"ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ" :
ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ
ਆਤਮਜੀਤ ਸਿੰਘ, ਕਾਨਪੁਰ
ਭੋਲੇ ਭਾਲੇ ਸਿੱਖ ਜਿੰਨਾਂ ਨੇ ਅੱਜੇ ਤਕ ਅਖੌਤੀ ਦਸਮ ਗ੍ਰੰਥ ਵੇਖਿਆ ਹੀ ਨਹੀਂ ਉਹ ਅਖੌਤੀ ਦਸਮ ਗ੍ਰੰਥ ਦੀ ਇਹ ਪੰਕਤੀ
"ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ" ਪੜ੍ਹ ਕੇ ਝੂਮੀ ਜਾ ਰਹੇ ਹਨ ਅਤੇ ਬੀਤੇ ਦਿਨੀ (੧੨/੫/੨੦)
ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਇੰਨਾ ਪੰਕਤੀਆਂ ਨੂੰ ਬੜੇ ਚਾਉ ਨਾਲ ਪੜ੍ਹਿਆ ਗਿਆ, ਓਇ ਭਲਿਓ ਉਹ ਤਾਂ ਸਭ ਕੁਝ ਜਾਣਦੇ ਹੋਏ ਵੀ ਤੁਹਾਨੂੰ ਭਰਮਾ ਰਹੇ ਹਨ ਪਰ ਤੁਹਾਡੀ ਸੁਚੇਤਤਾ ਤੁਹਾਡੇ ਹੱਥ ਹੈ, ਭਲਿਓ ਇਸ ਪੰਕਤੀ "ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ" ਤੇ ਝੂਮਣ ਤੋਂ ਪਹਿਲਾਂ ਆਖੇ ਜਾਂਦੇ ਦਸਮ ਗ੍ਰੰਥ ਦੇ ਪੰਨਾਂ 716 ਉਪਰ ਦਰਜ ਕੁਝ ਪੰਗਤੀਆਂ, ਜਿਨ੍ਹਾਂ ਨੂੰ ‘ਖਾਲਸਾ ਮਹਿਮਾ’ ਦਾ ਨਾਮ ਦੇ ਦਿੱਤਾ ਗਿਆ ਹੈ, ਬਾਰੇ ਵਿਚਾਰ ਕਰਨ ਤੋ ਪਹਿਲਾ, ਆਓ ਇਨ੍ਹਾਂ ਦੇ ਅਰਥ ਜਾਣ ਲਈਏ।
ਸਵੈਯਾ। ਪਾਤਸਾਹੀ 10
ਜੋ ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਈਯਤੁ ਮਿਸ਼ਰਜੂ ਸ਼ੋਕ ਨਿਵਾਰੋ।
ਮੇਰੋ ਕਛੂ ਅਪਰਾਧੁ ਨਹੀਂ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ।
ਬਾਗੋ ਨਿਹਾਲੀ ਪਠੈ ਦੈਹੋ ਆਜੁ ਭਲੇ ਤੁਮ ਕੋ ਨਿਸਚੈ ਜੀਅ ਧਾਰੋ।
ਛਤ੍ਰੀ ਸਭੈ ਕ੍ਰਿਤ ਬਿੱਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ।1।
ਹੇ ਮਿਸ਼ਰ ! ਵਿਧਾਤਾ ਨੇ ਜੋ ਲੇਖ ਲਿਖ ਦਿੱਤਾ ਹੈ ਉਹ ਹੀ ਮਿਲਦਾ ਹੈ। ਤੁਸੀ ਸ਼ੋਕ ਨੂੰ ਤਿਆਗਾ ਦਿਓ। ਮੇਰਾ ਇਸ ਵਿਚ ਕੋਈ ਦੋਸ਼ ਨਹੀਂ ਹੈ। ਮੈ ਭੁਲ ਗਿਆ ਸੀ (ਮੈ ਆਪ ਨੂੰ ਖਿਲਾਉਣ ਤੋਂ ਪਹਿਲਾ ਇਨ੍ਹਾਂ ਸਿੱਖਾਂ ਨੂੰ ਲੰਗਰ ਵਰਤਾ ਦਿੱਤਾ) ਮੈ ਅੱਜ ਹੀ ਆਪ ਲਈ ਚੰਗੇ ਵਸਤਰ ਅਤੇ ਰਜਾਈ ਆਦਿ ਭੇਜ ਦੇਵਾਗਾ। ਇਸ ਲਈ ਤੁਸੀ ਬੇਫਿ਼ਕਰ ਰਹੋ। ਛਤ੍ਰੀ ਤਾਂ ਬ੍ਰਾਹਮਣਾਂ ਦੇ ਦਾਸ ਹੀ ਹਨ ਤੁਸੀ ਇਨ੍ਹਾਂ ਨੂੰ ਕਿ੍ਰਪਾ ਦਿ੍ਸ਼ਟੀ ਨਾਲ ਵੇਖੋ।1।
ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ।
ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ ਇਨ ਹੀ ਕੀ ਕਿ੍ਪਾ ਫੁਨ ਧਾਮ ਭਰੇ।
ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ।
ਇਹਨੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ।2।
ਮੈ ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਯੁੱਧ ਜਿੱਤੇ ਹਨ ਅਤੇ ਦਾਨ ਕੀਤੇ ਹਨ। ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਸਾਰੇ ਪਾਪ ਮਿਟ ਗਏ ਅਤੇ ਘਰ ਧੰਨ-ਦੋਲਤ ਨਾਲ ਭਰ ਗਏ। ਇਨ੍ਹਾਂ ਸਿੱਖਾਂ ਦੀ ਕਿ੍ਪਾ ਨਾਲ ਹੀ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਕਿ੍ਪਾ ਨਾਲ ਹੀ ਅਸੀ ਸ਼ੋਭਾ ਪਾ ਰਹੇ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗਰੀਬ ਇਸ ਸੰਸਾਰ ਵਿਚ ਹਨ ਜਿਨ੍ਹਾਂ ਦੀ ਕੋਈ ਦੱਸ-ਪੁਛ ਨਹੀਂ ਹੈ।2।
ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।
ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ।
ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ।
ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ।3।
ਇਨ੍ਹਾਂ ਦੀ ਸੇਵਾ ਕਰਨੀ ਹੀ ਮੈਨੂੰ ਚੰਗੀ ਲਗਦੀ ਹੈ, ਕਿਸੇ ਹੋਰ ਦੀ ਨਹੀਂ। ਦਾਨ ਵੀ ਇਨ੍ਹਾ ਨੂੰ ਦੇਣਾ ਹੀ ਚੰਗਾ ਕਗਦਾ ਹੈ। ਇਨ੍ਹਾਂ ਨੂੰ ਦਿੱਤਾ ਦਾਨ ਹੀ ਅੱਗੇ ਵੱਧਦਾ-ਫੁਲਦਾ ਹੈ। ਹੋਰਨਾ ਨੂੰ ਦਿਤਾ ਦਾਨ ਵਿਅਰਥ ਹੈ। ਮੇਰੇ ਘਰ ਵਿਚ ਤਨ, ਮਨ ਅਤੇ ਧਨ ਆਦਿ ਸਭ ਇਨ੍ਹਾਂ ਦਾ ਹੀ ਹੈ।3।
ਚਟਪਟਾਇ ਚਿਤ ਮੈ ਜਰਯੋ ਤਿ੍ਣ ਜਯੋਂ ਕ੍ਰੁੱਧਤ ।
ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰ ਜੂ ਰੋਇ ।4।
ਇਹ ਗੱਲ ਸੁਣਿਆ ਹੀ ਮਿਸ਼ਰ ਸੜ-ਬਲ ਗਿਆ। ਰੋਟੀ ਰੋਜ਼ੀ ਦੀ ਭਾਲ ਵਿਚ ਲੱਗੇ ਹੋਏ ਮਿਸ਼ਰ ਜੀ ਦਾਨ-ਦਛਣਾ ਨਾ ਮਿਲਣ ਕਾਰਨ ਰੋ ਹੀ ਪਏ।4।
ਉਪ੍ਰੋਕਤ ਵਾਰਤਾ ਨਾਲ ਸਬੰਧਤ ਰਵਾਇਤੀ ਸਾਖੀ, ਪੰਡਿਤ ਨਰੈਣ ਸਿੰਘ ਨੇ ਆਪਣੇ ਟੀਕੇ ਵਿੱਚ ਕਾਫੀ ਵਿਸਥਾਰ ਨਾਲ ਲਿਖੀ ਹੈ।
ਗਿਆਨੀ ਗਿਆਨ ਸਿੰਘ ਨੇ ਤਾਂ ਇਸ ਹਵਨ ਦੇ ਖਰਚੇ ਬਾਰੇ ਵੀ ਜਾਣਕਾਰੀ ਦਿੱਤੀ ਹੈ।
“ਪੰਡਤ ਬੋਲਿਆ, ‘ਸਵਾ ਲੱਖ ਰੁਪਯਾ ਤਾਂ ਅਸੀਂ ਲਵਾਂਗੇ ਅਤੇ ਹਵਨ ਉੱਤੇ ਭੀ ਏਦੂੰ ਘੱਟ ਨਹੀਂ ਲੱਗੇਗਾ ਅਰ ਗੁਰੂ ਜੀ ਨੂੰ ਵੀ ਹਵਨ ਹੁੰਦੇ ਤੱਕ ਬ੍ਰਹਮਚਰਜ ਰੱਖਣਾ ਪਵੇਗਾ’। ਏਹ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ‘ਮਿਸ੍ਰ ਦੇਵਤਾ! ਮਾਯਾ ਤਾਂ ਏਦੂੰ ਦੂਣੀ ਭਾਵੇ ਖ਼ਰਚ ਹੋ ਜਾਵੇ, ਪਰ ਇਹ ਕੰਮ ਅਧੂਰਾ ਨਾ ਰਹੇ’।”
(ਤਵਾਰੀਖ ਗੁਰੂ ਖਾਲਸਾ) ਕਵੀ ਸੰਤੋਖ ਸਿੰਘ ਨੇ ਤਾਂ ਕਮਾਲ ਹੀ ਕਰ ਦਿੱਤੀ ਉਨ੍ਹਾਂ ਨੇ ਇਸ ਸਾਖੀ ਨੂੰ ਬੁਹਤ ਹੀ ਵਿਸਥਾਰ ਨਾਲ ਲਿਖਿਆ ਹੈ (ਰੁਤਿ 3, ਅੰਸੂ 4 ਤੋਂ 12)। 100 ਸਾਖੀ ਦੀ ੧੭ਵੀਂ ਸਾਖੀ “ਦੇਵੀ ਦਾ ਪ੍ਰਸੰਗ” ਵਿੱਚ ਵੀ ਇਹ ਵਾਰਤਾ ਦਰਜ ਹੈ। ਗਿਆਨੀ ਗਿਆਨ ਸਿੰਘ ਨੇ ਤਾਂ ਪੰਡਤਾਂ ਨੂੰ ਦਿੱਤੀ ਦੱਛਣਾ ਇਕ-ਇਕ ਮੋਹਰ ਲਿਖੀ ਹੈ, ਪਰ ਸੁਖਾ ਸਿੰਘ ਨੇ ਪੰਜ-ਪੰਜ ਮੋਹਰਾਂ। ਮਹਾਪ੍ਰਸਾਦ ਦਾ ਜਿਕਰ ਸਭ ਨੇ ਕੀਤਾ ਹੈ।
ਇਸ ਸਵੈਯੇ ਵਿਚ ਆਈ ਪੰਕਤੀ ਨੂੰ "ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ" ਝੂਮ ਝੂਮ ਕੇ ਬੜੇ ਚਾਉ ਨਾਲ ਪੜ੍ਹਨ ਵਾਲੇ ਜੋ ਇਹ ਸਮਝਦੇ ਹਨ ਇਹ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਉਚਾਰਨ ਕੀਤੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਭਲਿਓ ਇੰਨਾ ਪੰਕਤੀਆਂ ਰਾਹੀਂ ਲਚਾਰੀ ਭਰੇ ਸਬਦਾਂ ਵਿਚ ਬੇਨਤੀਆਂ ਕਰਨ ਵਾਲਾ ਕੌਣ ਹੈ?
ਮੇਰੋ ਕਛੂ ਅਪਰਾਧੁ ਨਹੀਂ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰ .... ਛਤ੍ਰੀ ਸਭੈ ਕ੍ਰਿਤ ਬਿਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ...
ਅਤੇ ਉਹ "ਮਿਸ਼ਰ" ਕੌਣ ਹੈ? ਜਿਸ ਅੱਗੇ ਲਚਾਰ ਭਰੇ ਸਬਦਾਂ ਵਿਚ ਬੇਨਤੀ ਕੀਤੀ ਜਾ ਰਹੈ ਅਤੇ ਇਹ ਮਿਸ਼ਰ ਸੜ-ਬਲ ਕੇ ਦਾਨ ਨਾ ਮਿਲਣ ਕਾਰਨ ਖੁਦ ਰੋਂਦਾ ਹੈ "ਦਯੋ ਮਿਸ੍ਰ ਜੂ ਰੋਇ"
ਸਿਰਫ਼ ਇੰਨਾ ਹੀ ਨਹੀਂ ਇਸ ਸਵੈਯੇ ਵਿਚ ਦਿੱਤੇ ਹੋਏ ਦਾਨ ਦਾ ਅੱਗੇ ਫੱਲ ਮਿਲਣ ਦੀ ਵੀ ਗੱਲ ਹੋ ਰਹੀ ਹੈ (ਆਗੈ ਫਲੈ ਇਨ ਹੀ ਕੋ ਦਯੋ) ਜੋ ਕੀ ਗੁਰਮਤਿ ਸਿਧਾਂਤ ਤੋੰ ਉਲਟ ਹੈ, ਇਹ ਦਾਨ ਪ੍ਰਥਾ ਬ੍ਰਾਹਮਣ ਦੀ ਲੁੱਟ ਨੀਤੀ ਹੈ
ਅਤੇ ਇਸ ਸਵੈਯੇ ਦੇ ਲਿਖਾਰੀ ਵਲੋਂ ਇੰਨਾ ਸਵੈਯਾਂ ਵਿਚ ਸਿੱਖਾਂ ਨੂੰ ਛਤ੍ਰੀ ਦਰਸਾਇਆ ਗਇਆ ਕੀ ਸਿੱਖ ਛਤ੍ਰੀ ਹਨ? ਸਿਰਫਾਂ ਇੰਨਾ ਹੀ ਨਹੀਂ ਲਿਖਾਰੀ ਸਿੱਖਾਂ ਨੂੰ ਬ੍ਰਾਹਮਣਾਂ ਦਾ ਦਾਸ ਵੀ ਆਖ ਰਿਹਾ ਹੈ "ਛਤ੍ਰੀ ਸਭੈ ਕ੍ਰਿਤ ਬਿੱਪਨ ਕੇ" ਅਤੇ ਲਿਖਾਰੀ ਲਿਖਦਾ ਹੈ ਮੈਂ ਵਿੱਦਿਆ ਸਿੱਖਾਂ ਦੀ ਕ੍ਰਿਪਾ ਨਾਲ ਲਈ ਸੀ "ਇਨ ਹੀ ਕੇ ਪ੍ਰਸਾਦਿ ਸੁ ਬਿਦਿਆ ਲਈ" ਕੀ ਇਹ ਹੋ ਸਕਦਾ ਹੈ ਹੈ ਕੀ ਗੁਰੂ ਜੀ ਨੇ ਸਿਖਿਆ ਸਿੱਖਾਂ ਪਾਸੋ ਲਈ ਜਾਂ ਸਿੱਖ ਗੁਰੂ ਪਾਸੋਂ ਸਿਖਿਆ ਲੈਂਦੇ ਸਨ ..
ਅਤੇ ਉਹ ਕਿਹੜੇ ਪਾਪ ਸਨ "ਅਘ ਅਉਘ ਟਰੇ ਇਨ ਹੀ ਕੇ ਪ੍ਰਸਾਦਿ" ਜੋ ਸਿੱਖਾਂ ਦੀ ਕ੍ਰਿਪਾ ਕਰਕੇ ਨਾਸ਼ ਹੋਏ ਸਨ?
ਕੀ ਇੰਨਾ ਗੱਲਾਂ ਦਾ ਜਵਾਬ ਇੰਨਾਂ ਕੋਲ ਹੈ ਜੋ ਇਸ ਸਵੈਯੇ ਨੂੰ ਅਤੇ ਇੰਨਾ ਪੰਕਤੀਆਂ "ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ" ਨੂੰ ਬੜੇ ਚਾਉ ਨਾਲ ਪੜ੍ਹਦੇ ਹਨ .. ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਇਹ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀਆਂ ਨਹੀਂ ਹੋ ਸਕਦੀਆਂ ਹਾਂ ਕਿਸੇ ਬਿਪਰ ਮਤ ਦੇ ਕਵਿ ਦੀਆਂ ਲਿਖੀਆਂ ਹੋ ਸਕਦੀਆਂ ਹਨ ਜੋ ਬ੍ਰਾਹਮਣ ਨੂੰ ਦਾਨ ਨਾ ਮਿਲਣ ਕਾਰਣ ਰੋਂਦਾ ਹੋਇਆ ਦਰਸਾਉਂਦਾ ਹੈ .. ਸੁ ਭਲਿਓ ਇੰਨਾ ਪੰਕਤੀਆਂ ਨੂੰ ਝੂਮ ਝੂਮ ਕੇ ਪੜ੍ਹਨ ਤੋਂ ਪਹਿਲਾਂ ਇਸ ਪੂਰੋ ਸਵੈਯੇ ਨੂੰ ਆਪ ਅਰਥਾਂ ਸਮੇਤ ਪੜ੍ਹੇ ਅਤੇ ਗੁਰਮਤਿ ਕਸਵਟੀ 'ਤੇ ਪਰਖੋ .. ਗੁਰੂ ਰਾਖਾ।
ਨੋਟ: ਇਸ ਲੇਖ ਬਹੁਤਾਤ ਅੰਸ਼ ਸ. ਸਰਵਜੀਤ ਸਿੰਘ ਸੈਕਰਾਮੈਂਟੋ ਦੇ ਲੇਖ ਵਿੱਚੋਂ ਲਏ ਗਏ ਹਨ।
ਆਤਮਜੀਤ ਸਿੰਘ ਕਾਨਪੁਰ
"ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ" :
Page Visitors: 2504