ਆਉ ਘੋਲ ਕਰੀਏ !
(ਦੋ Sbd)
ਅਗਾਂਹ ਤੁਰਨ ਤੋਂ ਪਹਿਲਾਂ ਕੁਝ ਗੱਲਾਂ ਸਾਫ ਕਰਨੀਆਂ ਜ਼ਰੂਰੀ ਹਨ , ਬਹੁਤ ਸਮਾ ਬੀਤ ਗਿਆ ਹੈ , ਇਸ ਇੰਤਜ਼ਾਰ ਵਿਚ ਕਿ ਪੰਥ ਦਾ ਮਸਲ੍ਹਾ ਸਾਰਿਆਂ ਦਾ ਸਾਂਝਾ ਹੈ , ਇਸ ਲਈ ਇਸ ਬਾਰੇ ਵਿਉਂਤ ਉਲੀਕਣ ਦਾ ਕੰਮ ਸਾਰੇ ਪੰਥ ਨੂੰ ਕਰਨਾ ਚਾਹੀਦਾ ਹੈ । 8-9 ਸਾਲ ਉਡੀਕਣ ਮਗਰੋਂ , ਸੈਂਕੜੇ ਚਿਠੀਆਂ ਅਤੇ ਸੁਨੇਹੇ ਭੇਜਣ ਮਗਰੋਂ , 40-50 ਮੀਟਿੰਗਾਂ ਵਿਚ ਭਾਗ ਲੈਣ ਮਗਰੋਂ , ਸੋਝੀ ਆਈ ਹੈ ਕਿ ਸਿੱਖੀ ਨੂੰ ਬਚਾਉਣ ਲਈ ਬਹੁਤੇ ਸਿੱਖ ਨਹੀਂ ਲੱਭਣ ਵਾਲੇ ।(ਜਿਸ ਬਾਰੇ ਆਪਾਂ ਅੱਗੇ ਚਲ ਕੇ ਖੁਲ੍ਹ ਕੇ ਵਿਚਾਰ ਕਰਾਂਗੇ) ਜੋ ਆਪ ਹੀ ਸਿੱਖ ਨਹੀਂ ਹਨ , ਉਹ ਸਿੱਖੀ ਨੂੰ ਬਚਾਉਣ ਲਈ ਲੋੜੀਂਦੀਆਂ ਘਾਲਨਾਵਾਂ ਕਿਉਂ ਕਰਨਗੇ ? ਇਸ ਤੋਂ ਵੀ ਪਹਿਲਾਂ , ਉਹ ਸਿੱਖੀ ਨੂੰ ਕਿਉਂ ਬਚਾਉਣਾ ਚਾਹੁਣਗੇ ? ਜੋ ਕੁਝ ਸਿੱਖ ਬਚਣਾ ਵੀ ਲੋੜਦੇ ਹੋਣਗੇ , ਉਹ ਵਿਚਾਰੇ ਆਪਣੀ ਕਬੀਲਦਾਰੀ ਚਲਾਉਣ ਦੇ ਆਹਰ ਵਿਚੋਂ ਸਮਾ ਕਿਵੇਂ ਕੱਢਣਗੇ ? ਜੇ ਉਨ੍ਹਾਂ ਕੋਲ ਸਮਾ ਹੀ ਨਹੀਂ ਹੋਵੇਗਾ ਤਾਂ , ਉਹ ਗੁਰਬਾਣੀ ਨੂੰ ਕਿਵੇਂ ਸਮਝਣਗੇ ਅਤੇ ਉਸ ਦੀ ਤਹਿ ਤਕ ਕਿਵੇਂ ਜਾਣਗੇ ? ਜਿਸ ਆਸਰੇ ਸਿੱਖ ਅਤੇ ਸਿੱਖੀ ਨੇ ਬਚਣਾ ਹੈ ।
ਪੈਸੇ ਵਾਲੇ , ਮਾਇਆ ਧਾਰੀ , ਮਾਇਆ ਦੀ ਝਲਕਾਰ ਵਿਚ ਅੰਨ੍ਹੇ-ਬੋਲੇ ਹੋਇਆਂ ਲਈ ਇਸ ਤੋਂ ਵਧੀਆ ਸਿੱਖੀ ਕੀ ਹੋ ਸਕਦੀ ਹੈ , ਜਿਸ ਨੂੰ ਉਹ ਭੋਗ ਰਹੇ ਹਨ ? ਜਿਹੜੀ ਸ਼੍ਰੋਮਣੀ ਕਮੇਟੀ ਬਾਦਲ ਦੀ ਰਖੈਲ ਹੈ (ਬਾਦਲ ਬੀ. ਜੇ. ਪੀ. ਦੀ ਵਹੁਟੀ ਹੈ , ਬੀ. ਜੇ. ਪੀ. , ਆਰ. ਐਸ. ਐਸ. ਦੀ ਔਲ਼ਾਦ ਹੈ , ਉਹੀ ਆਰ. ਐਸ. ਐਸ. ਇਹ ਲੋਚਦੀ ਹੈ ਕਿ ਸਿੱਖੀ ਰਾਤੋਂ ਉਰੇ-ਉਰੇ ਹੀ ਖਤਮ ਹੋ ਜਾਵੇ) ਉਸ ਸ਼੍ਰੋਮਣੀ ਕਮੇਟੀ ਨੇ ਉਹੀ ਕਰਨਾ ਹੈ , ਜੋ ਆਰ. ਐਸ. ਐਸ. ਦਾ ਏਜੈਂਡਾ ਹੋਵੇਗਾ । ਏਸੇ ਸੋਚ ਅਧੀਨ ਸ਼੍ਰੋਮਣੀ ਕਮੇਟੀ , ਗੁਰੂ ਗ੍ਰੰਥ ਸਾਹਿਬ ਜੀ ਤੇ ਏਕ-ਅਧਿਕਾਰ ਕਬਜ਼ਾ ਸਥਾਪਤ ਕਰ ਰਹੀ ਹੈ । ਜੇ ਆਮ ਸਿੱਖ ਦੀ ਪਹੁੰਚ ਤੋਂ ਗੁਰੂ ਗ੍ਰੰਥ ਸਾਹਿਬ ਜੀ ਵੀ ਦੂਰ ਹੋ ਗਏ , ਤਾਂ ਸਿੱਖ ਦਾ , ਸਿੱਖੀ ਦਾ ਕੀ ਹਾਲ ਹੋਵੇਗਾ ? ਇਸ ਬਾਰੇ ਗੁਰਬਾਣੀ ਦਾ ਬੜਾ ਸਪੱਸ਼ਟ ਸੰਦੇਸ਼ ਹੈ ,
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥15॥ (757)
ਜਿਵੇਂ ਪਾਣੀ ਤੋਂ ਬਗੈਰ , ਜੀਵ ਜਿਊਂਦਾ ਨਹੀਂ ਰਹਿ ਸਕਦਾ , ਤਿਵੇਂ ਹੀ ਸਿੱਖ ਵੀ , ਸਿੱਖੀ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖ ਹੋ ਕੇ ਖਤਮ ਹੋ ਜਾਣਗੇ ।
ਹਰ ਰੋਜ਼ ਹੀ ਕਿਸੇ ਨਾ ਕਿਸੇ ਬਹਾਨੇ , ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਆੜ ਵਿਚ , ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਤੋਂ ਦੂਰ ਕੀਤਾ ਜਾ ਰਿਹਾ ਹੈ । ਸ਼੍ਰੋਮਣੀ ਕਮੇਟੀ ਤੋਂ ਇਲਾਵਾ , ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਛਾਪਣ ਦਾ ਅੀਧਕਾਰ ਕਿਸੇ ਨੂੰ ਨਹੀਂ ਹੈ । ਸ਼੍ਰੋਮਣੀ ਕਮੇਟੀ (ਸੰਤ-ਸਮਾਜ) ਵਲੋਂ ਦੱਸੇ ਕਰਮ-ਕਾਂਡ ਪੂਰੇ ਕੀਤੇ ਬਗੈਰ , ਕਿਸੇ ਨੂੰ ਬੀੜ ਮਿਲਣ ਵਾਲੀ ਨਹੀਂ , ਰੱਖ ਨਹੀਂ ਸਕਦਾ । ਜਿਨ੍ਹਾਂ ਲੋਕਾਂ ਨੇ ਘਰਾਂ ਵਿਚ ਰੱਖੀਆਂ ਹੋਈਆਂ ਹਨ , ਉਨ੍ਹਾਂ ਤੋਂ ਵੀ ਕਿਸੇ ਨਾ ਕਿਸੇ ਬਹਾਨੇ , ਖੋਹ ਲਈਆਂ ਜਾਣਗੀਆਂ । ਜਿੱਥੇ ਹੋਰ ਬਹੁਤ ਸਾਰੇ ਬਹਾਨੇ ਬਣਾਏ ਜਾ ਰਹੇ ਹਨ , ਓਥੇ ਕਿਸੇ ਦਿਨ ਇਹ ਬਹਾਨਾ ਵੀ ਬਣ ਜਾਵੇਗਾ ਕਿ , ਇਨ੍ਹਾਂ ਦੇ ਘਰਾਂ ਵਿਚ ਰੋਜ਼ਾਨਾ ਪ੍ਰਕਾਸ਼ ਨਹੀਂ ਹੁੰਦਾ । ਜ਼ਰਾ ਵਿਚਾਰੋ , ਜੋ ਘਰ ਵਾਲੇ ਕਿਸੇ ਗਮੀ-ਖੁਸ਼ੀ ਤੇ ਆਪਣਾ ਘਰ ਬੰਦ ਕਰ ਕੇ , ਪੰਜ-ਸੱਤ ਦਿਨ ਲਈ ਬਾਹਰ ਜਾਂਦੇ ਹਨ , ਉਨ੍ਹਾਂ ਦੇ ਘਰਾਂ ਵਿਚ ਰੋਜ਼ਾਨਾ ਪ੍ਰਕਾਸ਼ ਕਿਵੇਂ ਹੋਵੇਗਾ ?
ਜਿੰਨੇ ਪੁਰਾਤਨ ਇਤਿਹਾਸਿਕ ਸਰੂਪ ਸਨ , ਬਜਾਏ ਇਸ ਦੇ ਕਿ ਉਨ੍ਹਾਂ ਨੂੰ ਪੰਥਿਕ ਧਰੋਹਰ ਕਰਾਰ ਦੇ ਕੇ ਸੰਭਾਲਿਆ ਜਾਂਦਾ ( ਅੱਜ-ਕਲ ਸੰਭਾਲਣ ਦੇ ਬਹੁਤ ਵਧੀਆ-ਵਧੀਆ ਢੰਗ ਹਨ) ਉਨ੍ਹਾਂ ਸਭ ਨੂੰ ਬਿਰਧ ਕਰਾਰ ਦੇ ਕੇ , ਸਾੜ ਕੇ ਖਤਮ ਕੀਤਾ ਜਾ ਰਿਹਾ ਹੈ । ਇਸ ਕੰਮ ਲਈ ਪਹਿਲਾਂ ਇਕ ਅੰਗੀਠਾ (ਸਾਹਿਬ) ਬਣਿਆ ਸੀ , ਫਿਰ ਆਮਦਨ ਦਾ ਜ਼ਰੀਆ ਜਾਣ ਕੇ ਤਿੰਨ-ਚਾਰ ਹੋਰ ਬਣ ਗੲੈ , ਉਨ੍ਹਾਂ ਵਿਚ ਕਿੰਨੇ ਦੁਰਲੱਭ ਸਰੂਪ ਸਾੜ ਦਿੱਤੇ ਗਏ ? ਕੌਣ ਜਾਣਦਾ ਹੈ ? ਜੇ ਇਹ ਸਾਰਾ ਕੁਝ ਆਪਹੁਦਰੇ ਢੰਗ ਨਾਲ , ਇਵੇਂ ਹੀ ਚਲਦਾ ਰਿਹਾ ਤਾਂ ਇਤਿਹਾਸਿਕ ਸਰੂਪ ਲੱਭਿਆਂ ਵੀ ਨਹੀਂ ਲੱਭਣੇ ।
ਨਵੇਂ ਸਰੂਪ ਛਾਪਣ ਦਾ ਕੰਮ ਸ਼੍ਰੋਮਣੀ ਕਮੇਟੀ ਦੇ ਹੱਥ ਵਿਚ ਹੈ , ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੁੜ , ਲੜੀਵਾਰ ਛਾਪਣੇ ਸ਼ੁਰੂ ਕਰ ਦਿੱਤੇ ਹਨ , ਕੱਲ ਨੂੰ ਜੇ ਬ੍ਰਾਹਮਣਾਂ ਦੀ ਬੋਧੀ ਗ੍ਰੰਥਾਂ ਵਾਲੀ ਨੀਤੀ ਵਾਙ , ਇਹ ਵੀ ਪਦ-ਛੇਦ ਵਾਲੀਆਂ ਬੀੜਾਂ ਛਾਪਣੀਆਂ ਬੰਦ ਕਰ ਦੇਂਦੇ ਹਨ , ਤਾਂ ਲੜੀਵਾਰ ਬੀੜਾਂ ਤੋਂ ਤਾਂ ਉਹੀ ਪੜ੍ਹ ਸਕਣਗੇ ਜੋ ਡੇਰਿਆਂ ਵਿਚੋਂ , ਟਕਸਾਲਾਂ ਵਿਚੋਂ ਸਿਖਿਆ ਲੈਣਗੇ , ਕੁਦਰਤੀ ਗੱਲ ਹੈ , ਇਕ ਤਾਂ ਉਹ ਗਿਣਤੀ ਵਿਚ ਬਹੁਤ ਘੱਟ ਹੋਣਗੇ ਅਤੇ ਦੂਸਰਾ ਉਨ੍ਹਾਂ ਦੀ ਸੋਚ ਵੀ ਉਨ੍ਹਾਂ ਡੇਰਿਆਂ , ਟਕਸਾਲਾਂ ਵਾਲੀ ਹੋਵੇਗੀ , ਜਿਸ ਨਾਲ ਜਾਗਰੂਕਤਾ ਦੀ , ਬੜੀ ਮੁਸ਼ਕਿਲ ਨਾਲ ਖੜੀ ਕੀਤੀ ਲਹਿਰ ਆਪਣੇ-ਆਪ ਹੀ ਖਤਮ ਹੋ ਜਾਵੇਗੀ । ਆਮ ਸਿੱਖ ਹੌਲੀ-ਹੌਲੀ ਆਪ ਹੀ ਸਿੱਖੀ ਤੋਂ ਦੂਰ ਹੋ ਜਾਣਗੇ ।
ਫਿਰ ਕੀ ਹੋਵੇਗਾ ? ਇਹ ਸੋਚ ਕੇ ਹੀ ਦਿਲ ਕੰਬ ਜਾਂਦਾ ਹੈ । ਹੋਰ ਵੀ ਕਈ ਸਾਰੀਆਂ ਗੱਲਾਂ , (ਜਿਨ੍ਹਾਂ ਨੂੰ ਅੱਗੇ ਚਲ ਕੇ ਵਿਚਾਰਦੇ ਹਾਂ) ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ । ਅਜਿਹੀ ਹਾਲਤ ਵਿਚ ਸਿੱਖਾਂ ਦਾ ਹੁੰਗਾਰਾ ਨਾ ਮਿਲਣਾ , ਬਹੁਤ ਹਾਨੀਕਾਰਕ ਹੋ ਸਕਦਾ ਹੈ । ਇਸ ਗੱਲ ਨੂੰ ਧਿਆਨ ਵਿਚ ਰਖਦੇ ਕਿ , ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਹਨ , ਸਿੱਖ ਦੋਖੀਆਂ ਦੇ ਨਹੀਂ , ਇਸ ਦੀ ਛਪਾਈ ਬਾਰੇ ਸ਼੍ਰੋਮਣੀ ਕਮੇਟੀ ਦਾ ਇਕ ਅਧਿਕਾਰ ਖਤਮ ਹੋਣਾ ਚਾਹੀਦਾ ਹੈ । ਇਸ ਪਾਸੇ ਸਿੱਖਾਂ ਨੂੰ , ਬਹੁਤ ਛੇਤੀ ਧਿਆਨ ਦੇਣਾ ਬਣਦਾ ਹੈ । ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰਖਦੇ ਹੋਏ , ਇਹ ਫੈਸਲਾ ਕੀਤਾ ਗਿਆ ਹੈ ਕਿ , 2014 ਦੀ ਵੈਸਾਖੀ ਵਾਲੇ ਦਿਨ , (ਗੁਰੂ ਨਾਨਕ ਜੀ ਦੇ ਆਗਮਨ ਤੋਂ ਠੀਕ 545 ਸਾਲ ਮਗਰੋਂ , ਅਤੇ ਸਿੱਖਾਂ ਦੇ ਪਰਖ ਦਿਹਾੜੇ , ਸਿੱਖਾਂ ਦੇ ਸ਼ਾਨ ਨਾਲ ਕਾਮਯਾਬ ਹੋਣ ਤੇ , ਸਿੱਖੀ ਵਿਚ ਪਰਵੇਸ਼ ਦੇਣ ਦਾ ਅਧਿਕਾਰ ਸਿੱਖਾਂ ਨੂੰ ਮਿਲਣ ਤੋਂ ਠੀਖ 315 ਸਾਲ ਮਗਰੋਂ) ਸਿੱਖੀ ਨੂੰ ਬਚਾਉਣ ਲਈ ਘੋਲ ਸ਼ੁਰੂ ਕਰ ਦਿੱਤਾ ਜਾਵੇਗਾ । ਜਿਸ ਬਾਰੇ ਵਿਚਾਰਾਂ ਦਾ ਕੰਮ ਅੱਜ ਤੋਂ ਹੀ ਸ਼ੁਰੂ ਸਮਝੋ । ਬੇਨਤੀ ਏਨੀ ਕੁ ਹੀ ਹੈ ਕਿ ਸਿੱਖੀ ਨੂੰ ਬਚਾਉਣ ਦੇ ਚਾਹਵਾਨਾਂ ਨੂੰ ਇਨ੍ਹਾਂ ਵਿਚਾਰਾਂ ਵਿਚ ਜੋ ਵੀ ਗਲਤੀ ਜਾਪੇ , ਉਸ ਨੂੰ ਸੁਧਾਰਨ ਲਈ (ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ) ਹੁਕਮ ਜ਼ਰੂਰ ਕਰ ਦੇਣ , ਅਜਿਹਾ ਨਾ ਹੋਵੇ ਕਿ ਵਿਚਾਰ ਦੀ ਗਲਤੀ ਕਾਰਨ , ਬਨਣ ਵਾਲੀ ਵਿਉਂਤ ਵਿਚ ਗਲਤੀ ਹੋ ਜਾਵੇ । ਵਿਚਾਰਾਂ ਬਾਰੇ ਕੋਈ ਗੱਲ ਜਾਨਣ ਦੇ ਚਾਹਵਾਨ ਵੀਰਾਂ-ਭੈਣਾਂ ਦਾ , ਵਿਚਾਰਾਂ ਵਿਚ ਕੁਝ ਜੋੜਨ ਦੇ ਚਾਹਵਾਨ ਭੈਣਾਂ-ਵੀਰਾਂ ਦਾ , ਨਿੱਘਾ ਸਵਾਗਤ ਕੀਤਾ ਜਾਵੇਗਾ ।
ਸੁਹਿਰਦ ਵੀਰਾਂ-ਭੈਣਾਂ ਨੂੰ ਇਕ ਸੱਦਾ ਹੋਰ ਦਿੱਤਾ ਜਾਂਦਾ ਹੈ । ਇਹ ਕੰਮ ਸਾਂਝਾ ਹੈ , ਸਭ ਦੇ ਰਲ ਮਿਲ ਕੇ ਕਨ ਦਾ ਹੈ, ਆਉ ਰਲ-ਮਿਲ ਕੇ ਇਸ ਕੰਮ ਵਿਚ , ਵਿੱਤ ਅਨੁਸਾਰ ਆਪਣਾ-ਆਪਣਾ ਯੋਗਦਾਨ ਪਾਈਏ , ਤਾਂ ਜੋ ਇਸ ਵਿਉਂਤ ਬੰਦੀ ਵਿਚ ਗਲਤੀ ਰਹਿਣ ਦੀ ਘੱਟ ਤੋਂ ਘੱਟ ਸੰਭਾਵਨਾ ਰਹੇ । ਜੇ ਭੈਣਾਂ-ਵੀਰਾਂ ਵਲੋਂ ਵੈਸਾਖੀ ਤਕ ਕੋਈ ਹੁੰਗਾਰਾ ਨਾ ਮਿਲਿਆ , ਤਾਂ ਇਹ ਕੰਮ ਇਕੱਲੇ ਹੀ ਸ਼ੁਰੂ ਕੀਤਾ ਜਾਵੇਗਾ । ਫਿਰ ਇਹ ਇਬਾਰਤ ਮੈਂ ਲਿਖਾਂਗਾ ,
“ ਅਕੇਲਾ ਹੀ ਚਲਾ ਥਾ ਜਾਨਬੇ ਮੰਜ਼ਿਲ ਮਗਰ …………..। ”
ਤਹਰੀਰ ਦੀ ਇਸ ਤੋਂ ਅਗਲੀ ਇਬਾਰਤ ਤੁਸੀਂ ਪੂਰੀ ਕਰਨੀ ਹੈ , ਅਤੇ ਤੁਹਾਡੀ ਪੂਰੀ ਕੀਤੀ ਇਬਾਰਤ ਨੂੰ ਲਿਖਣ ਦਾ ਕੰਮ ਇਤਿਹਾਸ ਨੇ ਕਰਨਾ ਹੈ ।
(ਵਿਚਾਰਾਂ ਦਾ ਇਹ ਸਿਲਸਿਲਾ , ਰੋਜ਼ ਜਾਂ ਦੂਜੇ ਤੀਜੇ , ਏਸੇ ਸਿਰਲੇਖ ਹੇਠ ਛਪਦਾ ਰਹੇਗਾ , ਮਿਹਰਬਾਨੀ ਕਰ ਕੇ ਧਿਆਨ ਜ਼ਰੂਰ ਰੱਖਣਾ , ਜੇ ਧਿਆਨ ਨਾ ਰੱਖਿਆ ਤਾਂ ਹੋਈਆਂ ਗਲਤੀਆਂ ਬਾਰੇ , ਕਿਸੇ ਨੂੰ ਕੁਝ ਕਹਿਣ ਦੇ ਹੱਕਦਾਰ , ਤੁਸੀਂ ਨਹੀਂ ਹੋਵੋਗੇ)
ਆਪਣਾ ਕੰਮ ਆਪੇ ਸੰਭਾਲਣ ਵਾਲਿਆਂ ਦੀ ਉਡੀਕ ਵਿਚ
ਅਮਰ ਜੀਤ ਸਿੰਘ ਚੰਦੀ
Pon:- 91 95685 41414
Email:- info@thekhalsa.org and
chandiajsingh@gmail.com
ਅਮਰਜੀਤ ਸਿੰਘ ਚੰਦੀ
ਆਉ ਘੋਲ ਕਰੀਏ !
Page Visitors: 2696