‘ਆਦਿ ਬੀੜ’ ਕਿਵੇਂ ਬਣੀ ? (ਕਿਸਤ 3)
ਪ੍ਰੋ. ਕਸ਼ਮੀਰਾ ਸਿੰਘ USA
ਦੂਜੀ ਕਿਸ਼ਤ ਵਿੱਚ ਵਿਚਾਰ ਕੀਤੀ ਸੀ ਕਿ ਪਹਿਲੇ ਪਾਤਿਸ਼ਾਹ ਜੀ ਦੀ ਬਾਣੀ ਦੂਜੇ ਗੁਰੂ ਪਾਤਿਸ਼ਾਹ ਜੀ ਕੋਲ਼ ਆ ਗਈ ਸੀ, ਫਿਰ ਤੀਜੇ ਗੁਰੂ ਜੀ ਕੋਲ਼, ਫਿਰ ਚਉਥੇ ਗੁਰੂ ਜੀ ਕੋਲ਼ ਅਤੇ ਫਿਰ ਪੰਜਵੇਂ ਗੁਰੂ ਜੀ ਕੋਲ਼ ਆ ਗਈ ਸੀ । ਬਾਣੀ ਦਾ ਇਹ ਕੀਮਤੀ ਖ਼ਜ਼ਾਨਾ ਕਿਤੇ ਖਿੱਲਰਿਆ ਹੋਇਆ ਨਹੀਂ ਸੀ, ਭਾਈ ਮੋਹਨ ਦੇ ਕਬਜ਼ੇ ਵਿੱਚ ਨਹੀਂ ਸੀ ਅਤੇ ਨਾ ਹੀ ਪੰਜਵੇਂ ਗੁਰੂ ਜੀ ਵਲੋਂ ਬਾਣੀ ਲਿਆਉਣ ਵਾਸਤੇ ਕਿਤੇ ਸੁਨੇਹੇ ਭੇਜੇ ਗਏ ਸਨ ।
ਇਸ ਕਿਸ਼ਤ ਵਿੱਚ ਭਗਤ ਬਾਣੀ ਦੀ ਗੱਲ ਕੀਤੀ ਜਾਵੇਗੀ । ਭਗਤ ਬਾਣੀ ਪੰਜਵੇਂ ਗੁਰੂ ਜੀ ਕੋਲ਼ ਕਿਵੇਂ ਪਹੁੰਚੀ ।
ਇਤਿਹਾਸਕ ਦ੍ਰਿਸ਼ਟੀ ਕੋਣ ਤੋਂ ਇੱਕ ਝਾਤ
1) ਗੁਰਬਿਲਾਸ ਪਾ:6 ਦੀ ਭਗਤ ਬਾਣੀ ਬਾਰੇ ਰਾਇ:
ਗੁਰਬਿਲਾਸ ਦਾ ਕਰਤਾ ਲਿਖਦਾ ਹੈ ਕਿ ਜਦੋਂ ਪੰਜਵੇਂ ਗੁਰੂ ਜੀ ਨੇ ਪਹਿਲੇ ਚਾਰ ਗੁਰ ਵਿਅੱਕਤੀਆਂ ਦੀ ਬਾਣੀ ਇਕੱਠੀ ਕਰ ਲਈ ਤਾਂ ਭਗਤ ਕਬੀਰ ਜੀ ਦੀ ਅਗਵਾਈ ਵਿੱਚ ਭਗਤ ਸੂਖਮ ਰੂਪ ਵਿੱਚ (ਰੂਹਾਂ) ਪੰਜਵੇਂ ਗੁਰੂ ਜੀ ਕੋਲ਼ ਆਏ ਅਤੇ ਆਪਣੀ ਬਾਣੀ ਆਦਿ ਬੀੜ ਵਿੱਚ ਦਰਜ ਕਰਵਾਉਣ ਦੀ ਬੇਨਤੀ ਕੀਤੀ । ਲਿਖਾਰੀ ਨੇ 15 ਭਗਤਾਂ ਦੇ ਨਾਂ ਵੀ ਲਿਖੇ ਹੋਏ ਹਨ । ਅਗੇ ਜਾ ਕੇ ਸਾਬਤ ਕਰਾਂਗੇ ਕਿ ਇਹ ਨਿਰੀ ਗੱਪ ਹੈ ।
2). ਸੂਰਜ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਨਿਰਮਲੇ ਨੇ ਕੀ ਲਿਖਿਆ?
ਕਵੀ ਸੰਤੋਖ ਸਿੰਘ ਦੀ ਅਤੇ ਗੁਰਬਿਲਾਸ ਵਾਲ਼ੀ ਕਹਾਣੀ ਆਪਸ ਵਿੱਚ ਮਿਲ਼ਦੀਆਂ ਹਨ ਅਤੇ ਕਹਾਣੀ ਬਿਨਾਂ ਸਮਝ-ਵਿਚਾਰ ਤੋਂ ਦੁਹਰਾਈ ਗਈ ਹੈ ਜਿਵੇਂ ਕਵੀ ਸੰਤੋਖ ਸਿੰਘ ਨੇ ਗੁਰਬਿਲਾਸ ਵਾਲ਼ੀ, ਭਾਈ ਮੋਹਨ ਤੋਂ ਪੋਥੀਆਂ ਲਿਆਉਣ ਦੀ ਕਹਾਣੀ, ਦੁਹਰਈ ਸੀ ਅਤੇ ਆਪਣੇ ਦਿਮਾਗ਼ ਤੋਂ ਕੰਮ ਨਹੀਂ ਲਿਆ ਸੀ । ਇਸ ਕਵੀ ਨੇ ਵੀ 15 ਭਗਤਾਂ ਦੇ ਨਾਂ ਲਿਖੇ ਹਨ ਜੋ ਰੂਹਾਂ ਬਣ ਕੇ ਗੁਰੂ ਜੀ ਕੋਲ਼ ਭਗਤ ਕਬੀਰ ਜੀ ਦੀ ਅਗਵਾਈ ਵਿੱਚ ਆਏ ਦੱਸੇ ਗਏ ਹਨ । ਅੱਗੇ ਜਾ ਕੇ ਇਸ ਝੂਠ ਅਤੇ ਗੱਪ ਦਾ ਪੜਦਾ ਫ਼ਾਸ਼ ਕੀਤਾ ਜਾਵੇਗਾ ।
ਵਿਚਾਰ: ਉਪਰੋਕਤ ਦੋਹਾਂ ਲਿਖਾਰੀਆਂ ਨੇ ਭਗਤਾਂ ਨੂੰ ਭਟਕਦੀਆਂ ਰੂਹਾਂ ਦੱਸ ਕੇ ਭਗਤ ਜਨਾਂ ਦੀ ਬਹੁਤ ਤੌਹੀਨ ਕੀਤੀ ਹੈ । ਭਗਤਾਂ ਦੀਆਂ ਜੋਤਾਂ ਤਾਂ ਬਹਿਮੰਡੀ ਜੋਤਿ ਵਿੱਚ ਜਾ ਮਿਲ਼ੀਆਂ ਸਨ । ਜੇ ਭਗਤ ਦੀਆਂ ਰੂਹਾਂ ਹੀ ਮੁਕਤ ਨਾ ਹੋ ਸਕੀਆਂ ਤਾਂ ਫਿਰ ਉਨ੍ਹਾਂ ਦੀ ਬਾਣੀ ਕਿੱਸ ਵਾਸਤੇ ਪੜ੍ਹਨੀ ਹੈ?
3). ਗਿਆਨੀ ਗਿਆਨ ਸਿੰਘ ਦੇ ਕੀ ਵਿਚਾਰ ਹਨ?
ਤਵਾਰੀਖ਼ ਗੁਰੂ ਖ਼ਾਲਸਾ ਵਿੱਚ ਗਿਆਨੀ ਗਿਆਨ ਸਿੰਘ ਨੇ ਦੋ ਮੱਤ ਲਿਖੇ ਹਨ ਪਰ ਉਹ ਆਪ ਕਿੱਸ ਨਾਲ਼ ਸਹਿਮਤ ਹਨ, ਇਹ ਨਹੀਂ ਦੱਸਿਆ । ਇਹ ਮੱਤ ਹਨ-
ੳ). ਗਿਆਨੀ ਜੀ ਅਨੁਸਾਰ- ਕਈ ਕਹਿੰਦੇ ਹਨ ਕਿ ਭਗਤਾਂ ਦੀਆਂ ਰੂਹਾਂ ਆ ਕੇ ਭਾਈ ਗੁਰਦਾਸ ਜੀ ਨੂੰ ਆਪਣੀ ਬਾਣੀ ਲਿਖਾਉਂਦੀਆਂ ਸਨ ਅਤੇ ਭਾਈ ਗੁਰਦਾਸ ਜੀ ਨੂੰ ਗੁਰੂ ਜੀ ਨੇ ਭਗਤਾਂ ਦੇ ਦਰਸ਼ਨ ਵੀ ਕਰਾਏ ਸਨ ।
ਅ). ਗਿਆਨੀ ਜੀ ਅਨੁਸਾਰ- ਕਈ ਕਹਿੰਦੇ ਹਨ ਕਿ ਗੁਰੂ ਜੀ ਨੇ ਭਗਤਾਂ ਦੀ ਬਾਣੀ ਜਿਹੜੀ ਜਿਹੜੀ ਪਸੰਦ ਆਈ ਉਨ੍ਹਾਂ ਦੀਆਂ ਪੋਥੀਆਂ ਤੋਂ ਲਿਖਵਾਈ
ਵਿਚਾਰ: ਗਿਆਨੀ ਗਿਆਨ ਸਿੰਘ ਨੇ ਲੋਕਾਂ ਦੇ ਹੀ ਮੱਤ ਦੱਸ ਕੇ ਪੱਲਾ ਝਾੜ ਲਿਆ । ਇਹ ਮੱਤ ਕੋਈ ਹੋਰ ਨਹੀਂ ਉੱਪਰ ਲਿਖੇ ਲਿਖਾਰੀਆਂ ਦੀਆਂ ਰਚਨਾਵਾਂ ਗੁਰਬਿਲਾਸ ਅਤੇ ਸੂਰਜ ਪ੍ਰਕਾਸ਼ ਪੜ੍ਹ ਕੇ ਉਸ ਨੂੰ ਫੁਰੇ ਹਨ ਅਤੇ ਇਹ ਨਵੇਂ ਨਹੀਂ । ਗੁਰੂ ਜੀ ਵਲੋਂ ਭਾਈ ਗੁਰਦਾਸ ਨੂੰ ਚਲਾਣਾ ਕਰ ਚੁੱਕੇ ਭਗਤਾਂ ਦੇ ਦਰਸ਼ਨ ਕਰਵਾਉਣੇ ਨਿਰੀ ਗੱਪ ਹੈ । { ਅੱਜ ਕੱਲ੍ਹ ਵੀ ਕਈ ਪ੍ਰਚਾਰਕ ਅਤੇ ਕਈ ਡੇਰੇ ਗੁਰੂ ਪਾਤਿਸ਼ਾਹਾਂ ਨੂੰ ਭਟਕਦੀਆਂ ਰੂਹਾਂ ਸਮਝ ਕੇ ਉਨ੍ਹਾਂ ਨੂੰ ਦਾਤਣ ਵੀ ਕਰਵਾ ਰਹੇ ਹਨ ਅਤੇ ਪ੍ਰਸ਼ਾਦਾ ਛਕਾ ਰਹੇ ਹਨ ਆਦਿਕ । ਇਹ ਗਿਆਨੀ ਗਿਆਨ ਸਿੰਘ ਦੀ ਲਿਖੀ ਭਾਈ ਗੁਰਦਾਸ ਨੂੰ ਭਗਤਾਂ ਦੇ ਦਰਸ਼ਨ ਕਰਵਾਉਣ ਦੀ ਝੂਠੀ ਕਹਾਣੀ ਦੀ ਨਕਲ ਹੈ ਜਿਸ ਤੋਂ ਭਾਵ ਹੈ ਕਿ ਬਹੁਤੇ ਸਿੱਖ ਹੀ ਗੁਰੂ ਪਾਤਿਸ਼ਾਹਾਂ ਪ੍ਰਤੀ ਲਿਖੀ ਗੁਰਬਾਣੀ ਦੀ ਸੱਚਾਈ ‘ਜੋਤੀ ਸੰਗਿ ਜੋਤਿ ਸਮਾਨਾ’ ਨੂੰ ਨਹੀਂ ਮੰਨ ਰਹੇ। } ਸ਼ਾਂਤਮਈ ਮਾਹੌਲ ਵਿੱਚ ਪੁਲਾੜ ਵਿੱਚੋਂ ਸ਼ਰੀਰ ਤੋਂ ਬਿਨਾਂ ਕਿਸੇ ਮਨੁੱਖ ਦੀ ਆਵਾਜ਼ ਆਉਣੀ ਓਥੋਂ ਦੇ ਮਾਹੌਲ ਨੂੰ ਭੈ ਭੈਤ ਕਰਦੀ ਹੈ ਜੋ ਅਣਹੋਣੀ ਘਟਨਾ ਹੈ ।
ੲ). ਮੈਕਾਲਿਫ਼ ਦੀ ਭਗਤ ਬਾਣੀ ਦਰਜ ਕਰਾਉਣ ਵਾਰੇ ਰਾਇ:
ਮੈਕਸ ਆਰਥਰ ਮੈਕਾਲਿਫ਼ (ਸੰਨ 1841-1913) ਨੇ ਅੰਗ੍ਰੇਜ਼ੀ ਵਿੱਚ 6 ਭਾਗਾਂ ਵਿੱਚ ਸਿੱਖ ਰੀਲੀਜਨ ਨਾਂ ਦੀ ਪੁਸਤਕ ਲਿਖੀ ਜਿਸ ਦੇ ਪੰਜਾਬੀ ਅਨੁਵਾਦ ਵਿੱਚ ਉਸ ਨੇ ਲਿਖਿਆ-
ਪੰਜਵੇਂ ਗੁਰੂ ਜੀ ਨੇ 15 ਭਗਤਾਂ ਦੇ ਉਪਾਸ਼ਕਾਂ ਜਾਂ ਚੇਲਿਆਂ ਨੂੰ ਸੱਦੇ ਭੇਜ ਕੇ ਕਿਹਾ ਕਿ ਆਕੇ ਆਪਣੇ ਆਪਣੇ ਮੱਤ ਦੀ ਰਚਨਾ ਸੁਣਾਓ । ਜਿਹੜੀ ਗੁਰੂ ਜੀ ਨੂੰ ਚੰਗੀ ਲੱਗੀ ਉਸ ਨੂੰ ਅਪਨਾ ਲਿਆ ਗਿਆ ।
ਵਿਚਾਰ: ਮੈਕਾਲਿਫ਼ ਦੇ ਕੁੱਝ ਸਿੱਖ ਸਲਾਹਕਾਰ ਸਨ ਜਿਵੇਂ ਗਿਆਨੀ ਪਰਤਾਪ ਸਿੰਘ ਆਦਿਕ । ਇਨ੍ਹਾਂ ਸਿੱਖ ਸਲਾਹਕਾਰਾਂ ਨੇ ਜਿਵੇਂ ਮੈਕਾਲਿਫ਼ ਨੂੰ ਦੱਸਿਆ ਉਸ ਨੇ ਓਵੇਂ ਹੀ ਲਿਖ ਦਿੱਤਾ ਕਿਉਂਕਿ ਸਿੱਖ ਧਰਮ ਦੀ ਵਿਚਾਰਧਾਰਾ ਉਸ ਲਈ ਨਵੀਂ ਸੀ । ਜਾਪਦਾ ਹੈ ਕਿ ਸਿੱਖ ਸਲਾਹਕਾਰਾਂ ਨੇ ਵੀ ਗੁਰਬਾਣੀ ਦੀ ਖੋਜ ਨਹੀਂ ਕੀਤੀ ਸੀ ਜਿਸ ਕਰਕੇ ਉਹ ਵੀ ਉਹੀ ਟਪਲ਼ੇ ਖਾ ਗਏ ਜਿਹੜੇ ਗੁਰਬਿਲਾਸ ਪਾ: 6 ਅਤੇ ਸੂਰਜ ਪ੍ਰਕਾਸ਼ ਦੇ ਲਿਖਾਰੀਆਂ ਨੇ ਖਾਧੇ ਸਨ ਅਤੇ ਮੈਕਾਲਿਫ਼ ਨੂੰ ਵੀ ਟਪਲ਼ਿਆਂ ਵਿੱਚ ਪਾ ਗਏ । ਜੇ ਪ੍ਰੋ. ਸਾਹਿਬ ਸਿੰਘ ( ਸੰਨ 1892-1977) ਵਰਗੇ ਗੁਰਬਾਣੀ ਦੀ ਖੋਜ ਦੇ ਮੈਦਾਨ ਵਿੱਚ ਨਾ ਨਿੱਤਰਦੇ ਤਾਂ ਹੁਣ ਤਕ ਸਿੱਖਾਂ ਨੇ ਇਨ੍ਹਾਂ ਟਪਲ਼ਿਆਂ ਦੇ ਵਿੱਚ ਟਪਲ਼ੇ ਖਾਂਦੇ ਰਹਿਣਾ ਸੀ । ਬਹੁਤ ਲੋੜ ਹੈ ਕਿ ਪ੍ਰੋ. ਸਾਹਬ ਸਿੰਘ ਦੀ, ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਵਿੱਚ ਬੰਦ ਪਈ, ਖੋਜ ਨੂੰ ਜੱਗ ਜ਼ਾਹਰ ਕੀਤਾ ਜਾਵੇ ਤਾਂ ਜੁ ਗੁਰਬਾਣੀ ਦੇ ਸੱਚ ਦਾ ਸੱਭ ਨੂੰ ਪਤਾ ਲੱਗ ਸਕੇ ।
ਉੱਪਰ ਲਿਖੀ ਵਿਚਾਰ ਦਾ ਸਿੱਟਾ:
ਭਗਤ ਬਾਣੀ ਨੂੰ ਇਕੱਠੀ ਕਰਨ ਦਾ ਕੰਮ ਪੰਜਵੇਂ ਗੁਰੂ ਜੀ ਨਾਲ਼ ਜੋੜਿਆ ਗਿਆ ਹੈ ਅਤੇ ਬਾਣੀ ਇੱਕਠੀ ਕਰਨ ਦੇ ਵੱਖ-ਵੱਖ ਤਰੀਕੇ ਵੀ ਲਿਖਾਰੀਆਂ ਨੇ ਦਿੱਤੇ ਹਨ ਜੋ ਸਹੀ ਨਹੀਂ ਹੈ । ਭਗਤ ਕਬੀਰ ਜੀ (ਸੰਨ 1380-1499), ਭਗਤ ਰਵਿਦਾਸ ਜੀ ( ਚਲਾਣਾ ਸੰਨ 1499 ), ਭਗਤ ਭੀਖਨ ਜੀ (ਸੰਨ 1480-1573) ਆਦਿਕ ਸਮਕਾਲੀ ਭਗਤਾਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ, ਸੰਭਵ ਹੈ, ਉਨ੍ਹਾਂ ਨਾਲ਼ ਮਿਲਣੀ ਸਮੇਂ ਉਨ੍ਹਾਂ ਦੀ ਬਾਣੀ ਉਤਾਰਾ ਕਰ ਕੇ ਪ੍ਰਾਪਤ ਕੀਤੀ ਸੀ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਨ੍ਹਾਂ ਭਗਤਾਂ ਨੂੰ ਰੂਹਾਂ ਬਣ ਕੇ ਬਾਣੀ ਦਰਜ ਕਰਾਉਣ ਦੀ ਤਾਂ ਲੋੜ ਹੀ ਨਹੀਂ ਸੀ ਕਿਉਂਕਿ ਉਹ ਧੰਨੁ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਬਾਣੀ ਦਾ ਉਤਾਰਾ ਦੇ ਗਏ ਸਨ । ਲਿਖਾਰੀਆਂ ਦਾ ਬੋਲਿਆ ਇਹ ਨਿਰਾ ਝੂਠ ਹੈ।
ਸੱਚ ਕੀ ਹੈ?
ਹੇਠਾਂ ਗੁਰਬਾਣੀ ਵਿੱਚੋਂ ਜੋ ਪ੍ਰਮਾਣ ਦਿੱਤੇ ਜਾਣਗੇ ਉਨ੍ਹਾਂ ਨਾਲ਼ ਸੱਚ ਪ੍ਰਗਟ ਹੋ ਜਾਵੇਗਾ ਕਿ ਭਗਤ ਬਾਣੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਕੋਲ਼ ਹੀ ਸੀ ਜੋ ਉਨ੍ਹਾਂ ਨੇ ਦੂਰ-ਦੁਰਾਡੇ ਸਤਿ ਨਾਮ ਦਾ ਉਪਦੇਸ਼ ਕਰਦਿਆਂ ਉਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਭਗਤਾਂ ਦੇ ਅਸਥਾਨਾਂ ਤੋਂ ਉਨ੍ਹਾਂ ਦੇ ਗੱਦੀ-ਨਸ਼ੀਨਾਂ ਜਾਂ ਚੇਲਿਆਂ ਤੋਂ ਆਪਣੇ ਕੋਲ਼ ਉਤਾਰਾ ਕਰ ਕੇ ਰੱਖੀ ਹੋਈ ਸੀ । ਭਗਤ ਬਾਣੀ ਪਹਿਲੇ ਗੁਰੂ ਜੀ ਕੋਲ਼ੋਂ ਹੀ ਬਾਕੀ ਤਿੰਨ ਗੁਰੂ ਪਾਤਿਸ਼ਾਹਾਂ ਰਾਹੀਂ ਪੰਜਵੇਂ ਗੁਰੂ ਜੀ ਕੋਲ਼ ਪਹੁੰਚੀ ਸੀ । ਭਗਤਾਂ ਦੀਆਂ ਰੂਹਾਂ ਵਲੋਂ ਬਾਣੀ ਲਿਖਾਉਣ ਦੀਆਂ ਅਤੇ ਪੰਜਵੇਂ ਗੁਰੂ ਜੀ ਵਲੋਂ ਸੁਨੇਹੇ ਭੇਜ ਕੇ ਭਗਤ ਬਾਣੀ ਇਕੱਠੀ ਕਰਵਾਉਣ ਵਾਲੀਆਂ ਸੱਭ ਮਨਘੜਤ ਝੂਠੀਆਂ ਸਾਖੀਆਂ ਹਨ ਜੋ ਲਿਖਾਰੀਆਂ ਦੀ, ਗੁਰਬਾਣੀ ਗਿਆਨ ਦੀ, ਅਗਿਆਨਤਾ ਵਿੱਚੋਂ ਹੀ ਜਨਮੀਆਂ ਹਨ ।
ਭਗਤ ਬਾਣੀ ਗੁਰੂ ਨਾਨਕ ਪਾਤਿਸ਼ਾਹ ਜੀ ਕੋਲ਼ ਹੋਣ ਦੇ ਪ੍ਰਮਾਣ:
ੳ). ਰਵਿਦਾਸ-ਬਾਣੀ ਨਾਲ਼ ਸਾਂਝ:
1. ਉਰਸਾ {ਪੱਥਰ} ਸ਼ਬਦ ਦੀ ਸਾਂਝ ਰਵਿਦਾਸ-ਬਾਣੀ ਨਾਲ਼:
ਭਗਤ ਰਵਿਦਾਸ ਜੀ ਦੀ ਬਾਣੀ ਵਿੱਚੋਂ ਇਹ ਸ਼ਬਦ ਧੰਨੁ ਗੁਰੂ ਨਾਨਕ ਸਾਹਿਬ ਜੀ ਨੇ ਲਿਆ ਸੀ ਅਤੇ ਇਹ ਸ਼ਬਦ ਹੋਰ ਕਿਸੇ ਬਾਣੀਕਾਰ ਨੇ ਨਹੀਂ ਵਰਤਿਆ । ਰਵਿਦਾਸ-ਬਾਣੀ ਧੰਨੁ ਗੁਰੂ ਨਾਨਕ ਸਾਹਿਬ ਜੀ ਕੋਲ਼ ਸੀ ।
ਰਾਗੁ ਗੂਜਰੀ ਮਹਲਾ 1 ਚਉਪਦੇ ਘਰੁ 1 ॥ ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥ {ਗਗਸ 489/4}
ਧਨਾਸਰੀ {ਧਨਾਸ਼ਰੀ} ਭਗਤ ਰਵਿਦਾਸ ਜੀ ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ {ਗਗਸ 694}
2. ਓਲ੍ਗੀਆ-ਓਲ੍ਗੀ ਅਤੇ ਓਲ੍ਹਗ-ਓਲ੍ਹਗਣੀ ਦੀ ਸ਼ਬਦ-ਸਾਂਝ ਰਵਿਦਾਸ-ਬਾਣੀ ਨਾਲ਼:
ਆਸਾ ਮਹਲਾ 1 ॥
ਮੈ ਓਲ੍ਗੀਆ ਓਲ੍ਗੀ ਹਮ ਛੋਰੂ ਥਾਰੇ ॥ {ਗਗਸ 421/3}
ਆਸਾ ਭਗਤ ਰਵਿਦਾਸ ਜੀ॥
ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥2॥ {ਗਗਸ 486/12}
ਹੋਰ ਕਿਸੇ ਬਾਣੀਕਾਰ ਨੇ ਇਹ ਸ਼ਬਦ ਨਹੀਂ ਵਰਤੇ ।
ਓਲ੍ਹਗ = ਦਾਸ, ਲਾਗੀ। ਓਲ੍ਹਗਣੀ = ਸੇਵਾ।2। ਓਲ੍ਗੀਆ ਓਲ੍ਗੀ = ਦਾਸਾਂ ਦਾ ਦਾਸ। ਛੋਰੂ = ਛੋਕਰੇ, ਛੋਟੇ ਸੇਵਕ।
ਵਿਚਾਰ: ਇਹ ਸ਼ਬਦ-ਸਾਂਝ ਪ੍ਰਗਟ ਕਰਦੀ ਹੈ ਕਿ ਰਵਿਦਾਸ-ਬਾਣੀ ਗੁਰੂ ਨਾਨਕ ਪਾਤਿਸ਼ਾਹ ਕੋਲ਼ ਸੀ ਜਿੱਥੋਂ ਇਹ ਪੰਜਵੇਂ ਗੁਰੂ ਜੀ ਕੋਲ਼ ਪਹੁੰਚਦੀ ਹੈ।
(ਚਲਦਾ)
ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!
ਕਸ਼ਮੀਰਾ ਸਿੰਘ (ਪ੍ਰੋ.) U.S.A.
‘ਆਦਿ ਬੀੜ’ ਕਿਵੇਂ ਬਣੀ ? (ਕਿਸਤ 3)
Page Visitors: 2462