ਆਉ ਘੋਲ ਕਰੀਏ ! (ਭਾਗ 2)
ਵਾਹਿਗੁਰੂ
ਵਾਹਿਗੁਰੂ ਜਾਂ ਉਸ ਨੂੰ ਕਿਸੇ ਵੀ ਨਾਮ ਨਾਲ ਸੰਬੋਧਿਤ ਕਰ ਲਵੋ , ਉਹ ਸਾਰੀ ਸ੍ਰਿਸ਼ਟੀ ਦਾ ਕਰਤਾ-ਧਰਤਾ ਹੈ । ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ , ਉਸ ਦੀ ਦੇਖ-ਭਾਲ ਕਰ ਰਿਹਾ ਹੈ । ਉਸ ਨੇ ਸੰਸਾਰ ਪੈਦਾ ਕਰਨ ਵੇਲੇ ਹੀ , ਇਸ ਨੂੰ ਨਿਰਵਿਘਨ ਚਲਦਾ ਰੱਖਣ ਲਈ , ਲੋੜੀਂਦੀਆਂ ਸਾਰੀਆਂ ਚੀਜ਼ਾਂ ,ਇਕ ਵਾਰ ਹੀ ਇਸ ਵਿਚ ਪਾ ਦਿੱਤੀਆਂ ਸਨ । ਇਹ ਸਾਰੀਆਂ ਚੀਜ਼ਾਂ ਇਕ ਦੂਸਰੇ ਦੀਆਂ ਪੂਰਕ ਹਨ , ਜੋ ਸਮੇ ਦੇ ਨਾਲ ਪੈਦਾ ਹੁੰਦੀਆਂ ,ਪ੍ਰਫੁਲਤ ਹੁੰਦੀਆਂ ਅਤੇ ਖਤਮ ਹੁੰਦੀਆਂ ਇਕ ਦੂਸਰੇ ਦੀ ਪੂਰਤੀ ਦਾ ਸਾਧਨ ਬਣਦੀਆਂ ਰਹਿੰਦੀਆਂ ਹਨ । ਇਸ ਵਿਚ ਕੁਝ ਹੋਰ ਪਾਉਣ ਜਾਂ ਇਸ ਵਿਚੋਂ ਕੁਝ ਕੱਢਣ ਦੀ ਗੁੰਜਾਇਸ਼ ਨਹੀਂ ਹੈ , ਇਹ ਸਾਰਾ ਸਿਸਟਮ ਆਪਣੇ-ਆਪ ਵਿਚ ਸੰਪੂਰਨ ਹੈ ।
ਇਸ ਨੂੰ ਨਿਰਵਿਘਨ ਚਲਦੇ ਰੱਖਣ ਲਈ , ਕਰਤਾਰ ਨੇ ਇਸ ਦੇ ਪੱਕੇ ਨਿਯਮ-ਕਾਨੂਨ ਬਣਾਏ ਹਨ , ਜਿਨ੍ਹਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ । ਇਸ ਵਿਚ ਤਬਦੀਲੀ ਕਰਨ ਦੀ ਸਮਰਥਾ ਦਾ , ਬੰਦਿਆਂ ਵਲੋਂ ਪਿਟਿਆ ਜਾਂਦਾ ਢੰਡੋਰਾ , ਸਿਰਫ ਤੇ ਸਿਰਫ ਦੂਸਰੇ ਬੰਦਿਆਂ ਦੇ ਲੁੱਟ-ਜਾਲ ਦੀ ਇਕ ਤੰਦ ਹੈ । ਜਦ ਦਾ ਸੰਸਾਰ ਪੈਦਾ ਹਇਆ ਹੈ , ਉਸ ਵੇਲੇ ਜੋ ਨਿਯਮ ਇਸ ਲਈ ਬਣੇ ਸਨ ਅੱਜ ਵੀ ਉਹੀ ਹਨ ਅਤੇ ਉਹ ਨਿਯਮ ਓਸੇ ਰੂਪ ਵਿਚ ਹੀ ਲਾਗੂ ਰਹਣਗੇ , ਜਦ ਤਕ ਪ੍ਰਭੂ ਇਸ ਨੂੰ , ਇਸ ਸੰਸਾਰ ਨੂੰ , ਮੁੜ ਆਪਣੇ ਵਿਚ ਸਮੇਟ ਕੇ ਖਤਮ ਨਹੀਂ ਕਰ ਦਿੰਦਾ ।
ਇਹ ਅਕਾਲ-ਪੁਰਖ (ਸਮੇ ਦੇ ਪਰਭਾਵ ਤੋਂ ਬਾਹਰੀ ਹਸਤੀ) ਸਾਰੀ ਸ੍ਰਸ਼ਟੀ ਨੂੰ ਸੋਝੀ ਦੇਣ ਵਾਲੀ , ਸ੍ਰਿਸ਼ਟੀ ਦੇ ਕਣ-ਕਣ ਵਿਚ ਮੌਜੂਦ ਹੈ , ਇਹ ਹਰ ਵੇਲੇ ਹਰ ਜੀਵ ਨੂੰ (ਸ੍ਰਿਸਟੀ ਦੇ ਵਿਚ , ਕੁਝ ਵੀ ਨਿਰਜੀਵ ਨਹੀਂ ਹੈ , ਹਰ ਚੀਜ ਤੇ ਸਮੇ ਦਾ ਪ੍ਰਭਾਵ ਪੈਨਦਾ ਹੈ , ਹਰ ਚੀਜ਼ ਆਪਣਾ ਰੂਪ , ਆਪਣਾ ਆਕਾਰ ਬਦਲਦੀ ਹੈ , ਜੋ ਉਸ ਦੇ ਜ਼ਿੰਦਾ ਹੋਣ ਦਾ ਪਰਮਾਣ ਹੈ) ਸੋਝੀ ਦੇ ਰਹੀ ਹੈ । ਮਿਸਾਲ ਵਜੋਂ , ਜੰਗਲ ਵਿਚ ਹਰਨੀ ਦਾ ਬੱਚਾ ਪੈਦਾ ਹੇੁੰਦਾ ਹੈ , ਉਸ ਨੂੰ ਪੈਦਾ ਹੁੰਦਿਆਂ ਹੀ , ਕੌਣ ਸੋਝੀ ਦਿੰਦਾ ਹੈ ਕਿ , ਉੱਠ ਕੇ ਖੜਾ ਹੋ ਇਹ ਤੇਰੀਆਂ ਲੱਤਾਂ ਏਸੇ ਕੰਮ ਲਈ ਹਨ । ਕੌਣ ਉਸ ਨੂੰ ਸਮਝਾਉਂਦਾ ਹੈ ਕਿ ਤੇਰੀ ਜ਼ਿੰਦਗੀ ਦਾ ਆਧਾਰ (ਦੁੱਧ) ਇਨ੍ਹਾਂ ਥਣਾਂ ਵਿਚ ਹੈ ? ਇਹ ਕੌਣ ਸਮਝਾਉਂਦਾ ਹੈ ਕਿ ਤੂੰ ਇਨ੍ਹਾਂ ਵਿਚੋਂ ਇਵੇਂ ਦੁੱਧ ਚੁੰਘ ? ਇਹ ਸਾਰਾ ਕੁਝ ਸਮਝਾਉਣ ਵਾਲਾ ਉਸ ਦੇ ਅੰਦਰ ਬੈਠਾ ਰੱਬ ਹੀ ਹੈ । ਸਮੁੰਦਰ ਕੰਢੇ ਰੇਤ ਵਿਚ ਕਛੂਆਂ ਵਲੋਂ ਦਿੱਤੇ ਆਂਡਿਆਂ ਵਿਚੋਂ ਜਦ ਬੱਚੇ ਨਿਕਲਦੇ ਹਨ ਤਾਂ , ਉਨ੍ਹਾਂ ਨਿਕਲਦੇ ਬੱਚਿਆਂ ਨੂੰ ਕੌਣ ਸੋਝੀ ਦਿੰਦਾ ਹੈ ? ਕਿ ਦੌੜ ਕੇ ਸਮੁੰਦਰ ਵਿਚ ਜਾ ਵੜ , ਉਹੀ ਤੇਰੇ ਜਿਊਂਦੇ ਰਹਣ ਦਾ ਜ਼ਾਮਨ ਹੈ । ਉਸ ਕੋਲ ਕਿਹੜਾ ਕੰਪਾਸ ਹੁੰਦਾ ਹੈ ? ਜਿਸ ਨੂੰ ਵੇਖ ਕੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਸਮੁੰਦਰ ਇਸ ਬੰਨੇ ਹੈ । ਇਹ ਸਾਰੀ ਖੇਡ ਉਸ ਦੇ ਅੰਦਰ ਬੈਠੇ ਪ੍ਰਭੂ ਦੀ ਹੀ ਹੈ ।
ਭਗਵਾਨ ਨੇ ਸਾਰੀ ਕਾਇਨਾਤ ਦੇ ਜੀਵਾਂ ਵਿਚੋਂ ਸ੍ਰੇਸ਼ਟ ਇੰਸਾਨ ਨੂੰ ਬਣਾਇਆ ਹੈ । ਅਣ-ਗਿਣਤ ਜੋਨੀਆਂ ਵਿਚੋਂ , ਇਹੀ ਇਕ ਅਜਿਹੀ ਜੋਨੀ ਹੈ , ਜਿਸ ਵਿਚ ਮਨ ਆਪਣੀ ਜੀਵਨ ਖੇਡ ਜਿੱਤ ਕੇ , ਕਰਤਾਰ ਨਾਲ ਇਕ-ਮਿਕ ਹੋ ਕੇ , ਇਸ ਖੇਡ ਚੋਂ ਸਫਲ ਹੋ ਸਕਦਾ ਹੈ । ਕਿਉਂਕਿ ਖੇਡ ਜਿੱਤਣ ਯਾਂ ਹਾਰਨ ਦਾ ਕੰਮ ਮਨੁੱਖ ਜੋਨੀ ਵਿਚ ਹੀ ਹੋਣਾ ਹੈ , ਇਸ ਲੲੈ ਹਰੀ ਨੇ ਇੰਸਾਨ ਨੂੰ ਦੂਸਰੀਆਂ ਜੋਨੀਆਂ ਨਾਲੋਂ ਅਲੱਗ , ਕੁਝ ਵਾਧੂ ਤਾਕਤਾਂ ਵੀ ਦਿੱਤੀਆਂ ਹਨ , ਜਿਨ੍ਹਾਂ ਆਸਰੇ ਮਨ , ਆਪਣੀ ਖੇਡ ਸੁਚੱਜੀ ਖੇਡ ਸਕਦਾ ਹੈ । ਮਨ ਨੂੰ ਆਪਣੇ ਫੇਸਲੇ ਲੈਣ ਦਾ ਅਧਿਕਾਰ ਵੀ ਦਿੱਤਾ ਹੈ , ਜਿਸ ਆਸਰੇ ਉਹ ਆਪਣਾ ਭਲਾ-ਬੁਰਾ ਸੋਚ ਕੇ , ਉਸ ਅਨੁਸਾਰ ਫੇਸਲਾ ਵੀ ਲੈ ਸਕਦਾ ਹੈ।
ਕਰਤਾਰ ਨੇ ਹੀ ਸ੍ਰਿਸ਼ਟੀ ਨੂੰ ਚਲਦਾ ਰੱਖਣ ਲਈ , ਮਾਇਆ ਪੈਦਾ ਕੀਤੀ ਹੈ , ਦੁਨੀਆਂ ਦੀ ਇਹ ਸਾਰੀ ਦਿਖਦੀ ਖੇਡ ਮਾਇਆ ਦਾ ਹੀ ਪਸਾਰਾ ਹੈ , ਸਰੀਰ ਨਾਲ ਸਬੰਧਿਤ ਸਾਰੇ ਕੰਮ ਮਾਇਆ ਦੇ ਅਧੀਨ ਹੀ ਹੁੰਦੇ ਹਨ । ਇਨ੍ਹਾਂ ਕੰਮਾਂ ਦਾ ਇਕ ਹੱਦ ਦੇ ਅਦਰ ਰਹਿਣਾ , ਬੰਦੇ ਦੀਆਂ ਲੋੜਾਂ ਪੂਰੀਆਂ ਕਰਨ ਦਾ ਸਾਧਨ ਬਣਦਾ ਹੈ । ਉਸ ਹੱਦ ਨੂੰ ਪਾਰ ਕਰਦਿਆਂ ਹੀ ਉਹੀ ਲੋੜੀਂਦੀਆਂ ਚੀਜ਼ਾਂ ਵਿਕਾਰ ਬਣ ਕੇ ਮਾਇਆ ਦਾ ਰੂਪ ਹੋ ਜਾਂਦੀਆਂ ਹਨ । ਇਹ ਮਾਇਆ ਹੀ ਮਨ ਨੂੰ ਆਪਣੇ ਜਵਿਨ ਲਕਸ਼ ਤੋਂ ਭਟਕਾਉਣ ਦਾ ਕੰਮ ਕਰਦੀ ਹੈ । ਇਸ ਬਾਰੇ ਮਨ ਨੂੰ ਸੁਚੇਤ ਕਰਨ ਲਈ ਕਿ ਇਨ੍ਹਾਂ ਵਿਕਾਰਾਂ (ਕਾਮ-ਕ੍ਰੋਧ-ਲੋਭ-ਮੋਹ-ਹੰਕਾਰ)ਦੀ ਹੱਦ ਕਿਥੌਂ ਤਕ ਤੇਰੀਆਂ ਲੋੜਾਂ ਪੂਰੀਆਂ ਕਰਨ ਲਈ ਹੈ ? ਅਤੇ ਕਿਥੋਂ ਅੱਗੇ ਇਹ ਮਾਇਆ ਬਣ ਕੇ ਤੇਰੀ ਜ਼ਿੰਦਗੀ ਨੂੰ ਨਰਕ ਬਨਾਉਣ ਦਾ ਕਾਰਨ ਬਣਦੀ ਹੈ ? ਗੁਰੂ (ਸ਼ਬਦ) ਸੋਝੀ ਦਿੰਦਾ ਹੈ । ਸਾਫ ਲਫਜ਼ਾਂ ਵਿਚ ਸ਼ਬਦ-ਗੁਰੂ ਸਿਰਫ ਤੇ ਸਿਰਫ ਬੰਦੇ ਲਈ ਹੀ ਹੈ , ਜੋ ਮਨ ਨੂੰ ਸਮਝਾਉਣ ਦੇ ਸਮਰੱਥ ਹੈ ਕਿ ਇਹ ਸੰਸਾਰ ਤੂੰ ਜੋ ਵੇਖਦਾ ਹੈਂ , ਇਹ ਅਦ੍ਰਿਸ਼ ਪਰਮਾਤਮਾ ਦਾ ਹੀ ਰੂਪ ਹੈ । ਉਸ ਨਿਰਾਕਾਰ ਪ੍ਰਭੂ ਨੂੰ ਤੂੰ ਇਸ ਕੁਦਰਤ ਵਿਚੋਂ , ਪ੍ਰਤੱਖ ਵੇਖ ਸਕਦਾ ਹੈਂ , ਅਤੇ ਵਾਹਿਗੁਰੂ ਵਲੋਂ ਬਣਾਏ , ਕੁਦਰਤ ਦੇ ਨਿਯਮ-ਕਾਨੂਨ ਨਾਲ ਇਕ ਸੁਰ ਹੋ ਕੇ ਹੀ ਤੂੰ ਆਪਣੇ ਮੂਲ ਨਾਲ ਇਕ-ਮਿਕ ਹੋ ਕੇ ਸਦੀਵੀ ਸੁਖੀ ਹੋ ਸਕਦਾ ਹੈਂ । ਗੁਰਬਾਣੀ ਇਹ ਗੱਲ ਸਪੱਸ਼ਟ ਕਰਦੀ ਹੈ ਕਿ , ਇਹ ਸ਼ਬਦ ਰੂਪ ਬਾਣੀ ਹੀ ਮਨ ਨੂੰ ਆਤਮਕ ਸੋਝੀ ਦੇਣ ਦੇ ਸਮਰੱਥ ਗੁਰੂ ਹੈ , ਅਤੇ ਇਸ ਸੋਝੀ ਨੂੰ ਹਾਸਲ ਕਰਨ ਵਾਲੀ ਸ਼ਕਤੀ , ਬੰਦੇ ਦੇ ਸਰੀਰ ਵਿਚ ਹੀ , ਸੁਰਤ ਰੂਪ ਵਿਚ , ਚੇਤਨਾ ਰੂਪ ਵਿਚ ਮੌਜੂਦ ਹੈ । ਪਰਮਾਤਮਾ ਵੀ ਅਦ੍ਰਿਸ਼ ਹੈ , ਸ਼ਬਦ ਗੁਰੂ ਵੀ ਅਦ੍ਰਿਸ਼ ਹੈ ਅਤੇ ਉਸ ਗੁਰੂ ਦਾ ਚੇਲਾ (ਸੁਰਤ ਰੂਪ ਵਿਚ , ਚੇਤਨਾ ਰੂਪ ਵਿਚ ਵੀ ਅਦ੍ਰਿਸ਼ ਹੈ । ਇਹ ਹੈ ਆਤਮਕ ਖੇਡ , ਪਰਮਾਤਮਾ , ਸ਼ਬਦ ਗੁਰੂ ਅਤੇ ਸਿੱਖ ਦਾ ਆਪਸੀ ਸਬੰਧ ।
ਗੁਰੂ ਸਾਹਿਬਾਂ , ਭਗਤਾਂ ਆਦਿ ਨੇ , ਜਿਨ੍ਹਾਂ ਆਪਣੀ ਸੁਰਤ ਰੂਪੀ ਸ਼ਕਤੀ ਦੁਆਰਾ , ਸ਼ਬਦ ਦੇ ਸੰਦੇਸ਼ ਨੂੰ ਜਾਣਿਆ , ਸਮਝਿਆ ਹੈ , ਉਨ੍ਹਾਂ ਨੇ ਉਸ ਸੰਦੇਸ਼ ਨੂੰ , ਦੁਨਿਆਵੀ ਲਿਪੀ ਵਿਚ ਲਿਖ ਕੇ , ਦੂਸਰੇ ਲੋਕਾਂ ਦੇ ਮਨ ਦੀ ਸੇਧ ਲਈ ਸਾਂਭਣ ਦਾ ਉਪਰਾਲਾ ਕੀਤਾ ਹੈ । ਨਾਨਕ ਜੋਤ ਨੇ ਏਸੇ ਸੰਦੇਸ਼ ਨੂੰ , ਆਮ ਲੋਕਾਂ ਦੀ ਬੋਲੀ ਅਨੁਸਾਰ ਹੀ , ਆਪ ਕਲਮ-ਬੰਦ ਕੀਤਾ ਹੈ , ਸਿੱਖਾਂ ਨੂੰ ਉਸ ਨਾਲ ਜੋੜਨ ਦਾ ਉਪਕਾਰ ਕੀਤਾ ਹੈ । ਜਿਸ ਨੂੰ ਅਸੀਂ “ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਾਂ ।
ਅਮਰ ਜੀਤ ਸਿੰਘ ਚੰਦੀ