ਛਬੀਲਾਂ ਅਤੇ 40 ਪਾਠਾਂ ਵਾਲਾ ਗੁਰਪੁਰਬ
ਸੁਖਜੀਤ ਸਿੰਘ ਕਪੂਰਥਲਾ 98720-76876
ਪ੍ਰਮੇਸ਼ਰ ਦੀ ਸਾਜੀ ਹੋਈ ਕੁਦਰਤ ਵਿੱਚ ਵੱਖ - ਵੱਖ ਤਰ੍ਹਾਂ ਦੇ ਜੀਵ ਜੰਤੂ ਪੈਦਾ ਕੀਤੇ ਹੋਏ ਮਿਲਦੇ ਹਨ। ਇਨ੍ਹਾਂ ਵਿੱਚੋਂ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੇ ਹਵਾਲੇ ਵਿੱਚ ਗੁਰਬਾਣੀ ਪ੍ਰਮਾਣ
"ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ" (੨੦੪)
ਰਾਹੀਂ ਸਾਨੂੰ ਸਿੱਖ ਅਖਵਾਉਣ ਵਾਲਿਆਂ ਨੂੰ ਸਮਝਾਇਆ ਹੈ ਕਿ ਜਿਵੇਂ ਪੰਛੀ ਦੀ ਸਫਲ ਉਡਾਰੀ ਉਸ ਦੇ ਦੋ ਖੰਭਾਂ ਦੀ ਤੰਦਰੁਸਤੀ ਅਤੇ ਆਪਸੀ ਸਹੀ ਸੰਤੁਲਨ 'ਤੇ ਨਿਰਭਰ ਕਰਦੀ ਹੈ, ਇਸੇ ਤਰ੍ਹਾਂ ਸਿੱਖੀ ਮਾਰਗ ਵਿੱਚ "ਸੇਵਾ ਤੇ ਸਿਮਰਨ" ਰੂਪੀ ਦੋ ਗੁਰਮਤਿ ਅਨੁਸਾਰੀ ਕਾਰਜ ਹੀ ਗੁਰੂ ਬਖਸ਼ਿਸ਼ ਮੰਜ਼ਿਲ ਦੀ ਪ੍ਰਾਪਤੀ ਵਿਚ ਸਹਾਇਕ ਬਣਦੇ ਹਨ।
ਹਰੇਕ ਸਾਲ ਜਦੋਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਗੁਰਪੁਰਬ ਨੇੜੇ ਆਉਂਦਾ ਹੈ ਤਾਂ ਇਸ ਗੁਰਪੁਰਬ ਨੂੰ ਮਨਾਉਂਦਿਆਂ ਸਿੱਖ ਸਮਾਜ ਵੱਲੋਂ "ਸੇਵਾ ਤੇ ਸਿਮਰਨ" ਦੋਵੇਂ ਕਾਰਜ ਵੱਡੇ ਪੱਧਰ 'ਤੇ ਕੀਤੇ ਜਾਂਦੇ ਵੇਖਣ ਨੂੰ ਮਿਲਦੇ ਹਨ।
ਪਹਿਲਾ ਕਾਰਜ ਬਹੁਗਿਣਤੀ ਗੁਰਦੁਆਰਿਆਂ ਅੰਦਰ ਸੰਗਤੀ ਰੂਪ ਵਿੱਚ 40 ਦਿਨ "ਸੁਖਮਨੀ" ਬਾਣੀ ਦੇ ਪਾਠ ਰੂਪੀ ਚਾਲੀਹੇ ਹੁੰਦੇ ਮਿਲ ਜਾਂਦੇ ਹਨ। ਗੁਰਬਾਣੀ ਨਾਲ ਕਿਸੇ ਵੀ ਰੂਪ ਵਿੱਚ ਜੁੜਨਾ ਮੁਬਾਰਕ ਹੈ, ਪਰ ਗੁਰਬਾਣੀ ਦੀ ਪਾਰਸ ਕਲਾ "ਪਾਠ-ਵੀਚਾਰ-ਅਮਲ" ਦੇ ਸਹੀ ਸੁਮੇਲ ਨਾਲ ਹੀ ਸਾਡੇ ਸਿੱਖੀ ਜੀਵਨ ਵਿੱਚ ਵਾਪਰਣੀ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਇਨ੍ਹਾਂ ਦਿਨਾਂ ਵਿੱਚ ਲਗਾਤਾਰ ਕਿੰਨੇ ਸਾਲਾਂ ਤੋਂ ਕੇਵਲ ਗੁਰਬਾਣੀ ਪਾਠ ਰੂਪੀ ਪਹਿਲਾ ਕਦਮ ਹੀ ਪੁੱਟਿਆ ਜਾ ਰਿਹਾ ਪ੍ਰਤੀਤ ਹੁੰਦਾ ਹੈ। ਸਾਨੂੰ ਹਰੇਕ ਸਾਲ 40 ਦਿਨ ਪਾਠ ਕਰਦਿਆਂ ਪਾਵਨ ਸੁਖਮਨੀ ਦੀ ਬਾਣੀ ਅੱਖਰ - ਅੱਖਰ ਕੰਠ ਹੋ ਚੁੱਕੀ ਹੈ ( ਸ਼ਾਇਦ ਉਪਦੇਸ਼ ਨਹੀਂ)। ਪਰ ਅਫਸੋਸ ਕਿ ਲਗਾਤਾਰ
"ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥" (੨੮੧)
ਸੁਣਨ ਪੜ੍ਹਨ ਵਾਲਿਆਂ ਵਿੱਚੋਂ ਹੀ ਜੇਕਰ ਬਹੁਤ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਸਰੀਰਾਂ, ਮੜ੍ਹੀਆਂ- ਮਸਾਣਾਂ, ਕਬਰਾਂ, ਪੀਰਾਂ - ਫਕੀਰਾਂ ਆਦਿ ਦੇ ਪੁਜਾਰੀ ਬਣ ਕੇ ਵਹਿਮਾਂ ਭਰਮਾਂ ਵਿੱਚ ਬੁਰੀ ਤਰ੍ਹਾਂ ਗ੍ਰਸਤ ਦਿਖਾਈ ਦਿੰਦੇ ਹੋਣ ਤਾਂ ਦੋਸ਼ ਕਿਸ ਨੂੰ ਦਿੱਤਾ ਜਾਵੇ ?
"ਕਿਨਕਾ ਏਕ ਜਿਸੁ ਜੀਅ ਬਸਾਵੈ॥" (੨੬੨)
ਅਮਲੀ ਜੀਵਨ ਵਿੱਚ ਕਦੋਂ ਅਤੇ ਕਿਵੇਂ ਵਰਤੇਗਾ ? ਗੁਰੂ ਗ੍ਰੰਥ ਸਾਹਿਬ ਦੀ ਲੱਗਭਗ ਅੱਧੀ ਬਾਣੀ ਗੁਰੂ ਅਰਜਨ ਸਾਹਿਬ ਦੀ ਹੈ, ਬਾਕੀ ਬਾਣੀ ਦੇ ਉਪਦੇਸ਼ਾਂ ਨੂੰ ਪੜ੍ਹ ਸਮਝ ਕੇ ਕੌਣ ਜੁੜੇਗਾ ?
ਪੰਜਵੇਂ ਸਤਿਗੁਰੂ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮਨਾਉਂਦੇ ਹੋਏ ਦੂਜਾ ਕਾਰਜ ਸਾਲ ਵਿੱਚ ਕੇਵਲ ਇੱਕ ਦਿਨ - ਇੱਕ ਹੀ ਸੜਕ ਤੇ ਠੰਢੇ ਮਿੱਠੇ ਜਲ ਦੀਆਂ ਕਈ - ਕਈ ਛਬੀਲਾਂ ਲੱਗੇ ਹੋਣਾ ਮਿਲਦਾ ਹੈ। ਇਨ੍ਹਾਂ ਛਬੀਲਾਂ ਉੱਪਰ ਬਹੁਤ ਉਤਸ਼ਾਹ ਨਾਲ ਸੇਵਾ ਕਰਦੇ ਹੋਏ ਨੌਜਵਾਨਾਂ ਕੋਲੋਂ ਪਿਛਲੇ ਸਾਲ ਇੱਕ ਸੰਸਥਾ ਵੱਲੋਂ ਸਰਵੇ ਕਰਦੇ ਹੋਏ "ਗੁਰੂ ਅਰਜਨ ਸਾਹਿਬ ਦੇ ਜੀਵਨ ਇਤਿਹਾਸ - ਗੁਰਬਾਣੀ- ਸ਼ਹਾਦਤ ਦੇ ਕਾਰਨ, ਕਦੋਂ, ਕਿਵੇਂ ਹੋਈ- ਪ੍ਰੇਰਨਾ ਕੀ ਲੈਣੀ ਹੈ" ਆਦਿ ਸਬੰਧੀ ਕੁਝ ਪ੍ਰਸ਼ਨ ਪੁੱਛੇ ਗਏ। ਇਹਨਾਂ ਸਵਾਲਾਂ ਦੇ ਜਵਾਬਾਂ ਤੋਂ ਨਿਕਲੇ ਰਿਜ਼ਲਟ ਨੇ ਕੌਮ ਦੇ ਪੱਲੇ ਕੇਵਲ ਨਿਰਾਸ਼ਾ ਹੀ ਪਾਈ।
ਕਿੰਨਾਂ ਚੰਗਾ ਹੋਵੇ ਜੇਕਰ ਗਰਮੀ ਦੇ ਮੌਸਮ ਵਿੱਚ ਇੱਕ ਹੀ ਸੜਕ ਤੇ ਵੱਖ - ਵੱਖ ਦਿਨ ਵੰਡ ਕੇ ਛਬੀਲ ਲਗਾਈ ਜਾਵੇ ਜਾਂ ਠੰਡੇ ਜਲ ਦੇ ਵਾਟਰ ਕੂਲਰ ਪੱਕੇ ਤੌਰ 'ਤੇ ਹੀ ਲਗਵਾ ਦਿੱਤੇ ਜਾਣ। ਉਤਸ਼ਾਹ ਨਾਲ ਸੇਵਾ ਕਰਦੇ ਬਹੁਗਿਣਤੀ ਨੌਜਵਾਨਾਂ ਨੂੰ ਇਸ ਦਿਹਾੜੇ ਸਬੰਧੀ "ਛਬੀਲਾਂ ਵਾਲਾ ਗੁਰਪੁਰਬ" ਤੋਂ ਅੱਗੇ ਕੋਈ ਜਾਣਕਾਰੀ ਨਾ ਹੋਣਾ ਕੌਮੀ ਚਿੰਤਾ ਦਾ ਵਿਸ਼ਾ ਹੈ। ਕਿੰਨਾਂ ਚੰਗਾ ਹੋਵੇ ਜੇ ਛਬੀਲ ਦਾ ਠੰਡਾ ਮਿੱਠਾ ਜਲ ਛਕਾਉਣ ਦੇ ਨਾਲ - ਨਾਲ ਉਕਤ ਦਰਸਾਏ ਸਵਾਲਾਂ ਦੇ ਜਵਾਬ ਦਰਸਾਉਂਦਾ ਪੈਂਫਲਿਟ ਵੀ ਵੱਡੀ ਗਿਣਤੀ ਵਿੱਚ ਛਾਪ ਕੇ ਨੌਜਵਾਨਾਂ ਅਤੇ ਸੰਗਤਾਂ ਦੇ ਪੜ੍ਹਨ ਲਈ ਵੰਡਿਆ ਜਾਵੇ।
ਗੁਰੂ ਕ੍ਰਿਪਾ ਕਰੇ, ਪੰਥਕ ਆਗੂਆਂ ਨੂੰ ਸੋਝੀ ਆਵੇ ਤਾਂ ਜੋ ਹਰੇਕ ਸਾਲ ਸਿੱਖ ਕੌਮ ਦਾ ਇੰਨਾ ਸਮਾਂ, ਤਾਕਤ, ਸਰਮਾਇਆ ਜੋ ਇਸ ਪਾਸੇ ਬਿਨਾਂ ਕਿਸੇ ਵਧੀਆ ਰਿਜ਼ਲਟ /ਦੂਰ ਦ੍ਰਿਸ਼ਟੀ ਤੋਂ ਹੀ ਲੱਗੀ ਜਾ ਰਿਹਾ ਹੈ, ਉਸ ਨੂੰ ਗੁਰਮਤਿ ਸੰਦਰਭ ਅਨੁਸਾਰ ਸਹੀ ਦਿਸ਼ਾ ਦਿੱਤੀ ਜਾ ਸਕੇ ਜਿਸ ਨਾਲ ਸਾਡਾ ਕੌਮੀ ਭਲਾ ਹੋ ਸਕੇ।
......................
ਟਿੱਪਣੀ:- ਗੁਰੂ ਅਰਜਨ ਪਾਤਸ਼ਾਹ ਵਲੋਂ ਦਿੱਤੀ ਸ਼ਹਾਦਤ ਦੇ ਸੰਦੇਸ਼ ਨੂੰ ਅਸੀਂ ਮੂਲ ਰੂਪ ਵਿਚ ਦੁਨੀਆ ਤੱਕ ਨਹੀਂ ਪਹੁੰਚਾ ਸਕੇ, ਜਿਸ ਲਈ ਸਾਨੂੰ ਮਿਲ ਕੇ ਉਪਰਾਲਾ ਕਰਨਾ ਬਣਦਾ ਹੈ। ਪਰ ਅਸੀਂ ਤਾਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਦਿਨ ਵੀ ਨਹੀਂ ਮਿਥ ਸਕੇ, ਇਸ ਬਾਰੇ ਪ੍ਰਚਲਤ ਸਾਰੇ ਜਥਿਆਂ ਨੂੰ ਬੰਨੇ ਛੱਡ ਕੇ ਵਿਚਾਰਵਾਨ ਸਿੱਖਾਂ ਨੂੰ ਫੇਸਲਾ ਕਰਨਾ ਚਾਹੀਦਾ ਹੈ, ਪਰ ਅੱਜ ਦੇ ਹਾਲਾਤ ਵਿਚ ਇਹ ਵੀ ਸੰਭਵ ਨਹੀਂ ਹੈ, ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਅਸੀਂ ਇਸ ਹਾਲਤ ਤੇ ਅਫਸੋਸ ਕਰੀਏ,ਜਾਂ ਮਾਣ ਕਰੀਏ ?
ਅਮਰ ਜੀਤ ਸਿੰਘ ਚੰਦੀ
ਸੁਖਜੀਤ ਸਿੰਘ ਕਪੂਰਥਲਾ
ਛਬੀਲਾਂ ਅਤੇ 40 ਪਾਠਾਂ ਵਾਲਾ ਗੁਰਪੁਰਬ
Page Visitors: 2434