੂਜਦੇ ਹੋਣਗੇ, ਜਿਸ ਨੂੰ ਉਹ ਇੱਟ ਤੇ ਬੈਠਾ ਵਿਸ਼ਨੂੰ ਜਾਂ ਕ੍ਰਿਸ਼ਨ ਸਮਝਦੇ ਹਨ। ਨਾਮਦੇਉ ਜੀ ‘ਬੀਠੁਲ’ ਦਾ ਅਰਥ ‘ਇੱਟ ਤੇ ਬੈਠਾ ਕ੍ਰਿਸ਼ਨ” ਨਹੀਂ ਕਰਦੇ, ਉਨ੍ਹਾਂ ਦਾ ਭਾਵ “ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਲਫ਼ਜ਼ ਰਾਮ ਤੇ ਬੀਠੁਲ ਨੂੰ ਇੱਕੋ ਹੀ ਭਾਵ ਵਿੱਚ ਵਰਤ ਰਹੇ ਹਨ।ਵਿਪਰੇ, ਮਾਇਆ ਦੇ ਪ੍ਰਭਾਵ ਤੋਂ ਪਰੇ।ਸਥਲ- ਟਿਕਿਆ ਹੋਇਆ।
ਭਗਤ ਨਾਮਦੇਉ ਜੀ ਨੇ ਆਪਣੀ ਉਮਰ ਦਾ ਵਧੀਕ ਹਿੱਸਾ ਪੰਡਰਪੁਰ ਵਿੱਚ ਗੁਜ਼ਾਰਿਆ। ਉੱਥੋਂ ਦੇ ਵਸਨੀਕ ਜਾਣਦੇ ਹੀ ਸਨ ਕਿ ਨਾਮਦੇਉ ਛੀਂਬਾ ਹੈ ਤੇ ਸ਼ੁਦਰ ਹੈ। ਸ਼ੁਦਰ ਨੂੰ ਮੰਦਰ ਜਾਣ ਦੀ ਮਨਾਹੀ ਸੀ। ਕਿਸੇ ਦਿਨ ਕਿਸੇ ਮੌਜ ਵਿੱਚ ਨਾਮਦੇਉ ਜੀ ਬੀਠਲਮੂਰਤੀ ਦੇ ਮੰਦਰ ਚਲੇ ਗਏ, ਅਗੋਂ ਉਚੀ ਜ਼ਾਤ ਵਲਿਆਂ ਨੇ ਬਾਹੋਂ ਫ਼ੜਕੇ ਬਾਹਰ ਕਢ੍ਹ ਦਿੱਤਾ। ਜੇ ਨਾਮਦੇਉ ਜੀ ਕਿਸੇ ਬੀਠੁਲ ਦੀ ਕਿਸੇ ਠਾਕੁਰ ਦੀ ਮੂਰਤੀ ਦੇ ਪੁਜਾਰੀ ਹੁੰਦੇ ਤੇ ਹਰ ਰੋਜ਼ ਮੰਦਰ ਜਾ ਕੇ ਪੂਜਾ ਕਰਦੇ ਹੁੰਦੇ, ਤਾਂ ਹਰ ਰੋਜ਼ ਮੰਦਰ ਆਉਣ ਵਾਲੇ ਨਾਮਦੇਉ ਨੂੰ ਉਨ੍ਹਾਂ ਲੋਕਾਂ ਨੇ ਕਿਸੇ ਇਕ ਦਿਨ ‘ਹੀਨੜੀ ਜਾਤਿ’ ਦਾ ਜਾਣ ਕੇ ਕਿਉਂ ਬਾਹਰ ਕਢ੍ਹਣਾ ਸੀ? ਇਹ ਇਕ ਦਿਨ ਦੀ ਘਟਨਾ ਹੀ ਦੱਸਦੀ ਹੈ ਕਿ ਜੀ ਨਾ ਮੰਦਰ ਜਾਇਆ ਕਰਦੇ ਸਨ,ਨਾ ਹੀ ਸ਼ੂਦਰ ਹੋਣ ਕਰਕੇ ਉਚੀ ਜ਼ਾਤ ਵਾਲਿਆਂ ਵੱਲੋਂ ਉਨ੍ਹਾਂ ਨੂੰ ਉਥੇ ਜਾਣ ਦੀ ਆਗਿਆ ਸੀ। ਇਹ ਤਾਂ ਕਿਸੇ ਇਕ ਦਿਨ ਮੌਜ ਵਿੱਚ ਆਏ ਹੋਏ ਚਲੇ ਗਏ ਤੇ ਅਗੋਂ ਧੱਕੇ ਪਏ।
ਪੰਡਰਪੁਰ ਵਿੱਚ ‘ਬੀਠੁਲ’ ਦੀ ਮੂਰਤੀ ਦਾ ਮੰਦਰ ਹੈ ਜੇ ਨਾਮਦੇਉ ਜੀ ਉਸ ਮੂਰਤੀ ਦੇ ਪੁਜਾਰੀ ਹੁੰਦੇ ਤਾਂ ਆਖਿਰ ਇਹ ਪੂਜਾ ਉਹਨਾਂ ਮੰਦਰ ਵਿੱਚ ਜਾ ਕੇ ਹੀ ਕਰਨੀ ਸੀ।ਇਥੋਂ ਧੱਕੇ ਪੈਣ ਤੋਂ ਹੀ ਇਹ ਸਾਫ਼ ਜ਼ਾਹਰ ਹੈ ਕਿ ਨਾਮਦੇਉ ਇਸ ਤੋਂ ਪਹਿਲਾਂ ਕਦੇ ਕਿਸੇ ਮੰਦਰ ਵਿੱਚ ਨਹੀਂ ਸੀ ਗਿਆ, ਨਾ ਹੀ ਕਿਸੇ ਮੰਦਰ ਵਿੱਚ ਧਰੀ ਕਿਸੇ ਬੀਠੁਲ-ਮੂਰਤੀ ਦਾ ਪੁਜਾਰੀ ਸੀ।
ਇਤਰਾਜ਼ ਕਰਨ ਵਾਲੇ ਸੱਜਣ ਸ਼ਇਦ ਇਹ ਇਤਰਾਜ਼ ਭੀ ਕਰ ਦੇਣ ਕਿ ਜੇ ਨਾਮਦੇਉ ਉਸ ਮੂਰਤੀ ਦਾ ਪੁਜਾਰੀ ਨਹੀਂ ਸੀ ਤਾਂ ਉਹ ਇਕ ਦਿਨ ਭੀ ਉਥੇ ਕਿਉਂ ਗਿਆ ਸੀ। ਪਰ ਇਹ ਇਤਰਾਜ਼ ਕੋਈ ਵਜਨ ਨਹੀਂ ਰੱਖਦਾ। ਮੁਸਲਮਾਨ, ਇਸਾਈ, ਅਤੇ ਹੋਰ ਕਈ ਮਤਾਂ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਇਆ ਕਰਦੇ ਹਨ, ਪਰ ਇਸ ਦਾ ਇਹ ਭਾਵ ਨਹੀਂ ਕਿ ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਦੀ ਹੈਸੀਅਤ ਵਿੱਚ ਆਉਂਦੇ ਹਨ।
ਹਿੰਦੂ ਮੰਦਰਾਂ ਵਿੱਚ ਕਈ ਸਿੱਖ ਭੀ ਸਿਰਫ਼ ‘ਵੇਖਣ’ ਦੀ ਖ਼ਾਤਰ ਹੀ ਚਲੇ ਜਾਂਦੇ ਹਨ, ਉਨ੍ਹਾਂ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਉਥੇ ਸ਼ਰਧਾ ਨਾਲ ਪੂਜਾ ਕਰਨ ਦੀ ਖ਼ਾਤਰ ਜਾਂਦੇ ਹਨ। ਇਸੇ ਤਰ੍ਹਾਂ ਹੀ ਭਗਤ ਨਾਮਦੇਉ ਜੀ ਭੀ ਕਦੇ ਇਕ ਵਾਰੀਂ ਬੀਠੁਲ-ਮੂਰਤੀ ਦੇ ਮੰਦਰ ਚਲਾ ਗਿਆ ਹੋਵੇਗਾ”।
ਪ੍ਰੋ: ਸਾਹਿਬ ਸਿੰਘ ਨੇ ਜੋ ਅਰਥ ਕੀਤੇ ਹਨ ਉਹ ਵਿਆਕਰਣ ਦੇ ਆਧਾਰ ਤੇ ਹਨ।ਅਰਥ ਉਹੀ ਹਨ ਅਤੇ ਹੋਣੇ ਚਾਹੀਦੇ ਹਨ ਜੋ ਸ਼ਬਦ ਦੇ ਅਸਲ ਵਿੱਚ ਬਣਦੇ ਹਨ।ਭਾਵਾਰਥ ਗੁਰਬਾਣੀ ਵਿੱਚੋਂ ਹੀ ਸੇਧ ਲੈ ਕੇ ਬਣਦੇ ਅਰਥਾਂ ਤੋਂ ਵੱਖਰੇ ਕੀਤੇ ਜਾ ਸਕਦੇ ਹਨ।ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਗੁਰਬਾਣੀ ਵਿੱਚ ਕੋਈ ਸ਼ਬਦ ਕਿਸੇ ਹੋਰ ਸੰਦਰਭ ਵਿੱਚ ਆਇਆ ਹੋਵੇ ਉਸ ਨੂੰ ਆਪਣੀ ਮਰਜੀ ਨਾਲ ਕਿਤੇ ਵੀ ਫਿੱਟ ਕਰ ਦਿੱਤਾ ਜਾਵੇ।ਜੇ ਕਿਸੇ ਸੱਜਣ ਨੂੰ ਸ਼ਬਦ ਦੇ ਅਰਥ ਜਾਂ ਭਾਵਾਰਥ ਗੁਰਮਤਿ ਅਨੁਕੂਲ ਨਹੀਂ ਲੱਗਦੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੋੜ ਮਰੋੜ ਕੇ ਆਪਣੀ ਮਰਜੀ ਅਨੁਸਾਰ ਅਰਥ ਕਰ ਦਿੱਤੇ ਜਾਣ।ਕਈ ਵਾਰੀਂ ਸ਼ਬਦ ਦੇ ਅਰਥਾਂ ਦੇ ਪਿੱਛੇ ਭਾਵਾਰਥ ਕੁਝ ਹੋਰ ਹੁੰਦੇ ਹਨ।
ਪ੍ਰੋ: ਸਾਹਿਬ ਸਿੰਘ ਨੇ ਸ਼ਬਦ ਦੇ ਭਾਵਾਰਥ ਵੀ ਅਤੇ ਆਮ ਉਠਾਏ ਗਏ ਸ਼ੰਕਿਆਂ ਦੇ ਸਮਾਧਾਨ ਵੀ ਲਿਖ ਦਿੱਤੇ ਹਨ।ਪੇਸ਼ ਹੈ, ਸੰਬੰਧਤ ਸ਼ਬਦ ਦੇ ਅਰਥਾਂ ਦੇ ਅਖੀਰ ਵਿੱਚ ਪ੍ਰੋ: ਸਾਹਿਬ ਸਿੰਘ ਦੁਆਰਾ ਲਿਖੇ ਭਾਵਾਰਥ:
“ਭਾਵ- ਸਿਮਰਨ ਦੀ ਬਰਕਤ-ਨਿਰਭੈਤਾ। ਉਚੀ ਜ਼ਾਤ ਵਾਲਿਆਂ ਵੱਲੋਂ ਸ਼ੂਦਰ- ਅਖਵਾਂਦਿਆਂ ਉਤੇ ਹੋ ਰਹੀਆਂ ਵਧੀਕੀਆਂ ਦੇ ਵਿਰੁਧ ਪ੍ਰਭੂ ਅਗੇ ਰੋਸ। *ਜਿਉਂ ਜਿਉ ਇਹ ਰੋਸ ਸ਼ੂਦਰ-ਅਖਵਾਂਦੇ ਮਨੁੱਖ ਦੇ ਅੰਦਰ ਸ੍ਵੈ-ਮਾਨ ਪੈਦਾ ਕਰਦਾ ਹੈ, ਉਚ-ਜਾਤੀਏ ਦੀ ਆਕੜ ਘਟਦੀ ਹੈ*।
ਸੋ ਇੱਥੇ ਤੁਕ “ਦੇਹੁਰਾ ਫਿਰੈ” ਦੇ ਭਾਵਾਰਥ ਦਿੱਤੇ ਹਨ ਕਿ ਉੱਚ ਜਨਮ-ਜਾਤੀਏ ਅਖਵਾਉਣ ਵਾਲਿਆਂ ਦੀ “ਆਕੜ ਘਟਦੀ ਹੈ”।
ਪ੍ਰੋ: ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਅਤੇ ਭਾਵਾਰਥਾਂ ਤੋਂ ਸ਼ਬਦ ਦੀ ਜੋ ਵਿਚਾਰ ਸਮਝ ਆਉਂਦੀ ਹੈ ਉਹ ਇਸ ਪ੍ਰਕਾਰ ਹੈ:- ਆਪਣੇ ਆਪ ਨੂੰ ਉੱਚੀ ਜਾਤ ਦੇ ਸਮਝਦੇ ਬ੍ਰਹਮਣ ਵੱਲੋਂ ਨੀਵੀਂ ਜਾਤ ਦੇ ਕਰਾਰ ਦਿੱਤੇ ਲੋਕਾਂ ਉੱਪਰ ਜਿਆਦਤੀ ਅਤੇ ਧੱਕੇਸ਼ਾਹੀ ਕੀਤੀ ਜਾਂਦੀ ਸੀ। ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਣ ਲਈ, ਨਾਮਦੇਉ ਜੀ ਮੰਦਿਰ ਗਏ ਸਨ। ਪ੍ਰੋ: ਸਾਹਿਬ ਸਿੰਘ ਜੀ ਨੇ ਇਹ ਗੱਲ ਪਹਿਲਾਂ ਹੀ ਸਾਫ ਕਰ ਦਿੱਤੀ ਹੈ ਕਿ;
1-ਨਾ ਤਾਂ ਨਾਮਦੇਉ ਜੀ ਕਿਸੇ ਬੀਠਲ ਮੂਰਤੀ ਦੇ ਪੁਜਾਰੀ ਸਨ,
2- ਨਾ ਉਹ ਉਸ ਦਿਨ ਬੀਠਲ ਦੀ ਮੂਰਤੀ ਦੀ ਪੂਜਾ ਕਰਨ ਗਏ ਸਨ।
3-ਨਾ ਉਨ੍ਹਾਂਨੂੰ ਪਹਿਲਾਂ ਕਦੇ ਮੰਦਰ ਵਿੱਚ ਜਾਣ ਦੀ ਇਜਾਜਤ ਸੀ, ਅਤੇ ਨਾ ਹੀ ਉਸ ਦਿਨ ਵੀ ਇਜਾਜਤ ਹੋ ਸਕਦੀ ਸੀ।ਇਸ ਲਈ ਉਹ ਉਸ ਦਿਨ ਵੀ ਮੂਰਤੀ ਪੂਜਾ ਲਈ ਨਹੀਂ ਸੀ ਗਏ।ਉਹ ਤਾਂ ਜਿਵੇਂ ਗੁਰੂ ਨਾਨਕ ਜੀ ਮੱਕੇ ਆਪਣਾ ਕੋਈ ਮਕਸਦ ਲੈ ਕੇ ਗਏ ਸੀ ਉਸੇ ਤਰ੍ਹਾਂ ਨਾਮਦੇਉ ਜੀ ਵੀ ਉਸ ਦਿਨ ਮੰਦਰ ਕੋਈ ਟੀਚਾ ਮਿਥ ਕੇ ਗਏ ਸਨ। ਨਾਮਦੇਉ ਜੀ ਖੁਦ ਵੀ ਅਤੇ ਪੰਡਰਪੁਰ ਇਲਾਕੇ ਦੇ ਲੋਕ ਵੀ ਜਾਣਦੇ ਸਨ ਕਿ ਨਾਮਦੇਉ ਨੂੰ ਮੰਦਰ ਜਾਣ ਤੇ ਅਖੌਤੀ ਉੱਚੀ ਜਾਤ ਵਾਲਿਆਂ ਵੱਲੋਂ ਧੱਕੇ ਪੈ ਸਕਦੇ ਸਨ।ਪਰ ਉਹ ਇਸੇ ਗੱਲ ਦੇ ਖਿਲਾਫ ਹੀ ਤਾਂ ਆਪਣਾ ਮਕਸਦ ਲੈ ਕੇ ਗਏ ਸੀ।
ਅਜੋਕੇ ਵਿਆਖਿਆਕਾਰ ਜੀ ਦੀ ਦਲੀਲ ਹੈ- “ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਗੁਰੂ ਨਾਨਕ ਜੀ ਮੱਕਾ ਘੁਮਾ ਸਕਦੇ ਸਨ ਤਾਂ ਨਾਮਦੇਉ ਮੰਦਰ ਕਿਉਂ ਨਹੀਂ ਘੁਮਾ ਸਕਦੇ? ਇਹ ਸਮਝਣ ਦੀ ਜਰੂਰਤ ਹੈ ਕਿ ਗੁਰੂ ਨਾਨਕ ਜੀ ਨੇ ਕਿਹੜਾ ਮੱਕਾ ਘੁਮਾਇਆ”
ਵਿਚਾਰ- ਇੱਥੇ ਨਾਮਦੇਉ ਜੀ ਦੇ ਸ਼ਬਦ ਬਾਰੇ ਵੀ ਇਹੀ ਗੱਲ ਸਮਝਣ ਦੀ ਜਰੂਰਤ ਹੈ ਕਿ ਗੁਰੂ ਸਾਹਿਬ ਦੁਆਰਾ ਮੱਕਾ ਘੁਮਾਏ ਜਾਣ ਵਿੱਚ ਅਤੇ ਭਗਤ ਨਾਮਦੇਉ ਜੀ ਦੁਆਰਾ ‘ਦੇਹੁਰਾ ਫੇਰਨ’ ਵਿੱਚ ਕੁਝ ਵੀ ਫਰਕ ਨਹੀਂ ਹੈ।ਗੁਰੂ ਸਾਹਿਬ ਜੀ ਦਾ ਮਕਸਦ ਸੀ ਲੋਕਾਂ ਨੂੰ ਸਮਝਾਣਾ ਕਿ ਖੁਦਾ ਦਾ ਵਾਸਾ ਕਿਸੇ ਖਾਸ ਥਾਂ ਜਾਂ ਖਾਸ ਦਿਸ਼ਾ ਵਿੱਚ ਨਹੀਂ ਹੈ।ਇਸੇ ਤਰ੍ਹਾਂ ਭਗਤ ਜੀ ਦਾ ਟੀਚਾ ਸੀ ਲੋਕਾਂ ਨੂੰ ਇਹ ਸਮਝਾਣਾ ਕਿ ਪਰਮਾਤਮਾ ਦੀ ਬਣਾਈ ਕੋਈ ਉੱਚੀ ਨੀਵੀਂ
ਜਾਤ ਨਹੀਂ ਹੈ, ਸਭ ਬੰਦੇ ਇਕੋ ਜਿਹੇ ਹਨ।
‘ਦੇਹੁਰਾ ਫਿਰਿਆ ਕਿ ਨਹੀਂ’ ਜਾਂ ‘ਮੱਕਾ ਘੁੰਮਿਆ ਕਿ ਨਹੀਂ’ ਇਸ ਬਾਰੇ ਬਹਿਸ ਵਿੱਚ ਪੈਣ ਦੀ ਬਜਾਏ ਸ਼ਬਦ ਦੇ ਅਸਲੀ ਸੁਨੇਹੇ ਨੂੰ ਸਮਝਣ ਦੀ ਜਰੂਰਤ ਹੈ।
ਕਿਸੇ ਸ਼ਬਦ ਦੇ ਅਰਥ ਜੇ ਕਰ ਗੁਰਮਤਿ ਦੇ ਉਲਟ ਲੱਗਦੇ ਹਨ ਤਾਂ ਸ਼ਬਦ ਨੂੰ ਡੁੰਘਾਈ’ਚ ਸਮਝਣ ਵਿੱਚ ਕਮੀਂ ਹੋ ਸਕਦੀ ਹੈ, ਇਸ ਦਾ ਇਹ ਮਤਲਬ ਨਹੀਂ ਕਿ ਆਪਣੀ ਬਣੀ ਕਿਸੇ ਸੋਚ ਅਨੁਸਾਰ ਅਰਥ ਏਧਰੋਂ ਓਧਰੋਂ ਘੜਕੇ ਫਿੱਟ ਕਰ ਦਿੱਤੇ ਜਾਣ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
“ਹਸਤ ਖੇਲਤ ਤੇਰੇ ਦੇਹੁਰੇ ਆਇਆ”
Page Visitors: 3012